Desert Greenery Project: ਰੇਗਿਸਤਾਨ ਦੀ ਰੇਤ ’ਚ ਵਧੇਗੀ ਹਰਿਆਲੀ

Desert Greenery Project
Desert Greenery Project: ਰੇਗਿਸਤਾਨ ਦੀ ਰੇਤ ’ਚ ਵਧੇਗੀ ਹਰਿਆਲੀ

Desert Greenery Project: ਰਾਜਸਥਾਨ ਦੀ ਤਪਦੀ ਰੇਤ, ਤੇਜ਼ ਹਵਾਵਾਂ ਅਤੇ ਧੁੱਪ ਨਾਲ ਝੁਲਸਦੀ ਧਰਤੀ- ਇਹ ਦ੍ਰਿਸ਼ ਆਮ ਹੈ। ਪਰ ਇਨ੍ਹਾਂ ਹੀ ਰੇਤਲੇ ਟਿੱਬਿਆਂ ਵਿਚਕਾਰ ਜਦੋਂ ਹਰੀ ਕਣਕ ਦੇ ਬੂਟੇ ਝੂਮਦੇ ਨਜ਼ਰ ਆਏ, ਤਾਂ ਇਹ ਕਿਸੇ ਸੁਫਨੇ ਤੋਂ ਘੱਟ ਨਹੀਂ ਲੱਗਾ। ਅਜਮੇਰ ਜ਼ਿਲ੍ਹੇ ਦੇ ਬਾਂਸੇਲੀ ਪਿੰਡ ਵਿੱਚ ਸੈਂਟਰਲ ਯੂਨੀਵਰਸਿਟੀ ਆਫ਼ ਰਾਜਸਥਾਨ ਦੇ ਵਿਗਿਆਨੀਆਂ ਨੇ ਉਹ ਕਰ ਵਿਖਾਇਆ ਜੋ ਦਹਾਕਿਆਂ ਤੋਂ ਅਸੰਭਵ ਮੰਨਿਆ ਜਾਂਦਾ ਸੀ- ਉਨ੍ਹਾਂ ਨੇ ਰੇਗਿਸਤਾਨ ਦੀ ਰੇਤ ਵਿੱਚ ਕਣਕ ਦੀ ਫ਼ਸਲ ਉਗਾਈ। ਇਹ ਸਿਰਫ਼ ਇੱਕ ਵਿਗਿਆਨਕ ਪ੍ਰਯੋਗ ਨਹੀਂ, ਸਗੋਂ ਉਮੀਦ ਦਾ ਅਜਿਹਾ ਬੀਜ ਹੈ, ਜੋ ਆਉਣ ਵਾਲੇ ਸਮੇਂ ਵਿੱਚ ਰੇਗਿਸਤਾਨਾਂ ਨੂੰ ਉਪਜਾਊ ਖੇਤਾਂ ਵਿੱਚ ਬਦਲ ਸਕਦਾ ਹੈ। Desert Greenery Project

