ਸਾਜਿਸ਼ ’ਚ ਸ਼ਾਮਲ ਪਤਨੀ ਅਤੇ ਉਸਦਾ ਸਾਥੀ ਪਹਿਲਾ ਹੀ ਪੁਲਿਸ ਵੱਲੋਂ ਗ੍ਰਿਫਤਾਰ
- ਸਾਜਿਸ਼ ਵਿੱਚ ਵਰਤੀ ਗਈ ਕਾਰ ਵੀ ਕੀਤੀ ਬਰਾਮਦ
Punjab Crime News: (ਗੁਰਪ੍ਰੀਤ ਪੱਕਾ) ਫ਼ਰੀਦਕੋਟ। ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਵੱਲੋਂ ਪੰਜਾਬ ਨੂੰ ਇੱਕ ਸੁਰੱਖਿਅਤ ਅਤੇ ਅਪਰਾਧ–ਮੁਕਤ ਬਣਾਏ ਰੱਖਣ ਦੀ ਮੁਹਿੰਮ ਤਹਿਤ ਗੌਰਵ ਯਾਦਵ ਡੀ.ਜੀ.ਪੀ ਪੰਜਾਬ ਦੇ ਹੁਕਮਾਂ ਅਨੁਸਾਰ ਮਾੜੇ ਅਨਸਰਾਂ ਖਿਲਾਫ ਲਗਾਤਾਰ ਸਖਤ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ। ਇਸ ਮੁਹਿੰਮ ਦੇ ਹਿੱਸੇ ਵਜੋਂ, ਡੀ.ਆਈ.ਜੀ ਫਰੀਦਕੋਟ ਰੇਂਜ ਨਿਲਾਂਬਰੀ ਜਗਦਲੇ ਦੀ ਅਗਵਾਈ ਹੇਠ ਫ਼ਰੀਦਕੋਟ ਪੁਲਿਸ ਵੱਲੋਂ ਸੰਗੀਨ ਅਪਰਾਧਾਂ ਵਿਰੁੱਧ ਜ਼ੀਰੋ ਟੋਲਰੈਂਸ ਨੀਤੀ ਅਪਣਾਉਦੇ ਹੋਏ ਕਾਰਵਾਈ ਕੀਤੀ ਜਾਦੀ ਹੈ।
ਇਸੇ ਕੜੀ ਵਿੱਚ ਪਿੰਡ ਸੁੱਖਣਵਾਲਾ ਵਿੱਚ ਹੋਏ ਕਤਲ ਮਾਮਲੇ ’ਚ ਸ਼ਾਮਲ ਤੀਸਰੇ ਵਿਅਕਤੀ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਹੈ। ਇਸ ਸਾਜਿਸ ’ਚ ਸ਼ਾਮਲ ਮ੍ਰਿਤਕ ਦੀ ਪਤਨੀ ਅਤੇ ਉਸਦਾ ਇੱਕ ਸਾਥੀ ਪਹਿਲਾ ਹੀ ਫ਼ਰੀਦਕੋਟ ਪੁਲਿਸ ਦੀ ਗ੍ਰਿਫਤ ਵਿੱਚ ਹਨ। ਇਹ ਜਾਣਕਾਰੀ ਡਾ. ਪ੍ਰਗਿਆ ਜੈਨ ਐਸ.ਐਸ.