Virat Kohli: ਸਪੋਰਟਸ ਡੈਸਕ। ਸਾਬਕਾ ਭਾਰਤੀ ਕਪਤਾਨ ਵਿਰਾਟ ਕੋਹਲੀ ਦੀ ਟੈਸਟ ਕ੍ਰਿਕੇਟ ’ਚ ਵਾਪਸੀ ਨੂੰ ਲੈ ਕੇ ਚੱਲ ਰਹੀਆਂ ਅਟਕਲਾਂ ’ਤੇ ਹੁਣ ਕੋਹਲੀ ਨੇ ਖੁਦ ਵੱਡਾ ਬਿਆਨ ਦਿੱਤਾ ਹੈ। ਰਾਂਚੀ ’ਚ ਦੱਖਣੀ ਅਫਰੀਕਾ ਖਿਲਾਫ ਸ਼ਾਨਦਾਰ ਸੈਂਕੜਾ ਲਾਉਣ ਤੋਂ ਬਾਅਦ ਕੋਹਲੀ ਨੇ ਸਾਫ ਕਿਹਾ ਕਿ ਉਹ ਹੁਣ ਸਿਰਫ ਵਨਡੇ ਕ੍ਰਿਕੇਟ ’ਤੇ ਧਿਆਨ ਕੇਂਦਰਿਤ ਕਰਨਗੇ ਤੇ ਟੈਸਟ ਕ੍ਰਿਕੇਟ ’ਚ ਵਾਪਸੀ ਦੀ ਕੋਈ ਯੋਜਨਾ ਨਹੀਂ ਹੈ। Virat Kohli
ਇਹ ਖਬਰ ਵੀ ਪੜ੍ਹੋ : Rohit Sharma: ਸ਼ਾਹਿਦ ਅਫਰੀਦੀ ਨੂੰ ਪਛਾੜ ਕੇ ਰੋਹਿਤ ਸ਼ਰਮਾ ਬਣੇ ਵਨਡੇ ਫਾਰਮੈਟ ’ਚ ‘ਸਿਕਸਰ ਕਿੰਗ’
ਕੋਹਲੀ ਦਾ ਸਪੱਸ਼ਟ ਜਵਾਬ | Virat Kohli
ਪਹਿਲੇ ਵਨਡੇ ਤੋਂ ਬਾਅਦ ਪੋਸਟ ਮੈਚ ਪੇਸ਼ਕਾਰੀ ’ਚ ਜਦੋਂ ਕੋਹਲੀ ਤੋਂ ਟੈਸਟ ’ਚ ਵਾਪਸੀ ਨੂੰ ਲੈ ਕੇ ਸਵਾਲ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਸਪੱਸ਼ਟ ਜਵਾਬ ਦਿੱਤਾ। ਕੁਮੈਂਟੇਟਰ ਹਰਸ਼ਾ ਭੋਗਲੇ ਨੇ ਪੁੱਛਿਆ- ਤੁਸੀਂ ਇੱਕ ਫਾਰਮੈਟ ਵਿੱਚ ਖੇਡਦੇ ਹੋ ਤੇ ਕੀ ਭਵਿੱਖ ’ਚ ਵੀ ਅਜਿਹਾ ਹੀ ਰਹੇਗਾ? ਇਸ ’ਤੇ ਕੋਹਲੀ ਨੇ ਕਿਹਾ- ਹਾਂ ਤੇ ਭਵਿੱਖ ’ਚ ਵੀ ਅਜਿਹਾ ਹੀ ਰਹਿਣ ਵਾਲਾ ਹੈ। ਮੈਂ ਸਿਰਫ ਇੱਕ ਫਾਰਮੈਟ ਖੇਡ ਰਿਹਾ ਹਾਂ।
37 ਸਾਲਾ ਕੋਹਲੀ ਨੇ ਅੱਗੇ ਕਿਹਾ ਕਿ ਇੰਨੇ ਲੰਬੇ ਕਰੀਅਰ ਤੋਂ ਬਾਅਦ ਉਸ ਲਈ ਸਿਰਫ ਉਹੀ ਖੇਡਣਾ ਸਭ ਤੋਂ ਜ਼ਰੂਰੀ ਹੈ ਜਿਸ ਵਿੱਚ ਉਸ ਦਾ ਸਰੀਰ ਅਤੇ ਦਿਮਾਗ ਪੂਰੀ ਤਰ੍ਹਾਂ ਤਿਆਰ ਹੋਵੇ। ਪਲੇਅਰ ਆਫ ਦਾ ਮੈਚ ਦਾ ਅਵਾਰਡ ਜਿੱਤਣ ਤੋਂ ਬਾਅਦ ਕੋਹਲੀ ਨੇ ਕਿਹਾ, ‘300 ਤੋਂ ਜ਼ਿਆਦਾ ਮੈਚ ਖੇਡਣ ਤੋਂ ਬਾਅਦ ਤੁਸੀਂ ਸਮਝਦੇ ਹੋ ਕਿ ਰਿਫਲੈਕਸ ਤੇ ਸਰੀਰਕ ਸਮਰੱਥਾ ਕਦੋਂ ਸਹੀ ਹੁੰਦੀ ਹੈ। ਜਦੋਂ ਤੱਕ ਮੈਂ ਫਿੱਟ ਤੇ ਉਤਸ਼ਾਹਿਤ ਹਾਂ, ਮੈਂ ਵਨਡੇ ਕ੍ਰਿਕੇਟ ਦਾ ਆਨੰਦ ਲੈਂਦਾ ਰਹਾਂਗਾ।
ਬੀਸੀਸੀਆਈ ਦੀ ਪ੍ਰਤੀਕਿਰਿਆ | Virat Kohli
ਹਾਲ ਹੀ ’ਚ, ਮੀਡੀਆ ਰਿਪੋਰਟਾਂ ’ਚ ਦਾਅਵਾ ਕੀਤਾ ਗਿਆ ਸੀ ਕਿ ਬੀਸੀਸੀਆਈ ਵਿਰਾਟ ਕੋਹਲੀ ਤੇ ਰੋਹਿਤ ਸ਼ਰਮਾ ਨਾਲ ਟੈਸਟ ਸੰਨਿਆਸ ਲੈਣ ਲਈ ਗੱਲਬਾਤ ਕਰ ਰਿਹਾ ਹੈ, ਖਾਸ ਤੌਰ ’ਤੇ ਭਾਰਤ ਦੀ ਲਗਾਤਾਰ ਦੋ ਘਰੇਲੂ ਟੈਸਟ ਸੀਰੀਜ਼ ’ਚ ਹਾਰ ਤੋਂ ਬਾਅਦ, ਪਰ ਬੀਸੀਸੀਆਈ ਦੇ ਸਕੱਤਰ ਦੇਵਜੀਤ ਸੈਕੀਆ ਨੇ ਇਨ੍ਹਾਂ ਰਿਪੋਰਟਾਂ ਨੂੰ ਖਾਰਜ ਕਰਦਿਆਂ ਕਿਹਾ, ‘ਵਿਰਾਟ ਕੋਹਲੀ ਬਾਰੇ ਜੋ ਫੈਲਾਇਆ ਜਾ ਰਿਹਾ ਹੈ ਉਹ ਸਿਰਫ ਅਫਵਾਹ ਹੈ। ਇਸ ਸਬੰਧੀ ਉਸ ਨਾਲ ਕੋਈ ਗੱਲਬਾਤ ਨਹੀਂ ਹੋਈ। ਅਜਿਹੀਆਂ ਖਬਰਾਂ ਵੱਲ ਧਿਆਨ ਨਾ ਦਿਓ।’
ਕੋਹਲੀ ਨੇ ਰਾਂਚੀ ’ਚ ਜੜਿਆ 52ਵਾਂ ਵਨਡੇ ਸੈਂਕੜਾ
ਦੱਖਣੀ ਅਫਰੀਕਾ ਖਿਲਾਫ ਪਹਿਲੇ ਵਨਡੇ ’ਚ ਕੋਹਲੀ ਨੇ 135 ਦੌੜਾਂ (120 ਗੇਂਦਾਂ) ਦੀ ਸ਼ਾਨਦਾਰ ਪਾਰੀ ਖੇਡੀ, ਜਿਸ ’ਚ 11 ਚੌਕੇ ਤੇ 7 ਛੱਕੇ ਸ਼ਾਮਲ ਸਨ। ਉਸ ਦੀ ਇਸ ਪਾਰੀ ਦੇ ਦਮ ’ਤੇ ਭਾਰਤ ਨੇ ਇਹ ਮੈਚ 17 ਦੌੜਾਂ ਨਾਲ ਜਿੱਤ ਕੇ ਸੀਰੀਜ਼ ’ਚ 1-0 ਦੀ ਬੜ੍ਹਤ ਬਣਾ ਲਈ ਹੈ। ਇਸ ਸੈਂਕੜੇ ਨਾਲ ਕੋਹਲੀ ਨੇ ਇਕ ਵੱਡਾ ਰਿਕਾਰਡ ਵੀ ਆਪਣੇ ਨਾਂਅ ਕਰ ਲਿਆ। ਉਹ ਕਿਸੇ ਵੀ ਫਾਰਮੈਟ ’ਚ ਸਭ ਤੋਂ ਵੱਧ ਅੰਤਰਰਾਸ਼ਟਰੀ ਸੈਂਕੜੇ ਲਾਉਣ ਦਾ ਰਿਕਾਰਡ ਰੱਖਦੇ ਹਨ। ਉਨ੍ਹਾਂ ਸਚਿਨ ਤੇਂਦੁਲਕਰ ਦੇ 51 ਟੈਸਟ ਸੈਂਕੜਿਆਂ ਨੂੰ ਪਿੱਛੇ ਛੱਡਿਆ ਤੇ ਆਪਣਾ 83ਵਾਂ ਅੰਤਰਰਾਸ਼ਟਰੀ ਸੈਂਕੜਾ ਪੂਰਾ ਕੀਤਾ।
ਕੇਵਿਨ ਪੀਟਰਸਨ ਦਾ ਬਿਆਨ
ਟੈਸਟ ਵਾਪਸੀ ਦੀਆਂ ਅਫਵਾਹਾਂ ’ਤੇ ਸਾਬਕਾ ਇੰਗਲਿਸ਼ ਕ੍ਰਿਕੇਟਰ ਕੇਵਿਨ ਪੀਟਰਸਨ ਨੇ ਕਿਹਾ ਕਿ ਜੇਕਰ ਵਿਰਾਟ ਤੇ ਰੋਹਿਤ ਟੈਸਟ ਕ੍ਰਿਕਟ ਖੇਡਣਾ ਚਾਹੁੰਦੇ ਹਨ ਤਾਂ ਇਹ ਕ੍ਰਿਕਟ ਦੇ ਭਵਿੱਖ ਲਈ ਚੰਗਾ ਹੋਵੇਗਾ। ਉਨ੍ਹਾਂ ਨੇ ਸੋਸ਼ਲ ਮੀਡੀਆ ’ਤੇ ਲਿਖਿਆ, ‘ਜੇਕਰ ਵਿਰਾਟ ਤੇ ਰੋਹਿਤ ਵਾਪਸੀ ਕਰਨਾ ਚਾਹੁੰਦੇ ਹਨ ਤਾਂ ਇਸ ਨੂੰ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ। ਉਨ੍ਹਾਂ ਵਰਗੇ ਖਿਡਾਰੀਆਂ ਦਾ ਟੈਸਟ ਕ੍ਰਿਕੇਟ ’ਚ ਖੇਡਣਾ ਜ਼ਰੂਰੀ ਹੈ। Virat Kohli
ਅੱਗੇ ਕੀ? 2027 ਵਿਸ਼ਵ ਕੱਪ ਦਾ ਟੀਚਾ
ਕੋਹਲੀ ਤੇ ਰੋਹਿਤ ਦੋਵੇਂ ਹੁਣ ਸਿਰਫ ਇੱਕ ਰੋਜ਼ਾ ਕ੍ਰਿਕੇਟ ਖੇਡ ਰਹੇ ਹਨ ਤੇ ਟੀਮ ਪ੍ਰਬੰਧਨ 2027 ਵਨਡੇ ਵਿਸ਼ਵ ਕੱਪ ਨੂੰ ਧਿਆਨ ’ਚ ਰੱਖਦੇ ਹੋਏ ਉਨ੍ਹਾਂ ਦੇ ਤਜ਼ਰਬੇ ਦੀ ਵਰਤੋਂ ਕਰਨ ਦੀ ਯੋਜਨਾ ਬਣਾ ਰਿਹਾ ਹੈ। ਹਾਲਾਂਕਿ, ਇਹ ਵੀ ਸਵਾਲ ਹੈ ਕਿ ਕੀ ਉਹ ਇੰਨੇ ਲੰਬੇ ਸਮੇਂ ਤੱਕ ਫਿੱਟ, ਫਾਰਮ ’ਚ ਤੇ ਅੰਤਰਰਾਸ਼ਟਰੀ ਪੱਧਰ ’ਤੇ ਉਪਲਬਧ ਰਹੇਗਾ।














