ਅਹਿਮਦਾਬਾਦ (ਏਜੰਸੀ)। ਗੁਜਰਾਤ ਵਿੱਚ ਇੱਕ ਵਾਰ ਫਿਰ ਭਾਜਪਾ ਦੀ ਸਰਕਾਰ ਬਣ ਗਈ। ਵਿਜੈ ਰੂਪਾਨੀ ਨੇ ਗਾਂਧੀ ਨਗਰ ਵਿੱਚ ਹੋਏ ਸਮਾਰੋਹ ਦੌਰਾਨ ਗੁਜਰਾਤ ਦੇ ਮੁੱਖ ਮੰਤਰੀ ਦੇ ਅਹੁਦੇ ਵਜੋਂ ਸਹੁੰ ਚੁੱਕੀ। ਉਹ ਦੂਜੀ ਵਾਰ ਇਹ ਅਹੁਦਾ ਸੰਭਾਲਣ ਜਾ ਰਹੇ ਹਨ। ਉੱਥੇ ਨਿਤਿਨ ਪਟੇਲ ਨੇ ਉੱਪ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ। ਇਸ ਮੌਕੇ ‘ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਹਾਜ਼ਰ ਸਨ। ਉਨ੍ਹਾਂ ਤੋਂ ਇਲਾਵਾ ਭਾਜਪਾ ਦੇ ਕੌਮੀ ਪ੍ਰਧਾਨ ਅਮਿਤ ਸ਼ਾਹ, ਰਾਜਨਾਥ ਸਿੰਘ ਸਮੇਤ ਕਈ ਰਾਜਾਂ ਦੇ ਮੁੱਖ ਮੰਤਰੀ ਵੀ ਸਮਾਰੋਹ ਵਿੱਚ ਪਹੁੰਚੇ। ਕਾਂਗਰਸ ਸ਼ਾਸਤ ਰਾਜਾਂ ਦੇ ਮੁੱਖ ਮੰਤਰੀ ਵੀ ਸ਼ਾਮਲ ਹੋਏ। ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਵੀ ਮੌਜ਼ੂਦ ਸਨ। (BJP Government)
ਮੰਤਰੀ ਮੰਡਲ ਵਿੱਚ 20 ਮੰਤਰੀਆਂ ਨੂੰ ਮਿਲੀ ਜਗ੍ਹਾ | BJP Government
ਈਸ਼ਵਰ ਭਾਈ ਪਰਮਾਰ, ਗਣਪਤ ਬਸਾਵਾ, ਭੁਪਿੰਦਰ ਸਿੰਘ ਚੂੜਾਸਮਾ, ਦਿਲੀਪ ਠਾਕੁਰ ਕੈਬਨਿਟ ਮੰਤਰੀ ਬਣੇ। ਉੱਥੇ ਬੱਚੂ ਭਾਈ ਖਾਬੜ, ਪ੍ਰਦੀਪ ਸਿੰਘ ਜਡੇਜਾ, ਕੌਸ਼ਿਕ ਪਟੇਲ, ਈਸ਼ਵਰ ਸਿੰਘ ਪਟੇਲ, ਵਿਭਾਰਵੀ ਦਵੇ, ਵਾਸਨਭਾਈ ਗੋਪਾਲਭਾਈ, ਕਿਸ਼ੋਰ ਕਨਾਨੀ ਰਾਜ ਮੰਤਰੀ ਨੇ ਰਾਜ ਮੰਤਰੀ ਵਜੋਂ ਸਹੁੰ ਚੁੱਕੀ। ਇਸ ਤੋਂ ਪਹਿਲਾਂ ਅਹਿਮਦਾਬਾਦ ਹਵਾਈ ਅੱਡੇ ‘ਤੇ ਗਰਮਜੋਸੀ ਨਾਲ ਸਵਾਗਤ ਕੀਤਾ। ਉੱਥੇ ਪ੍ਰਧਾਨ ਮੰਤਰੀ ਨੇ ਵੀ ਹੱਥ ਹਿਲਾ ਕੇ ਲੋਕਾਂ ਦਾ ਆਦਰ-ਮਾਣ ਕਬੂਲਿਆ। ਇਸ ਦੌਰਾਨ ਵੱਡੀ ਗਿਣਤੀ ਵਿੱਚ ਪਾਰਟੀ ਵਰਕਰਾਂ ਅਤੇ ਹਮਾਇਤੀਆਂ ਦੀ ਮੌਜ਼ੂਦਗੀ ਵੇਖਣ ਨੂੰ ਮਿਲੀ। ਜ਼ਿਕਰਯੋਗ ਹੈ ਕਿ ਰਾਜ ਵਿੱਚ ਭਾਜਪਾ ਦੀ ਇਹ ਲਗਾਤਾਰ ਛੇਵੀ ਸਰਕਾਰ ਹੈ ਅਤੇ ਬਤੌਰ ਮੁੱਖ ਮੰਤਰੀ ਰੂਪਾਨੀ ਨੇ ਦੂਜੀ ਵਾਰ ਸਹੁੰ ਚੁੱਕੀ। ਪਾਰਟੀ ਨੇ 182 ਮੈਂਬਰੀ ਗੁਜਰਾਤ ਵਿਧਾਨ ਸਭਾ ਦੇ ਹਾਲ ਹੀ ਵਿੱਚ ਹੋਈਆਂ ਚੋਣਾਂ ਵਿੱਚ 99 ਸੀਟਾਂ ਜਿੱਤੀਆਂ ਹਨ।
ਇਸ ਚੋਣ ਵਿੱਚ ਭਾਜਪਾ ਨੂੰ 2012 ਦੀਆਂ ਚੋਣਾਂ ਤੋਂ 16 ਸੀਟਾਂ ਘੱਟ ਮਿਲੀਆਂ ਹਨ। ਕਾਂਗਰਸ ਨੂੰ ਉਸ ਸਮੇਂ 61 ਸੀਟਾਂ ਮਿਲੀਆਂ ਸਨ। ਇਸ ਵਾਰ ਕਾਂਗਰਸ ਨੂੰ 77 ਸੀਟਾਂ ‘ਤੇ ਜਿੱਤ ਹਾਸਲ ਹੋਈ। ਰੂਪਾਨੀ ਅਤੇ ਪਟੇਲ ਨੂੰ 22 ਦਸੰਬਰ ਨੂੰ ਭਾਜਪਾ ਵਿਧਾਇਕ ਦਲ ਦਾ ਨੇਤਾ ਅਤੇ ਉਪ ਨੇਤਾ ਚੁਣਿਆ ਗਿਆ। (BJP Government)