ਪੀ ਫਰੀਦਕੋਟ ਵੱਲੋਂ ਪ੍ਰੈਸ ਕਾਨਫਰੰਸ ਦੌਰਾਨ ਸਾਂਝੀ ਕੀਤੀ ਗਈ। ਗ੍ਰਿਫਤਾਰ ਕੀਤੇ ਤੀਸਰੇ ਵਿਅਕਤੀ ਦੀ ਪਹਿਚਾਣ ਵਿਸ਼ਵਜੀਤ ਕੁਮਾਰ ਉਰਫ ਪੀਚਾ ਪੁੱਤਰ ਮਿੱਠੂ ਰਾਮ ਵਜੋਂ ਹੋਈ ਹੈ, ਜੋ ਕਿ ਹਰਿਆਣਾ ਦੇ ਡੱਬਵਾਲੀ ਦਾ ਰਿਹਾਇਸ਼ੀ ਹੈ। ਪੁਲਿਸ ਪਾਰਟੀ ਵੱਲ਼ੋਂ ਵਿਅਕਤੀ ਦੁਆਰਾ ਪਿੰਡ ਸੁੱਖਣਵਾਲਾ ਆਉਣ ਅਤੇ ਜਾਣ ਲਈ ਵਰਤੀ ਗਈ ਹਿਊਡਾਈ ਕਾਰ ਵੀ ਕਬਜ਼ੇ ਵਿੱਚ ਲਈ ਗਈ ਹੈ।
ਇਹ ਵੀ ਪੜ੍ਹੋ: Patiala House Court: ਲਾਰੈਂਸ ਬਿਸ਼ਨੋਈ ਦੇ ਭਰਾ ਅਨਮੋਲ ਦੀ ਹਿਰਾਸਤ ’ਚ ਵਾਧਾ
ਕਾਰਵਾਈ ਦੇ ਵੇਰਵੇ ਸਾਂਝੇ ਕਰਦਿਆਂ ਉਨ੍ਹਾਂ ਦੱਸਿਆ ਕਿ 28-29 ਨਵੰਬਰ ਦੀ ਰਾਤ ਨੂੰ ਫ਼ਰੀਦਕੋਟ ਜ਼ਿਲ੍ਹੇ ਦੇ ਪਿੰਡ ਸੁੱਖਣਵਾਲਾ ਦੇ ਵਸਨੀਕ ਗੁਰਵਿੰਦਰ ਸਿੰਘ ਨਾਂਅ ਦੇ ਵਿਅਕਤੀ ਦੇ ਕਤਲ ਹੋਣ ਸਬੰਧੀ ਸੂਚਨਾ ਪ੍ਰਾਪਤ ਹੋਣ ’ਤੇ ਮ੍ਰਿਤਕ ਦੀ ਭੈਣ ਮਨਵੀਰ ਕੌਰ ਦੇ ਬਿਆਨਾਂ ’ਤੇ ਮ੍ਰਿਤਕ ਦੀ ਪਤਨੀ ਰੁਪਿੰਦਰ ਕੌਰ ਅਤੇ ਇੱਕ ਵਿਅਕਤੀ ਹਰਕੰਵਲਪ੍ਰੀਤ ਸਿੰਘ ਵਾਸੀ ਬੱਲੂਆਣਾ (ਜ਼ਿਲ੍ਹਾ ਬਠਿੰਡਾ) ਦੇ ਖਿਲਾਫ ਥਾਣਾ ਸਦਰ ਫ਼ਰੀਦਕੋਟ ਵਿਖੇ ਮੁਕੱਦਮਾ ਦਰਜ ਰਜਿਸਟਰ ਕਰਕੇ ਕਾਰਵਾਈ ਸ਼ੁਰੂ ਕੀਤੀ ਗਈ।
ਜਿਸ ਦੌਰਾਨ ਫ਼ਰੀਦਕੋਟ ਪੁਲਿਸ ਵੱਲ਼ੋਂ ਤੁਰੰਤ ਕਾਰਵਾਈ ਕਰਦੇ ਹੋਏ ਜੋਗੇਸ਼ਵਰ ਸਿੰਘ ਗੋਰਾਇਆ ਐਸ.ਪੀ (ਇੰਨਵੈਸਟੀਗੇਸ਼ਨ) ਫ਼ਰੀਦਕੋਟ ਦੀ ਰਹਿਨੁਮਾਈ ਅਤੇ ਤਰਲੋਚਨ ਸਿੰਘ ਡੀ.ਐਸ.