ਵਿਸ਼ਵ ਏਡਜ਼ ਜਾਗਰੂਕਤਾ ਦਿਵਸ ’ਤੇ ਵਿਸ਼ੇਸ਼ | World Aids Day 2025
World Aids Day 2025: ਇੱਕ ਸਿਹਤਮੰਦ ਤੇ ਖੁਸ਼ਹਾਲ ਸਮਾਜ ਦੀ ਸਿਰਜਣਾ ਲਈ ਵਿਸ਼ਵ ਏਡਜ਼ ਜਾਗਰੂਕਤਾ ਦਿਵਸ ਹਰ ਸਾਲ 1 ਦਸੰਬਰ ਨੂੰ ਮਨਾਇਆ ਜਾਂਦਾ ਹੈ। ਐੱਚਆਈਵੀ ਨੂੰ ਡਾਕਟਰੀ ਭਾਸ਼ਾ ਵਿੱਚ ਹਿਊਮਨ ਇਮਿਊੂਨੋਡੇਫੀਸ਼ੀਐਂਸੀ ਵਾਇਰਸ ਵਜੋਂ ਜਾਣਿਆ ਜਾਂਦਾ ਹੈ। ਵਿਸ਼ਵ ਏਡਜ਼ ਦਿਵਸ ਪਹਿਲੀ ਵਾਰ 1988 ਵਿੱਚ ਮਨਾਇਆ ਗਿਆ ਸੀ। ਐਕਵਾਇਰਡ ਇਮਿਊਨੋਡੇਫੀਸ਼ਿਐਂਸੀ ਸਿੰਡਰੋਮ (ਅਘਸਢ) ਮਨੁੱਖੀ ਇਮਿਊਨੋਡੇਫੀਸ਼ਿਐਂਸੀ ਵਾਇਰਸ (ਗਘਥ) ਕਾਰਨ ਜਾਨਲੇਵਾ ਹੁੰਦਾ ਹੈ। ਐੱਚਆਈਵੀ ਦਾ ਵਾਇਰਸ ਮਰੀਜ਼ ਦੇ ਇਮਿਊਨ ਸਿਸਟਮ ’ਤੇ ਹਮਲਾ ਕਰਦਾ ਹੈ ਤੇ ਹੋਰ ‘ਬਿਮਾਰੀਆਂ’ ਪ੍ਰਤੀ ਇਸ ਦੇ ਪ੍ਰਤੀਰੋਧ ਨੂੰ ਘਟਾ ਦਿੰਦਾ ਹੈ ਭਾਵ ਮਨੁੱਖੀ ਸਰੀਰ ਆਮ ਤੌਰ ’ਤੇ ਹੋਰ ਬਿਮਾਰੀਆਂ ਨਾਲ ਅੰਦਰੂਨੀ ਤਾਕਤ ਨਾਲ ਲੜ ਕੇ ਤੰਦਰੁਸਤ ਰਹਿੰਦਾ ਹੈ।
ਇਹ ਖਬਰ ਵੀ ਪੜ੍ਹੋ : Wedding Firing: ਵਿਆਹ ਸਮਾਗਮ ’ਚ ਚੱਲੀਆਂ ਗੋਲੀਆਂ, ਲਾੜੇ ਦੇ ਦੋਸਤ ਅਤੇ ਮਾਸੀ ਦੀ ਮੌਤ
ਪਰ ਇਸ ਵਾਇਰਸ ਕਾਰਨ ਸਰੀਰ ਵਿੱਚ ਅਜਿਹੀ ਕਮਜ਼ੋਰੀ ਆਉਂਦੀ ਹੈ ਕਿ ਬਾਕੀ ਬਿਮਾਰੀਆਂ ਵੀ ਸਰੀਰ ’ਤੇ ਭਾਰੂ ਹੋ ਜਾਂਦੀਆਂ ਹਨ ਤੇ ਵਿਅਕਤੀ ਬਿਮਾਰੀਆਂ ਅੱਗੇ ਹਾਰ ਜਾਂਦਾ ਹੈ । ਵਿਸ਼ਵ ਏਡਜ਼ ਦਿਵਸ ਵਿਸ਼ਵ ਸਿਹਤ ਸੰਗਠਨ ਵੱਲੋਂ ਵਿਸ਼ਵ ਪੱਧਰ ’ਤੇ ਲੋਕਾਂ ਦੀ ਜਾਨ ਨੂੰ ਬਚਾਉਣ ਦੇ ਲਈ ਮਨਾਈਆਂ ਜਾਂਦੀਆਂ ਗਲੋਬਲ ਜਨਤਕ ਸਿਹਤ ਮੁਹਿੰਮਾਂ ਵਿੱਚੋਂ ਇੱਕ ਹੈ। ਇਸ ਮੁਹਿੰਮ ਤਹਿਤ ਵੱਡੇ ਪੱਧਰ ’ਤੇ ਸਿਹਤ ਸੰਸਥਾਵਾਂ ਦੇ ਵਿੱਚ ਜਾਗਰੂਕਤਾ ਅਤੇ ਇਲਾਜ ਮੁਫ਼ਤ ਕੀਤਾ ਜਾਂਦਾ ਹੈ। ਐੱਚਆਈਵੀ ਪ੍ਰਮੁੱਖ ਤੇ ਗੰਭੀਰ ਜਨਤਕ ਸਿਹਤ ਮੁੱਦਾ ਬਣਿਆ ਹੋਇਆ ਹੈ, ਜੋ ਦੁਨੀਆਂ ਭਰ ’ਚ ਲੱਖਾਂ ਲੋਕਾਂ ਨੂੰ ਪ੍ਰਭਾਵਿਤ ਕਰਦਾ ਹੈ।
ਇਸ ਕਰਕੇ ਇਸ ਬਿਮਾਰੀ ਬਾਰੇ ਜਾਣਕਾਰੀ ਅਤੇ ਜਾਗਰੂਕਤਾ ਬਹੁਤ ਜ਼ਰੂਰੀ ਹੈ, ਜੇਕਰ ਅਸੀਂ ਏਡਜ਼ ਦੇ ਪ੍ਰਮੁੱਖ ਲੱਛਣਾਂ ਤੇ ਬਚਾਅ ਬਾਰੇ ਜਾਗਰੂਕ ਹੋਵਾਂਗੇ ਤਾਂ ਹੀ ਆਪਣਾ ਬਚਾਅ ਕਰ ਸਕਾਂਗੇ ਤੇ ਦੂਸਰਿਆਂ ਦੇ ਬਚਾਅ ਲਈ ਚੰਗੀ ਭੂਮਿਕਾ ਨਿਭਾ ਸਕਾਂਗੇ। ਵਿਸ਼ਵ ਸਿਹਤ ਸੰਗਠਨ ਦੇ ਤਾਜ਼ਾ ਅੰਕੜਿਆਂ ਅਨੁਸਾਰ ਦੁਨੀਆਂ ਭਰ ਵਿੱਚ ਸਾਲ 2020 ’ਚ 3.77 ਕਰੋੜ ਲੋਕ ਏਡਜ਼ ਦੀ ਪਕੜ ਵਿੱਚ ਆ ਕੇ ਜੀਅ ਰਹੇ ਸਨ। ਐੱਚਆਈਵੀ ਨਾਲ ਰਹਿ ਰਹੇ ਸਾਰੇ ਲੋਕਾਂ ਵਿੱਚੋਂ 16% ਨੂੰ ਇਹ ਵੀ ਨਹੀਂ ਪਤਾ ਸੀ ਕਿ ਉਨ੍ਹਾਂ ਨੂੰ ਐੱਚਆਈਵੀ ਰੋਗ ਹੋ ਚੁੱਕਾ ਹੈ। 73 ਫ਼ੀਸਦੀ ਦੀ 2020 ’ਚ ਐਂਟੀਰੇਟਰੋਵਾਇਰਲ ਥੈਰੇਪੀ ਤੱਕ ਪਹੁੰਚ ਸੀ। World Aids Day 2025
ਸ਼ੁਰੂ ’ਚ ਵਿਸ਼ਵ ਏਡਜ਼ ਦਿਵਸ ਨੂੰ ਸਿਰਫ਼ ਬੱਚਿਆਂ ਤੇ ਨੌਜਵਾਨਾਂ ਨਾਲ ਜੋੜਿਆ ਜਾਂਦਾ ਸੀ, ਪਰ ਬਾਅਦ ’ਚ ਪਤਾ ਲੱਗਾ ਕਿ ਐੱਚਆਈਵੀ ਦੀ ਲਾਗ ਕਿਸੇ ਵੀ ਉਮਰ ਦੇ ਵਿਅਕਤੀ ਨੂੰ ਪ੍ਰਭਾਵਿਤ ਕਰ ਸਕਦੀ ਹੈ। ਇਸ ਤੋਂ ਬਾਅਦ ਸਾਲ 1996 ’ਚ ਸੰਯੁਕਤ ਰਾਸ਼ਟਰ ਨੇ ਐੱਚਆਈਵੀ/ਏਡਜ਼ ’ਤੇ ਵਿਸ਼ਵ ਪੱਧਰ ’ਤੇ ਇਸ ਦੇ ਪ੍ਰਚਾਰ ਅਤੇ ਪ੍ਰਸਾਰ ਦਾ ਧਿਆਨ ਰੱਖਦੇ ਹੋਏ ਸਾਲ 1997 ’ਚ ਵਿਸ਼ਵ ਏਡਜ਼ ਮੁਹਿੰਮ ਦੇ ਤਹਿਤ ਸੰਚਾਰ, ਰੋਕਥਾਮ ਅਤੇ ਸਿੱਖਿਆ ’ਤੇ ਕੰਮ ਕਰਨਾ ਸ਼ੁਰੂ ਕੀਤਾ। ਪੰਜਾਬ ਵਿੱਚ ਏਡਜ਼ ਦਾ ਹਾਲ: ਏਡਜ਼ ਵੀ ਹੁਣ ਪੰਜਾਬ ਲਈ ਇੱਕ ਵੱਡੀ ਚਿੰਤਾ ਵਾਲੀ ਗੱਲ ਬਣ ਚੁੱਕਿਆ ਹੈ। World Aids Day 2025
ਸਾਲ 2023-24 ਦੌਰਾਨ ਪੰਜਾਬ ਵਿੱਚ ਕਰੀਬ 14 ਹਜ਼ਾਰ ਏਡਜ਼ ਦੀ ਬਿਮਾਰੀ ਨਾਲ ਪੀੜਤ ਮਰੀਜ਼ ਸਾਹਮਣੇ ਆਏ ਦੁੱਖ ਦੀ ਗੱਲ ਇਹ ਹੈ ਕਿ ਇਸ ਗਿਣਤੀ ਵਿੱਚੋਂ 73 ਫ਼ੀਸਦੀ ਅਜਿਹੇ ਮਰੀਜ਼ ਹਨ ਜੋ ਟੀਕਿਆਂ ਨਾਲ ਨਸ਼ਾ ਕਰਨ ਕਰਕੇ ਇਸ ਰੋਗ ਦੀ ਲਪੇਟ ਵਿੱਚ ਆਏ ਹਨ। ਜੇਕਰ ਭਾਰਤ ਦੀ ਗੱਲ ਕਰੀਏ ਤਾਂ ਏਡਜ਼ ਫੈਲਣ ਦੀ ਦਰ 0.41 ਫ਼ੀਸਦੀ ਹੈ ਜਦੋਂਕਿ ਪੰਜਾਬ ਵਿੱਚ ਇਹ ਦਰ 1.27 ਫ਼ੀਸਦੀ ਹੈ। ਜੋ ਕਿ ਜ਼ਿਆਦਾ ਚਿੰਤਾਜਨਕ ਹੈ ਸਾਲ 2023 ਦੇ ਅੰਕੜਿਆਂ ਅਨੁਸਾਰ ਪੰਜਾਬ ਦਾ ਮਾਨਚੈਸਟਰ ਕਹੇ ਜਾਣ ਵਾਲੇ ਸ਼ਹਿਰ ਲੁਧਿਆਣਾ ਵਿਚ ਸਭ ਤੋਂ ਜ਼ਿਆਦਾ ਕਰੀਬ 1800 ਏਡਜ਼ ਦੇ ਮਰੀਜ਼ ਹਨ।
