ਆਖ਼ਰੀ ਦਿਨ ਹੋਈ ‘ਗਿਲੀਗੁਡੂ’ ਨਾਟਕ ਦੀ ਸਫਲ ਪੇਸ਼ਕਾਰੀ
Punjabi University: (ਖੁਸ਼ਵੀਰ ਸਿੰਘ ਤੂਰ) ਪਟਿਆਲਾ। ਯੁਵਕ ਭਲਾਈ ਵਿਭਾਗ, ਪੰਜਾਬੀ ਯੂਨੀਵਰਸਿਟੀ ਅਤੇ ਨੌਰਥ ਜ਼ੋਨ ਕਲਚਰਲ ਸੈਂਟਰ ਪਟਿਆਲਾ ਅਤੇ ਭਾਸ਼ਾ ਵਿਭਾਗ ਪੰਜਾਬ ਦੇ ਸਹਿਯੋਗ ਨਾਲ਼ ਸਾਰਥਕ ਰੰਗਮੰਚ ਅਤੇ ਸੋਸ਼ਲ ਵੈਲਫੇਅਰ ਸੁਸਾਇਟੀ,ਪਟਿਆਲਾ ਵਲੋਂ ਕਰਵਾਇਆ ਗਿਆ 11ਵਾਂ ਸੱਤ ਦਿਨਾ ਨੋਰ੍ਹਾ ਰਿਚਰਡਜ਼ ਥੀਏਟਰ ਫ਼ੈਸਟੀਵਲ ‘ਗਿਲੀਗੁਡੂ’ ਨਾਟਕ ਦੀ ਸਫਲ ਪੇਸ਼ਕਾਰੀ ਨਾਲ਼ ਸਮਾਪਤ ਹੋ ਗਿਆ। ਇਸ ਨਾਟਕ ਰੂਪਾਂਤਰ ਤੇ ਨਿਰਦੇਸ਼ਨ ਪੰਜਾਬੀ ਰੰਗਮੰਚ ਤੇ ਫ਼ਿਲਮ ਕਲਾਕਾਰ ਡਾ. ਲੱਖਾ ਲਹਿਰੀ ਨੇ ਕੀਤਾ। ਸਾਰਥਕ ਰੰਗਮੰਚ ਪਟਿਆਲਾ ਦੀ ਇਸ ਪੇਸ਼ਕਾਰੀ ਨੇ ਦਰਸ਼ਕਾਂ ਦਾ ਭਰਪੂਰ ਮਨੋਰੰਜਨ ਕੀਤਾ ਤੇ ਨਵੀਂ ਪੀੜ੍ਹੀ ਨੂੰ ਇੱਕ ਸਮਾਜਿਕ ਸੁਨੇਹਾ ਵੀ ਦਿੱਤਾ।
ਇਹ ਨਾਟਕ ਦੋ ਰਿਟਾਇਰਡ ਬਜ਼ੁਰਗਾਂ ਦੀ ਕਹਾਣੀ ਸੀ, ਜੋ ਆਪਣੀ-ਆਪਣੀ ਜਿੰਦਗੀ ਅਲੱਗ-ਅਲੱਗ ਢੰਗ ਨਾਲ ਜੀਅ ਰਹੇ ਹਨ। ਦੋਨਾਂ ਦੇ ਘਰੇਲੂ ਹਾਲਾਤ ਬਿਲਕੁਲ ਵੱਖਰੇ-ਵੱਖਰੇ ਹਨ। ਇਸ ਵਿੱਚ ਬਜ਼ੁਰਗਾਂ ਦੇ ਜੀਵਨ ਦਾ ਸਿਰਫ਼ ਖਾਕਾ ਹੀ ਨਹੀਂ ਚਿਤਰਿਆ ਬਲਕਿ ਜੀਵਨ ਦੀ ਕੌੜੀ ਸੱਚਾਈ ਨੂੰ ਵੀ ਛੂਹਣ ਦੀ ਕੋਸ਼ਿਸ਼ ਕੀਤੀ ਗਈ, ਕਿ ਕਿਵੇਂ ਅਜੋਕੀ ਪੀੜ੍ਹੀ ਬਜ਼ੁਰਗਾਂ ਨੂੰ ਘਰਾਂ ’ਚ ਸਨਮਾਨ ਨਾ ਦੇ ਕੇ ਉਨ੍ਹਾਂ ਨੂੰ ਉਨ੍ਹਾਂ ਦੀ ਇਕੱਲਤਾ ਨਾਲ ਛੱਡ ਦਿੰਦੀ ਹੈ। ਨੌਜਵਾਨ ਪੀੜ੍ਹੀ ਜਿੱਥੇ ਆਪਣੇ ਸਿਧਾਂਤਾਂ ਤੇ ਸ਼ਰਤਾਂ ਨਾਲ ਆਪਣਾ ਜੀਵਨ ਬਤੀਤ ਕਰਦੀ ਹੈ, ਉੱਥੇ ਬਜ਼ੁਰਗ ਆਪਣੀਆਂ ਪੁਰਾਣੀਆਂ ਸਮਾਜਿਕ ਕਦਰਾਂ ਕੀਮਤਾਂ ਨਾਲ ਜੁੜੇ ਰਹਿਣਾ ਚਾਹੁੰਦੇ ਹਨ। ਨਾਟਕ ਵਿੱਚ ਦੁਨੀਆ ਦੀ ਬਦਲਦੀ ਗਤੀਸ਼ੀਲਤਾ ਨੂੰ ਸੂਖਮਤਾ ਨਾਲ ਬਿਆਨ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਆਧੁਨਿਕ ਜੀਵਨ ਵਿੱਚ ਪੁਰਾਤਨ ਪਹਿਲੂਆਂ ਦੀ ਪ੍ਰਸੰਗਿਕਤਾ ਅਤੇ ਸਮੇਂ ਦੇ ਨਾਲ ਬਦਲਾਅ ਦੀ ਜ਼ਰੂਰਤ ਦੀ ਗੱਲ ਵੀ ਕਰਦਾ ਹੈ।
ਇਹ ਵੀ ਪੜ੍ਹੋ: Punjab Election Campaign: ਬੀਬੀ ਮਨਦੀਪ ਕੌਰ ਨਾਗਰਾ ਨੇ ਗੁਰਬਰਿੰਦਰ ਸਿੰਘ ਭਗੜਾਣਾ ਦੇ ਹੱਕ ’ਚ ਕੀਤਾ ਚੋਣ ਪ੍ਰਚਾਰ
ਨਾਟਕ ਵਿੱਚ ਸਾਰੇ ਕਲਾਕਾਰਾਂ ਨੇ ਆਪਣੀਆਂ ਭੂਮਿਕਾਵਾਂ ਨੂੰ ਬੇਹੱਦ ਪ੍ਰਭਾਵਸ਼ਾਲੀ ਢੰਗ ਨਾਲ ਨਿਭਾਇਆ। ਕਰਨਲ ਦੀ ਭੂਮਿਕਾ ਗੁਰਦਿੱਤ ਪਹੇਸ਼ ਨੇ ਤੇਲਗੂ ਰੰਗਤ ਵਾਲੀ ਹਿੰਦੀ ਭਾਸ਼ਾ ਨਾਲ ਪੇਸ਼ ਕਰਕੇ ਲੋਕਾਂ ਨੂੰ ਅਚੰਭਿਤ ਕਰ ਦਿੱਤਾ। ਫਤਹਿ ਸੋਹੀ ਨੇ ਸੁਰਜੀਤ ਦਾ ਰੋਲ ਪਾਤਰ ਨਾਲ ਇੱਕ-ਮਿੱਕ ਹੋ ਕੇ ਨਿਭਾਇਆ। ਸਿਮਰਜੀਤ ਤੇ ਵਿਸ਼ਾਲ ਸੋਨਵਾਲ ਨੇ ਵੀ ਦਰਸ਼ਕਾਂ ਦੀਆਂ ਤਾਲੀਆਂ ਬਟੋਰੀਆਂ। ਬਾਕੀ ਕਲਾਕਾਰਾਂ ਵਿੱਚ ਕੁੰਵਰਜੀਤ ਸਿੰਘ, ਨੈਨਸੀ, ਉੱਤਮ ਦਰਾਲ ਅਤੇ ਹੁਸਨ ਕਲੇਰ ਨੇ ਵੀ ਆਪਣੀਆਂ ਭੂਮਿਕਾਵਾਂ ਨਾਲ ਇਨਸਾਫ਼ ਕੀਤਾ। ਕਲਾਤਮਕ ਰੋਸ਼ਨੀ ਪ੍ਰਭਾਵ ਪ੍ਰੀਤ ਕਾਰਖਲ ਨੇ ਦਿੱਤੇ ਜੋ ਨਾਟਕ ਨੂੰ ਤੀਖਣਤਾ ਪ੍ਰਦਾਨ ਕਰਦੇ ਸਨ। ਸੰਗੀਤ ਦਾ ਸੰਚਾਲਨ ਕੁਲਤਰਨ ਗਿੱਲ ਨੇ ਕੀਤਾ। ਇਸ ਨਾਟਕੀ ਸ਼ਾਮ ਦੇ ਮੁੱਖ ਮਹਿਮਾਨ ਡਾ. ਜਗਜੀਤ ਸਿੰਘ ਧੂਰੀ ਨੇ ਨਾਟਕ ਨੂੰ ਅਜੋਕੇ ਸਮਾਜ ਲਈ ਜਰੂਰੀ ਤੇ ਲੋਕਾਂ ਨੂੰ ਸ਼ੀਸ਼ਾ ਦਿਖਾਉਣ ਵਾਲਾ ਕਾਰਜ ਦੱਸਿਆ। Punjabi University
ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ ਕੰਵਲਜੀਤ ਢੀਂਡਸਾ ਨੇ ਨਾਟਕ ਤੇ ਇਸਦੀ ਸਮਰੱਥਾ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਸ ਵਿੱਚ ਸਮਾਜ ਨੂੰ ਬਦਲਣ ਦੀ ਤਾਕਤ ਹੁੰਦੀ ਹੈ। ਕਲਾ ਭਵਨ ਆਡੀਟੋਰੀਅਮ ਨੂੰ ਨਵੀਂ ਦਿੱਖ ਦੇਣ ਬਾਰੇ ਵੀ ਐਲਾਨ ਕੀਤਾ। ਸਾਰਥਕ ਰੰਗਮੰਚ ਦੇ ਵਿਸ਼ਾਲ ਕਾਰਜ ਦੀ ਵੀ ਪ੍ਰਸ਼ੰਸਾ ਕੀਤੀ। ਡਾ. ਭੀਮਇੰਦਰ ਸਿੰਘ ਨੇ ਦੋਨਾਂ ਸ਼ਖ਼ਸੀਅਤਾਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ। ਡਾ. ਗਗਨ ਥਾਪਾ, ਡਾ. ਕੁਲਦੀਪ ਕੌਰ, ਡਾ. ਰਵੀ ਕੁਮਾਰ ਅਨੂੰ, ਅਮਰਿੰਦਰ ਬਜ਼ਾਜ਼, ਬਲਕਰਨ ਬਰਾੜ, ਦਲਜੀਤ ਡਾਲੀ, ਡਾ. ਸੁਰਜੀਤ ਭੱਟੀ, ਡਾ. ਕੁਮਕੁਮ ਬਜਾਜ ਨੇ ਵਿਸ਼ੇਸ਼ ਸ਼ਿਰਕਤ ਕੀਤੀ। ਫ਼ੈਸਟੀਵਲ ਡਾਇਰੈਕਟਰ ਡਾ. ਇੰਦਰਜੀਤ ਗੋਲਡੀ ਨੇ ਨੋਰ੍ਹਾ ਰਿਚਰਡਜ਼ ਦੀ ਪੰਜਾਬੀ ਰੰਗਮੰਚ ਨੂੰ ਦੇਣ ਬਾਰੇ ਚਾਨਣਾ ਪਾਇਆ।