ਇਹ ਖਬਰ ਵੀ ਪੜ੍ਹੋ : ਸੇਵਾ ਤੇ ਸਿਮਰਨ ਸਤਿਸੰਗੀ ਦੇ ਅਨਮੋਲ ਗਹਿਣੇ ਹਨ: ਪੂਜਨੀਕ ਗੁਰੂ ਜੀ

ਇਹ ਪ੍ਰਯੋਗ ‘ਰੇਗਿਸਤਾਨ ਮਿੱਟੀਕਰਨ’ ਨਾਮਕ ਤਕਨੀਕ ਨਾਲ ਕੀਤਾ ਗਿਆ, ਜੋ ਸਵਦੇਸ਼ੀ ਬਾਇਓਫਾਰਮੂਲੇਸ਼ਨ ’ਤੇ ਆਧਾਰਿਤ ਹੈ। ਵਿਗਿਆਨੀਆਂ ਨੇ ਰੇਤ ਦੇ ਸੂਖਮ ਕਣਾਂ ਨੂੰ ਆਪਸ ਵਿੱਚ ਇਸ ਤਰ੍ਹਾਂ ਜੋੜਿਆ ਕਿ ਉਨ੍ਹਾਂ ਵਿੱਚ ਮਿੱਟੀ ਵਰਗੀ ਬਣਤਰ ਵਿਕਸਿਤ ਹੋ ਗਈ- ਜੋ ਨਾ ਸਿਰਫ਼ ਪਾਣੀ ਸੋਖ ਸਕੇ ਸਗੋਂ ਬੂਟਿਆਂ ਨੂੰ ਪੋਸ਼ਣ ਵੀ ਦੇ ਸਕੇ। ਨਵੰਬਰ 2024 ਵਿੱਚ ਸਿਰਫ਼ ਇੱਕ ਹਜ਼ਾਰ ਵਰਗ ਮੀਟਰ ਜ਼ਮੀਨ ’ਤੇ ਬੀਜੇ ਗਏ 13 ਕਿਲੋਗ੍ਰਾਮ ਕਣਕ ਦੇ ਬੀਜ ਤੋਂ ਅਪਰੈਲ 2025 ਵਿੱਚ 260 ਕਿਲੋਗ੍ਰਾਮ ਦੀ ਸ਼ਾਨਦਾਰ ਪੈਦਾਵਾਰ ਮਿਲੀ, ਉਹ ਵੀ ਸਿਰਫ਼ ਤਿੰਨ ਵਾਰ ਸਿੰਚਾਈ ਕਰਕੇ। ਇਹ ਉਪਲੱਬਧੀ ਦਿਖਾਉਂਦੀ ਹੈ ਕਿ ਸਹੀ ਤਕਨੀਕ ਅਤੇ ਸਮੱਰਪਣ ਨਾਲ ਕੁਦਰਤ ਦੀਆਂ ਪਰਤਾਂ ਫਰੋਲੀਆਂ ਜਾ ਸਕਦੀਆਂ ਹਨ। ਪਰ ਇਹ ਕਹਾਣੀ ਸਿਰਫ਼ ਇੱਕ ਖੇਤ ਦੀ ਨਹੀਂ ਹੈ। Desert Greenery Project

ਇਹ ਉਸ ਸੰਸਾਰਿਕ ਚੁਣੌਤੀ ਨਾਲ ਜੁੜੀ ਹੈ ਜਿਸ ਨੂੰ ਅਸੀਂ ‘ਮਾਰੂਥਲੀਕਰਨ’ ਕਹਿੰਦੇ ਹਾਂ- ਭਾਵ ਉਪਜਾਊ ਜ਼ਮੀਨ ਦਾ ਹੌਲੀ-ਹੌਲੀ ਬੰਜਰ ਤੇ ਰੇਗਿਸਤਾਨੀ ਬਣ ਜਾਣਾ। ਸੰਯੁਕਤ ਰਾਸ਼ਟਰ ਦੀ ਰਿਪੋਰਟ ਦੱਸਦੀ ਹੈ ਕਿ ਦੁਨੀਆਂ ਦੀ 41 ਫੀਸਦੀ ਜ਼ਮੀਨ ਖੁਸ਼ਕ ਇਲਾਕਿਆਂ ਵਿੱਚ ਬਦਲ ਚੁੱਕੀ ਹੈ ਤੇ ਹਰ ਸਾਲ ਲਗਭਗ 12 ਮਿਲੀਅਨ ਹੈਕਟੇਅਰ ਖੇਤੀਯੋਗ ਜ਼ਮੀਨ ਮਾਰੂਥਲ ’ਚ ਤਬਦੀਲ ਹੋ ਜਾਂਦੀ ਹੈ, ਜੋ ਪੁਰਤਗਾਲ ਤੋਂ ਵੀ ਵੱਡਾ ਖੇਤਰ ਹੈ। ਇਹ ਪ੍ਰਕਿਰਿਆ ਸਿਰਫ਼ ਕੁਦਰਤੀ ਨਹੀਂ, ਸਗੋਂ ਮਨੁੱਖੀ ਵੀ ਹੈ। ਜੰਗਲਾਂ ਦੀ ਅੰਨ੍ਹੇਵਾਹ ਕਟਾਈ, ਰਸਾਇਣਕ ਖਾਦਾਂ ਦੀ ਵਧੇਰੇ ਵਰਤੋਂ ਤੇ ਅਸੰਤੁਲਿਤ ਖੇਤੀ ਨੇ ਧਰਤੀ ਦੀ ਉਪਜਾਊ ਸ਼ਕਤੀ ਖੋਹ ਲਈ ਹੈ। Desert Greenery Project

