Nelson Mandela: ਬਰਾਬਰੀ ਦੇ ਸੰਘਰਸ਼ ਦੇ ਪ੍ਰਤੀਕ ਨੈਲਸਨ ਮੰਡੇਲਾ ਨੂੰ ਯਾਦ ਕਰਦਿਆਂ…

Nelson Mandela
Nelson Mandela: ਬਰਾਬਰੀ ਦੇ ਸੰਘਰਸ਼ ਦੇ ਪ੍ਰਤੀਕ ਨੈਲਸਨ ਮੰਡੇਲਾ ਨੂੰ ਯਾਦ ਕਰਦਿਆਂ...

Nelson Mandela: ਨੈਲਸਨ ਮੰਡੇਲਾ ਨੇ ਇੱਕ ਵਾਰ ਕਿਹਾ ਸੀ, ‘‘ਤੋੜਨਾ ਅਤੇ ਨਸ਼ਟ ਕਰਨਾ ਸੌਖਾ ਹੈ। ਹੀਰੋ ਉਹ ਹੁੰਦੇ ਹਨ ਜੋ ਸ਼ਾਂਤੀ ਅਤੇ ਨਿਰਮਾਣ ਕਰਦੇ ਹਨ।’’ ਇਹ ਹਵਾਲਾ ਉਨ੍ਹਾਂ ਦੀਆਂ ਕਦਰਾਂ-ਕੀਮਤਾਂ ਅਤੇ ਮਨੁੱਖਤਾ ਦੀ ਸੇਵਾ ਨੂੰ ਸਮਰਪਿਤ ਜੀਵਨ ਨੂੰ ਦਰਸਾਉਂਦਾ ਹੈ। ਉਨ੍ਹਾਂ ਨੇ ਰੰਗਭੇਦ ਸ਼ਾਸਨ ਦੇ ਖਿਲਾਫ ਨਿਆਂ ਅਤੇ ਬਰਾਬਰੀ ਦੇ ਅਧਿਕਾਰਾਂ ਲਈ ਲੜਦੇ ਹੋਏ ਲਗਭਗ 67 ਸਾਲ ਬਿਤਾਏ। ਸ਼ਾਂਤੀ ਅਤੇ ਆਜ਼ਾਦੀ ਵਿੱਚ ਉਨ੍ਹਾਂ ਦੇ ਯੋਗਦਾਨ ਦਾ ਸਨਮਾਨ ਕਰਨ ਲਈ ਸੰਯੁਕਤ ਰਾਸ਼ਟਰ ਨੇ ਹਰ ਸਾਲ 18 ਜੁਲਾਈ ਨੂੰ ਮੰਡੇਲਾ ਦਿਵਸ ਵਜੋਂ ਐਲਾਨਿਆ ਹੈ। ਨੈਲਸਨ ਮੰਡੇਲਾ 1994 ਤੋਂ 1999 ਤੱਕ ਦੱਖਣੀ ਅਫਰੀਕਾ ਦੇ ਰਾਸ਼ਟਰਪਤੀ ਰਹੇ।

ਇਹ ਖਬਰ ਵੀ ਪੜ੍ਹੋ : Indian Rupees in Nepalese Currency: ਭਾਰਤ ਦੇ 100 ਰੁਪਏ ਨੇਪਾਲ ’ਚ ਕਿੰਨੇ ਹੁੰਦੇ ਹਨ? ਹੈਰਾਨ ਕਰ ਦੇਵੇਗਾ ਜਵਾਬ

18 ਜੁਲਾਈ 1918 ਨੂੰ ਮਵੇਜ਼ੋ, ਦੱਖਣੀ ਅਫ਼ਰੀਕਾ ਵਿੱਚ ਜਨਮੇ, ਮੰਡੇਲਾ ਰੰਗਭੇਦ ਵਿਰੁੱਧ ਸੰਘਰਸ਼ ਵਿੱਚ ਇੱਕ ਕੇਂਦਰੀ ਸ਼ਖਸੀਅਤ ਸਨ ਅਤੇ ਉਨ੍ਹਾਂ ਨੇ ਦੱਖਣੀ ਅਫ਼ਰੀਕਾ ਵਿੱਚ ਬਹੁ-ਨਸਲੀ ਲੋਕਤੰਤਰ ਵਿੱਚ ਤਬਦੀਲੀ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ। ਉਨ੍ਹਾਂ ਕਾਲੇ ਲੋਕਾਂ ਦੇ ਹੱਕਾਂ ਲਈ ਆਵਾਜ਼ ਬੁਲੰਦ ਕੀਤੀ ਜਿਨ੍ਹਾਂ ਨੂੰ ਬਹੁਗਿਣਤੀ ਵਿੱਚ ਹੋਣ ਦੇ ਬਾਵਜੂਦ ਗੋਰੇ ਘੱਟ-ਗਿਣਤੀਆਂ ਤੋਂ ਵਿਤਕਰੇ ਦਾ ਸਾਹਮਣਾ ਕਰਨਾ ਪਿਆ। ਨੈਲਸਨ ਮੰਡੇਲਾ ਨੇ ਆਪਣਾ ਜੀਵਨ ਸਮਾਨਤਾ ਅਤੇ ਨਿਆਂ ਯਕੀਨੀ ਬਣਾਉਣ ਅਤੇ ਮਨੁੱਖਤਾ ਦੀ ਸੇਵਾ ਲਈ ਸਮਰਪਿਤ ਕਰ ਦਿੱਤਾ। 1941 ਵਿੱਚ ਮੰਡੇਲਾ ਜੋਹਾਨਸਬਰਗ ਚਲੇ ਗਏ। Nelson Mandela

ਜਿੱਥੇ ਇਨ੍ਹਾਂ ਦੀ ਮੁਲਾਕਾਤ ਵਾਲਟਰ ਸਿਸੁਲੂ ਅਤੇ ਵਾਲਟਰ ਅਲਬਰਟਾਈਨ ਨਾਲ ਹੋਈ। ਉਨ੍ਹਾਂ ਦੋਵਾਂ ਨੇ ਮੰਡੇਲਾ ਨੂੰ ਰਾਜਨੀਤਕ ਤੌਰ ’ਤੇ ਬਹੁਤ ਪ੍ਰਭਾਵਿਤ ਕੀਤਾ। ਰੋਜ਼ੀ-ਰੋਟੀ ਲਈ ਉਹ ਇੱਕ ਕਾਨੂੰਨੀ ਫਰਮ ਵਿੱਚ ਕਲਰਕ ਬਣ ਗਏ ਪਰ ਹੌਲੀ-ਹੌਲੀ ਉਨ੍ਹਾਂ ਦੀ ਸਰਗਰਮੀ ਰਾਜਨੀਤੀ ਵਿੱਚ ਵਧਦੀ ਚਲੀ ਗਈ। ਰੰਗ ਦੇ ਆਧਾਰ ’ਤੇ ਹੋਣ ਵਾਲੇ ਭੇਦਭਾਵ ਨੂੰ ਦੂਰ ਕਰਨ ਲਈ ਉਨ੍ਹਾਂ ਨੇ ਰਾਜਨੀਤੀ ਵਿੱਚ ਕਦਮ ਰੱਖਿਆ। 1944 ਵਿੱਚ ਉਹ ਅਫਰੀਕਨ ਨੈਸ਼ਨਲ ਕਾਂਗਰਸ (ਏਐਨਸੀ) ਵਿੱਚ ਸ਼ਾਮਿਲ ਹੋ ਗਏ ਜਿਸ ਨੇ ਰੰਗਭੇਦ ਦੇ ਵਿਰੁੱਧ ਅੰਦੋਲਨ ਚਲਾ ਰੱਖਿਆ ਸੀ। ਉਸ ਸਾਲ ਉਨ੍ਹਾਂ ਨੇ ਆਪਣੇ ਦੋਸਤਾਂ ਅਤੇ ਸਾਥੀਆਂ ਦੇ ਨਾਲ ਮਿਲ ਕੇ ਅਫਰੀਕਨ ਨੈਸ਼ਨਲ ਕਾਂਗਰਸ ਯੂਥ ਲੀਗ ਦੀ ਸਥਾਪਨਾ ਕੀਤੀ। 1947 ਵਿੱਚ ਉਹ ਲੀਗ ਦੇ ਸਕੱਤਰ ਚੁਣੇ ਗਏ। Nelson Mandela

