ਅੱਗ ਦੀ ਚਪੇਟ ’ਚ ਆਇਆ ਐਸਐਚਓ, ਸਰਕਾਰੀ ਹਸਪਤਾਲ ਵਿਚ ਕਰਵਾਇਆ ਦਾਖਲ
Sangrur News: (ਨਰੇਸ਼ ਕੁਮਾਰ) ਸੰਗਰੂਰ। ਸੰਗਰੂਰ ’ਚ ਮਾਹੌਲ ਉਸ ਵੇਲੇ ਤਣਾਅਪੂਰਨ ਹੋ ਗਿਆ ਜਦੋਂ ਪੈਟਰੋਲ ਦੀਆਂ ਬੋਤਲਾਂ ਹੱਥਾਂ ’ਚ ਲੈ ਕੇ ਪੀਆਰਟੀਸੀ ਅਤੇ ਪਨਬਸ ਦੇ ਕੱਚੇ ਮੁਲਾਜ਼ਮ ਸੰਗਰੂਰ ਵਿੱਚ ਪ੍ਰਦਰਸ਼ਨ ਕਰ ਰਹੇ ਸਨ। ਇਸ ਦੌਰਾਨ ਇਕ ਧਰਨਾ ਕਾਰੀ ਨੇ ਆਪਣੇ ਆਪ ਨੂੰ ਅੱਗ ਲਾਉਣ ਦੀ ਕੋਸ਼ਿਸ਼ ਕੀਤੀ ਤਾਂ ਉਸਨੂੰ ਬਚਾਉਣ ਲਈ ਪਹੁੰਚੇ ਐਸਐਚਓ ਧੂਰੀ ਅੱਗ ਦੀ ਚਪੇਟ ਵਿਚ ਆ ਗਏ ਜਿਨਾਂ ਨੂੰ ਸਰਕਾਰੀ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ। ਇਸ ਦੌਰਾਨ ਪੁੁਲਿਸ ਨੇ 50 ਦੇ ਕਰੀਬ ਪ੍ਰਦਰਸ਼ਨ ਕਰ ਰਹੇ ਪੀਆਰਟੀਸੀ ਦੇ ਕੱਚੇ ਕਾਮਿਆਂ ਨੂੰ ਜਬਰੀ ਧਰਨਾ ਤੋਂ ਚੁੱਕ ਕੇ ਬੱਸਾਂ ਵਿਚ ਬਿਠਾਇਆ।
ਪੁਲਿਸ ਨੇ ਧਰਨਾਕਾਰੀਆਂ ਨੂੰ ਜਬਰਦਸਤੀ ਚੁੱਕਿਆ, ਕੁੱਟ ਕੁੱਟ ਕੇ ਬੱਸਾਂ ’ਚ ਬਿਠਾਏ
ਇਸ ਮੌਕੇ ਪੁਲਿਸ ਨੇ ਧਰਨਾਕਾਰੀਆਂ ਨਾਲ ਲਾਠੀਚਾਰਜ, ਖਿੱਚ ਧੂਹ ਅਤੇ ਧੱਕਾਮੁੱਕੀ ਕੀਤੀ। ਅੱਜ ਸਵੇਰ ਤੋਂ ਹੀ ਸੰਗਰੂਰ ਦੇ ਬੱਸ ਸਟੈਂਡ ਦੇ ਬਾਹਰ ਰੋਡਵੇਜ਼ ਦੇ ਕੱਚੇ ਮੁਲਾਜ਼ਮਾਂ ਨੇ ਆਵਾਜਾਈ ਨੂੰ ਠੱਪ ਕਰਕੇ ਧਰਨਾ ਲਾਇਆ ਹੋਇਆ ਸੀ। ਇਹ ਮੁਲਾਜ਼ਮ ਪੰਜਾਬ ਸਰਕਾਰ ਦੀ ਕਿਲੋਮੀਟਰ ਸਕੀਮ ਦੇ ਅਧੀਨ ਆਉਣ ਵਾਲੀਆਂ ਨਵੀਆਂ ਬੱਸਾਂ ਦਾ ਵਿਰੋਧ ਕਰ ਰਹੇ ਸਨ। ਪ੍ਰਦਰਸ਼ਨ ਕਰਦੇ ਸਮੇਂ ਕੱਚੇ ਮੁਲਾਜ਼ਮਾਂ ਨੇ ਆਪਣੇ ਹੱਥਾਂ ਵਿਚ ਪੈਟਰੋਲ ਦੀਆਂ ਬੋਤਲਾਂ ਲਈਆਂ ਹੋਈਆਂ ਸਨ ਅਤੇ ਆਤਮ ਦਾਹ ਕਰਨ ਦੀ ਧਮਕੀ ਦੇ ਰਹੇ ਸਨ। ਬੱਸ ਸਟੈਂਡ ਦੇ ਬਾਹਰ ਬੱਸਾਂ ਨੂੰ ਖਾਲੀ ਕਰਕੇ ਆਵਾਜਾਈ ਨੂੰ ਬੰਦ ਕੀਤਾ ਗਿਆ ਸੀ ਅਤੇ ਰਸਤੇ ’ਚ ਖਾਲੀ ਰੋਡਵੇਜ਼ ਦੀਆਂ ਬੱਸਾਂ ਖੜੀਆਂ ਕੀਤੀਆਂ ਗਈਆਂ ਸਨ।
ਇਨਾਂ ਧਰਨਾਕਾਰੀਆਂ ਦਾ ਕਹਿਣਾ ਸੀ ਕਿ ਜੇਕਰ ਸਰਕਾਰ ਕਿਲੋਮੀਟਰ ਸਕੀਮ ਦੇ ਅਧੀਨ ਬੱਸਾਂ ਨੂੰ ਸੜਕਾਂ ’ਤੇ ਉਤਾਰੇਗੀ ਤਾਂ ਅਸੀਂ ਬੇਰੁਜ਼ਗਾਰ ਹੋ ਜਾਵਾਂਗੇ। ਉਨਾਂ ਕਿਹਾ ਕਿ ਕਾਰਪੋਰੇਟ ਘਰਾਣਿਆਂ ਨਾਲ ਮਿਲ ਕੇ ਸਰਕਾਰ ਕਿਲੋਮੀਟਰ ਸਕੀਮ ਦੇ ਅਧੀਨ ਜੋ ਬੱਸਾਂ ਲਿਆਉਣ ਦੀ ਤਿਆਰੀ ਕਰ ਰਹੀ ਹੈ। ਜਿਨਾਂ ਦਾ ਅਸੀਂ ਵਿਰੋਧ ਕਰਦੇ ਹਾਂ ਅਤੇ ਅੱਜ ਵੀ ਪੰਜਾਬ ਭਰ ਦੇ ਸੱਦੇ ’ਤੇ ਪੂਰੇ ਪੰਜਾਬ ਵਿਚ ਪੀਆਰਟੀਸੀ ਅਤੇ ਪਨਬਸ ਦੇ ਕੱਚੇ ਮੁਲਾਜ਼ਮਾਂ ਨੇ ਅੱਜ ਚੱਕਾ ਜਾਮ ਕੀਤਾ ਹੈ, ਜਿਸ ਦੇ ਤਹਿਤ ਅਸੀਂ ਅੱਜ ਸੰਗਰੂਰ ਵਿਖੇ ਪ੍ਰਦਰਸ਼ਨ ਕਰ ਰਹੇ ਹਾਂ।
ਧਰਨਾਕਾਰੀਆਂ ਨੇ ਹੱਥ ’ਚ ਪੈਟਰੋਲ ਦੀਆਂ ਬੋਤਲਾਂ ਲੈ ਕੇ ਆਤਮਦਾਹ ਕਰਨ ਦੀ ਕੋਸ਼ਿਸ਼
ਧਰਨਾਕਾਰੀਆਂ ਵੱਲੋਂ ਆਤਮ ਦਾਹ ਦੀ ਕੋਸ਼ਿਸ਼ ਅਤੇ ਹੱਥ ਵਿਚ ਪੈਟਰੋਲ ਦੀਆਂ ਬੋਤਲਾਂ ਨੂੰ ਲੈ ਕੇ ਪੁਲਿਸ ਵੱਲੋਂ ਵੱਡੀ ਗਿਣਤੀ ’ਚ ਸੁਰੱਖਿਆ ਕਰਮੀ ਤੈਨਾਤ ਕਰ ਦਿੱਤੇ ਗਏ ਅਤੇ ਅੱਗ ਬੁਝਾਊ ਗੱਡੀਆਂ ਵੀ ਮੌਕੇ ’ਤੇ ਬੁਲਾਈਆਂ ਗਈਆਂ। ਇਸ ਦੌਰਾਨ ਐਸਪੀ ਦਲਜੀਤ ਸਿੰਘ ਵਿਰਕ ਤੇ ਐਸਪੀ ਹਰਜੋਤ ਸਿੰਘ ਛਿੱਬਰ ਅਤੇ ਡੀਐਸਪੀ ਤੇਜਿੰਦਰ ਸਿੰਘ ਸਮੇਤ ਕਈ ਪੁਲਿਸ ਅਧਿਕਾਰੀ ਵੀ ਮੌਕੇ ’ਤੇ ਹਾਜ਼ਰ ਸਨ ਅਤੇ ਧਰਨਾਕਾਰੀਆਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਧਰਨਾਕਾਰੀ ਆਪਣੀ ਜਿੱਦ ’ਤੇ ਅੜੇ ਰਹੇ।
ਇਹ ਵੀ ਪੜ੍ਹੋ: Punjab Elections: ਪੰਜਾਬ ਵਿੱਚ ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸਮਿਤੀ ਚੋਣਾਂ ਦੀਆਂ ਤਰੀਕਾਂ ਦਾ ਐਲਾਨ, ਪੇਂਡੂ ਸਿਆਸਤ …
ਇਸ ਉਪਰੰਤ ਕੁਝ ਪ੍ਰਦਰਸ਼ਨਕਾਰੀਆਂ ਆਪਣੇ ਉੱਪਰ ਪੈਟਰੋਲ ਛਿੜਕ ਲਿਆ ਅਤੇ ਅੱਗ ਲਾ ਕੇ ਆਤਮਦਾਹ ਕਰਨ ਦੀ ਕੋਸ਼ਿਸ਼ ਕੀਤੀ। ਪੁਲਿਸ ਨੇ ਪ੍ਰਦਰਸ਼ਨਕਾਰੀਆਂ ਨੂੰ ਅਜਿਹਾ ਕਰਨ ਤੋਂ ਰੋਕਣ ਦੌਰਾਨ ਧੂਰੀ ਦੇ ਐਸਐਚਓ ਜਸਵੀਰ ਸਿੰਘ ਅੱਗ ਦੀ ਚਪੇਟ ’ਚ ਆ ਗਏ ਜਿਨਾਂ ਨੂੰ ਤੁਰੰਤ ਹੀ ਸਿਵਲ ਹਸਪਤਾਲ ਸੰਗਰੂਰ ਵਿਖੇ ਦਾਖਲ ਕਰਵਾਇਆ ਗਿਆ। ਇਸ ਤੋਂ ਬਾਅਦ ਪੁਲਿਸ ਨੇ ਧਰਨਾਕਾਰੀਆਂ ਉੱਪਰ ਆਪਣੀ ਕਾਰਾਵਾਈ ਕਰਦਿਆਂ ਜ਼ਬਰਦਸਤੀ ਧਰਨੇ ਤੋਂ ਚੁੱਕ ਕੇ ਬੱਸਾਂ ’ਚ ਬਿਠਾਉਣਾ ਸ਼ੁਰੂ ਕਰ ਦਿੱਤਾ। ਇਸ ਕਾਰਵਾਈ ਵਿਚ ਪੁਲਿਸ ਨੇ ਕਈ
ਪ੍ਰਦਰਸ਼ਨਕਾਰੀਆਂ ਨਾਲ ਹੱਥੋਪਾਈ, ਲਾਠੀਚਾਰਜ ਅਤੇ ਧੱਕਾਮੁੱਕੀ ਕੀਤੀ। ਇਸ ਦੌਰਾਨ ਕਈ ਨੌਜਵਾਨ ਦੀਆਂ ਪੱਗਾਂ ਵੀ ਲਹੀਆ।
ਪੱਤਰਕਾਰਾਂ ਨੇ ਪੁਲਿਸ ਖਿਲਾਫ ਦਿੱਤਾ ਧਰਨਾ