ਜਲਵਾਯੂ ਤਬਦੀਲੀ ਨੇ ਇਸ ਸੰਕਟ ਨੂੰ ਹੋਰ ਡੂੰਘਾ ਕਰ ਦਿੱਤਾ ਹੈ। ਬੇਨੇਮੀ ਬਰਸਾਤ, ਸੋਕਾ ਤੇ ਵਧਦੇ ਤਾਪਮਾਨ ਨੇ ਮਿੱਟੀ ਦੀ ਨਮੀ ਨੂੰ ਸੋਖ ਲਿਆ ਹੈ। ਬਿਨਾ ਸ਼ੱਕ ਰਾਜਸਥਾਨ ਯੂਨੀਵਰਸਿਟੀ ਦੀ ‘ਬਾਇਓਫਾਰਮੂਲੇਸ਼ਨ ਤਕਨੀਕ’ ਨੇ ਇੱਕ ਨਵਾਂ ਅਧਿਆਏ ਜੋੜਿਆ ਹੈ। ਇਸ ਤਕਨੀਕ ਵਿੱਚ ਤਿੰਨ ਵਿਸ਼ੇਸ਼ ਜੈਵਿਕ ਫਾਰਮੂਲੇ ਰੇਤ ਦੇ ਕਣਾਂ ਨੂੰ ਆਪਸ ਵਿੱਚ ਜੋੜਦੇ ਹਨ, ਜਿਸ ਨਾਲ ਉਨ੍ਹਾਂ ਦੀ ਪਾਣੀ ਸੋਖਣ ਦੀ ਸਮਰੱਥਾ ਵਧ ਜਾਂਦੀ ਹੈ ਅਤੇ ਸੂਖਮਜੀਵ ਸਰਗਰਮ ਹੋ ਕੇ ਬੂਟਿਆਂ ਦੀਆਂ ਜੜ੍ਹਾਂ ਨੂੰ ਮਜ਼ਬੂਤੀ ਦਿੰਦੇ ਹਨ। ਦੂਜੇ ਗੇੜ ਦੇ ਪ੍ਰਯੋਗ ਵਿੱਚ ਜੈਸਲਮੇਰ ਦੀ ਰੇਤ ਉੱਤੇ ਬਾਜਰਾ, ਗੁਆਰ ਅਤੇ ਛੋਲੇ ਉਗਾਏ ਗਏ। Desert Greenery Project

ਜਿਸ ਵਿੱਚ ਆਮ ਜ਼ਮੀਨ ਦੀ ਤੁਲਨਾ ਵਿੱਚ 54 ਪ੍ਰਤੀਸ਼ਤ ਵੱਧ ਪੈਦਾਵਾਰ ਪ੍ਰਾਪਤ ਹੋਈ। ਇਸ ਤਕਨੀਕ ਦਾ ਮਹੱਤਵ ਸਿਰਫ਼ ਵਿਗਿਆਨਕ ਨਜ਼ਰੀਏ ਨਾਲ ਨਹੀਂ, ਸਗੋਂ ਸਮਾਜਿਕ, ਆਰਥਿਕ ਅਤੇ ਈਕੋਲਾਜੀ ਨਜ਼ਰੀਏ ਤੋਂ ਵੀ ਵੱਧ ਹੈ। ਇੱਕ ਪਾਸੇ ਇਹ ਖੁਰਾਕ ਸੁਰੱਖਿਆ ਯਕੀਨੀ ਬਣਾ ਸਕਦੀ ਹੈ, ਤੇ ਦੂਜੇ ਪਾਸੇ ਪਾਣੀ ਸੰਭਾਲ ਵਿੱਚ ਵੀ ਕ੍ਰਾਂਤੀਕਾਰੀ ਭੂਮਿਕਾ ਨਿਭਾ ਰਹੀ ਹੈ। ਆਮ ਖੇਤੀ ਵਿੱਚ ਜਿੱਥੇ ਪੰਜ-ਛੇ ਵਾਰ ਸਿੰਚਾਈ ਕਰਨੀ ਪੈਂਦੀ ਹੈ, ਉੱਥੇ ਇਸ ਤਕਨੀਕ ਨਾਲ ਸਿਰਫ਼ ਤਿੰਨ-ਚਾਰ ਵਾਰ ਸਿੰਚਾਈ ਕਾਫ਼ੀ ਹੁੰਦੀ ਹੈ- ਭਾਵ ਲਗਭਗ 50 ਫੀਸਫੀ ਪਾਣੀ ਦੀ ਬੱਚਤ। ਇਹ ਉਨ੍ਹਾਂ ਇਲਾਕਿਆਂ ਲਈ ਵਰਦਾਨ ਸਾਬਤ ਹੋ ਸਕਦੀ ਹੈ, ਜੋ ਲਗਾਤਾਰ ਪਾਣੀ ਦੀ ਕਮੀ ਦਾ ਸੰਕਟ ਝੱਲ ਰਹੇ ਹਨ।

