Barnala News: ਬਰਨਾਲਾ (ਜਸਵੀਰ ਸਿੰਘ ਗਹਿਲ)। ਪਿੰਡ ਨਾਈਵਾਲਾ ਦੇ ਇੱਕ ਨੌਜਵਾਨ ਦੀ ਸੜਕ ਹਾਦਸੇ ਦੌਰਾਨ ਮੌਤ ਹੋ ਜਾਣ ਦਾ ਦੁੱਖਦਾਈ ਸਮਾਚਾਰ ਹਾਸਲ ਹੋਇਆ ਹੈ। ਪੁਲਿਸ ਨੂੰ ਜਾਣਕਾਰੀ ਦਿੰਦਿਆਂ ਰਿਪਨਦੀਪ ਕੌਰ ਵਾਸੀ ਨਾਈਵਾਲਾ ਨੇ ਦੱਸਿਆ ਕਿ ਉਸਦਾ ਪਤੀ ਅਮਨਦੀਪ ਸਿੰਘ ਪੁੱਤਰ ਸਰਦੂਲ ਸਿੰਘ ਜੋ ਔਰਬਿਟ ਬੱਸ ’ਤੇ ਕੰਡਕਟਰ ਵਜੋਂ ਡਿਊਟੀ ਕਰਦਾ ਸੀ, ਉਨ੍ਹਾਂ ਦਾ ਪੇਟ ਪਾਲ ਰਿਹਾ ਸੀ ਪਰ ਰੋਜਾਨਾਂ ਵਾਂਗ ਹੀ ਅਮਨਦੀਪ ਪਿੰਡ ਤੋਂ ਆਪਣੇ ਪਲੈਟਿਨਾ ਮੋਟਰਸਾਇਕਲ ’ਤੇ ਸਵਾਰ ਹੋ ਕੇ ਬਰਨਾਲਾ ਵੱਲ ਨੂੰ ਜਾ ਰਿਹਾ ਸੀ।
ਇਹ ਖਬਰ ਵੀ ਪੜ੍ਹੋ : Patiala News: ਪੁਲਿਸ ਨੇ ਕਤਲ ’ਚ ਲੋੜੀਂਦੇ ਮੁਲਜ਼ਮ ਨੂੰ ਕੀਤਾ ਕਾਬੂ
ਜਿਉਂ ਹੀ ਉਹ ਰੋਮੀ ਵਾਲੇ ਕੋਠੀ ਪੱਤੀ ਸੇਖਵਾਂ ਨੇੜੇ ਪੁੱਜਾ ਤਾਂ ਪਿੱਛੇ ਤੋਂ ਆ ਰਹੀ ਇੱਕ ਤੇਜ਼ ਰਫ਼ਤਾਰ ਗੱਡੀ ਨੇ ਉਸਦੇ ਮੋਟਰਸਾਇਕਲ ਨੂੰ ਬੜੀ ਲਾਪ੍ਰਵਾਹੀ ਨਾਲ ਜ਼ੋਰਦਾਰ ਟੱਕਰ ਮਾਰ ਦਿੱਤੀ। ਜਿਸ ਕਾਰਨ ਅਮਨਦੀਪ ਸੜਕ ’ਤੇ ਡਿੱਗਣ ਕਰਕੇ ਗੰਭੀਰ ਰੂਪ ’ਚ ਜਖ਼ਮੀ ਹੋ ਗਿਆ। ਸੂਚਨਾ ਮਿਲਣ ’ਤੇ ਉਨਾਂ ਨੇ ਗੰਭੀਰ ਹਾਲਤ ’ਚ ਅਮਨਦੀਪ ਨੂੰ ਚੁੱਕ ਕੇ ਸਿਵਲ ਹਸਪਤਾਲ ਬਰਨਾਲਾ ਵਿਖੇ ਇਲਾਜ਼ ਲਈ ਭਰਤੀ ਕਰਵਾਇਆ। ਨਾਜੁਕ ਹਾਲਤ ਕਾਰਨ ਬਰਨਾਲਾ ਤੋਂ ਡਾਕਟਰਾਂ ਨੇ ਉਸਨੂੰ ਅੱਗੇ ਰੈਫ਼ਰ ਕਰ ਦਿੱਤਾ। Barnala News
ਪਰ ਜ਼ੇਰੇ ਇਲਾਜ ਅਮਨਦੀਪ ਸਿੰਘ (39) ਦੀ ਮੌਤ ਹੋ ਗਈ। ਮ੍ਰਿਤਕ ਦੇ ਪਿੱਛੇ ਪਰਿਵਾਰ ਵਿੱਚ ਇੱਕ ਲੜਕੀ ਤੇ ਲੜਕੇ ਤੋਂ ਇਲਾਵਾ ਪਤਨੀ ਤੇ ਮਾਤਾ-ਪਿਤਾ ਰਹਿ ਗਏ ਹਨ। ਮਾਮਲੇ ’ਚ ਥਾਣਾ ਸਿਟੀ-1 ਦੀ ਪੁਲਿਸ ਨੇ ਮ੍ਰਿਤਕ ਦੀ ਪਤਨੀ ਰਿਪਨਦੀਪ ਕੌਰ ਦੇ ਬਿਆਨਾਂ ’ਤੇ ਬਿਨਾਂ ਨੰਬਰੀ ਗੱਡੀ ਦੇ ਨਾ-ਮਲੂਮ ਡਰਾਇਵਰ ਖਿਲਾਫ਼ ਮਾਮਲਾ ਦਰਜ਼ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।














