ਜ਼ਮੀਨ ਦਾ ਕਬਜ਼ਾ ਦੇਣ ਬਦਲੇ ਸੀਨੀਅਰ ਅਧਿਕਾਰੀ ਦੇ ਨਾਮ ’ਤੇ 5.40 ਲੱਖ ਦੀ ਰਿਸ਼ਵਤ ਸੀ ਮੰਗੀ
Bribery Case: (ਜਗਦੀਪ ਸਿੰਘ) ਫਿਰੋਜ਼ਪੁਰ। ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ ’ਚ ਭ੍ਰਿਸ਼ਟਾਚਾਰ ਵਿਰੁੱਧ ਜਾਰੀ ਆਪਣੀ ਮੁਹਿੰਮ ਦੌਰਾਨ ਪੰਜਾਬ ਵਕਫ਼ ਬੋਰਡ ਜ਼ੀਰਾ, ਜ਼ਿਲ੍ਹਾ ਫਿਰੋਜ਼ਪੁਰ ਵਿਖੇ ਤਾਇਨਾਤ ਰੈਂਟ ਕੁਲੈਕਟਰ ਮੁਹੰਮਦ ਇਕਬਾਲ ਨੂੰ ਰਿਸ਼ਵਤ ਦੀ ਦੂਜੀ ਕਿਸ਼ਤ ਵਜੋਂ 3,00,000 ਰੁਪਏ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਹੈ। ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਸ਼ਿਕਾਇਤਕਰਤਾ ਗੁਰਦੁਆਰਾ ਸਿੰਘ ਸਭਾ ਜ਼ੀਰਾ, ਜ਼ਿਲ੍ਹਾ ਫਿਰੋਜ਼ਪੁਰ ਨੇ ਵਿਜੀਲੈਂਸ ਬਿਊਰੋ ਕੋਲ ਪਹੁੰਚ ਕਰਕੇ ਦੋਸ਼ ਲਾਇਆ ਕਿ ਉਕਤ ਰੈਂਟ ਕੁਲੈਕਟਰ ਉਸਨੂੰ ਵਕਫ਼ ਬੋਰਡ ਜ਼ੀਰਾ ਵੱਲੋਂ ਅਲਾਟ ਕੀਤੀ ਗਈ ਜ਼ਮੀਨ ਦਾ ਕਬਜ਼ਾ ਦੇਣ ਬਦਲੇ ਸੀਨੀਅਰ ਅਧਿਕਾਰੀ ਦੇ ਨਾਂਅ ’ਤੇ ਉਸ ਤੋਂ 5,40,000 ਰੁਪਏ ਰਿਸ਼ਵਤ ਮੰਗ ਰਿਹਾ ਹੈ। ਇਸ ਸਬੰਧ ਵਿੱਚ ਉਕਤ ਮੁਲਜ਼ਮ ਪਹਿਲਾਂ ਹੀ ਸ਼ਿਕਾਇਤਕਰਤਾ ਤੋਂ ਪਹਿਲੀ ਕਿਸ਼ਤ ਦੀ ਟੋਕਨ ਮਨੀ ਵਜੋਂ 70,000 ਰੁਪਏ ਦੀ ਰਿਸ਼ਵਤ ਲੈ ਚੁੱਕਾ ਸੀ।
ਇਹ ਵੀ ਪੜ੍ਹੋ: BJP Punjab: ਭਾਜਪਾ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਆਪਣੇ ਦਮ ‘ਤੇ ਲੜੇਗੀ: ਅਸ਼ਵਨੀ ਸ਼ਰਮਾ
ਬੁਲਾਰੇ ਨੇ ਅੱਗੇ ਦੱਸਿਆ ਕਿ ਸ਼ਿਕਾਇਤ ਦੀ ਮੁੱਢਲੀ ਜਾਂਚ ਤੋਂ ਬਾਅਦ ਆਰਥਿਕ ਅਪਰਾਧ ਸ਼ਾਖਾ (ਈਓਡਬਲਿਊ) ਦੀ ਵਿਜੀਲੈਂਸ ਬਿਊਰੋ ਟੀਮ ਨੇ ਇੱਕ ਜਾਲ ਵਿਛਾਇਆ ਜਿਸ ਦੌਰਾਨ ਉਕਤ ਮੁਲਜ਼ਮ ਨੂੰ ਦੋ ਸਰਕਾਰੀ ਗਵਾਹਾਂ ਦੀ ਮੌਜੂਦਗੀ ਵਿੱਚ ਸ਼ਿਕਾਇਤਕਰਤਾ ਤੋਂ ਦੂਜੀ ਕਿਸ਼ਤ ਵਜੋਂ 3,00,000 ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਗ੍ਰਿਫ਼ਤਾਰ ਕਰ ਲਿਆ । ਇਸ ਸਬੰਧੀ ਵਿਜੀਲੈਂਸ ਬਿਊਰੋ ਦੇ ਪੁਲਿਸ ਥਾਣਾ ਈਓਡਬਲਿਊ, ਲੁਧਿਆਣਾ ਰੇਂਜ ਵਿਖੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਮੁਲਜ਼ਮ ਵਿਰੁੱਧ ਕੇਸ ਦਰਜ ਕਰ ਲਿਆ ਗਿਆ ਹੈ ਅਤੇ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ। Bribery Case