ਆਰਥਿਕ ਨਜ਼ਰੀਏ ਤੋਂ ਵੇਖੀਏ ਤਾਂ ਪੈਦਾਵਾਰ ਵਧਣ ਨਾਲ ਕਿਸਾਨਾਂ ਦੀ ਆਮਦਨ ਵਿੱਚ ਦੁੱਗਣਾ ਵਾਧਾ ਸੰਭਵ ਹੈ, ਜਿਸ ਨਾਲ ਗਰੀਬੀ ਅਤੇ ਪਲਾਇਨ ਦੀ ਸਮੱਸਿਆ ਵੀ ਘਟੇਗੀ। ਸੰਸਾਰ ਪੱਧਰ ’ਤੇ ਇਸ ਤਕਨੀਕ ਨਾਲ ਹਰ ਸਾਲ 42 ਅਰਬ ਡਾਲਰ ਦਾ ਖੇਤੀ ਨੁਕਸਾਨ ਘਟਾਇਆ ਜਾ ਸਕਦਾ ਹੈ। ਈਕੋਲੋਜੀ ਨਜ਼ਰੀਏ ਤੋਂ ਇਹ ਤਕਨੀਕ ਕਾਰਬਨ ਡਾਈਆਕਸਾਈਡ ਸੋਖਣ ਵਧਾ ਕੇ ਜਲਵਾਯੂ ਤਬਦੀਲੀ ਨੂੰ ਵੀ ਸੰਤੁਲਿਤ ਕਰਨ ਵਿੱਚ ਸਹਾਇਕ ਹੈ। ਜੈਵ-ਵਿਭਿੰਨਤਾ ਦੀ ਰੱਖਿਆ, ਮਿੱਟੀ ਦੀ ਗੁਣਵੱਤਾ ਵਿੱਚ ਸੁਧਾਰ ਅਤੇ ਹਰਿਆਲੀ ਵਧਾਉਣ ਵਿੱਚ ਇਸ ਦਾ ਯੋਗਦਾਨ ਅਨਮੋਲ ਹੈ। ਸਮਾਜਿਕ ਪੱਧਰ ’ਤੇ ਇਹ ਪਹਿਲਕਦਮੀ ਪੇਂਡੂ ਭਾਈਚਾਰਿਆਂ ਦੇ ਸ਼ਕਤੀਕਰਨ ਦੀ ਦਿਸ਼ਾ ’ਚ ਵੀ ਮੀਲ ਦਾ ਪੱਥਰ ਸਾਬਤ ਹੋ ਸਕਦੀ ਹੈ। Desert Greenery Project

ਜਦੋਂ ਸਥਾਨਕ ਲੋਕ ਤਕਨੀਕ ਨੂੰ ਅਪਣਾਉਣਗੇ ਅਤੇ ਉਸ ਤੋਂ ਲਾਭ ਕਮਾਉਣਗੇ, ਤਾਂ ਪਲਾਇਨ ਰੁਕੇਗਾ, ਰੁਜ਼ਗਾਰ ਵਧੇਗਾ ਅਤੇ ਜੀਵਨ ਪੱਧਰ ਵਿੱਚ ਸੁਧਾਰ ਆਵੇਗਾ। ਰਾਜਸਥਾਨ ਵਿੱਚ ਹੁਣ ਇਸ ਤਕਨੀਕ ਦਾ ਵਿਸਥਾਰ ਬਾਜਰਾ, ਮੂੰਗੀ ਤੇ ਗੁਆਰੇ ਵਰਗੀਆਂ ਫ਼ਸਲਾਂ ’ਤੇ ਵੀ ਕੀਤਾ ਜਾ ਰਿਹਾ ਹੈ, ਤਾਂ ਜੋ ਮਾਰੂਥਲੀ ਇਲਾਕਿਆਂ ਵਿੱਚ ਖੇਤੀ ਨੂੰ ਸਥਾਈ ਬਣਾਇਆ ਜਾ ਸਕੇ। ਹਾਲਾਂਕਿ ਇਸ ਰਾਹ ਵਿੱਚ ਚੁਣੌਤੀਆਂ ਵੀ ਘੱਟ ਨਹੀਂ ਹਨ। ਜਲਵਾਯੂ ਅਸਥਿਰਤਾ, ਸੋਕਾ, ਬੇਨੇਮੀ ਬਰਸਾਤ ਅਤੇ ਸ਼ੁਰੂਆਤੀ ਨਿਵੇਸ਼ ਦੀ ਉੱਚੀ ਲਾਗਤ ਵਰਗੀਆਂ ਰੁਕਾਵਟਾਂ ਇਸ ਨੂੰ ਵਿਆਪਕ ਪੱਧਰ ’ਤੇ ਅਪਣਾਉਣ ਵਿੱਚ ਮੁਸ਼ਕਲ ਪੈਦਾ ਕਰ ਰਹੀਆਂ ਹਨ।

