Fire Incident: ਫਰਨੀਚਰ ਦੇ ਗੁਦਾਮ ’ਚ ਲੱਗੀ ਭਿਆਨਕ ਅੱਗ, ਲੱਖਾਂ ਦਾ ਨੁਕਸਾਨ

Fire Incident
ਨਾਭਾ: ਨਾਭਾ ਵਿਖੇ ਫਰਨੀਚਰ ਦੇ ਗੋਦਾਮ ਵਿੱਚ ਲੱਗੀ ਭਿਆਨਕ ਅੱਗ ਦਾ ਦ੍ਰਿਸ਼। ਤਸਵੀਰ: ਸ਼ਰਮਾ

ਨਾਭਾ ਫਾਇਰ ਬ੍ਰਿਗੇਡ ਟੀਮ ਨੇ ਮੌਕੇ ’ਤੇ ਪੁੱਜ ਅੱਗ ’ਤੇ ਪਾਇਆ ਕਾਬੂ

Fire Incident: (ਤਰੁਣ ਕੁਮਾਰ ਸ਼ਰਮਾ) ਨਾਭਾ। ਨਾਭਾ ਵਿਖੇ ਫਰਨੀਚਰ ਦੇ ਇੱਕ ਗੋਦਾਮ ਵਿੱਚ ਅਚਾਨਕ ਲੱਗੀ ਅੱਗ ਨਾਲ ਲੱਖਾਂ ਦਾ ਨੁਕਸਾਨ ਹੋ ਗਿਆ। ਅੱਗ ਰੋਹਟੀ ਪੁੱਲ ਲਾਗੇ ਸਥਿਤ ਤਨਿਸ਼ਤ ਫਰਨੀਚਰ ਨਾਮੀ ਗੋਦਾਮ ਵਿੱਚ ਲੱਗੀ। ਪੁਸ਼ਟੀ ਕਰਦਿਆਂ ਫਰਨੀਚਰ ਗੋਦਾਮ ਦੇ ਮਾਲਕ ਅਸ਼ਵਨੀ ਕੁਮਾਰ ਨਾਮੀ ਵਿਅਕਤੀ ਨੇ ਦੱਸਿਆ ਕਿ ਗੋਦਾਮ ਉਸ ਦੀ ਘਰ ਵਾਲੀ ਦੇ ਨਾਂਅ ਹੈ।

ਉਨ੍ਹਾਂ ਦੱਸਿਆ ਕਿ ਗੋਦਾਮ ਵਿੱਚ ਪਿਆ ਸਾਰਾ ਫਰਨੀਚਰ ਸੁੜ ਗਿਆ ਹੈ ਜਿਸ ਦੀ ਲਾਗਤ ਲੱਖਾਂ ਰੁਪਏ ਵਿੱਚ ਸੀ। ਫਰਨੀਚਰ ਗੋਦਾਮ ਵਿੱਚ ਅੱਗ ਲੱਗਣ ਦੇ ਕਾਰਨ ਬੇਸ਼ੱਕ ਸਪੱਸ਼ਟ ਨਹੀਂ ਹੋਏ ਪ੍ਰੰਤੂ ਕਿਆਸ ਲਗਾਏ ਜਾ ਰਹੇ ਹਨ ਕਿ ਅੱਗ ਸ਼ਾਰਟ ਸਰਕਟ ਨਾਲ ਲੱਗੀ ਹੋ ਸਕਦੀ ਹੈ। ਉਸ ਨੇ ਦੱਸਿਆ ਕਿ ਅੱਜ ਸਵੇਰੇ ਗੁਦਾਮ ਦੀ ਸਫਾਈ ਕਰਨ ਨੌਕਰਾਣੀ ਜਦੋਂ ਤੱਕ ਪੁੱਜੀ ਉਦੋਂ ਤੱਕ ਸਭ ਠੀਕ ਸੀ। ਉਸ ਤੋਂ ਬਾਅਦ ਅਚਾਨਕ ਗੋਦਾਮ ਵਿੱਚ ਰਹਿੰਦੀ ਉਸਦੀ ਲੇਬਰ ਨੇ ਦੱਸਿਆ ਕਿ ਗੋਦਾਮ ਵਿੱਚੋਂ ਧੂੰਆਂ ਤੇਜ਼ੀ ਨਾਲ ਨਿਕਲ ਰਿਹਾ ਹੈ।

ਇਹ ਵੀ ਪੜ੍ਹੋ: Delhi Bomb Blast: ਦਿੱਲੀ ਬੰਬ ਧਮਾਕੇ ਮਾਮਲੇ ’ਚ ਐਨਆਈਏ ਦੀ ਵੱਡੀ ਕਾਰਵਾਈ, ਚਾਰ ਹੋਰ ਮੁੱਖ ਮੁਲਜ਼ਮ ਗ੍ਰਿਫ਼ਤਾਰ

