Barnala News: ਬਰਨਾਲਾ (ਜਸਵੀਰ ਸਿੰਘ ਗਹਿਲ)। ਤਕਰੀਬਨ 18 ਦਿਨ ਪਹਿਲਾਂ ਪੰਜਾਬ ਦੀ ਕੈਬਨਿਟ ਮੀਟਿੰਗ ਵਿੱਚ ਐਲਾਨ ਹੋਣ ਤੋਂ ਬਾਅਦ ਬਰਨਾਲਾ ਨੂੰ ਨਗਰ ਨਿਗਮ ਬਣਾਉਣ ਦਾ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ, ਜਿਸ ਤੋਂ ਬਾਅਦ ਹੁਣ ਬਰਨਾਲਾ ਨਗਰ ਕੌਂਸਲ ਦੀ ਬਜਾਇ ਨਗਰ ਨਿਗਮ ਬਰਨਾਲਾ ਵਜੋਂ ਜਾਣਿਆ ਜਾਵੇਗਾ। ਅਧਿਕਾਰਤ ਐਲਾਨ ਹੋਣ ਤੋਂ ਬਾਅਦ ਬਰਨਾਲਾ ਹੁਣ ਵੱਡੇ ਸ਼ਹਿਰੀ ਖੇਤਰਾਂ ਵਿੱਚ ਸੁਮਾਰ ਹੋ ਗਿਆ ਹੈ। ਇਹੀ ਨਹੀਂ ਨਗਰ ਕੌਂਸਲ ਤੋਂ ਤਰੱਕੀ ਕਰਕੇ ਬਰਨਾਲਾ ਦੇ ਨਗਰ ਨਿਗਮ ਬਣਨ ਨਾਲ ਸ਼ਹਿਰ ਦੇ ਵੱਡੇ ਪੱਧਰ ਦੇ ਵਿਕਾਸ ਦਾ ਰਾਹ ਪੱਧਰਾ ਹੋ ਗਿਆ ਹੈ। ਜਿਸ ਵਿੱਚ ਪ੍ਰਸ਼ਾਸਨਿਕ ਢਾਂਚੇ ਵਿੱਚ ਵੱਡੀਆਂ ਤਬਦੀਲੀਆ ਹੋਣਗੀਆਂ। Barnala News
ਇਹ ਖਬਰ ਵੀ ਪੜ੍ਹੋ : Delhi News: ਦਿੱਲੀ ’ਚ ਅਗਲੇ 7 ਦਿਨਾਂ ਤੱਕ ਟ੍ਰੈਫਿਕ ਅਲਰਟ, ਜਾਣੋ ਕਾਰਨ
ਜਿਸ ਦੀ ਬਦੌਲਤ ਸ਼ਹਿਰ ਦੇ ਵਿਕਾਸ ਨਾਲ ਸਬੰਧਿਤ ਫੈਸਲੇ ਹੁਣ ਬਰਨਾਲਾ ਵਿੱਚ ਹੀ ਲਏ ਜਾ ਸਕਣਗੇ। ਇਸ ਤੋਂ ਇਲਾਵਾ ਸ਼ਹਿਰ ਦੇ 31 ਵਾਰਡਾਂ ਤੋਂ ਵਧਕੇ 51 ਵਾਰਡ ਬਣਨ ਦੇ ਨਾਲ ਹੀ ਕੌਂਸਲਰਾਂ ਦੀ ਗਿਣਤੀ ਵਿੱਚ ਵੀ ਵਾਧਾ ਹੋ ਜਾਵੇਗਾ। ਇਸ ਤੋਂ ਇਲਾਵਾ ਸ਼ਹਿਰ ਦੇ ਵਿਕਾਸ ਤੇ ਬਿਹਤਰੀ ਲਈ ਕੰਮ ਕਰਨ ਵਾਲੇ ਕਰਮੀਆਂ ਦੀਆਂ ਉਜ਼ਰਤਾਂ ਵਿੱਚ ਵੀ ਵਾਧਾ ਹੋਣਾ ਵੀ ਲਾਜ਼ਮੀ ਹੈ। ਕਿਉਂਕਿ ਬਰਨਾਲਾ ਨੂੰ ਅਧਿਕਾਰਤ ਤੌਰ ’ਤੇ ਨਗਰ ਨਿਗਮ ਬਣਾਉਣ ਦਾ ਐਲਾਨ 14 ਨਵੰਬਰ ਨੂੰ ਸਥਾਨਕ ਸਰਕਾਰਾਂ ਵਿਭਾਗ ਵੱਲੋਂ ਕੀਤਾ ਜਾ ਚੁੱਕਾ ਹੈ। ਵਿਭਾਗ ਵੱਲੋਂ ਜਾਰੀ ਕੀਤੇ ਗਏ ਪੱਤਰ ਵਿੱਚ ਸਪੱਸ਼ਟ ਕੀਤਾ ਗਿਆ ਹੈ ਕਿ ਇਹ ਫੈਸਲਾ ਪੰਜਾਬ ਮਿਉਂਸੀਪਲ ਕਾਰਪੋਰੇਸ਼ਨ ਐਕਟ, 1976 ਦੀਆਂ ਧਾਰਾਵਾਂ ਤਹਿਤ ਲਿਆ ਗਿਆ ਹੈ।
