Nabha News: ਦੋ ਵਿਅਕਤੀਆਂ ਨੂੰ ਪਟਿਆਲਾ ਰਜਿੰਦਰ ਹਸਪਤਾਲ ਰੈਫਰ ਕੀਤਾ
Nabha News: ਨਾਭਾ (ਤਰੁਣ ਕੁਮਾਰ ਸ਼ਰਮਾ)। ਨਾਭਾ ਸ਼ਹਿਰ ’ਚ ਉਸ ਸਮੇਂ ਸਨਸਨੀ ਫੈਲ ਗਈ, ਜਦੋਂ ਇੱਕ ਗੈਸ ਏਜੰਸੀ ਦੇ ਗੁਦਾਮ ਨੇੜੇ ਐੱਲਪੀਜੀ ਗੈਸ ਦਾ ਇੱਕ ਸਿਲੰਡਰ ਫਟ ਗਿਆ। ਇਸ ਘਟਨਾ ਵਿੱਚ ਚਾਰ ਤੋਂ ਪੰਜ ਵਿਅਕਤੀਆਂ ਦੇ ਫੱਟੜ ਹੋਣ ਦੀ ਜਾਣਕਾਰੀ ਮਿਲੀ ਹੈ, ਜਿਨ੍ਹਾਂ ਨੂੰ ਤੁਰੰਤ ਨਾਭਾ ਦੇ ਸਿਵਲ ਹਸਪਤਾਲ ਐਮਰਜੰਸੀ ਵਾਰਡ ਵਿਖੇ ਦਾਖਲ ਕਰਵਾਇਆ ਗਿਆ। ਨਾਭਾ ਹਸਪਤਾਲ ਵਿੱਚ ਦਾਖਲ ਵਿਅਕਤੀਆਂ ਵਿੱਚੋਂ ਦੋ ਵਿਅਕਤੀਆਂ ਨੂੰ ਗੰਭੀਰ ਹਾਲਤ ਹੋਣ ਕਾਰਨ ਪਟਿਆਲਾ ਰਜਿੰਦਰਾ ਹਸਪਤਾਲ ਵਿਖੇ ਰੈਫਰ ਕਰ ਦਿੱਤਾ ਗਿਆ ਹੈ।
ਨਾਭਾ ਸਿਵਲ ਹਸਪਤਾਲ ਵਿਖੇ ਦਾਖਲ ਕਰਵਾਏ ਵਿਅਕਤੀਆਂ ਦੇ ਹੱਥ ਅਤੇ ਪੈਰ ਸਮੇਤ ਸਰੀਰ ਦੇ ਕਈ ਭਾਗਾਂ ’ਤੇ ਅੱਗ ਨਾਲ ਝੁਲਸਣ ਦੇ ਨਿਸ਼ਾਨ ਸਨ ਅਤੇ ਫੱਟੜ ਪੀੜਤ ਵਿਅਕਤੀ ਘਬਰਾਹਟ ਕਾਰਨ ਗੱਲਬਾਤ ਕਰਨ ਤੋਂ ਅਸਮਰਥ ਸਨ। ਘਟਨਾ ਸਬੰਧੀ ਫਿਲਹਾਲ ਕੋਈ ਪੁਖਤਾ ਜਾਣਕਾਰੀ ਸਾਹਮਣੇ ਨਹੀਂ ਆਈ, ਪਰ ਕਿਹਾ ਇਹ ਜਾ ਰਿਹਾ ਹੈ ਕਿ ਇੱਕ ਗੈਸ ਸਿਲੰਡਰ ਵਿੱਚੋਂ ਗੈਸ ਲੀਕ ਹੋ ਰਹੀ ਸੀ, ਜਦੋਂ ਕਿ ਨਜ਼ਦੀਕੀ ਲੇਬਰ ਵੱਲੋਂ ਖਾਣਾ ਬਣਾਉਣ ਦੀ ਕੀਤੀ ਜਾ ਰਹੀ ਕੋਸ਼ਿਸ਼ ਕਾਫੀ ਮਹਿੰਗੀ ਪੈ ਗਈ ਅਤੇ ਗੈਸ ਨੇ ਅੱਗ ਫੜ ਲਈ। Nabha News
Read Also : ‘ਯਾਦ-ਏ-ਮੁਰਸ਼ਿਦ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ 34th Free Eye Camp’ 12 ਤੋਂ
ਮੌਕੇ ’ਤੇ ਮੌਜ਼ੂਦ ਲੋਕ ਕਾਫੀ ਘਬਰਾਏ ਹੋਏ ਸਨ, ਜਿਨ੍ਹਾਂ ਵਿੱਚੋਂ ਕੁਝ ਪ੍ਰਤੱਖ ਦਰਸ਼ੀਆਂ ਨੇ ਦੱਸਿਆ ਕਿ ਅਚਾਨਕ ਧਮਾਕਾ ਹੋਇਆ ਤੇ ਆਸੇ-ਪਾਸੇ ਹਫ਼ੜਾ-ਦਫ਼ੜੀ ਦਾ ਮਾਹੌਲ ਪੈਦਾ ਹੋ ਗਿਆ। ਇੱਕ ਵਿਅਕਤੀ ਨੇ ਕਿਹਾ ਕਿ ਉਹ ਬਾਥਰੂਮ ਵਿੱਚ ਮੌਜ਼ੂਦ ਸੀ ਕਿ ਧਮਾਕੇ ਨਾਲ ਛੱਤ ਡਿੱਗ ਪਈ, ਜਿਸ ਤੋਂ ਬਚ ਕੇ ਉਹ ਬਾਹਰ ਆਇਆ ਹੈ। ਆਸ-ਪਾਸ ਦੇ ਲੋਕਾਂ ਨੇ ਹੈਰਾਨੀ ਪ੍ਰਗਟ ਕੀਤੀ ਕਿ ਘਟਨਾ ਦੀ ਜਾਣਕਾਰੀ ਫਾਇਰ ਬ੍ਰਿਗੇਡ ਅਤੇ ਐਂਬੂਲੈਂਸ ਨੂੰ ਦੇਣ ਬਾਵਜੂਦ ਅੱਧੇ ਘੰਟੇ ਤੋਂ ਦੋਨੋਂ ਸੇਵਾਵਾਂ ਪ੍ਰਾਪਤ ਨਹੀਂ ਹੋਈਆਂ। ਖਬਰ ਲਿਖੇ ਜਾਣ ਤੱਕ ਨਾਭਾ ਪੁਲਿਸ ਅਤੇ ਫਾਇਰ ਬਿ੍ਰਗੇਡ ਦੀਆਂ ਟੀਮਾਂ ਪੁੱਜ ਚੁੱਕੀਆਂ ਸਨ ਅਤੇ ਅੱਗ ਬੁਝਾਉਣ ਦੀ ਕਵਾਇਦ ਸ਼ੁਰੂ ਕਰ ਦਿੱਤੀ ਗਈ ਸੀ।