1961 ਵਿੱਚ ਮੰਡੇਲਾ ਅਤੇ ਉਨ੍ਹਾਂ ਦੇ ਕੁੱਝ ਦੋਸਤਾਂ ਦੇ ਵਿਰੁੱਧ ਦੇਸ਼ਧ੍ਰੋਹ ਦਾ ਮੁਕੱਦਮਾ ਚੱਲਿਆ ਪਰ ਉਸ ਵਿੱਚ ਉਨ੍ਹਾਂ ਨੂੰ ਨਿਰਦੋਸ਼ ਮੰਨਿਆ ਗਿਆ। 5 ਅਗਸਤ 1962 ਨੂੰ ਉਨ੍ਹਾਂ ਨੂੰ ਮਜ਼ਦੂਰਾਂ ਨੂੰ ਹੜਤਾਲ ਲਈ ਉਕਸਾਉਣ ਅਤੇ ਬਿਨਾਂ ਆਗਿਆ ਦੇਸ਼ ਛੱਡਣ ਦੇ ਇਲਜ਼ਾਮ ਵਿੱਚ ਗ੍ਰਿਫ਼ਤਾਰ ਕਰ ਲਿਆ ਗਿਆ। ਉਨ੍ਹਾਂ ’ਤੇ ਮੁਕੱਦਮਾ ਚੱਲਿਆ ਅਤੇ 12 ਜੁਲਾਈ 1964 ਨੂੰ ਉਨ੍ਹਾਂ ਨੂੰ ਉਮਰਕੈਦ ਦੀ ਸਜ਼ਾ ਸੁਣਾਈ ਗਈ। ਸਜ਼ਾ ਭੁਗਤਣ ਲਈ ਉਨ੍ਹਾਂ ਨੂੰ ਰਾਬਿਨ ਟਾਪੂ ਦੀ ਜੇਲ੍ਹ ਵਿੱਚ ਭੇਜਿਆ ਗਿਆ ਪਰ ਇਸ ਨਾਲ ਵੀ ਉਨ੍ਹਾਂ ਦਾ ਉਤਸ਼ਾਹ ਘੱਟ ਨਹੀਂ ਹੋਇਆ। ਉਨ੍ਹਾਂ ਨੇ ਜੇਲ੍ਹ ਵਿੱਚ ਵੀ ਰੰਗ-ਭੇਦ ਦੀ ਨੀਤੀ ਦੇ ਵਿਰੁੱਧ ਕੈਦੀਆਂ ਨੂੰ ਲਾਮਬੰਦ ਕਰਨਾ ਸ਼ੁਰੂ ਕਰ ਦਿੱਤਾ।

ਜੀਵਨ ਦੇ 27 ਸਾਲ ਜੇਲ੍ਹ ਵਿੱਚ ਗੁਜ਼ਾਰਨ ਤੋਂ ਬਾਅਦ ਆਖ਼ਰ 11 ਫਰਵਰੀ 1990 ਨੂੰ ਉਨ੍ਹਾਂ ਦੀ ਰਿਹਾਈ ਹੋਈ। ਰਿਹਾਈ ਤੋਂ ਬਾਅਦ ਸਮਝੌਤੇ ਅਤੇ ਸ਼ਾਂਤੀ ਦੀ ਨੀਤੀ ਦੁਆਰਾ ਉਨ੍ਹਾਂ ਨੇ ਇੱਕ ਲੋਕਤੰਤਰੀ ਅਤੇ ਬਹੁ-ਜਾਤੀ ਅਫਰੀਕਾ ਦੀ ਨੀਂਹ ਰੱਖੀ। 1994 ਵਿੱਚ ਦੱਖਣੀ ਅਫਰੀਕਾ ਵਿੱਚ ਰੰਗਭੇਦ ਰਹਿਤ ਚੋਣਾਂ ਹੋਈਆਂ। ਅਫਰੀਕਨ ਨੈਸ਼ਨਲ ਕਾਂਗਰਸ ਨੇ 62 ਫ਼ੀਸਦੀ ਵੋਟਾਂ ਪ੍ਰਾਪਤ ਕੀਤੀਆਂ ਅਤੇ ਬਹੁਮਤ ਦੇ ਨਾਲ ਉਨ੍ਹਾਂ ਦੀ ਸਰਕਾਰ ਬਣੀ। 10 ਮਈ 1994 ਨੂੰ ਮੰਡੇਲਾ ਆਪਣੇ ਦੇਸ਼ ਦੇ ਸਭ ਤੋਂ ਪਹਿਲੇ ਕਾਲੇ ਰੰਗ ਦੇ ਰਾਸ਼ਟਰਪਤੀ ਬਣੇ। ਦੱਖਣੀ ਅਫਰੀਕਾ ਦੇ ਨਵੇਂ ਸੰਵਿਧਾਨ ਨੂੰ ਮਈ 1996 ਵਿੱਚ ਸੰਸਦ ਤੋਂ ਸਹਿਮਤੀ ਮਿਲੀ ਜਿਸ ਦੇ ਅੰਤਰਗਤ ਰਾਜਨੀਤਿਕ ਅਤੇ ਪ੍ਰਬੰਧਕੀ ਅਧਿਕਾਰਾਂ ਦੀ ਜਾਂਚ ਲਈ ਕਈ ਸੰਸਥਾਵਾਂ ਦੀ ਸਥਾਪਨਾ ਕੀਤੀ ਗਈ। Nelson Mandela

