Vande Bharat: ਪੰਜਾਬ ਨੂੰ ਨਵੀਂ ਵੰਦੇ ਭਾਰਤ ਐਕਸਪ੍ਰੈੱਸ ਦਾ ਤੋਹਫਾ, ਮਾਲਵੇ ਦੇ ਲੋਕਾਂ ਨੂੰ ਹੋਵੇਗਾ ਵੱਡਾ ਫਾਇਦਾ

Vande Bharat Punjab
Vande Bharat: ਪੰਜਾਬ ਨੂੰ ਨਵੀਂ ਵੰਦੇ ਭਾਰਤ ਐਕਸਪ੍ਰੈੱਸ ਦਾ ਤੋਹਫਾ, ਮਾਲਵੇ ਦੇ ਲੋਕਾਂ ਨੂੰ ਹੋਵੇਗਾ ਵੱਡਾ ਫਾਇਦਾ

Vande Bharat Punjab: ਫਿਰੋਜ਼ਪੁਰ (ਸੱਚ ਕਹੂੰ ਨਿਊਜ਼)। ਸ਼ਨਿੱਚਰਵਾਰ ਨੂੰ ਉੱਤਰੀ ਰੇਲਵੇ ਦੀ ਫਿਰੋਜ਼ਪੁਰ ਤੇ ਨਵੀਂ ਦਿੱਲੀ ਵਿਚਕਾਰ ਇੱਕ ਨਵੀਂ ਵੰਦੇ ਭਾਰਤ ਐਕਸਪ੍ਰੈਸ ਟ੍ਰੇਨ ਚੱਲਣੀ ਸ਼ੁਰੂ ਹੋ ਗਈ ਹੈ, ਜਿਸ ਦਾ ਉਦਘਾਟਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਡੀਓ ਕਾਨਫਰੰਸਿੰਗ ਰਾਹੀਂ ਹਰੀ ਝੰਡੀ ਦਿਖਾ ਕੇ ਕੀਤਾ। ਰੇਲਵੇ ਵਿਭਾਗ ਤੋਂ ਮਿਲੀ ਜਾਣਕਾਰੀ ਮੁਤਾਬਕ ਫਿਰੋਜ਼ਪੁਰ-ਦਿੱਲੀ ਵੰਦੇ ਭਾਰਤ ਐਕਸਪ੍ਰੈਸ ਇਸ ਰੂਟ ’ਤੇ ਪਹਿਲੀ ਸਭ ਤੋਂ ਤੇਜ਼ ਟ੍ਰੇਨ ਹੈ, ਜੋ ਆਪਣੀ ਯਾਤਰਾ 6 ਘੰਟੇ 40 ਮਿੰਟ ’ਚ ਪੂਰੀ ਕਰੇਗੀ। ਹਾਸਲ ਹੋਏ ਵੇਰਵਿਆਂ ਮੁਤਾਬਕ ਨਵੀਂ ਟ੍ਰੇਨ ਨੰਬਰ 26461-26462 ਫਿਰੋਜ਼ਪੁਰ-ਨਵੀਂ ਦਿੱਲੀ ਵਿਚਕਾਰ ਫਰੀਦਕੋਟ-ਬਠਿੰਡਾ ਰਾਹੀਂ ਚੱਲੇਗੀ। ਇਹ ਟ੍ਰੇਨ ਫਰੀਦਕੋਟ, ਬਠਿੰਡਾ, ਧੂਰੀ, ਪਟਿਆਲਾ, ਅੰਬਾਲਾ ਕੈਂਟ, ਪਾਣੀਪਤ ਤੇ ਨਵੀਂ ਦਿੱਲੀ ਸਟੇਸ਼ਨਾਂ ’ਤੇ ਦੋਵਾਂ ਦਿਸ਼ਾਵਾਂ ’ਚ ਰੁਕੇਗੀ।

ਇਹ ਖਬਰ ਵੀ ਪੜ੍ਹੋ : Vande Bharat Trains: ਪੀਐਮ ਮੋਦੀ ਨੇ ਕਾਸ਼ੀ ਤੋਂ 4 ਵੰਦੇ ਭਾਰਤ ਟ੍ਰੇਨਾਂ ਨੂੰ ਦਿਖਾਈ ਹਰੀ ਝੰਡੀ

ਇਹ ਟ੍ਰੇਨ ਫਿਰੋਜ਼ਪੁਰ ਤੋਂ ਸਵੇਰੇ 7.35 ਵਜੇ ਰਵਾਨਾ ਹੋਵੇਗੀ ਤੇ ਦੁਪਹਿਰ 2.35 ਵਜੇ ਨਵੀਂ ਦਿੱਲੀ ਪਹੁੰਚੇਗੀ, ਜਦੋਂ ਕਿ ਨਵੀਂ ਦਿੱਲੀ ਤੋਂ ਇਹ ਸ਼ਾਮ 4 ਵਜੇ ਫਿਰੋਜ਼ਪੁਰ ਲਈ ਰਵਾਨਾ ਹੋਵੇਗੀ ਤੇ ਰਾਤ 10.35 ਵਜੇ ਉੱਥੇ ਪਹੁੰਚੇਗੀ। ਰੇਲਵੇ ਮੰਤਰਾਲੇ ਦਾ ਕਹਿਣਾ ਹੈ ਕਿ ਇਸ ਨਵੀਂ ਰੇਲਗੱਡੀ ਤੋਂ ਵਪਾਰ, ਸੈਰ-ਸਪਾਟਾ ਤੇ ਰੁਜ਼ਗਾਰ ਦੇ ਮੌਕਿਆਂ ਨੂੰ ਹੁਲਾਰਾ ਮਿਲਣ, ਸਰਹੱਦੀ ਖੇਤਰਾਂ ਦੇ ਸਮਾਜਿਕ ਤੇ ਆਰਥਿਕ ਵਿਕਾਸ ’ਚ ਯੋਗਦਾਨ ਪਾਉਣ ਤੇ ਰਾਸ਼ਟਰੀ ਬਾਜ਼ਾਰਾਂ ਨਾਲ ਬਿਹਤਰ ਏਕੀਕਰਨ ਨੂੰ ਉਤਸ਼ਾਹਿਤ ਕਰਨ ਦੀ ਉਮੀਦ ਹੈ। ਇਸ ਦੇ ਨਾਲ ਹੀ, ਰੇਲਵੇ ਵਿਭਾਗ ਨੇ ਟ੍ਰੇਨ ਨੰਬਰ 22485-22486 ਨਵੀਂ ਦਿੱਲੀ – ਮੋਗਾ ਵਾਇਆ ਲੁਧਿਆਣਾ ਇੰਟਰਸਿਟੀ ਐਕਸਪ੍ਰੈਸ ਰੇਲਗੱਡੀ ਨੂੰ ਫਿਰੋਜ਼ਪੁਰ ਤੱਕ ਵਧਾਉਣ ਲਈ ਵੀ ਸਹਿਮਤੀ ਦੇ ਦਿੱਤੀ ਹੈ, ਜੋ ਕਿ ਅੱਜ ਤੋਂ ਸ਼ੁਰੂ ਹੋ ਗਈ ਹੈ। Vande Bharat Punjab