Powercom Land: ਪਾਵਰਕੌਮ ਦੀ 90 ਏਕੜ ਜ਼ਮੀਨ ਪੁੱਡਾ ਹਵਾਲੇ ਕਰਨ ਲਈ ਸਰਕਾਰ ਵੱਲੋਂ ਕਾਰਵਾਈ ਤੇਜ਼

Powercom Land
Powercom Land: ਪਾਵਰਕੌਮ ਦੀ 90 ਏਕੜ ਜ਼ਮੀਨ ਪੁੱਡਾ ਹਵਾਲੇ ਕਰਨ ਲਈ ਸਰਕਾਰ ਵੱਲੋਂ ਕਾਰਵਾਈ ਤੇਜ਼

Powercom Land: ਲਾਈਨਾਂ ਨੂੰ ਹਟਾਉਣ ਲਈ ਚੱਲ ਰਹੀ ਹੈ ਵਿਭਾਗੀ ਕਾਰਵਾਈ

  • ਪਾਵਰਕੌਮ ਦੀ ਥਾਂ ’ਚੋਂ 66 ਕੇਵੀ ਦੀਆਂ ਲਾਈਨਾਂ ਹਟਾਉਣ ਲਈ ਆਰਜੀ ਐਸਟੀਮੇਟ ਵੀ ਜਾਰੀ

Powercom Land: ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਸਰਕਾਰ ਵੱਲੋਂ ਪਟਿਆਲਾ ਦੇ ਬਡੂੰਗਰ ਨੇੜੇ ਪਾਵਰਕੌਮ ਦੀ 90 ਏਕੜ ਵੇਚਣ ਦੇ ਕੰਮ ਨੇ ਰਫਤਾਰ ਫੜੀ ਹੋਈ ਹੈ। ਇਸ ਜ਼ਮੀਨ ਵਿੱਚੋਂ ਲੰਘਦੀਆਂ 66 ਕੇਵੀ ਬਿਜਲੀ ਦੀਆਂ ਲਾਈਨਾਂ ਨੂੰ ਹਟਾਉਣ ਲਈ ਵੱਡੇ ਪੱਧਰ ’ਤੇ ਤਿਆਰੀਆਂ ਵਿੱਢੀਆਂ ਹੋਈਆਂ ਹਨ। ਇੱਥੋਂ ਇਨ੍ਹਾਂ ਤਾਰਾਂ ਨੂੰ ਹਟਾਉਣ ਲਈ ਕੰਮ ਕਰਨ ਵਾਲੇ ਠੇਕੇਦਾਰਾਂ ਜਾਂ ਕੰਪਨੀਆਂ ਨੂੰ ਆਰਜ਼ੀ ਤੌਰ ’ਤੇ ਐਸਟੀਮੈਂਟ ਪਲਾਨ ਵੀ ਜਾਰੀ ਕੀਤੇ ਗਏ ਹਨ। ਇੱਧਰ ਪਾਵਰਕੌਮ ਦੀਆਂ ਵੱਖ-ਵੱਖ ਜਥੇਬੰਦੀਆਂ ਵੱਲੋਂ ਸਰਕਾਰੀ ਜਾਇਦਾਦ ਵੇਚਣ ਸਬੰਧੀ ਵੱਡਾ ਰੋਸ ਬਣਿਆ ਹੋਇਆ ਹੈ।