1997 ਵਿੱਚ ਉਹ ਸਰਗਰਮ ਰਾਜਨੀਤੀ ਤੋਂ ਵੱਖ ਹੋ ਗਏ ਅਤੇ ਦੋ ਸਾਲ ਬਾਅਦ ਉਨ੍ਹਾਂ ਨੇ 1999 ਵਿੱਚ ਕਾਂਗਰਸ ਪ੍ਰਧਾਨ ਦਾ ਅਹੁਦਾ ਵੀ ਛੱਡ ਦਿੱਤਾ। ਉਨ੍ਹਾਂ ਨੂੰ ਉਨ੍ਹਾਂ ਦੇ ਯੋਗਦਾਨ ਲਈ 1993 ਵਿੱਚ ਨੋਬਲ ਸ਼ਾਂਤੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। ਨੈਲਸਨ ਮੰਡੇਲਾ ਅੰਤਰਰਾਸ਼ਟਰੀ ਦਿਵਸ ਨੂੰ ਅਧਿਕਾਰਤ ਤੌਰ ’ਤੇ ਸੰਯੁਕਤ ਰਾਸ਼ਟਰ ਦੁਆਰਾ ਨਵੰਬਰ 2009 ਵਿੱਚ ਐਲਾਨਿਆ ਗਿਆ ਸੀ। ਪਹਿਲਾ ਅਧਿਕਾਰਤ ਜਸ਼ਨ ਮੰਡੇਲਾ ਦੇ 92ਵੇਂ ਜਨਮ ਦਿਨ ’ਤੇ 18 ਜੁਲਾਈ 2010 ਨੂੰ ਕੀਤਾ ਗਿਆ ਸੀ। ਸੰਯੁਕਤ ਰਾਸ਼ਟਰ ਜਨਰਲ ਅਸੈਂਬਲੀ ਨੇ ਇਸ ਦਿਨ ਨੂੰ ਸਮਾਜ ਸੇਵਾ, ਸਮਾਜਿਕ ਨਿਆਂ ਤੇ ਗਰੀਬੀ ਵਿਰੁੱਧ ਲੜਾਈ ਨੂੰ ਉਤਸ਼ਾਹਿਤ ਕਰਨ ਲਈ ਮਾਨਤਾ ਦਿੱਤੀ।

ਮੰਡੇਲਾ ਦੀ ਵਿਰਾਸਤ, ਮਨੁੱਖੀ ਅਧਿਕਾਰਾਂ, ਮੇਲ-ਮਿਲਾਪ ਤੇ ਜਮਹੂਰੀਅਤ ਪ੍ਰਤੀ ਉਨ੍ਹਾਂ ਦੀ ਵਚਨਬੱਧਤਾ ਦੀ ਵਿਸ਼ੇਸ਼ਤਾ ਹੈ

ਇਹ ਦਿਨ ਲੋਕਾਂ ਨੂੰ ਉਨ੍ਹਾਂ ਦੀ ਵਿਰਾਸਤ ਨੂੰ ਯਾਦ ਕਰਨ ਅਤੇ ਮਨੁੱਖਤਾ ਦੀ ਸੇਵਾ ਲਈ ਵਚਨਬੱਧ ਹੋਣ ਦਾ ਸੱਦਾ ਦਿੰਦਾ ਹੈ। ਮੰਡੇਲਾ ਦੀ ਵਿਰਾਸਤ, ਮਨੁੱਖੀ ਅਧਿਕਾਰਾਂ, ਮੇਲ-ਮਿਲਾਪ ਤੇ ਜਮਹੂਰੀਅਤ ਪ੍ਰਤੀ ਉਨ੍ਹਾਂ ਦੀ ਵਚਨਬੱਧਤਾ ਦੀ ਵਿਸ਼ੇਸ਼ਤਾ ਹੈ ਜੋ ਕਿ ਦੁਨੀਆ ਭਰ ਦੇ ਲੋਕਾਂ ਨੂੰ ਦੇਸ਼ ਪ੍ਰਤੀ ਫ਼ਰਜ਼ ਨਿਭਾਉਣ ਅਤੇ ਇੱਕ ਫਰਕ ਲਿਆਉਣ ਲਈ ਪ੍ਰੇਰਿਤ ਕਰਦੀ ਰਹਿੰਦੀ ਹੈ। ਗਰੀਬੀ ਅਤੇ ਅਸਮਾਨਤਾ ’ਤੇ ਧਿਆਨ ਕੇਂਦਰਿਤ ਕਰਨਾ ਅੱਜ ਦੇ ਸਮੇਂ ਦੀ ਵਿਲੱਖਣ ਲੋੜ ਹੈ ਕਿਉਂਕਿ ਅੱਜ ਦੇ ਸਮਾਜ ਵਿੱਚ ਆਰਥਿਕ ਅਸਮਾਨਤਾਵਾਂ ਅਤੇ ਸਮਾਜਿਕ ਬੇਇਨਸਾਫ਼ੀਆਂ ਲੋੜ ਤੋਂ ਵੱਧ ਫੈਲੀਆਂ ਹੋਈਆਂ ਹਨ।

