Dengue Cases In Punjab: ਡੇਂਗੂ ਪੰਜਾਬ ’ਚ ਇੱਕ ਵਾਰ ਮੁੜ ਪਸਾਰਨ ਲੱਗਾ ਪੈਰ

Dengue Cases In Punjab
Dengue Cases In Punjab: ਡੇਂਗੂ ਪੰਜਾਬ ’ਚ ਇੱਕ ਵਾਰ ਮੁੜ ਪਸਾਰਨ ਲੱਗਾ ਪੈਰ

Dengue Cases In Punjab: ਡੇਂਗੂ ਦਾ ਕਹਿਰ ਪਿਛਲੇ ਸਮੇਂ ਦੀ ਤਰ੍ਹਾਂ ਇਸ ਵਾਰੀ ਵੀ ਪੂਰੇ ਪੰਜਾਬ ’ਚ ਪੈਰ ਪਸਾਰ ਰਿਹਾ ਹੈ, ਜਿਸ ਕਾਰਨ ਲੋਕਾਂ ’ਚ ਭਾਰੀ ਸਹਿਮ ਪਾਇਆ ਜਾ ਰਿਹਾ ਹੈ। ਸਰਕਾਰੀ ਹਸਪਤਾਲਾਂ ਤੇ ਨਿੱਜੀ ਲੈਬਾਂ ਵਿੱਚ ਮਰੀਜ਼ਾਂ ਦੀ ਗਿਣਤੀ ਵਧ ਰਹੀ ਹੈ। 25 ਅਕਤੂਬਰ 2025 ਨੂੰ ਅੰਮ੍ਰਿਤਸਰ (146), ਗੁਰਦਾਸਪੁਰ (82), ਸੰਗਰੂਰ (35), ਤਰਨਤਾਰਨ (246), ਫਿਰੋਜ਼ਪੁਰ (45), ਨਵਾਂਸ਼ਹਿਰ (30) ਇੰਨੇ ਮਾਮਲੇ ਜ਼ਿਲ੍ਹੇਵਾਰ ਡੇਂਗੂ ਦੀ ਸਥਿਤੀ ਸਬੰਧੀ ਦਰਜ ਕੀਤੇ ਗਏ। ਪੰਜਾਬ ਵਿੱਚ ਬਰਸਾਤ ਅਤੇ ਹੜ੍ਹਾਂ ਕਾਰਨ ਡੇਂਗੂ ਕੇਸਾਂ ’ਚ ਵਾਧਾ ਹੋਇਆ ਹੈ। 2025 ਅਕਤੂਬਰ ਮਹੀਨੇ ’ਚ ਰਿਪੋਰਟਸ ਮੁਤਾਬਕ ਡੇਂਗੂ ਪਾਜ਼ੀਟਿਵਿਟੀ ਦਰ 11.5% ਤੱਕ ਚਲੀ ਗਈ ਸੀ।

ਇਹ ਖਬਰ ਵੀ ਪੜ੍ਹੋ : Stubble Management: ਡੀਸੀ ਅਤੇ ਐਸਐਸਪੀ ਵੱਲੋਂ ਪਰਾਲੀ ਪ੍ਰਬੰਧਨ ਨੂੰ ਲੈ ਕੇ ਵੱਖ-ਵੱਖ ਪਿੰਡਾਂ ਅਤੇ ਪਰਾਲੀ ਡੰਪਾਂ ਦਾ …

ਜੋ ਪਹਿਲਾਂ 3.8% ਸੀ। ਇਹ ਬਿਮਾਰੀ ਦੇਸ਼ ਵਿਚ ਦੋ ਸੌ ਸਾਲ ਪੁਰਾਣੀ ਹੈ ਪਰ ਵਿਗਿਆਨੀਆਂ ਨੇ ਇਸ ਦੀ ਪੁਸ਼ਟੀ 1945 ਵਿਚ ਕਲਕੱਤੇ ਵਿਖੇ ਕੀਤੀ ਸੀ। 1996 ਦੇ ਅੰਕੜਿਆਂ ਅਨੁਸਾਰ ਦਿੱਲੀ ਵਿਚ ਹੋਈਆਂ 374 ਮੌਤਾਂ ਸਮੇਤ ਉਸ ਸਾਲ 425 ਤੋਂ ਜ਼ਿਆਦਾ ਲੋਕ ਭਾਰਤ ਵਿਚ ਡੇਂਗੂ ਬੁਖਾਰ ਨਾਲ ਮਰੇ ਸਨ ਅਤੇ 10,000 ਤੋਂ ਜ਼ਿਆਦਾ ਲੋਕ ਇਸ ਦੇ ਅਸਰ ਅਧੀਨ ਆ ਗਏ ਸਨ। ਵਿਸ਼ਵ ਸਿਹਤ ਸੰਗਠਨ ਅਨੁਸਾਰ ਜਨਵਰੀ ਤੋਂ ਜੁਲਾਈ 2025 ਤੱਕ ਦੁਨੀਆ ਭਰ ਵਿੱਚ 40 ਲੱਖ ਤੋਂ ਵੱਧ ਕੇਸ ਅਤੇ 3,000 ਤੋਂ ਵੱਧ ਮੌਤਾਂ ਦਰਜ ਹੋਈਆਂ ਹਨ। ਡੇਂਗੂ ਵਾਇਰਸ ਦੀਆਂ ਚਾਰ ਕਿਸਮਾਂ ਹਨ- ਡੀਈਐੱਨਵੀ-1, ਡੀਈਐੱਨਵੀ-2, ਡੀਈਐੱਨਵੀ-3 ਅਤੇ ਡੀਈਐੱਨਵੀ-4।

