Save Electricity Campaign: ਬਿਜਲੀ ਦੀ ਬੱਚਤ ਕਿਉਂ ਤੇ ਕਿਵੇਂ ਕਰੀਏ’ ਵਿਸ਼ੇ ’ਤੇ ਜਾਗਰੂਕਤਾ ਸਮਾਗਮ

Save Electricity Campaign
ਭਾਦਸੋਂ: ਮੁੱਖ ਮਹਿਮਾਨ ਸਲੀਮ ਮੁਹੰਮਦ ਡਿਪਟੀ ਚੀਫ਼ ਇੰਜੀਨੀਅਰ ਪਾਵਰਕਾਮ ਦਾ ਸਨਮਾਨ ਕਰਦੇ ਹੋਏ ਪ੍ਰਿੰਸੀਪਲ ਪ੍ਰੀਤਇੰਦਰ ਘਈ ਤੇ ਸਕੂਲ ਸਟਾਫ਼।

ਬਿਜਲੀ ਬੱਚਤ ’ਚ ਸਨਅਤਾਂ ਘਰੇਲੂ ਖਪਤਕਾਰਾਂ ਤੋਂ ਵੱਧ ਜਾਗਰੂਕ : ਸਲੀਮ ਮੁਹੰਮਦ

Save Electricity Campaign: (ਸੁਸ਼ੀਲ ਕੁਮਾਰ) ਭਾਦਸੋਂ। ਸਕੂਲ ਆਫ਼ ਐਮੀਨੈਂਸ ਭਾਦਸੋਂ ਦੇ ਲੈਕਚਰ ਹਾਲ ਵਿੱਚ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਿ. ਦੇ ਅਧਿਕਾਰੀਆਂ ਵੱਲੋਂ ਸਕੂਲ ਪ੍ਰਿੰਸੀਪਲ ਪ੍ਰੀਤਇੰਦਰ ਘਈ ਦੀ ਦੇਖ-ਰੇਖ ਵਿੱਚ ‘ਬਿਜਲੀ ਦੀ ਬੱਚਤ ਕਿਉਂ ਤੇ ਕਿਵੇਂ ਕਰੀਏ’ ਵਿਸ਼ੇ ’ਤੇ ਜਾਗਰੂਕਤਾ ਸਮਾਗਮ ਕੀਤਾ ਗਿਆ ਜਿਸ ਵਿੱਚ ਡਿਪਟੀ ਚੀਫ਼ ਇੰਜੀਨੀਅਰ ਸਲੀਮ ਮੁਹੰਮਦ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਸਮਾਗਮ ਨੂੰ ਵਿਦਿਆਰਥਣ ਹਰਮਨਪ੍ਰੀਤ ਕੌਰ ਨੇ ਬਾਖੂਬ ਹੋਸਟ ਕੀਤਾ।

ਇਸ ਮੌਕੇ ਬੋਲਦਿਆਂ ਡਿਪਟੀ ਚੀਫ਼ ਸਲੀਮ ਮੁਹੰਮਦ ਨੇ ਵਿਦਿਆਰਥੀਆਂ ਨੂੰ ਅਕਾਦਮਿਕ ਪੱਧਰ ਦੇ ਗਹਿਰੇ ਤੱਥ ਸਮਝਾਉਂਦਿਆਂ ਕਿਹਾ ਕਿ ਬਿਜਲੀ ਦੇ ਘਰੇਲੂ ਖਪਤਕਾਰਾਂ ਤੋਂ ਸਨਅਤੀ ਖਪਤਕਾਰ ਵਧੇਰੇ ਜਾਗਰੂਕ ਹਨ ਕਿਉਂਕਿ ਮਹਿੰਗੇ ਮੁੱਲ਼ ਦੀ ਬਿਜਲੀ ਖਰੀਦਣ ਕਾਰਨ ਉਨ੍ਹਾਂ ਨੂੰ ਬਿਜਲਈ ਊਰਜਾ ਦੀ ਕਦਰ ਵੱਧ ਹੈ। ਉਨ੍ਹਾਂ ਵਿਦਿਆਰਥੀਆਂ ਨੂੰ ਪਾਵਰਕਾਮ ਵਿਭਾਗ ਵਿੱਚ ਰੁਜ਼ਗਾਰ ਦੇ ਵੱਖ-ਵੱਖ ਫੀਲਡਾਂ ’ਚ ਉੱਚ ਤੇ ਸ਼ਾਨਦਾਰ ਮੌਕਿਆਂ ਬਾਰੇ ਵੀ ਚਾਨਣਾ ਪਾਇਆ ।

ਇਹ ਵੀ ਪੜ੍ਹੋ: Rishabh Pant: ਟੈਸਟ ’ਚ ਸਭ ਤੋਂ ਵੱਧ ਛੱਡੇ ਜੜਨ ਵਾਲੇ ਬੱਲੇਬਾਜ਼ ਬਣੇ ਪੰਤ, ਰੋਹਿਤ ਤੇ ਸਹਿਵਾਗ ਨੂੰ ਛੱਡਿਆ ਪਿੱਛੇ

