Wedding Expenses India: ਭਾਵੇਂ ਅੱਜ ਅਸੀਂ ਇੱਕੀਵੀਂ ਸਦੀ ਦੇ ਤਕਨਾਲੋਜੀ ਵਾਲੇ ਯੁੱਗ ਵਿੱਚ ਜੀਅ ਰਹੇ ਹਾਂ ਪਰ ਸਾਡੇ ਅੰਦਰ ਵਿਖਾਵਾ ਕਰਨ ਦਾ ਰੁਝਾਨ ਅਜੇ ਵੀ ਜ਼ੋਰਾਂ ’ਤੇ ਹੈ। ਭਾਰਤੀ ਸੱਭਿਆਚਾਰ ਵਿੱਚ ਵਿਆਹਾਂ ’ਤੇ ਹੱਦ ਤੋਂ ਜਿਆਦਾ ਅਤੇ ਫਾਲਤੂ ਖਰਚੇ ਕੀਤੇ ਜਾ ਰਹੇ ਹਨ। ਸਮਾਜ ਲਈ ਇਹ ਬਹੁਤ ਜਿਆਦਾ ਘਾਤਕ ਸਿੱਧ ਹੋ ਰਿਹਾ ਹੈ। ਇਨ੍ਹਾਂ ਖਰਚਿਆਂ ਕਾਰਨ ਲੱਖਾਂ ਲੋਕਾਂ ਦੇ ਸਿਰ ਕਰਜੇ ਦਾ ਬੋਝ ਦਿਨੋ-ਦਿਨ ਵਧ ਰਿਹਾ ਹੈ। ਅੱਜ-ਕੱਲ੍ਹ ਵਿਆਹਾਂ ’ਤੇ ਖਰਚ ਕਰਨਾ ਸ਼ੌਂਕ ਅਤੇ ਦਿਖਾਵਾ ਬਣ ਚੁੱਕਾ ਹੈ। ਦਿਖਾਵੇ ਦਾ ਭੂਤ ਲੋਕਾਂ ਦੇ ਸਿਰ ਚੜ੍ਹ ਕੇ ਬੋਲ ਰਿਹਾ ਹੈ। Wedding Expenses India
ਇਹ ਖਬਰ ਵੀ ਪੜ੍ਹੋ : Punjab News: ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਪੰਜਾਬ ਦੇ ਕਿਸਾਨਾਂ ਦੀ ਕੀਤੀ ਖੂਬ ਸ਼ਲਾਘਾ
ਅਮੀਰਾਂ ਵੱਲ ਦੇਖ ਕੇ ਗਰੀਬ ਅਤੇ ਮੱਧਮ ਵਰਗ ਦੇ ਲੋਕ ਵੀ ਇਸ ਅਲਾਮਤ ਦਾ ਸ਼ਿਕਾਰ ਹੋ ਰਹੇ ਹਨ। ਪੰਜਾਬੀ ਸਮਾਜ ਵਿੱਚ ਤਾਂ ਖਾਸ ਕਰਕੇ ਇਸ ਦਾ ਰੁਝਾਨ ਘਟਣ ਦੀ ਬਜਾਏ ਵਧ ਰਿਹਾ ਹੈ। ਤਕਨਾਲੋਜੀ ਦੀ ਇਸ ਸਦੀ ਵਿੱਚ ਲੋਕਾਂ ਨੂੰ ਇਸ ਸਮੇਂ ਤਾਂ ਜਾਗਰੂਕ ਹੋਣਾ ਚਾਹੀਦਾ ਸੀ ਪਰ ਸਾਡਾ ਸਮਾਜ ਦਿਨੋ-ਦਿਨ ਇਸ ਅਲਾਮਤ ਦਾ ਸ਼ਿਕਾਰ ਹੋ ਰਿਹਾ ਹੈ। ਅੱਜ-ਕੱਲ੍ਹ ਤਾਂ ਵਿਆਹਾਂ ਦੇ ਪ੍ਰਬੰਧ ਕਰਨ ਲਈ ਕਾਰਪੋਰੇਟ ਘਰਾਣਿਆਂ ਵੱਲੋਂ ਕੰਪਨੀਆਂ ਬਣਾਈਆਂ ਜਾ ਰਹੀਆਂ ਹਨ, ਜੋ ਕਿ ਵਿਆਹਾਂ ਦੇ ਪੂਰੇ ਪ੍ਰਬੰਧ ਨੂੰ ਸੰਭਾਲਦੀਆਂ ਹਨ।