ਇਸ ਸਮੇਂ ਸਭ ਤੋਂ ਵੱਧ ਦੇਖਿਆ ਜਾਣ ਵਾਲਾ ਵਾਇਰਸ ਡੀਈਐੱਨਵੀ-2 ਹੈ, ਜਿਸ ਨੂੰ ਸਭ ਤੋਂ ਖਤਰਨਾਕ ਮੰਨਿਆ ਜਾਂਦਾ ਹੈ। ਇਹ ਰੂਪ ਗੰਭੀਰ ਲੱਛਣਾਂ ਦਾ ਕਾਰਨ ਬਣਦਾ ਹੈ, ਜਿਸ ਵਿੱਚ ਤੇਜ਼ ਬੁਖਾਰ, ਉਲਟੀਆਂ, ਪੇਟ ਦਰਦ, ਖੂਨ ਵਗਣਾ, ਬੇਚੈਨੀ ਤੇ ਮਾਨਸਿਕ ਭਰਮ ਸ਼ਾਮਲ ਹਨ। ਜੇਕਰ ਤੁਰੰਤ ਇਲਾਜ ਨਾ ਕੀਤਾ ਜਾਵੇ, ਤਾਂ ਇਹ ਡੇਂਗੂ ਹੈਮੋਰੈਜਿਕ ਸਿੰਡਰੋਮ ਤੇ ਡੇਂਗੂ ਸ਼ੌਕ ਸਿੰਡਰੋਮ ਵਰਗੀਆ ਜਾਨਲੇਵਾ ਸਥਿਤੀਆਂ ਦਾ ਕਾਰਨ ਬਣ ਸਕਦਾ ਹੈ। ਡੇਂਗੂ ਦੇ ਲੱਛਣ ਉਦੋਂ ਤੱਕ ਬਣੇ ਰਹਿੰਦੇ ਹਨ ਜਦੋਂ ਤੱਕ ਤਾਪਮਾਨ 16 ਡਿਗਰੀ ਸੈਲਸੀਅਸ ਤੱਕ ਨਹੀਂ ਜਾਂਦਾ। ਡੇਂਗੂ ਫੈਲਾਉਣ ਵਾਲੇ ਮੱਛਰਾਂ ਵਿਚ ਵਾਧਾ ਲੰਘੇ ਮਾਨਸੂਨ ਤੇ ਹਵਾ ਵਿਚ ਨਮੀ ਕਾਰਨ ਹੁੰਦਾ ਹੈ।