ਦੱਸਣਯੋਗ ਹੈ ਕਿ ਪਿਛਲੇ ਦਿਨੀਂ ਇੱਕ ਪੱਤਰ ਸਾਹਮਣੇ ਆਇਆ ਸੀ, ਜਿਸ ਵਿੱਚ ਲਿਖਿਆ ਸੀ ਕਿ ਪਟਿਆਲਾ ਵਿਖੇ 23 ਨੰਬਰ ਫਾਟਕ ਨੇੜੇ ਬਡੂੰਗਰ ਕੋਲ ਸਥਿਤ ਪੀਐੱਸਪਸੀਐੱਲ ਦੀ ਲਗਭਗ 90 ਏਕੜ ਜਗ੍ਹਾ ਜੋ ਕਿ ਖਾਲੀ ਪਈ ਹੈ ਉਸ ਨੂੰ ਪੰਜਾਬ ਸਰਕਾਰ ਵੱਲੋਂ ਪੁੱਡਾ ਜਾਂ ਕਿਸੇ ਹੋਰ ਏਜੰਸੀ ਨੂੰ ਟਰਾਂਸਫਰ ਕੀਤੀ ਜਾਣ ਸਬੰਧੀ ਕਾਰਵਾਈ ਕੀਤੀ ਜਾ ਰਹੀ ਹੈ। 66 ਕੇਵੀ ਦੀਆਂ ਪਾਵਰ ਲਾਈਨਾਂ ਇਸ ਜ਼ਮੀਨ ਵਿੱਚੋਂ ਲੰਘ ਰਹੀਆਂ ਹਨ, ਇਹਨਾਂ ਲਾਈਨਾਂ ਨੂੰ ਸ਼ਿਫਟ ਕਰਨ ਸਬੰਧੀ ਐਸਟੀਮੇਟ ਬਣਾ ਕੇ ਇਸ ਦਫਤਰ ਨੂੰ ਭੇਜਿਆ ਜਾਵੇ।

Read Also : ਸ਼ਾਹ ਸਤਿਨਾਮ ਜੀ ਬੁਆਇਜ਼ ਕਾਲਜ ਲਗਾਤਾਰ ਛੇਵੀਂ ਵਾਰ ਬਣਿਆ ਜੇਤੂ

ਇਸ ਪੱਤਰ ਤੋਂ ਤੁਰੰਤ ਬਾਅਦ ਐਸਟੀਮੇਟ ਵੀ ਤਿਆਰ ਕੀਤਾ ਗਿਆ ਹੈ, ਜਿਸ ਦੀ ਕਾਪੀ ਸੱਚ ਕਹੂੰ ਕੋਲ ਮੌਜ਼ੂਦ ਹੈ। ਇਸ ਪੱਤਰ ਅਨੁਸਾਰ ਪਾਵਰਕੌਮ ਦੀ ਇਸ ਜਗ੍ਹਾ ਵਿੱਚੋਂ ਅਬਲੋਵਾਲ ਤੋਂ ਸ਼ਾਂਤੀ ਵਿਹਾਰ ਤੇ ਪਸਿਆਣਾ ਤੋਂ ਸ਼ਾਂਤੀ ਵਿਹਾਰ ਤੱਕ ਕਾਫੀ ਲੰਬੀ ਲਾਈਨ ਜਾ ਰਹੀ ਹੈ। ਇਸ ਲਾਈਨ ਨੂੰ ਇਥੋਂ ਹਟਾਉਣ ਲਈ ਇਸ ਦੀ ਐਸਟੀਮੇਟ ਖਰਚਾ 1 ਕਰੋੜ ਤੋਂ ਜ਼ਿਆਦਾ ਬਣਿਆ ਹੈ। ਜਦਕਿ ਸ਼ਾਂਤੀ ਵਿਹਾਰ ਤੋਂ ਰਜਿੰਦਰਾ ਹਸਪਤਾਲ ਤੱਕ 66 ਕੇ ਵੀ ਲਾਈਨ ਦਾ ਅਨੁਮਾਨਤ ਐਸਟੀਮੇਟ ਖਰਚਾ 95 ਲੱਖ ਰੁਪਏ ਬਣਾਇਆ ਗਿਆ ਹੈ।

