ਰੇੜ੍ਹੀ ਫ਼ੜੀ ਵਾਲਿਆਂ ਲਈ ਲੜ ਰਹੀਆਂ ਜਥੇਬੰਦੀਆਂ ਨੇ ਰੇੜ੍ਹੀਆਂ ਲਗਵਾਈਆਂ
- ਦੋ ਹਫ਼ਤੇ ਪਹਿਲਾਂ ਜ਼ਬਰੀ ਰੇੜ੍ਹੀਆਂ ਚੁੱਕ ਕੇ ਲੈ ਗਿਆ ਸੀ ਪ੍ਰਸ਼ਾਸਨ
Jalalabad News: (ਰਜਨੀਸ਼ ਰਵੀ) ਜਲਾਲਾਬਾਦ। ਜਲਾਲਾਬਾਦ ਦੀ ਅਨਾਜ ਮੰਡੀ ਵਿਖੇ ਬਣੇ ਰੇੜ੍ਹੀ ਫੜੀ ਵਾਲਿਆਂ ਵਾਸਤੇ ਸ਼ੈਡ ਵਿੱਚ ਰੇੜ੍ਹੀ ਫ਼ੜੀ ਦਾ ਕੰਮ ਕਰਨ ਵਾਲਿਆਂ ਦੀਆਂ ਰੇੜੀਆਂ ਜਬਰੀ ਚੁਕਵਾਉਣ ਖ਼ਿਲਾਫ਼ ਭਾਰਤੀ ਕਮਿਊਨਿਸਟ ਪਾਰਟੀ (ਸੀਪੀਆਈ) ਦੀ ਅਗਵਾਈ ਵਿੱਚ 16 ਦਿਨਾਂ ਤੋਂ ਚੱਲ ਰਹੇ ਸੰਘਰਸ਼ ਦਾ ਉਸ ਵੇਲੇ ਜਿੱਤ ਦਾ ਐਲਾਨ ਕਰ ਦਿੱਤਾ ਗਿਆ ਜਦੋਂ ਲੜ ਰਹੀਆਂ ਜਥੇਬੰਦੀਆਂ ਨੇ ਪ੍ਰਸ਼ਾਸਨ ਦੀ ਹਾਜ਼ਰੀ ਵਿੱਚ ਰੇੜ੍ਹੀ ਫ਼ੜੀ ਵਾਲਿਆਂ ਦੀਆਂ ਰੇੜ੍ਹੀਆਂ ਲਵਾ ਕੇ ਉਹਨਾਂ ਨੂੰ ਸਬਜ਼ੀ ਅਤੇ ਫਰੂਟ ਵੇਚਣ ਲਈ ਲਾ ਦਿੱਤਾ।
ਦੱਸ ਦਈਏ ਕਿ ਪਿਛਲੇ ਕਈ ਦਿਨਾਂ ਤੋਂ ਚੱਲ ਰਹੇ ਇਸ ਸੰਘਰਸ਼ ਵਿੱਚ ਲਗਾਤਾਰ ਲੜੀਵਾਰ ਅਣਮਿੱਥੇ ਸਮੇਂ ਲਈ ਭੁੱਖ ਹੜਤਾਲ ਚੱਲ ਰਹੀ ਹੈ। ਇਸੇ ਸਮੇਂ ਦੌਰਾਨ ਹੀ ਸੰਯੁਕਤ ਕਿਸਾਨ ਮੋਰਚੇ ਵਿੱਚ ਸ਼ਾਮਿਲ ਕੁਝ ਜਥੇਬੰਦੀਆਂ ਨੇ ਹਮਾਇਤ ਕਰਦਿਆਂ ਇੱਕ ਕਮੇਟੀ ਬਣਾ ਕੇ ਕੱਲ ਤਿੱਖੇ ਸੰਘਰਸ਼ ਦਾ ਐਲਾਨ ਕੀਤਾ ਗਿਆ ਸੀ ਕਿ ਜੇਕਰ ਪ੍ਰਸ਼ਾਸਨ ਨੇ ਕਿਰਤੀ ਗ਼ਰੀਬ ਰੇੜ੍ਹੀ ਫ਼ੜੀ ਵਾਲਿਆਂ ਦੀਆਂ ਉਹਨਾਂ ਦੀਆਂ ਪਹਿਲਾਂ ਲਗਾਤਾਰ ਕਈ ਸਾਲਾਂ ਤੋਂ ਲੱਗ ਰਹੀਆ ਰੇੜ੍ਹੀਆਂ ਨੂੰ ਉੱਥੇ ਲਗਾਉਣ ਦੀ ਨਾ ਆਗਿਆ ਦਿੱਤੀ ਤਾਂ ਜਥੇਬੰਦੀਆਂ ਤਿੱਖਾ ਸੰਘਰਸ਼ ਕਰਨ ਲਈ ਮਜ਼ਬੂਰ ਹੋਣਗੀਆਂ ਅਤੇ ਆਪ ਉਹ ਖੁਦ ਅੱਗੇ ਆ ਕੇ ਇਹਨਾਂ ਕਿਰਤੀਆਂ ਦੀਆਂ ਰੇੜ੍ਹੀਆਂ ਲਗਾਉਣ ਗੀਆਂ।