ਇਹ ਵਿਸ਼ਾਣੂ ਏਡਿਸ ਏਜਿਪਟੀ ਪ੍ਰਜਾਤੀ ਮਾਦਾ ਮੱਛਰਾਂ ਤੋਂ ਪੈਦਾ ਹੁੰਦਾ ਹੈ। ਇਹ ਮੱਛਰ 3 ਤੋਂ 4 ਮਿਲੀਮੀਟਰ ਲੰਬਾ ਅਤੇ ਕਾਲੇ ਤੇ ਸਫੈਦ ਧੱਬਿਆ ਵਾਲਾ ਹੁੰਦਾ ਹੈ। ਇਸ ਦੇ ਕੀਟਾਣੂਆਂ ਦਾ ਵਿਸਥਾਰ ਰੋਗੀ ਦੇ ਸਰੀਰ ਵਿਚ 2 ਤੋਂ 7 ਦਿਨਾਂ ਤੱਕ ਹੁੰਦਾ ਹੈ। ਇਹ ਬੁਖਾਰ ਬੜੀ ਤੇਜੀ ਨਾਲ ਫੈਲਦਾ ਹੈ। ਇਸ ਦਾ ਕਾਰਨ ਇਹ ਹੈ ਕਿ ਡੇਂਗੂ ਦੇ ਰੋਗੀ ਨੂੰ ਡੰਗਣ ਮਗਰੋਂ ਮੱਛਰ ਵੀ ਇਸੇ ਦੇ ਵਾਇਰਸ ਨਾਲ ਇਨਫੈਕਟਿਡ ਹੋ ਜਾਂਦਾ ਹੈ। ਜਦੋਂ ਇਹ ਤੰਦਰੁਸਤ ਵਿਅਕਤੀ ਨੂੰ ਕੱਟਦਾ ਹੈ ਤਾਂ ਉਸ ਨੂੰ ਡੇਂਗੂ ਦੀ ਇਨਫੈਕਸ਼ਨ ਹੋ ਜਾਂਦੀ ਹੈ ਤੇ ਉਹ ਵੀ ਡੇਂਗੂ ਦਾ ਰੋਗੀ ਬਣ ਜਾਂਦਾ ਹੈ। ਇਸ ਮੱਛਰ ਦੀ ਪਿਆਸ ਨਹੀਂ ਬੁੱਝਦੀ ਕਿਉਂਕਿ ਇਸ ਨੂੰ ਆਪਣੇ ਆਂਡਿਆਂ ਦੇ ਵਿਕਾਸ ਲਈ ਖੂਨ ਦੀ ਲੋੜ ਹੁੰਦੀ ਹੈ।

ਇਹ ਮਾਦਾ ਮੱਛਰ ਐਨੀ ਚਲਾਕ ਹੁੰਦੀ ਹੈ ਕਿ ਉੱਡਦੇ ਸਮੇਂ ਭਿਣਕਦੀ ਨਹੀਂ ਅਤੇ ਚੁੱਪ-ਚਾਪ ਕਿਸੇ ਵੀ ਆਦਮੀ ਦੇ ਸਰੀਰ ਨੂੰ ਕੱਟ ਕੇ ਖੂਨ ਚੂਸ ਲੈਂਦੀ ਹੈ ਇਹ ਆਮ ਤੌਰ ’ਤੇ ਮੇਜ਼, ਕੁਰਸੀਆਂ, ਪਲੰਘ ਅਤੇ ਮੰਜੇ ਹੇਠਾਂ ਰੱਖੇ ਪੈਰ, ਲੱਤਾਂ ਅਤੇ ਗੋਡਿਆਂ ਤੋਂ ਕੱਟਦੀ ਹੈ। ਡੇਂਗੂ ਪੀੜਤ ਵਿਅਕਤੀ ਦੇ ਡੰਗਣ ਬਾਅਦ ਢਿੱਡ ਪੀੜ ਹੋਣ ਲੱਗਦੀ ਹੈ, ਭਾਰੀ ਸਿਰ ਦਰਦ, ਸਰੀਰ ਦੇ ਜੋੜਾਂ ਅਤੇ ਪੱਠਿਆਂ ਵਿਚ ਦਰਦ ਹੋਣ ਲੱਗਦਾ ਹੈ, ਪਾਚਣ ਸ਼ਕਤੀ ਕਮਜ਼ੋਰ ਹੋਣ ਕਰਕੇ ਹਾਜ਼ਮਾ ਘਟ ਜਾਂਦਾ ਹੈ, ਕੌਫੀ ਜਾਂ ਲਾਲ ਰੰਗ ਦੀਆਂ ਉਲਟੀਆਂ ਲੱਗ ਜਾਂਦੀਆਂ ਹਨ।