Powercom Land

ਇਸ ਪੱਤਰ ਵਿੱਚ ਇਹ ਵੀ ਆਖਿਆ ਗਿਆ ਹੈ ਕਿ ਇਹਨਾਂ ਦੋਵਾਂ ਲਾਈਨਾਂ ਨੂੰ ਇਥੋਂ ਸ਼ਿਫਟ ਕਰਨ ਸਬੰਧੀ ਅਸਲ ਲਾਗਤ ਇਸ ਕੰਮ ਨੂੰ ਅੰਤਿਮ ਰੂਪ ਦੇਣ ਤੋਂ ਬਾਅਦ ਹੀ ਤਿਆਰ ਕੀਤੀ ਜਾ ਸਕਦੀ ਹੈ । ਇਹ ਵੀ ਦੇਖਿਆ ਜਾ ਰਿਹਾ ਹੈ ਕਿ ਇਨ੍ਹਾਂ ਲਾਈਨਾਂ ਨੂੰ ਧਰਤੀ ਹੇਠਾਂ ਕੇਬਲ ਰਾਹੀਂ ਜਾਂ ਫਿਰ ਟਾਵਰ, ਮੋਨੋਪੋਲ ਆਦਿ ਰਾਹੀਂ ਪਾਇਆ ਜਾਵੇਗਾ। ਸੂਤਰਾਂ ਦਾ ਕਹਿਣਾ ਹੈ ਕਿ ਪਿਛਲੇ ਦਿਨੀਂ ਪੁੱਡਾ ਦੇ ਅਧਿਕਾਰੀਆਂ ਵੱਲੋਂ ਪਾਵਰਕੌਮ ਦੀ ਇਸ ਸਾਈਟ ਦਾ ਦੌਰਾ ਵੀ ਕੀਤਾ ਗਿਆ ਹੈ।

ਇਸ ਤੋਂ ਇਲਾਵਾ ਪਟਿਆਲਾ ਦੀ ਡਿਪਟੀ ਕਮਿਸ਼ਨਰ ਵੱਲੋਂ ਪੁੱਡਾ ਅਧਿਕਾਰੀਆਂ ਨਾਲ ਮੀਟਿੰਗ ਵੀ ਕੀਤੀ ਗਈ ਹੈ ਅਤੇ ਜਲਦ ਤੋਂ ਜਲਦ ਇਨ੍ਹਾਂ ਤਾਰਾਂ ਨੂੰ ਇਥੋਂ ਹਟਾਉਣ ਲਈ ਰਾਸ਼ੀ ਵੀ ਜਮ੍ਹਾਂ ਕਰਵਾਉਣ ਲਈ ਆਖਿਆ ਗਿਆ ਹੈ, ਤਾਂ ਜੋ ਇਥੋਂ ਬਿਜਲੀ ਦੀਆਂ ਲਾਈਨਾਂ ਹਟਾਉਣ ਦਾ ਕੰਮ ਸ਼ੁਰੂ ਹੋ ਸਕੇ। ਪਤਾ ਲੱਗਾ ਹੈ ਕਿ ਪਾਵਰਕੌਮ ਦੀ ਇਸ ਜ਼ਮੀਨ ਨੂੰ ਪੁੱਡਾ ਹਵਾਲੇ ਕਰਨ ਲਈ ਸਰਕਾਰ ਤੇਜ਼ੀ ਨਾਲ ਕਾਰਵਾਈ ਕਰ ਰਹੀ ਹੈ।

ਪਾਵਰਕੌਮ ਦੀ ਇਹ 90 ਏਕੜ ਜ਼ਮੀਨ ਬਹੁਤ ਹੀ ਬੇਸ਼ਕੀਮਤੀ ਹੈ ਅਤੇ ਇਹ ਅਰਬਾਂ ਦੀ ਹੈ। ਇੱਧਰ ਪਾਵਰ ਕੌਮ ਦੀਆਂ ਵੱਖ-ਵੱਖ ਜਥੇਬੰਦੀਆਂ ਦੇ ਆਗੂਆਂ ਦਾ ਕਹਿਣਾ ਹੈ ਕਿ ਉਹ ਇਸ ਸਰਕਾਰ ਦੀ ਇਸ ਕਾਰਵਾਈ ਦਾ ਵਿਰੋਧ ਕਰਨਗੇ ਅਤੇ ਅਗਲੇ ਦਿਨਾਂ ਵਿੱਚ ਸਾਰੀਆਂ ਜਥੇਬੰਦੀਆਂ ਇਕੱਠੇ ਹੋ ਕੇ ਆਪਣਾ ਐਕਸ਼ਨ ਉਲੀਕਣਗੇ।