‘ਖੁਸ਼ੀ ਤੇ ਮਾਣ ਵਾਲੀ ਗੱਲ ਐ’
ਸੰਸਦ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਨੇ ਬਰਨਾਲਾ ਦੇ ਅਧਿਕਾਰਤ ਤੌਰ ’ਤੇ ਨਗਰ ਨਿਗਮ ਬਣਨ ’ਤੇ ਖੁਸ਼ੀ ਦਾ ਇਜ਼ਹਾਰ ਕਰਦਿਆਂ ਕਿਹਾ ਕਿ ਉਨ੍ਹਾਂ ਲਈ ਇਹ ਨੋਟੀਫਿਕੇਸ਼ਨ ਦਾ ਜਾਰੀ ਹੋਣਾ ਮਾਣ ਵਾਲੀ ਗੱਲ ਹੈ। ਕਿਉਂਕਿ ਬਰਨਾਲਾ ਉਨ੍ਹਾਂ ਦੇ ਕਾਰਜਕਾਲ ਦੌਰਾਨ ਨਗਰ ਨਿਗਮ ਬਣਿਆ ਹੈ। ਉਨ੍ਹਾਂ ਕਿਹਾ ਕਿ ਨਗਰ ਨਿਗਮ ਬਣਨ ਨਾਲ ਸ਼ਹਿਰ ਦਾ ਚਹੁੰ-ਪੱਖੀ ਵਿਕਾਸ ਹੋਵੇਗਾ। ਜਿਸ ਦਾ ਮਤਲਬ ਹੈ ਕਿ ਬਰਨਾਲਾ ਨੂੰ ਨਗਰ ਨਿਗਮ ਹੋਣ ਦੇ ਨਾਤੇ ਪਹਿਲਾਂ ਨਾਲੋਂ ਕਈ ਗੁਣਾਂ ਵੱਧ ਫੰਡਾਂ ਦੇ ਗੱਫ਼ੇ ਮਿਲਣਗੇ, ਜੋ ਬਰਨਾਲਾ ਸ਼ਹਿਰ ਦੀ ਦਿੱਖ ਤੇ ਦਸ਼ਾ ਨੂੰ ਹੋਰ ਸੁਧਾਰਨ ’ਚ ਸਹਾਈ ਹੋਣਗੇ।
‘ਇਹ ਹੋਵੇਗਾ ਬਦਲਾਅ’ | Barnala News
ਨਗਰ ਨਿਗਮ ਬਣਨ ਤੋਂ ਬਾਅਦ ਬਰਨਾਲਾ ਵਿੱਚ ‘ਪ੍ਰਧਾਨ’ ਦੀ ਜਗ੍ਹਾ ‘ਮੇਅਰ’ ਬਣੇਗਾ ਅਤੇ ‘ਈਓ’ ਦੀ ਜਗ੍ਹਾ ’ਤੇ ਆਈਏਐੱਸ ਅਧਿਕਾਰੀ ‘ਨਗਰ ਨਿਗਮ ਕਮਿਸ਼ਨਰ’ ਵਜੋਂ ਸੇਵਾਵਾਂ ਦੇਵੇਗਾ। ਇਸ ਤੋਂ ਇਲਾਵਾ ਨਗਰ ਨਿਗਮ ਬਣਨ ’ਤੇ ਬਰਨਾਲਾ ਨੂੰ ਹੁਣ ਸੈਂਟਰ ਸਰਕਾਰ ਦੀਆਂ ਸਕੀਮਾਂ ਅਤੇ ਫੰਡ ਵੀ ਮਿਲਣ ਲੱਗ ਜਾਣਗੇ। ਜਦੋਂਕਿ ਨਗਰ ਕੌਂਸਲ ਨੂੰ ਫ਼ੰਡ ਪੰਜਾਬ ਸਰਕਾਰ ਵੱਲੋਂ ਹੀ ਦਿੱਤੇ ਜਾਂਦੇ ਹਨ। ਉਕਤ ਫਾਇਦਿਆਂ ਨਾਲ ਹੀ ਬਰਨਾਲਾ ਦੇ ਨਗਰ ਨਿਗਮ ਬਣਨ ਨਾਲ ਟੈਕਸ ਵੀ ਵਧ ਜਾਵੇਗਾ।