ਪੁਲਿਸ ਦੀ ਕਾਰਵਾਈ ’ਚ 50 ਤੋਂ ਵੱਧ ਧਰਨਾਕਾਰੀਆਂ ਨੂੰ ਬੱਸ ਵਿਚ ਬਿਠਾ ਕੇ ਅਨਜਾਣ ਜਗ੍ਹਾ ’ਤੇ ਲੈ ਗਈ। ਇਸ ਮੌਕੇ ਧਰਨਾਕਾਰੀ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਦੇ ਖਿਲਾਫ ਜ਼ਬਰਦਸਤ ਨਾਅਰੇਬਾਜ਼ੀ ਕਰ ਰਹੇ ਸਨ। ਧਰਨੇ ਦੌਰਾਨ ਕਵਰੇਜ਼ ਕਰ ਰਹੇ ਇਕ ਪੱਤਰਕਾਰ ਨਾਲ ਇਕ ਪੁਲਿਸ ਮੁਲਾਜ਼ਮ ਨੇ ਬਦਸਲੂਕੀ ਕੀਤੀ ਜਿਸ ਨਾਲ ਪੱਤਰਕਾਰ ਦੇ ਮੋਬਾਈਲ ਨੂੰ ਨੁਕਸਾਨ ਹੋਇਆ ਅਤੇ ਪੁਲਿਸ ਵੱਲੋਂ ਉਸਨੂੰ ਕਵਰੇਜ਼ ਕਰਨ ਤੋਂ ਰੋਕਣ ਦੀ ਕੋਸ਼ਿਸ਼ ਕੀਤੀ। ਪੱਤਰਕਾਰ ਦੇ ਖਿਲਾਫ਼ ਪੁਲਿਸ ਦੀ ਇਸ ਕਾਰਵਾਈ ਤੋਂ ਖਫਾ ਪੱਤਰਕਾਰਾਂ ਨੇ ਪੁਲਿਸ ਦੀ ਇਸ ਕਾਰਵਾਈ ਨੂੰ ਨਿੰਦਣਯੋਗ ਕਰਾਰ ਦਿੱਤਾ ਅਤੇ ਲਾਲਬੱਤੀ ਚੌਂਕ ’ਤੇ ਹੀ ਪੱਤਰਕਾਰਾਂ ਨੇ ਆਪਣਾ ਧਰਨਾ ਪੁਲਿਸ ਦੇ ਖਿਲਾਫ ਸ਼ੁਰੂ ਕਰ ਦਿੱਤਾ।
ਪੱਤਰਕਾਰਾਂ ਦੇ ਰੋਸ ਨੂੰ ਦੇਖਦਿਆਂ ਐਸਪੀ ਹਰਜੀਤ ਸਿੰਘ ਛਿੱਬਰ ਦੀ ਅਗਵਾਈ ਵਿਚ ਕੁਝ ਪੁਲਿਸ ਮੁਲਾਜ਼ਮਾਂ ਨੇ ਪੱਤਰਕਾਰਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਪੱਤਰਕਾਰਾਂ ਨੇ ਆਪਣਾ ਧਰਨਾ ਜਾਰੀ ਰੱਖਿਆ। ਡਿਪਟੀ ਕਮਿਸ਼ਨਰ ਸੰਗਰੂਰ ਨੇ ਸਮੂਹ ਪੱਤਰਕਾਰ ਭਾਈਚਾਰੇ ਨੂੰ ਬਦਸਲੂਕੀ ਕਰਨ ਵਾਲੇ ਪੁਲਿਸ ਮੁਲਾਜ਼ਮ ਖਿਲਾਫ ਕਾਰਵਾਈ ਦਾ ਭਰੋਸਾ ਦਿਵਾਇਆ। ਇਸ ਤੋਂ ਬਾਅਦ ਪੱਤਰਕਾਰਾਂ ਨੇ ਆਪਣਾ ਧਰਨਾ ਸਮਾਪਤ ਕੀਤਾ। Sangrur News














