Traffic Policy: ਸੜਕਾਂ ਸਬੰਧੀ ਨਿਯਮਾਂ ਤੇ ਟ੍ਰੈਫਿਕ ਨੀਤੀ ਦਾ ਬਣ ਜਾਣਾ ਮਹੱਤਵਪੂਰਨ ਨਹੀਂ ਹੁੰਦਾ, ਉਨ੍ਹਾਂ ਦਾ ਲਾਗੂ ਹੋਣਾ ਮਹੱਤਵਪੂਰਨ ਹੁੰਦਾ। ਟ੍ਰੈਫਿਕ ਨਿਯਮਾਂ ਦਾ ਲਾਗੂ ਨਾ ਹੋਣਾ ਸੜਕਾਂ ਨੂੰ ਖੂਨ ਪੀਣੀਆਂ ਬਣਾ ਰਿਹਾ। ਨਤੀਜਾ ਸੜਕਾਂ ’ਤੇ ਮੌਤ ਤਾਂਡਵ ਕਰ ਰਹੀ ਹੈ, ਅਖਬਾਰਾਂ ਦੇ ਪੰਨੇ ਖੂਨ ਨਾਲ ਲਥਪਥ ਹਨ, ਸਿਰਾਂ ਦੀਆਂ ਚੁੰਨੀਆਂ ਚਿੱਟੀਆਂ ਹੋ ਰਹੀਆਂ ਹਨ, ਭੈਣਾਂ ਦੇ ਹੱਥਾਂ ਵਿੱਚ ਰੱਖੜੀਆਂ ਹਨ ਪਰ ਬੰਨ੍ਹਣ ਲਈ ਬਾਂਹਾਂ ਘਟ ਰਹੀਆਂ ਹਨ, ਚਿੱਟੀਆਂ ਦਾੜ੍ਹੀਆਂ ਤੇ ਚੁਰੜੀਆਂ ਭਰੇ ਚਿਹਰੇ ਬੇਸਹਾਰਾ ਹੋ ਰਹੇ ਹਨ, ਯਤੀਮ ਦਰ ਵਧ ਰਹੀ ਹੈ। ਅੰਕੜੇ ਦੱਸ ਰਹੇ ਹਨ ਕਿ ਸੜਕਾਂ ਦੀ ਮੌਤ ਦਰ ਬਹੁਤ ਜ਼ਿਆਦਾ ਹੈ। ਸੜਕਾਂ ਨੂੰ ਹਰ ਮਨੁੱਖ ਆਪਣੀ ਇੱਛਾ ਅਨੁਸਾਰ ਵਰਤਦਾ ਹੈ, ਦੂਜੇ ਜਾਣ ਢੱਠੇ ਖੂਹ ਵਿੱਚ।
ਗਲਤ ਡ੍ਰਾਈਵਿੰਗ ਨੂੰ ਕੈਨੇਡਾ ਵਿੱਚ ਮਾਨਤਾ ਹੀ ਨਹੀਂ ਤੇ ਸਾਡੇ…। ਕੋਈ ਦੱਸੇ ਕਿ ਕਿਸੇ ਨੇ ਸਟਾਪ ਸਾਈਨ ਜੰਪ ਕਰ ਦਿੱਤਾ ਤਾਂ ਉਹਨੂੰ ਕੈਨੇਡਾ ਪੁਲਿਸ ਨੇ 750 ਡਾਲਰ ਜ਼ੁਰਮਾਨਾ ਠੋਕ ਦਿੱਤਾ ਭਾਵ ਅੱਧੇ ਮਹੀਨੇ ਦੀ ਕਮਾਈ ਸਕਿੰਟਾਂ ਚ ਗਈ। ਸਟਾਪ ਸਾਈਨ ਚੌਰਸਤਿਆਂ ’ਤੇ ਲੱਗੇ ਹੁੰਦੇ ਹਨ। ਇੱਥੇ ਸਭ ਰੁਕਦੇ ਹਨ। ਜੋ ਗੱਡੀ ਪਹਿਲਾਂ ਆਉਂਦੀ ਹੈ ਉਹੀ ਪਹਿਲਾਂ ਤੁਰਦੀ ਹੈ। ਸਟਾਪ ਸਾਈਨ ਜੰਪ ਦਾ ਜ਼ੁਰਮਾਨਾ 240 ਡਾਲਰ ਹੈ। ਜਦ ਉਸ ਬੰਦੇ ਨੇ ਕਿਹਾ ਕਿ 240 ਡਾਲਰ ਜ਼ੁਰਮਾਨਾ ਕਰੋ।