ਐਸਐਸਪੀ, ਉੱਚ ਪੁਲਿਸ ਅਧਿਕਾਰੀ ਅਤੇ ਸਿਵਲ ਪ੍ਰਸ਼ਾਸਨ ਨੇ ਮਸਲੇ ਦਾ ਹੱਲ ਕੱਢਣ ਲਈ ਆਗੂਆਂ ਨਾਲ ਕੀਤੀਆਂ ਮੀਟਿੰਗਾਂ
ਮਿਥੇ ਐਕਸ਼ਨ ਅਨੁਸਾਰ ਜਥੇਬੰਦੀਆਂ ਦੇ ਆਗੂਆਂ ਨੇ ਬੜੇ ਹੀ ਸ਼ਾਂਤਮਈ ਤਰੀਕੇ ਨਾਲ ਸ਼ੈਡ ਥੱਲੇ ਰੇੜੀਆਂ ਲਗਵਾ ਕੇ ਰੇੜ੍ਹੀ ਫ਼ੜੀ ਵਾਲਿਆਂ ਦੀ ਜਿੱਤ ਦਾ ਐਲਾਨ ਕਰ ਦਿੱਤਾ। ਇਸ ਤੋਂ ਪਹਿਲਾਂ ਜ਼ਿਲਾ ਪੁਲਿਸ ਮੁਖੀ ਗੁਰਮੀਤ ਸਿੰਘ ਨੇ ਮਸਲੇ ਦਾ ਚੰਗਾ ਹੱਲ ਕੱਢਣ ਲਈ ਹਰ ਤਰ੍ਹਾਂ ਦੀ ਕੋਸ਼ਿਸ਼ ਕੀਤੀ। ਉਹਨਾਂ ਆਗੂਆਂ ਨੂੰ ਵਿਸ਼ਵਾਸ ਦਿਵਾਇਆ ਕਿ ਉਹ ਰੇੜ੍ਹੀ ਫ਼ੜੀ ਵਾਲਿਆਂ ਦੇ ਮਸਲੇ ਦਾ ਪੱਕਾ ਹੱਲ ਕੱਢਣ ਲਈ ਹਲਕੇ ਦੇ ਵਿਧਾਇਕ ਅਤੇ ਉੱਚ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਪੱਕਾ ਹੱਲ ਕੱਢਣਗੇ।

ਰੇਹੜੀ ਫ਼ੜੀ ਉਜਾੜੇ ਦੇ ਪੀੜਤ ਆਗੂ ਸੁਰਿੰਦਰ ਸਿੰਘ,ਸੰਨੀ ਹਾਂਡਾ,ਸੰਯਕਤ ਕਿਸਾਨ ਮੋਰਚੇ ਦੇ ਕੁੱਲ ਹਿੰਦ ਕਿਸਾਨ ਸਭਾ ਦੇ ਜ਼ਿਲ੍ਹਾ ਪ੍ਰਧਾਨ ਸੁਰਿੰਦਰ ਢੰਡੀਆਂ,ਕਿਰਤੀ ਕਿਸਾਨ ਯੂਨੀਅਨ ਦੇ ਸੀਨੀਅਰ ਆਗੂ ਰੇਸ਼ਮ ਮਿੱਡਾ,ਜਿਲਾ ਪ੍ਰਧਾਨ ਸੁਖਚੈਨ ਸਿੰਘ, ਬੀ ਕੇ ਯੂ ਡਕੌਂਦਾ (ਬੁਰਜ ਗਿੱਲ) ਦੇ ਜ਼ਿਲ੍ਹਾ ਪ੍ਰਧਾਨ ਜੋਗਾ ਸਿੰਘ,ਬੀ ਕੇ ਯੂ ਡਕੌਂਦਾ ਧਨੇਰ ਦੇ ਸੂਬਾ ਮੀਤ ਪ੍ਰਧਾਨ ਹਰੀਸ਼ ਨੱਢਾ, ਬਲਾਕ ਪ੍ਰਧਾਨ ਪ੍ਰਵੀਨ ਮੌਲਵੀ ਵਾਲਾ,ਬੀ ਕੇ ਯੂ ਉਗਰਾਹਾਂ ਦੇ ਜ਼ਿਲ੍ਹਾ ਮੀਤ ਪ੍ਰਧਾਨ ਗੁਰਮੀਤ ਸਿੰਘ, ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਅੱਤਰ ਪ੍ਰੀਤ ਸਿੰਘ, ਪੰਜਾਬ ਕਿਸਾਨ ਸਭਾ ਦੇ ਸੂਬਾ ਪ੍ਰਧਾਨ ਦੇ ਅਸ਼ੋਕ ਕੰਬੋਜ,