ਪੀ ਫ਼ਰੀਦਕੋਟ ਦੀ ਨਿਗਰਾਨੀ ਹੇਠ ਵਿਸ਼ੇਸ਼ ਟੀਮਾਂ ਦਾ ਗਠਨ ਕਰਕੇ ਵਿਅਕਤੀਆਂ ਦੀ ਭਾਲ ਸ਼ੁਰੂ ਕੀਤੀ ਗਈ। ਜਿਸ ਦੌਰਾਨ ਇੰਸਪੈਕਟਰ ਰਾਜੇਸ਼ ਕੁਮਾਰ ਮੁੱਖ ਅਫਸਰ ਥਾਣਾ ਸਦਰ ਫ਼ਰੀਦਕੋਟ ਦੀ ਨਿਗਰਾਨੀ ਹੇਠ ਪੁਲਿਸ ਟੀਮਾਂ ਵੱਲੋਂ ਮ੍ਰਿਤਕ ਦੀ ਪਤਨੀ ਰੁਪਿੰਦਰ ਕੌਰ ਨੂੰ 29 ਨਵੰਬਰ ਨੂੰ ਗ੍ਰਿਫਤਾਰ ਕੀਤਾ ਗਿਆ ਅਤੇ ਇਸ ਸਾਜਿਸ਼ ਵਿੱਚ ਸ਼ਾਮਿਲ ਦੂਸਰੇ ਵਿਅਕਤੀ ਹਰਕੰਵਲਪ੍ਰੀਤ ਸਿੰਘ ਉਰਫ ਲਾਡੀ ਨੂੰ ਵੀ ਮਿਤੀ 02 ਦਸੰਬਰ ਨੂੰ ਗ੍ਰਿਫ਼ਤਾਰ ਕੀਤਾ ਗਿਆ। Punjab Crime News
ਪੁਲਿਸ ਰਿਮਾਂਡ ਦੌਰਾਨ ਮੁਲਜ਼ਮਾਂ ਨੇ ਕੀਤੇ ਅਹਿਮ ਖੁਲਾਸੇ
ਉਨ੍ਹਾਂ ਦੱਸਿਆ ਕਿ ਫ਼ਰੀਦਕੋਟ ਪੁਲਿਸ ਵੱਲੋ ਮਾਨਯੋਗ ਅਦਾਲਤ ਕੋਲੋਂ ਇੰਨ੍ਹਾਂ ਵਿਅਕਤੀਆਂ ਦਾ ਰਿਮਾਂਡ ਹਾਸਿਲ ਕੀਤਾ ਗਿਆ। ਜਿਸ ਦੌਰਾਨ ਇਹ ਸਾਹਮਣੇ ਆਇਆ ਕਿ ਇਸ ਵਾਰਦਾਤ ਦੌਰਾਨ ਇਨ੍ਹਾਂ ਨਾਲ ਇੱਕ ਤੀਜਾ ਵਿਅਕਤੀ ਵਿਸ਼ਵਜੀਤ ਕੁਮਾਰ ਉਰਫ ਪੀਚਾ ਵੀ ਸ਼ਾਮਲ ਸੀ, ਜੋ ਕਿ ਵਾਰਦਾਤ ਦੀ ਰਾਤ ਨੂੰ ਕਤਲ ਦੀ ਵਾਰਦਾਤ ਨੂੰ ਅੰਜ਼ਮ ਦੇਣ ਵਾਲੇ ਹਰਕੰਵਲਪ੍ਰੀਤ ਸਿੰਘ ਨਾਲ ਇੱਕ ਹਿਊਡਾਈ ਕਾਰ ਵਿੱਚ ਬਿਠਾ ਕੇ ਲੈ ਕੇ ਆਇਆ ਸੀ ਅਤੇ ਵਾਰਦਾਤ ਤੋਂ ਬਾਅਦ ਵਾਪਿਸ ਲਿਜਾਣ ਵਿੱਚ ਵੀ ਇਸ ਦੀ ਹੀ ਭੂਮਿਕਾ ਰਹੀ। ਜਿਸ ਦੇ ਅਧਾਰ ’ਤੇ ਵਿਅਕਤੀ ਵਿਸ਼ਵਜੀਤ ਕੁਮਾਰ ਉਰਫ ਪੀਚਾ ਨੂੰ ਵੀ ਮੁਕੱਦਮਾ ਵਿੱਚ ਨਾਮਜ਼ਦ ਕੀਤਾ ਗਿਆ। ਜਿਸ ਨੂੰ ਕਿ ਨੈਸ਼ਨਲ ਹਾਈਵੇਅ ਚਹਿਲ ਪੁੱਲ ਨਜਦੀਕ ਗ੍ਰਿਫਤਾਰ ਗਿਆ ਹੈ। ਇਸ ਦੇ ਨਾਲ ਹੀ ਪੁਲਿਸ ਟੀਮਾਂ ਵੱਲੋਂ ਇਸ ਦੌਰਾਨ ਵਰਤੀ ਗਈ ਹਿਊਡਾਈ ਔਰਾ ਕਾਰ ਨੂੰ ਵੀ ਸਿੱਖਾ ਵਾਲਾ ਬੀੜ ਵਿੱਚੋਂ ਬਰਾਮਦ ਕੀਤਾ ਜਾ ਚੁੱਕਾ ਹੈ।