ਦੂਜਾ ਨੰਬਰ ਆਉਂਦਾ ਹੈ ਝੀਲਾਂ ਦੇ ਸ਼ਹਿਰ ਬਠਿੰਡੇ ਦਾ ਜਿੱਥੇ 1544 ਏਡਜ਼ ਦੇ ਮਰੀਜ਼ ਦੱਸੇ ਜਾ ਰਹੇ ਹਨ। ਅੰਮ੍ਰਿਤਸਰ ਵਿਚ 836 ਏਡਜ਼ ਦੇ ਪਾਜ਼ੀਟਿਵ ਮਰੀਜ਼ ਮਿਲੇ। ਇਸ ਦੇ ਨਾਲ ਹੀ ਫਰੀਦਕੋਟ ’ਚ 708, ਪਟਿਆਲਾ ਵਿਚ ਵੀ ਏਡਜ਼ ਦੇ 795 ਕੇਸ ਅਤੇ ਤਰਨਤਾਰਨ ਵਿਚ 520 ਏਡਜ਼ ਦੇ ਮਰੀਜ਼ ਹਨ। ਅੰਕੜੇ ਦੱਸਦੇ ਹਨ ਕਿ 14 ਹਜ਼ਾਰ ਵਿਚੋਂ ਕਰੀਬ 2000 ਔਰਤਾਂ ਵੀ ਏਡਜ਼ ਦਾ ਸ਼ਿਕਾਰ ਹਨ।
ਏਡਜ਼ ਫੈਲਣ ਦੇ ਮੁੱਖ ਕਾਰਨ
ਏਡਜ਼ ਫੈਲਣ ਦਾ ਵੱਡਾ ਕਾਰਨ ਹੈ ਇੱਕੋ ਸਰਿੰਜ ਨੂੰ ਕਈ ਵਿਅਕਤੀਆਂ ਲਈ ਇਸਤੇਮਾਲ ਕੀਤਾ ਜਾਣਾ, ਗਰਭ ਅਵਸਥਾ ਦੌਰਾਨ ਮਾਂ ਤੋਂ ਬੱਚੇ ਨੂੰ ਏਡਜ਼ ਹੋਣਾ, ਏਡਜ਼ ਗ੍ਰਸਤ ਖੂਨ ਦਾ ਦੂਜੇ ਵਿਅਕਤੀ ਨੂੰ ਚੜ੍ਹਾ ਦੇਣਾ, ਸ਼ੇਵ ਕਰਨ ਵਾਲੇ ਉਸਤਰੇ ਜਾਂ ਇੱਕੋ ਬਲੇਡ ਨੂੰ ਸਾਰਿਆਂ ਲਈ ਵਰਤਣਾ ਆਦਿ ਮੁੱਖ ਕਾਰਨ ਹਨ ਅਤੇ ਇਨ੍ਹਾਂ ਤੋਂ ਸਾਵਧਾਵਾਨੀਆਂ ਨਾਲ ਹੀ ਇਸ ਰੋਗ ਤੋਂ ਬਚਾਅ ਹੋ ਸਕਦਾ ਹੈ।
ਏਡਜ਼ ਹੋਣ ਦੇ ਮੁੱਖ ਲੱਛਣ | World Aids Day 2025
ਐੱਚਆਈਵੀ ਸੰਕ੍ਰਮਿਤ ਲੋਕ ਆਮ ਤੌਰ ’ਤੇ ਬਿਮਾਰੀ ਦਾ ਕੋਈ ਵੀ ਲੱਛਣ ਪੈਦਾ ਹੋਏ ਬਿਨਾਂ ਸਾਲਾਂ ਤੱਕ ਜਿਉਂਦੇ ਹਨ। ਉਹ ਚਾਹੇ ਸਿਹਤਮੰਦ ਦਿਸਣ ਜਾਂ ਅਨੁਭਵ ਕਰਨ, ਪਰ ਉਹ ਕਿਸੇ ਨੂੰ ਵੀ ਵਾਇਰਸ ਪਾਸ ਕਰ ਸਕਦੇ ਹਨ। ਏਡਜ਼ ਗ੍ਰਸਤ ਲੋਕ ਕਮਜ਼ੋਰ ਹੋ ਜਾਂਦੇ ਹਨ। ਬਾਲਗਾਂ ਵਿੱਚ, ਔਸਤਨ, ਸੰਕਰਮਣ ਦੇ 7 ਤੋਂ 10 ਸਾਲ ਬਾਅਦ ਏਡਜ਼ ਦਾ ਵਿਕਾਸ ਹੁੰਦਾ ਹੈ। ਨੌਜਵਾਨਾਂ ਵਿਚ ਇਹ ਕਾਫੀ ਤੇਜ ਹੁੰਦਾ ਹੈ। ਏਡਜ਼ ਠੀਕ ਨਹੀਂ ਹੋ ਸਕਦਾ, ਪਰ ਨਵੀਆਂ ਦਵਾਈਆਂ ਏਡਜ਼ ਗ੍ਰਸਤ ਲੋਕਾਂ ਨੂੰ ਲੰਮੇ ਸਮੇਂ ਦੇ ਲਈ ਸਿਹਤਮੰਦ ਜੀਵਨ ਜਿਉਣ ਵਿੱਚ ਮੱਦਦ ਕਰਦੀਆਂ ਹਨ। ਹੋਰ ਕੁੱਝ ਲੱਛਣਾਂ ਵਿੱਚ ਬਹੁਤ ਜ਼ਿਆਦਾ ਪਸੀਨਾ ਆਉਣਾ।
ਗੰਭੀਰ ਜ਼ੁਕਾਮ, ਲਗਾਤਾਰ ਦਸਤ, ਲਿੰਫ ਨੋਡ ਦੀ ਸੋਜ, ਜੀਭ ’ਤੇ ਚਿੱਟੇ ਧੱਬੇ, ਥਕਾਵਟ, ਕਮਜ਼ੋਰੀ, ਭਾਰ ਘਟਣਾ ਅਤੇ ਸਕਿੱਨ ਉੱਤੇ ਧੱਫੜ ਸ਼ਾਮਲ ਹਨ ਆਓ ਸਾਡੇ ਸਮਾਜ ਦੇ ਵਿੱਚ ਦਿਨੋ-ਦਿਨ ਵਧ ਰਹੀ ਇਸ ਘਾਤਕ ਬਿਮਾਰੀ ਪ੍ਰਤੀ ਜਾਗਰੂਕ ਹੋਈਏ ਅਤੇ ਦੂਜਿਆਂ ਨੂੰ ਜਾਗਰੂਕ ਕਰੀਏ ਅਤੇ ਇਸ ਬਿਮਾਰੀ ਤੋਂ ਡਰਨ ਦੀ ਬਜਾਏ ਇਸ ਤੋਂ ਬਚਾਅ ਲਈ ਅੱਗੇ ਆਈਏ ਤੇ ਕਿਸੇ ਵੀ ਪ੍ਰਕਾਰ ਦੇ ਲੱਛਣ ਹੋਣ ’ਤੇ ਸਰਕਾਰੀ ਸਿਹਤ ਕੇਂਦਰ ਵਿੱਚ ਜਾ ਕੇ ਆਪਣੀ ਜਾਂਚ ਕਰਵਾਈਏ ਤੇ ਜਾਣੇ-ਅਣਜਾਣੇ ਇਸ ਬਿਮਾਰੀ ਦੀ ਗ੍ਰਿਫਤ ਵਿੱਚ ਆ ਚੁੱਕੇ ਇਨਸਾਨਾਂ ਨੂੰ ਨਫ਼ਤਰ ਕਰਨ ਦੀ ਬਜਾਏ ਉਨ੍ਹਾਂ ਦਾ ਹੌਂਸਲਾ ਬਣਦੇ ਹੋਏ ਉਨ੍ਹਾਂ ਨੂੰ ਬਚਾਅ ਤੇ ਸਿਹਤ ਸੰਭਾਲ ਪ੍ਰਤੀ ਸਹਿਯੋਗ ਕਰੀਏ।
ਮੁੱਢਲਾ ਸਿਹਤ ਕੇਂਦਰ, ਫਤਿਹਗੜ੍ਹ ਪੰਜਗਰਾਈਆਂ
ਮੋ. 94644-42300