ਉਸ ਨੇ ਦੱਸਿਆ ਕਿ ਗੁਦਾਮ ਵਿੱਚ ਨਵੇਂ ਸੋਫੇ ਅਤੇ ਕੁਰਸੀਆਂ ਸਮੇਤ ਫੋਮ ਅਤੇ ਹੋਰ ਕੀਮਤੀ ਫਰਨੀਚਰ ਬਣਾਉਣ ਦਾ ਸਮਾਨ ਮੌਜੂਦ ਸੀ। ਜਦੋਂ ਉਨ੍ਹਾਂ ਨੇ ਮੌਕੇ ’ਤੇ ਆ ਕੇ ਦੇਖਿਆ ਤਾਂ ਅੱਗ ਕਾਫੀ ਰਫਤਾਰ ਨਾਲ ਵੱਧ ਚੁੱਕੀ ਸੀ ਤਾਂ ਉਸ ਨੇ ਤੁਰੰਤ ਫਾਇਰ ਬ੍ਰਿਗੇਡ ਕੇਂਦਰ ਨੂੰ ਜਾਣਕਾਰੀ ਦਿੱਤੀ। ਉਸ ਨੇ ਦੱਸਿਆ ਕਿ ਇਹੀ ਕੰਮ ਉਨ੍ਹਾਂ ਦੀ ਰੋਜ਼ੀ ਰੋਟੀ ਦਾ ਸਾਧਨ ਸੀ ਅਤੇ ਉਨ੍ਹਾਂ ਦਾ ਲਗਭਗ 35-40 ਲੱਖ ਦਾ ਨੁਕਸਾਨ ਹੋ ਗਿਆ ਹੈ।

ਗੁਦਾਮ ਵਿੱਚ ਕੰਮ ਕਰਦੇ ਅਤੇ ਰਹਿੰਦੇ ਸ਼ਮਸ਼ਾਦ ਨਾਮੀ ਫਰਨੀਚਰ ਮਿਸਤਰੀ ਦੱਸਿਆ ਕਿ ਸਵੇਰੇ ਜਦੋਂ ਨੌਕਰਾਣੀ ਆਈ ਤਾਂ ਉਸ ਨੇ ਦੱਸਿਆ ਕਿ ਅੰਦਰ ਅੱਗ ਲੱਗੀ ਜਾਪਦੀ ਹੈ ਤਾਂ ਮੌਕਾ ਦੇਖ ਕੇ ਉਸ ਨੇ ਮਾਲਕਾਂ ਨੂੰ ਫੋਨ ਰਾਹੀਂ ਦੱਸਿਆ ਅਤੇ ਆਸ ਪਾਸ ਦੇ ਲੋਕਾਂ ਦੀ ਸਹਾਇਤਾ ਨਾਲ ਅੱਗ ’ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ। ਦੂਜੇ ਪਾਸੇ ਨਾਭਾ ਫਾਇਰ ਬ੍ਰਿਗੇਡ ਟੀਮ ਦੇ ਡੀਓ ਦਵਿੰਦਰ, ਫਾਇਰਮੈਨ ਕ੍ਰਿਸ਼ਨ ਕੁਮਾਰ, ਗ਼ਗਨਦੀਪ ਸਿੰਘ ਅਤੇ ਸੁਮੀਤ ਕੁਮਾਰ ਦੀ ਟੀਮ ਅੱਗ ਦੀ ਘਟਨਾ ਦੀ ਸੂਚਨਾ ਮਿਲਦੇ ਹੀ ਤੁਰੰਤ ਮੌਕੇ ’ਤੇ ਪੁੱਜੀ ਅਤੇ ਅੱਗ ’ਤੇ ਕਾਬੂ ਪਾਇਆ। ਫਾਇਰ ਬ੍ਰਿਗੇਡ ਟੀਮ ਦੇ ਡੀਓ ਦਵਿੰਦਰ, ਫਾਇਰਮੈਨ ਕ੍ਰਿਸ਼ਨ ਕੁਮਾਰ, ਗ਼ਗਨਦੀਪ ਸਿੰਘ ਅਤੇ ਸੁਮੀਤ ਕੁਮਾਰ ਨੇ ਸਾਂਝੇ ਤੌਰ ’ਤੇ ਦੱਸਿਆ ਕਿ ਅੱਗ ਕਾਫੀ ਭਿਆਨਕ ਤਰੀਕੇ ਨਾਲ ਲੱਗੀ ਹੋਈ ਸੀ ਜਿਸ ਨੂੰ ਬਹੁਤ ਮੁਸ਼ਕਿਲ ਨਾਲ ਕਾਬੂ ਪਾਇਆ ਗਿਆ ਹੈ।