ਐਸ.ਐਸ.ਪੀ ਫ਼ਰੀਦਕੋਟ ਡਾ. ਪ੍ਰਗਿਆ ਜੈਨ ਨੇ ਦੱਸਿਆ ਕਿ ਮੁੱਢਲੀ ਤਫਤੀਸ਼ ਦੌਰਾਨ ਇਹ ਸਾਹਮਣੇ ਆਇਆ ਹੈ ਕਿ ਇਹ ਕਤਲ ਪ੍ਰੇਮ ਸਬੰਧਾਂ ਦੇ ਚੱਲਦੇ ਹੋਇਆ ਹੈ। ਮ੍ਰਿਤਰ ਗੁਰਵਿੰਦਰ ਸਿੰਘ ਦਾ ਵਿਆਹ ਰੁਪਿੰਦਰ ਕੌਰ ਨਾਲ ਹੋਇਆ ਸੀ, ਪ੍ਰੰਤੂ ਰੁਪਿੰਦਰ ਕੌਰ ਦੇ ਨਜਾਇਜ਼ ਸਬੰਧ ਹਰਕੰਵਲਪ੍ਰੀਤ ਸਿੰਘ ਨਾਲ ਸਨ ਅਤੇ 28-29 ਨਵੰਬਰ ਦੀ ਰਾਤ ਨੂੰ ਮ੍ਰਿਤਕ ਦੀ ਪਤਨੀ ਰੁਪਿੰਦਰ ਕੌਰ ਵੱਲੋ ਆਪਣੇ ਪਤੀ ਨੂੰ ਮਾਰਨ ਦੀ ਸਾਜਿਸ਼ ਦੇ ਤਹਿਤ ਆਪਣੇ ਸਾਥੀ ਹਰਕੰਵਲਪ੍ਰੀਤ ਸਿੰਘ ਨੂੰ ਘਰ ਬੁਲਾਇਆ, ਜਿਸ ਦੌਰਾਨ ਇਨ੍ਹਾਂ ਵੱਲ਼ੋਂ ਮਿਲ ਕੇ ਮ੍ਰਿਤਕ ਗੁਰਵਿੰਦਰ ਸਿੰਘ ਦੇ ਕਤਲ ਦੀ ਵਾਰਦਾਤ ਨੂੰ ਅੰਜ਼ਾਮ ਦਿੱਤਾ ਗਿਆ।

ਇੱਥੇ ਇਹ ਵੀ ਦੱਸਣਯੋਗ ਹੈ ਕਿ ਇਨ੍ਹਾਂ ਵਿਅਕਤੀਆਂ ਵੱਲੋਂ ਇਸ ਕਤਲ ਦੀ ਵਾਰਦਾਤ ਨੂੰ ਲੁੱਟ ਦੀ ਵਾਰਦਾਤ ਦੀ ਰੰਗਤ ਦੇਣ ਦੀ ਕੋਸ਼ਿਸ਼ ਵੀ ਕੀਤੀ ਗਈ ਸੀ, ਪ੍ਰੰਤੂ ਫ਼ਰੀਦਕੋਟ ਪੁਲਿਸ ਵੱਲੋਂ ਨਾ ਸਿਰਫ ਇਸ ਸਾਜਿਸ਼ ਨੂੰ ਨਾਕਾਮ ਕੀਤਾ ਬਲਕਿ ਇਸ ਵਿੱਚ ਸ਼ਾਮਲ ਵਿਅਕਤੀਆਂ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਹੈ। ਇਸ ਸਬੰਧੀ ਥਾਣਾ ਸਦਰ ਫ਼ਰੀਦਕੋਟ ਵਿਖੇ ਮੁਕੱਦਮਾ ਨੰਬਰ 274 ਅਧੀਨ ਧਾਰਾ 103, 61(2), 303(2) ਤਹਿਤ ਦਰਜ ਰਜਿਸਟਰ ਕੀਤਾ ਗਿਆ ਹੈ। Punjab Crime News