ਸਮਾਗਮ ਦੌਰਾਨ ਮੈਥ ਅਧਿਆਪਕਾ ਪ੍ਰੀਤੀ ਮਦਾਨ ਤੇ ਪੰਜਾਬੀ ਅਧਿਆਪਕਾ ਮਨਜੀਤ ਕੌਰ ਦੁਆਰਾ ਤਿਆਰ ਕੀਤੇ ਗਏ ਵਿਦਿਆਰਥੀਆਂ ਦੁਆਰਾ ਕੁਇਜ਼, ਪੋਸਟਰ ਮੇਕਿੰਗ ਮੁਕਾਬਲੇ ਤੇ ਪੈਨਲ ਡਿਸਕਸ਼ਨ ਦੀ ਪੇਸ਼ਕਾਰੀ ਕਾਬਲ ਏ ਤਾਰੀਫ਼ ਸੀ। ਕੁਇਜ਼ ਈਵੈਂਟ ਵਿੱਚ ਅਮਨਪ੍ਰੀਤ ਕੌਰ, ਜਸਵੀਰ ਕੌਰ, ਰਣਵੀਰ ਕੌਰ, ਮਨਵੀਰ ਕੌਰ ਤੇ ਪ੍ਰਿੰਸ ਮਾਧੇਸ਼ੀਆ ਨੇ ਸ਼ਾਨਦਾਰ ਜਵਾਬ ਦਿੱਤੇ। ਪੋਸਟਰ ਮੇਕਿੰਗ ਮੁਕਾਬਲੇ ਵਿੱਚ ਹਰਮਨਪ੍ਰੀਤ ਕੌਰ ਨੇ ਪਹਿਲਾ, ਅਮਨਪ੍ਰੀਤ ਕੌਰ ਤੇ ਸੰਕਿਤਦੀਪ ਕੌਰ ਨੇ ਸਾਂਝੇ ਤੌਰ ’ਤੇ ਦੂਜਾ ਸਥਾਨ ਪ੍ਰਾਪਤ ਕੀਤਾ। ਸਮਾਗਮ ਦਾ ਸਭ ਤੋਂ ਪ੍ਰਭਾਵਸ਼ਾਲੀ ਹਿੱਸਾ ਪੈਨਲ ਡਿਸਕਸ਼ਨ ਸੀ ਜਿਸ ਵਿੱਚ ਮਨਪ੍ਰੀਤ ਕੌਰ, ਲਵਲੀਨ ਕੌਰ, ਜਸਵੀਰ ਕੌਰ ਤੇ ਰਮਨਦੀਪ ਕੌਰ ਨੇ ਬਿਜਲੀ ਊਰਜਾ ਦੀ ਬੱਚਤ ਬਾਰੇ ਬਹੁਤ ਉੱਚ ਦਰਜੇ ਦੀ ਚਰਚਾ ਕੀਤੀ। Save Electricity Campaign

Save Electricity Campaign
ਭਾਦਸੋਂ: ਸਮਾਗਮ ਦੌਰਾਨ ਭਾਗ ਲੈਣ ਵਾਲੇ ਵਿਦਿਆਰਥੀਆਂ ਨਾਲ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਿ. ਦੇ ਅਧਿਕਾਰੀ।
ਤਸਵੀਰ ਸੁਸ਼ੀਲ ਕੁਮਾਰ

ਪਾਵਰਕਾਮ ਦੀ ਡੀ.ਐਸ.ਐਮ. ਟੀਮ ਦੇ ਅਧਿਕਾਰੀਆਂ ਏ.ਈ.ਈ. ਭੁਪਿੰਦਰ ਸਿੰਘ ਤੇ ਜੇ.ਈ. ਅਮਰਜੀਤ ਸਿੰਘ ਵੱਲੋਂ ਵਿਦਿਆਰਥੀਆਂ ਅੱਗੇ ਬਿਜਲੀ ਬੱਚਤ ਸਬੰਧੀ ਕਈ ਪ੍ਰਯੋਗ ਕਰਕੇ ਦਿਖਾਏ ਗਏ। ਸਮਾਗਮ ਦੇ ਅੰਤ ਵਿੱਚ ਡੀ.ਐਸ.ਐਮ. ਟੀਮ ਦੁਆਰਾ ਮੁਕਾਬਲਾ ਜੇਤੂ ਤੇ ਭਾਗ ਲੈਣ ਵਿਦਿਆਰਥੀਆਂ, ਪ੍ਰਿੰਸੀਪਲ ਪ੍ਰੀਤਇੰਦਰ ਘਈ, ਮੈਡਮ ਪ੍ਰੀਤੀ ਮਦਾਨ , ਮਨਜੀਤ ਕੌਰ, ਵਿਸ਼ੇਸ਼ ਮਹਿਮਾਨਾਂ ਦੇ ਤੌਰ ’ਤੇ ਹਾਜ਼ਰ ਐਸ.ਡੀ.ਓ. ਬਰਕੋਮਲ ਸਿੰਘ, ਜਿਊਲਰਜ਼ ਐਸੋ. ਦੇ ਪ੍ਰਧਾਨ ਬੱਬੀ ਰੰਘੇੜੀ, ਜੇ.ਈ. ਕਮਲਜੀਤ ਸਿੰਘ ਬਿੱਟਾ, ਜੇ.ਈ. ਜੌਰਜ਼, ਮਾਸਟਰ ਹਰਿੰਦਰ ਸਿੰਘ ਨੂੰ ਬਿਜਲੀ ਊਰਜਾ ਸੰਜਮਤਾ ਸਬੰਧੀ ਸਲੋਗਨ ਦਿਖਾਉਂਦੇ ਕੱਪ ਸੈੱਟ ਤੇ ਕਾਪੀਆਂ ਭੇਂਟ ਕੀਤੇ ਗਏ। ਪ੍ਰਿੰਸੀਪਲ ਪ੍ਰੀਤਇੰਦਰ ਘਈ ਨੇ ਸਭਨਾਂ ਦਾ ਧੰਨਵਾਦ ਕਰਦਿਆਂ ਮੁੱਖ ਮਹਿਮਾਨ ਨੂੰ ਸਕੂਲ ਵੱਲੋਂ ਯਾਦ ਚਿੰਨ੍ਹ ਦੇ ਕੇ ਸਨਮਾਨ ਕੀਤਾ ਗਿਆ ।