ਛੋਟੇ ਕਿਸਾਨ ਇਸ ਲਈ ਲੋੜੀਂਦੇ ਸਾਧਨ ਜੁਟਾਉਣ ਵਿੱਚ ਅਸਮਰੱਥ ਹਨ। ਸਿਖਲਾਈ ਦੀ ਕਮੀ ਅਤੇ ਰਸਾਇਣਕ ਰਹਿੰਦ-ਖੂੰਹਦ ਨਾਲ ਮਿੱਟੀ ਦੀ ਗੁਣਵੱਤਾ ਉੱਤੇ ਲੰਮੇ ਸਮੇਂ ਦੇ ਪ੍ਰਭਾਵ ਵੀ ਇੱਕ ਗੰਭੀਰ ਚਿੰਤਾ ਹੈ। ਇਸ ਤੋਂ ਇਲਾਵਾ ਨੀਤੀਆਂ ਦੇ ਲਾਗੂਕਰਨ ਵਿੱਚ ਸੁਸਤੀ ਅਤੇ ‘ਗ੍ਰੇਟ ਗ੍ਰੀਨ ਵਾਲ’ ਵਰਗੇ ਪ੍ਰੋਜੈਕਟਾਂ ਦੀ ਹੌਲੀ ਤਰੱਕੀ ਨੇ ਵੀ ਰਫ਼ਤਾਰ ਨੂੰ ਰੋਕਿਆ ਹੈ। ਫਿਰ ਵੀ, ਇਹ ਯਤਨ ਦਰਸਾਉਂਦਾ ਹੈ ਕਿ ਜੇਕਰ ਇੱਛਾ-ਸ਼ਕਤੀ ਹੋਵੇ ਤਾਂ ਰੇਤ ਵੀ ਸੋਨਾ ਉਗਾ ਸਕਦੀ ਹੈ।

ਆਉਣ ਵਾਲੇ ਸਾਲਾਂ ਵਿੱਚ ਜੇਕਰ ਸਰਕਾਰ, ਵਿਗਿਆਨਕ ਸੰਸਥਾਵਾਂ, ਅਤੇ ਸਥਾਨਕ ਭਾਈਚਾਰੇ ਮਿਲ ਕੇ ਇਸ ਤਕਨੀਕ ਨੂੰ ਵੱਡੇ ਪੱਧਰ ’ਤੇ ਅਪਣਾਉਣ, ਤਾਂ 2025 ਤੋਂ 2030 ਦੇ ਵਿਚਕਾਰ ਨਾ ਸਿਰਫ਼ 1.5 ਅਰਬ ਹੈਕਟੇਅਰ ਜ਼ਮੀਨ ਨੂੰ ਮੁੜ-ਸੁਰਜੀਤ ਕੀਤਾ ਜਾ ਸਕਦਾ ਹੈ, ਸਗੋਂ ਇੱਕ ਨਵੀਂ ਹਰੀ ਅਰਥਵਿਵਸਥਾ ਵੀ ਖੜ੍ਹੀ ਕੀਤੀ ਜਾ ਸਕਦੀ ਹੈ। ਮਾਰੂਥਲ ਦੀ ਰੇਤ ਵਿੱਚ ਉੱਗਦੇ ਕਣਕ ਦੇ ਸਿੱਟੇ ਇਸ ਗੱਲ ਦੇ ਗਵਾਹ ਹਨ ਕਿ ਕੁਦਰਤ ਅਤੇ ਵਿਗਿਆਨ ਦਾ ਸੰਗਮ ਅਸੰਭਵ ਨੂੰ ਸੰਭਵ ਬਣਾ ਸਕਦਾ ਹੈ। ਜਦੋਂ ਬੰਜਰ ਜ਼ਮੀਨ ’ਚੋਂ ਜੀਵਨ ਪੁੰਗਰ ਪਵੇ, ਖੇਤੀ ਦੀ ਨੁਹਾਰ ਬਦਲਣੀ ਤੈਅ ਹੈ। Desert Greenery Project

(ਇਹ ਲੇਖਕ ਦੇ ਆਪਣੇ ਵਿਚਾਰ ਹਨ)
ਦੇਵੇਂਦਰਰਾਜ ਸੁਥਾਰ