Read Also : ਦੀਵਾਲੀ ਬੋਨਸ ਘੱਟ ਮਿਲਣ ’ਤੇ ਭੜਕੇ ਕਰਮਚਾਰੀ, ਲੈ ਲਿਆ ਵੱਡਾ ਫ਼ੈਸਲਾ
ਪੁਲਿਸ ਕਹਿਣ ਲੱਗੀ ਕਿ ਤੁਹਾਡੀ ਗੱਡੀ ਲਗਭਗ ਐਨਾ ਨੁਕਸਾਨ ਕਰ ਸਕਦੀ ਸੀ। ਵਿੰਨੀਪੈਗ ਅਪਾਰਟਮੈਂਟ ਦੇ ਅੱਗੇ ਕਾਰ ਪਾਰਕ ਕਰਕੇ ਅਸੀਂ ਤਾਏ ਦੇ ਮੁੰਡੇ ਘਰ ਰਾਤ ਦੇ ਖਾਣੇ ਲਈ ਚਲੇ ਗਏ। ਖਾਣਾ ਖਾ ਕੇ ਜਦ ਵਾਪਸ ਆਏ ਤਾਂ ਕਾਰ ਉੱਥੇ ਨਹੀਂ ਸੀ। ਅਸੀਂ ਡਰ ਗਏ ਕਿ ਕਾਰ ਚੋਰੀ ਹੋ ਗਈ। ਪੁਲਿਸ ਹੈਲਪ ਲਾਈਨ ਨੰਬਰ ’ਤੇ ਕਾਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਗੱਡੀ ਟੋ ਹੋ ਗਈ। ਅੱਧੀ ਰਾਤ ਨੂੰ ਸਾਊਥ ’ਚੋਂ 72 ਡਾਲਰ ਜੁਰਮਾਨਾ ਭਰਕੇ ਕਾਰ ਲੈ ਕੇ ਆਏ ਤੇ ਨਾਲੇ ਸਹੁੰ ਖਾਧੀ ਕਿ ਕਦੇ ਕਾਰ ਗਲਤ ਪਾਰਕਿੰਗ ਨਹੀਂ ਕਰਾਂਗੇ।
Traffic Policy
ਡ੍ਰਾਈਵਿੰਗ ਲਾਇਸੈਂਸ ਕੈਨੇਡਾ ’ਚ ਬਣਾਉਣਾ ਕੋਈ ਖਾਲਾ ਜੀ ਦਾ ਵਾੜਾ ਨਹੀਂ। ਪਹਿਲਾਂ ਅਸਲੀ ਮਾਇਨਿਆਂ ’ਚ ਲਿਖਤੀ ਪੇਪਰ ਹੁੰਦਾ ਹੈ । ਫਿਰ ਡ੍ਰਾਈਵਿੰਗ ਦੀਆਂ ਕਲਾਸਾਂ ਲੈਣੀਆਂ ਪੈਂਦੀਆਂ। ਫਿਰ ਡ੍ਰਾਈਵਿੰਗ ਜਾਰੀ ਕਰਨ ਵਾਲਾ ਅਧਿਕਾਰੀ ਨਾਲ ਬੈਠਦਾ। ਜਿਵੇਂ ਉਹ ਕਹਿੰਦਾ, ਓਵੇਂ ਡਰਾਈਵਿੰਗ ਕਰੋ। ਜਿੱਥੇ ਗਲਤੀ ਹੋਈ, ਉੱਥੇ ਹੀ ਗੱਲ ਖਤਮ। ਫਿਰ ਕਲਾਸਾਂ ਲਵੋ। ਫਿਰ ਓਵੇਂ ਡਰਾਈਵਿੰਗ ਕਰੋ।
ਸਾਡੇ ਇੱਥੇ ਟ੍ਰੈਫਿਕ ਪਾਲਿਸੀ ਕਾਗਜ਼ਾਂ ਦੀ ਸ਼ਾਨ ਹੈ। ਰਿਸ਼ਵਤਖੋਰੀ ਨੇ ਪਾਲਿਸੀ ਦਾ ਮਜ਼ਾਕ ਬਣਾ ਛੱਡਿਆ। ਬੰਦ ਮੁੱਠੀ ਅੱਗੇ ਵਧਾਉਣ ਨਾਲ ਟਰੈਫਿਕ ਨਿਯਮ ਠੀਕ ਹੋ ਜਾਂਦਾ ਹੈ। ਬੰਦ ਮੁੱਠੀ ਕਲਚਰ ਸੜਕ ’ਤੇ ਜਾਨਾਂ ਲੈਣ ਲਈ ਪੂਰੀ ਤਰ੍ਹਾਂ ਜ਼ਿੰਮੇਵਾਰ ਹੈ।
