
ਔਰਤ ਤੋਂ ਫਾਈਲ ਖੋਹ ਕੇ ਭੱਜਣ ਵਾਲੇ ਵਿਅਕਤੀ ਦੀ ਵੀਡੀਓ ਹੋਈ ਵਾਇਰਲ
- ਨਾਮਜ਼ਦਗੀਆਂ ਦੇ ਆਖਰੀ ਦਿਨ ਜ਼ਿਲ੍ਹਾ ਪਟਿਆਲਾ ’ਚ ਸਾਰਾ ਦਿਨ ਹੁੰਦਾ ਰਿਹਾ ਹੋ ਹੱਲਾ
Nomination Papers Punjab: (ਖੁਸ਼ਵੀਰ ਸਿੰਘ ਤੂਰ) ਪਟਿਆਲਾ। ਜ਼ਿਲ੍ਹਾ ਪਰਿਸ਼ਦ ਅਤੇ ਬਲਾਕ ਸੰਮਤੀ ਚੋਣਾਂ ਦੀਆਂ ਨਾਮਜ਼ਦਗੀਆਂ ਦੇ ਆਖਰੀ ਦਿਨ ਅੱਜ ਜ਼ਿਲ੍ਹਾ ਪਟਿਆਲਾ ਦੇ ਵੱਖ-ਵੱਖ ਬਲਾਕਾਂ ਵਿੱਚ ਵਿਰੋਧੀ ਉਮੀਦਵਾਰਾਂ ਦੀਆਂ ਫਾਈਲਾਂ ਖੋਹਣ, ਫਾਈਲਾਂ ਪਾੜਨ ਅਤੇ ਨਾਮਜ਼ਦਗੀਆਂ ਦਾਖਲ ਨਾ ਕਰਨ ਦੇਣ ਕਰਕੇ ਮਾਰਾ ਮਾਰੀ ਚਲਦੀ ਰਹੀ ਅਤੇ ਸੱਤਾ ਧਿਰ ਖਿਲਾਫ ਨਾਅਰੇਬਾਜ਼ੀ ਹੁੰਦੀ ਰਹੀ। ਇਸ ਦੌਰਾਨ ਵੱਖ-ਵੱਖ ਹਲਕਿਆਂ ਦੇ ਵਿਰੋਧੀ ਧਿਰਾਂ ਦੇ ਆਗੂਆਂ ਵੱਲੋਂ ਪੁਲਿਸ ਪ੍ਰਸ਼ਾਸਨ ’ਤੇ ਕਥਿਤ ਦੋਸ਼ ਲਾਏ ਕਿ ਜੋ ਪਟਿਆਲਾ ਪੁਲਿਸ ਦੀ ਆਡੀਓ ਵਾਇਰਲ ਹੋਈ ਹੈ ਉਸ ਅਨੁਸਾਰ ਹੀ ਇਹ ਸਭ ਕੁਝ ਚੱਲ ਰਿਹਾ ਹੈ। ਹਲਕਾ ਘਨੌਰ ਵਿੱਚ ਤਾਂ ਇੱਕ ਮਹਿਲਾ ਉਮੀਦਵਾਰ ਤੋਂ ਇੱਕ ਵਿਅਕਤੀ ਫਾਈਲ ਖੋਹ ਕੇ ਭੱਜ ਗਿਆ ਜਿਸ ਦੀ ਸੋਸ਼ਲ ਮੀਡੀਆ ’ਤੇ ਵੀਡੀਓ ਵਾਇਰਲ ਹੋ ਗਈ।
ਜਾਣਕਾਰੀ ਅਨੁਸਾਰ ਜ਼ਿਲ੍ਹਾ ਪਰਿਸ਼ਦ ਅਤੇ ਬਲਾਕ ਸੰਮਤੀ ਚੋਣਾਂ ਸਬੰਧੀ ਨਾਮਜ਼ਦਗੀਆਂ ਦਾ ਅੱਜ ਅਖੀਰਲਾ ਦਿਨ ਸੀ ਇਸ ਦੌਰਾਨ ਵੱਡੀ ਗਿਣਤੀ ਵਿੱਚ ਵੱਖ-ਵੱਖ ਪਾਰਟੀਆਂ ਦੇ ਉਮੀਦਵਾਰ ਆਪਣੀਆਂ ਫਾਈਲਾਂ ਜਮ੍ਹਾਂ ਕਰਵਾਉਣ ਲਈ ਪੁੱਜੇ ਸਨ ਪਰ ਬੀਤੇ ਦਿਨ ਵਾਂਗ ਅੱਜ ਵੀ ਜ਼ਿਲ੍ਹਾ ਪਟਿਆਲਾ ਦੇ ਕਈ ਬਲਾਕਾਂ ਵਿੱਚ ਫਾਈਲਾਂ ਦੀ ਲੁੱਟ ਚਲਦੀ ਰਹੀ। ਜ਼ਿਲ੍ਹਾ ਪਟਿਆਲਾ ਦੇ ਹਲਕਾ ਸਨੌਰ, ਘਨੌਰ, ਸਮਾਣਾ ਰਾਜਪੁਰਾ, ਨਾਭਾ ਵਿੱਚ ਵਿਰੋਧੀ ਧਿਰਾਂ ਦੀ ਕਾਗਜ ਖੋਹਣ ਸਮੇਤ ਧੱਕੇਸ਼ਾਹੀ ਦੀਆਂ ਰਿਪੋਰਟਾਂ ਮਿਲੀਆਂ ਹਨ। ਹਲਕਾ ਸਨੌਰ ਦੇ ਬਲਾਕ ਭੁਨਰਹੇੜੀ ਵਿੱਚ ਸੱਤਾਧਿਰ ਤੇ ਵਿਰੋਧੀ ਧਿਰਾਂ ਦੇ ਨੌਜਵਾਨ ਆਪਸ ਵਿੱਚ ਭਿੜ ਗਏ ਜਿੰਨ੍ਹਾ ਵਿੱਚ ਹੱਥੋ ਪਾਈ ਹੋਈ।
ਇਹ ਵੀ ਪੜ੍ਹੋ: Amloh Police: ਗੁੰਮ ਹੋਈ ਲੜਕੀ, 2 ਘੰਟਿਆਂ ’ਚ ਪੁਲਿਸ ਨੇ ਲੱਭਕੇ ਮਾਪਿਆਂ ਦੇ ਸਪੁਰਦ ਕੀਤੀ
ਇਸ ਦੌਰਾਨ ਪੁਲਿਸ ਨੇ ਵਿੱਚ ਪੈ ਕੇ ਮਾਮਲਾ ਸ਼ਾਂਤ ਕਰਵਾਇਆ। ਇਸ ਦੌਰਾਨ ਸਾਬਕਾ ਵਿਧਾਇਕ ਹਰਿੰਦਰ ਪਾਲ ਸਿੰਘ ਚੰਦੂਮਾਜਰਾ ਅਤੇ ਕਾਂਗਰਸ ਦੇ ਆਗੂ ਹਰਿੰਦਰ ਪਾਲ ਸਿੰਘ ਹੈਰੀ ਮਾਨ ਦੀ ਪੁਲਿਸ ਨਾਲ ਬਹਿਸਬਾਜ਼ੀ ਹੋਈ। ਇਸ ਮੌਕੇ ਇਨ੍ਹਾਂ ਆਗੂਆਂ ਨੇ ਆਖਿਆ ਕਿ ਉਨ੍ਹਾਂ ਦੇ ਉਮੀਦਵਾਰਾਂ ਦੇ ਕਾਗਜ਼ ਦਾਖਲ ਨਹੀਂ ਹੋਣ ਦਿੱਤੇ ਜਾ ਰਹੇ ਅਤੇ ਆਮ ਆਦਮੀ ਪਾਰਟੀ ਦੇ ਵਿਅਕਤੀਆਂ ਵੱਲੋਂ ਵਿਰੋਧੀ ਧਿਰਾਂ ਦੇ ਉਮੀਦਵਾਰਾਂ ਨੂੰ ਡਰਾਇਆ ਜਾ ਰਿਹਾ ਹੈ। ਹਲਕਾ ਸਨੌਰ ਵਿੱਚ ਕਾਂਗਰਸ ਦੀ ਇੱਕ ਮਹਿਲਾ ਆਪਣੀ ਫਾਈਲ ਜਮ੍ਹਾਂ ਕਰਵਾਉਣ ਲਈ ਪੁੱਜੀ ਸੀ ਤਾਂ ਇੱਕ ਵਿਅਕਤੀ ਉਸਦੇ ਹੱਥੋਂ ਉਸਦੀ ਫਾਈਲ ਖੋਹ ਕੇ ਭੱਜ ਗਿਆ। ਇਸ ਦੌਰਾਨ ਪੱਤਰਕਾਰ ਵੀ ਉਸ ਦੇ ਪਿੱਛੇ ਭੱਜ ਗਏ ਅਤੇ ਉਸ ਦੀ ਵੀਡੀਓ ਵਾਇਰਲ ਹੋ ਗਈ।