ਇਨ੍ਹਾਂ ਦੀ ਤਾਂ ਕਮਾਈ ਹੋ ਰਹੀ ਹੈ। ਇਸਦੇ ਉਲਟ ਲੋਕਾਂ ਦੀ ਸਾਲਾਂ ਦੀ ਕੀਤੀ ਹੋਈ ਕਮਾਈ ਕੁੱਝ ਦਿਨਾਂ ਵਿੱਚ ਹੀ ਉੱਡ ਰਹੀ ਹੈ। ਸਾਨੂੰ ਚਾਹੀਦੈ ਕਿ ਵਿਆਹ ਸਾਦੇ ਢੰਗ ਨਾਲ ਕੀਤੇ ਜਾਣ ਤਾਂ ਜੋ ਪੈਸੇ ਨੂੰ ਬਰਬਾਦ ਹੋਣ ਤੋਂ ਬਚਾਇਆ ਜਾ ਸਕੇ। ਵਿਆਹਾਂ ’ਤੇ ਤਾਂ ਜੋ ਖਰਚ ਹੋਣਾ ਹੈ ਉਹ ਤਾਂ ਹੁੰਦਾ ਹੀ ਹੈ ਪਰ ਇਸਦੇ ਨਾਲ ਹੀ ਪ੍ਰੀ ਵੈਡਿੰਗ ਦੀ ਇੱਕ ਨਵੀਂ ਰੀਤ ਚੱਲ ਪਈ ਹੈ ਜਿਸ ’ਤੇ ਕਾਫ਼ੀ ਖ਼ਰਚ ਹੁੰਦਾ ਹੈ, ਤੇ ਜਿਸ ਬਿਨਾ ਸਰ ਵੀ ਸਕਦਾ ਹੈ। ਜੇਕਰ ਅਸੀਂ ਹੁਣ ਵੀ ਸਮੇਂ ਦੇ ਹਾਣੀ ਨਾ ਬਣੇ ਤਾਂ ਫਿਰ ਸਾਡੇ ਪੱਲੇ ਪਛਤਾਵੇ ਤੋਂ ਇਲਾਵਾ ਕੁੱਝ ਨਹੀਂ ਰਹਿ ਜਾਵੇਗਾ। ਕਿਉਂਕਿ ਪੈਸੇ ਦੀ ਕੀਮਤ ਦਾ ਪਤਾ ਪੈਸਾ ਨਾ ਹੋਣ ’ਤੇ ਹੀ ਲੱਗਦਾ ਹੈ।
ਜੇਕਰ ਪੰਜਾਬ ਦੀ ਕਿਸਾਨੀ ਅਤੇ ਜਵਾਨੀ ਦੀ ਸਾਨੂੰ ਤਰੱਕੀ ਚਾਹੀਦੀ ਹੈ ਤਾਂ ਸਾਨੂੰ ਇਸ ਅਲਾਮਤ ਤੋਂ ਤੌਬਾ ਕਰਨੀ ਪਵੇਗੀ। ਸਾਨੂੰ ਸਾਦੇ ਵਿਆਹਾਂ ਵੱਲ ਆਉਣਾ ਪਵੇਗਾ ਤਾਂ ਹੀ ਅਸੀਂ ਪੰਜਾਬ ਦੀ ਆਰਥਿਕਤਾ ਸੁਧਾਰਨ ਵਿੱਚ ਆਪਣਾ ਯੋਗਦਾਨ ਪਾ ਸਕਦੇ ਹਾਂ। ਸੋ ਦਿਖਾਵੇ ਨੂੰ ਛੱਡ ਕੇ ਸਾਨੂੰ ਸਾਦੇ ਵਿਆਹ ਕਰਨ ਵੱਲ ਪਰਤਣਾ ਪਵੇਗਾ ਤਾਂ ਹੀ ਅਸੀਂ ਉੱਜੜਨ ਤੋਂ ਬਚ ਸਕਦੇ ਹਾਂ। ਨਹੀਂ ਤਾਂ ਸਾਡੇ ਸਿਰ ਕਰਜੇ ਦੀ ਪਿੰਡ ਦਿਨੋ-ਦਿਨ ਭਾਰੀ ਹੁੰਦੀ ਜਾਵੇਗੀ ਅਤੇ ਸਾਨੂੰ ਪਤਾ ਵੀ ਨਹੀਂ ਚੱਲੇਗਾ ਕਿ ਸਾਡੀ ਜ਼ਿੰਦਗੀ ਦੀ ਅਨਮੋਲ ਪੂੰਜੀ ਕਿੱਥੇ ਗਈ। ਬਾਅਦ ਵਿੱਚ ਪਛਤਾਵੇ ਤੋਂ ਇਲਾਵਾ ਕੁੱਝ ਨਹੀਂ ਬਚੇਗਾ। Wedding Expenses India
ਮਮਦੋਟ, ਫਿਰੋਜਪੁਰ।
ਮੋ. 94654-05597
ਬਲਜੀਤ ਸਿੰਘ ਕਚੂਰਾ