ਲਾਇਸੈਂਸ ਜਾਰੀ ਕਰਨ ਸਮੇਂ ਕੋਈ ਟੈਸਟਿੰਗ ਨਹੀਂ ਹੈ। ਜਿਸ ਕੋਲ ਮਰਜ਼ੀ ਦੇਖ ਲਵੋ,ਲ ਾਇਸੈਂਸ ਜੇਬ੍ਹ ’ਚ ਪਾਈ ਫਿਰਦਾ। ਇੱਕ ਮਿੱਤਰ ਦੱਸੇ ਕਿ ਇੱਕ ਬੰਦੇ ਦੇ ਦੋਵੇਂ ਲੱਤਾਂ ਨਹੀਂ ਹਨ ਫਿਰ ਵੀ ਕਾਰ ਚਲਾਉਣ ਦਾ ਲਾਇਸੈਂਸ ਲਈ ਫਿਰਦਾ ਸੀ ਡ੍ਰਾਈਵਿੰਗ ਲਾਇਸੈਂਸ ਨਾਲੋਂ ਡ੍ਰਾਈਵਿੰਗ ਆਉਣੀ ਵੱਧ ਜ਼ਰੂਰੀ ਹੈ।
ਸਾਡੇ ਇੱਥੇ ਸੜਕਾਂ ਨੂੰ ਝਾੜੀਆਂ ਨੇ ਢੱਕ ਲਿਆ ਹੈ। ਸੜਕਾਂ ਨਾਲ ਭੋਰਾ ਜਗ੍ਹਾ ਨਹੀਂ। ਲੀਡਰ ਅਫ਼ਸਰ ਰੋਜ਼ਾਨਾ ਉੱਥੋਂ ਲੰਘਦੇ ਹਨ ਪਰ ਸੌਂ ਕੇ। ਸੜਕਾਂ ਦੇ ਨਾਲ-ਨਾਲ ਸਾਂਝੇ ਰਸਤਿਆਂ ’ਤੇ ਨਜਾਇਜ਼ ਕਬਜ਼ੇ ਹਨ। ਅਵਾਰਾ ਪਸ਼ੂਆਂ ਕਾਰਨ ਹੋ ਰਹੇ ਨੁਕਸਾਨ ਲਈ ਜ਼ਿੰਮੇਵਾਰ ਕੌਣ ਹੈ-ਸਰਕਾਰ, ਪ੍ਰਸ਼ਾਸਨ ਜਾਂ ਸਮਾਜ ਤੈਅ ਕੀਤਾ ਜਾਵੇ ਜਿਸ ਦੀ ਜ਼ਿੰਮੇਵਾਰੀ ਤੈਅ ਹੋਵੇ ਉਸ ਤੋਂ ਨੁਕਸਾਨ ਦੀ ਭਰਪਾਈ ਕਰਵਾਈ ਜਾਵੇ
ਹੋ ਤਾਂ ਸਭ ਸਕਦੈ ਜੇ ਸਰਕਾਰ ਤੇ ਪ੍ਰਸ਼ਾਸਨ ਚਾਹਵੇ। ਜ਼ਰੂਰੀ ਹੈ ਕਿ ਅਸੀਂ ਵਿਕਸਿਤ ਦੇਸ਼ਾਂ ਵਾਂਗ ਟ੍ਰੈਫਿਕ ਸਿਸਟਮ ਦੇ ਕੇ ਲੋਕਾਂ ਦਾ ਜਾਨੀ ਤੇ ਮਾਲੀ ਨੁਕਸਾਨ ਹੋਣੋ ਬਚਾ ਸਕੀਏ? ਟਰੈਫਿਕ ਨਿਯਮਾਂ ਤੇ ਨੀਤੀ ਦੀ ਪਾਲਣਾ ਹਰ ਨਾਗਰਿਕ ਦਾ ਮੁੱਢਲਾ ਫਰਜ ਬਣੇ ਤੇ ਸਰਕਾਰਾਂ ਤੇ ਪ੍ਰਸ਼ਾਸਨ ਇਸ ਨੂੰ ਲਾਗੂ ਕਰਨ ਵਾਲੀ ਜ਼ਰੂਰੀ ਏਜੰਸੀ ਬਣੇ। ਜਿਊਣ ਲਈ ਸਿਸਟਮ ਦੇਣਾ ਪਰਵਾਸ ਰੋਕ ਸਕਦੈ ਤੇ ਕੀਮਤੀ ਮਨੁੱਖੀ ਜਾਨਾਂ ਬਚਾ ਸਕਦੈ।
ਪਿਆਰਾ ਸਿੰਘ, ਗੁਰਨੇ ਕਲਾਂ