ਇਹ ਅਸਮਾਨਤਾ, ਬੇਇਨਸਾਫ਼ੀ ਤੇ ਗਰੀਬੀ ਨੂੰ ਹੱਲ ਕਰਨ ਲਈ ਲਗਾਤਾਰ ਯਤਨਾਂ ਦੀ ਲੋੜ ਦੀ ਯਾਦ ਦਿਵਾਉਂਦਾ ਹੈ। ਇਹ ਦਿਨ ਵਿਅਕਤੀਆਂ ਨੂੰ ਸਮਾਜ ਵਿੱਚ ਉਨ੍ਹਾਂ ਦੀਆਂ ਭੂਮਿਕਾਵਾਂ ’ਤੇ ਵਿਚਾਰ ਕਰਨ ਅਤੇ ਉਨ੍ਹਾਂ ਨੂੰ ‘ਆਜ਼ਾਦੀ, ਸਮਾਨਤਾ ਤੇ ਨਿਆਂ’ ਦੀਆਂ ਕਦਰਾਂ ਕੀਮਤਾਂ ਦਾ ਸਨਮਾਨ ਕਰਨ ਦਾ ਸੱਦਾ ਦਿੰਦਾ ਹੈ ਜਿਸ ਲਈ ਨੈਲਸਨ ਮੰਡੇਲਾ ਆਪਣੇ ਆਖਰੀ ਸਾਹ ਤੱਕ ਲੜਦੇ ਰਹੇ ਜੋ ਕਿ 5 ਦਸੰਬਰ 2013 ਨੂੰ ਇਸ ਸੰਸਾਰ ਨੂੰ ਸਦਾ ਲਈ ਅਲਵਿਦਾ ਕਹਿ ਗਏ। Nelson Mandela

ਸਵੈਸੇਵੀ ਅਤੇ ਸਮਾਜ ਭਲਾਈ ਦੇ ਕੰਮਾਂ ਨੂੰ ਸਮਰਪਿਤ ਹੋ ਕੇ ਅਸੀਂ ਮੰਡੇਲਾ ਜੀ ਦੀ ਯਾਦ ਅਤੇ ਇੱਕ ਨਿਆਂਪੂਰਨ ਅਤੇ ਬਰਾਬਰੀ ਵਾਲੀ ਦੁਨੀਆ ਬਣਾਉਣ ਦੇ ਉਨ੍ਹਾਂ ਦੇ ਮਿਸ਼ਨ ਨੂੰ ਕਾਮਯਾਬ ਕਰਨ ਵਿੱਚ ਆਪਣਾ ਯੋਗਦਾਨ ਪਾ ਸਕਦੇ ਹਾਂ। ਆਓ ਅਸੀਂ ਆਪਣੇ-ਆਪ ਨੂੰ ਮੰਡੇਲਾ ਦੇ ਹਮਦਰਦੀ ਅਤੇ ਸਮਾਜਿਕ ਜ਼ਿੰਮੇਵਾਰੀ ਦੇ ਮੁੱਲਾਂ ਨੂੰ ਸਮਰਪਿਤ ਕਰੀਏ ਅਤੇ ਇੱਕ ਵਧੇਰੇ ਸੰਤੁਲਿਤ ਅਤੇ ਖੁਸ਼ਹਾਲ ਵਿਸ਼ਵ ਭਾਈਚਾਰੇ ਦੇ ਨਿਰਮਾਣ ਲਈ ਮਿਲ ਕੇ ਕੰਮ ਕਰੀਏ।

ਮੰਡੀ ਅਹਿਮਦਗੜ੍ਹ
ਲੈ. ਲਲਿਤ ਗੁਪਤਾ