ਹਲਕਾ ਸਨੌਰ ਵਿੱਚ ਇੱਕ ਆਜ਼ਾਦ ਉਮੀਦਵਾਰ ਦੇ ਕਾਗਜ਼ ਪਾੜੇ
ਘਨੌਰ ਦੇ ਸਾਬਕਾ ਵਿਧਾਇਕ ਮਦਨ ਲਾਲ ਜਲਾਲਪੁਰ ਅਤੇ ਅਕਾਲੀ ਦਲ ਦੇ ਇੰਚਾਰਜ ਸਰਬਜੀਤ ਸਿੰਘ ਝਿੰਜਰ ਅਤੇ ਭਾਜਪਾ ਦੇ ਆਗੂਆਂ ਵੱਲੋਂ ਸੱਤਾ ਧਿਰ ’ਤੇ ਗੁੰਡਾਗਰਦੀ ਕਰਨ ਦੇ ਦੋਸ਼ ਲਾਏ ਗਏ। ਇਸ ਦੌਰਾਨ ਇਨ੍ਹਾਂ ਆਗੂਆਂ ਦੀ ਪੁਲਿਸ ਨਾਲ ਵੀ ਕਹਾ ਸੁਣੀ ਹੋਈ। ਇਸੇ ਤਰ੍ਹਾਂ ਹੀ ਹਲਕਾ ਸਨੌਰ ਵਿੱਚ ਇੱਕ ਆਜ਼ਾਦ ਉਮੀਦਵਾਰ ਦੇ ਕਾਗਜ਼ ਪਾੜ ਦਿੱਤੇ ਗਏ ਇਸ ਦੌਰਾਨ ਉਨ੍ਹਾਂ ਨੇ ਕਾਗਜ਼ ਪਾੜਨ ਵਾਲੇ ਵਿਅਕਤੀ ਨੂੰ ਦਬੋਚ ਲਿਆ ਤੇ ਪੁਲਿਸ ਹਵਾਲੇ ਕਰ ਦਿੱਤਾ ਗਿਆ। Nomination Papers Punjab
ਹਲਕਾ ਰਾਜਪੁਰਾ ਅੰਦਰ ਸਾਬਕਾ ਵਿਧਾਇਕ ਹਰਦਿਆਲ ਸਿੰਘ ਕੰਬੋਜ ਵੱਲੋਂ ਵੀ ਸੱਤਾ ਧਿਰ ’ਤੇ ਧੱਕਾ ਕਰਨ ਦੇ ਇਲਜ਼ਾਮ ਲਾਏ ਗਏ, ਉਹਨਾਂ ਦੱਸਿਆ ਕਿ ਕਾਂਗਰਸ ਦੇ ਉਮੀਦਵਾਰਾਂ ਦੇ ਕਾਗਜ਼ ਭਰਨ ਤੋਂ ਰੋਕਿਆ ਗਿਆ ਅਤੇ ਧੱਕੇਸ਼ਾਹੀ ਕੀਤੀ ਗਈ। ਇਸ ਮੌਕੇ ਵੱਖ-ਵੱਖ ਵਿਰੋਧੀ ਤਰ੍ਹਾਂ ਦੇ ਆਗੂਆਂ ਨੇ ਦੋਸ਼ ਲਗਾਇਆ ਕਿ ਅੱਜ ਜੋ ਆਡੀਓ ਵਾਇਰਲ ਹੋਈ ਹੈ ਪੁਲਿਸ ਪ੍ਰਸ਼ਾਸਨ ਵੱਲੋਂ ਉਸੇ ’ਤੇ ਹੀ ਪਹਿਰਾ ਦਿੱਤਾ ਗਿਆ ਹੈ ਅਤੇ ਉਸੇ ਪਲੈਨਿੰਗ ਤਹਿਤ ਹੀ ਵਿਰੋਧੀ ਧਿਰਾਂ ਦੇ ਵਿਅਕਤੀਆਂ ਨੂੰ ਰਸਤਿਆਂ ਵਿੱਚ ਹੀ ਟਾਰਗੇਟ ਕੀਤਾ ਗਿਆ ਹੈ।