ਉੱਪਰਲਾ ਬਲੱਡ ਪ੍ਰੈਸ਼ਰ ਘਟ ਕੇ 120 ਤੋਂ 90 ਹੋ ਜਾਂਦਾ ਹੈ। ਉਸ ਦੀ ਹਾਲਤ ਸਭ ਤੋਂ ਵਧੇਰੇ ਉਦੋਂ ਗੰਭੀਰ ਹੋ ਜਾਂਦੀ ਹੈ ਜਦੋਂ ਉਨ੍ਹਾਂ ਵਿਚ ਪਲੇਟਲੈਟ-ਸੈੱਲਾਂ ਦੀ ਬੇਹੱਦ ਘਾਟ ਹੋ ਜਾਂਦੀ ਹੈ। ਇਸ ਦੇ ਨਾਲ ਉਸ ਦੇ ਅੰਦਰ ਜਖਮ ਹੋ ਜਾਂਦੇ ਹਨ, ਖੂਨ ਵਗਣ ਲੱਗਦਾ ਹੈ। ਜੇਕਰ ਉਸ ਸਮੇਂ ਖੂਨ ਚੜ੍ਹਾ ਦਿੱਤਾ ਜਾਵੇ ਤਾਂ ਉਸ ਨੂੰ ਮਰਨ ਤੋਂ ਬਚਾਇਆ ਜਾ ਸਕਦਾ ਹੈ। ਕੁੱਝ ਦੇ ਨੱਕ ਵਿਚ ਖੂਨ ਆਉਣ ਲੱਗਦਾ ਹੈ। ਇਸ ਲਈ ਦੋ ਟੈਸਟ ਕੀਤੇ ਜਾਂਦੇ ਹਨ। ਇੱਕ ਨਾਲ ਸਰੀਰ ਵਿਚ ਪਾਣੀ ਦੀ ਕਮੀ ਤੇ ਦੂਸਰੇ ਨਾਲ ਖੂਨ ਵਿਚ ਪਲੇਟਲੈਟਸ ਦੀ ਘਾਟ ਦੀ ਜਾਂਚ ਕੀਤੀ ਜਾਂਦੀ ਹੈ। ਮੱਛਰਾਂ ਤੋਂ ਬਚਣ ਲਈ ਪੂਰੇ ਕੱਪੜੇ ਪਾਓ। ਜੇਕਰ ਅਚਾਨਕ ਬੁਖਾਰ ਹੋ ਜਾਂਦਾ ਤਾਂ ਉਸ ਸਮੇਂ ਹਸਪਤਾਲ ਵਿਚ ਜਾ ਕੇ ਖੂਨ ਦੀ ਜਾਂਚ ਕਰਵਾਉਣੀ ਚਾਹੀਦੀ ਹੈ ਤਾਂ ਕਿ ਇਸ ਬਿਮਾਰੀ ਨੂੰ ਰੋਕਿਆ ਜਾ ਸਕੇ। Dengue Cases In Punjab

ਡੇਂਗੂ ਦੇ ਬਚਾਅ ਲਈ ਜ਼ਰੂਰੀ ਹੈ ਕਿ ਸਰਕਾਰੀ ਅਤੇ ਗੈਰ-ਸਰਕਾਰੀ ਪੱਧਰ ’ਤੇ ਸਭਨਾਂ ਸੰਬੰਧਤ ਲੋਕਾਂ ਨੂੰ ਲਾਮਬੰਦ ਕਰਕੇ ਆਪਣੇ ਘਰ ਦੇ ਆਸ-ਪਾਸ ਸਫ਼ਾਈ ਵੱਲ ਧਿਆਨ ਦਿੱਤਾ ਜਾਵੇ। ਜੇਕਰ ਪੰਜਾਬ ਦੇ ਅੰਦਰ ਸਮੁੱਚੀ ਸਿਹਤ ਭਲਾਈ ਵਿਚ ਸੁਧਾਰ ਨਾ ਕੀਤਾ ਗਿਆ ਤਾਂ ਇਹੋ-ਜਿਹੀਆਂ ਹੋਰ ਨਾ-ਮੁਰਾਦ ਬਿਮਾਰੀਆਂ ਦੀ ਤਰਾਸਦੀ ਲੋਕ ਭੋਗਦੇ ਹੀ ਰਹਿਣਗੇ। ਇਹ ਬਿਮਾਰੀ ਕੁਦਰਤੀ ਕਰੋਪੀ ਹੈ ਅਤੇ ਇਸ ਨੂੰ ਜੜ੍ਹੋਂ ਖਤਮ ਕਰਨ ਲਈ ਲੋਕਾਂ ਦੀ ਭਾਈਵਾਲੀ ਹੋਣੀ ਜ਼ਰੂਰੀ ਹੈ। ਲੋਕਾਂ ਨੂੰ ਵੀ ਚਾਹੀਦਾ ਹੈ ਕਿ ਉਹ ਸਾਵਧਾਨੀ ਅਤੇ ਚੌਕਸੀ ਵਰਤਣ।

ਡਾ. ਕ੍ਰਿਸ਼ਨ ਲਾਲ,
ਵਾਰਡ ਨੰ: 9, ਚੌੜੀ ਗਲੀ, ਬੁਢਲਾਡਾ (ਮਾਨਸਾ)
ਮੋ. 62831-16797