ਕੰਨਸਟਰਕਸ਼ਨ ਵਰਕਰ ਐਂਡ ਲੇਬਰ ਯੂਨੀਅਨ ਰਜਿ ਏਟਕ ਦੇ ਸੂਬਾ ਮੀਤ ਸਕੱਤਰ ਐਡਵੋਕੇਟ ਪਰਮਜੀਤ ਢਾਬਾਂ ਨੇ ਕਿਹਾ ਕਿ ਕਿ ਉਹ ਕਿਸੇ ਵੀ ਕੀਮਤ ’ਤੇ ਕਿਰਤੀ ਲੋਕਾਂ ਦੇ ਹੱਕਾਂ ’ਤੇ ਡਾਕਾ ਨਹੀਂ ਵੱਜਣ ਦੇਣਗੇ। ਉਹਨਾਂ ਸੱਤਾ ਧਿਰ ਅਤੇ ਪ੍ਰਸ਼ਾਸਨ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਉਹਨਾਂ ਨੇ ਪੁਰਮਨ ਢੰਗ ਦੇ ਨਾਲ ਅੱਜ ਆਪਣਾ ਐਕਸ਼ਨ ਕੀਤਾ ਹੈ ਅਤੇ ਭਵਿੱਖ ਵਿੱਚ ਵੀ ਉਹ ਰੇਹੜੀ ਫੜੀ ਵਾਲਿਆਂ ਤੇ ਕਿਸੇ ਤਰ੍ਹਾਂ ਦਾ ਜਬਰ ਕਰਨ ਦੀ ਗਲਤੀ ਨਾ ਕਰਨ, ਨਹੀਂ ਤਾਂ ਲੜਨ ਵਾਲੀਆਂ ਜਥੇਬੰਦੀਆਂ ਤੇ ਖਾਸ ਸੰਘਰਸ਼ ਕਰਨ ਲਈ ਮਜਬੂਰ ਹੋਣਗੀਆਂ।
ਇਹ ਵੀ ਪੜ੍ਹੋ: Attack On School Bus: ਮੋਟਰਸਾਈਕਲ ਸਵਾਰ ਵੱਲੋਂ ਡੀਏਵੀ ਸਕੂਲ ਬੱਸ ’ਤੇ ਡੰਡਿਆਂ ਨਾਲ ਕੀਤੀ ਭੰਨਤੋੜ
ਅੱਜ ਦੇ ਇਸ ਪ੍ਰਦਰਸ਼ਨ ਦੌਰਾਨ ਕਾਂਗਰਸ ਪਾਰਟੀ ਵੱਲੋਂ ਸਾਬਕਾ ਜੰਗਲਾਤ ਮੰਤਰੀ ਹੰਸਰਾਜ ਜੋਸਨ,ਰਾਜ ਬਖਸ਼ ਕੰਬੋਜ, ਸ਼੍ਰੋਮਣੀ ਅਕਾਲੀ ਦਲ ਵੱਲੋਂ ਰਾਜ ਸਿੰਘ ਡਿੱਬੀਪੁਰਾ ਅਤੇ ਬੀਜੇਪੀ ਵੱਲੋਂ ਸੁਖਵਿੰਦਰ ਸਿੰਘ ਕਾਕਾ ਕੰਬੋਜ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਹੋਰਾਂ ਤੋਂ ਇਲਾਵਾ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਆਗੂ ਹਰਦੀਪ ਸਿੰਘ ਚੰਨਾ ਸੈਦੋਕੇ, ਸਰਬ ਭਾਰਤ ਨੌਜਵਾਨ ਸਭਾ ਦੇ ਮੀਤ ਸੂਬਾ ਪ੍ਰਧਾਨ ਹਰਭਜਨ ਛੱਪੜੀਵਾਲਾ, ਜ਼ਿਲ੍ਹਾ ਫਾਜ਼ਿਲਕਾ ਦੇ ਪ੍ਰਧਾਨ ਸ਼ੁਬੇਗ ਝੰਗੜਭੈਣੀ,ਇਸਤਰੀ ਸਭਾ ਦੇ ਜ਼ਿਲ੍ਹਾ ਆਗੂ ਹਰਜੀਤ ਕੌਰ ਢੰਡੀਆਂ, ਨਰੇਗਾ ਰੁਜ਼ਗਾਰ ਪ੍ਰਾਪਤ ਮਜ਼ਦੂਰ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਨਰਿੰਦਰ ਢਾਬਾਂ, ਭੱਠਾ ਮਜ਼ਦੂਰ ਯੂਨੀਅਨ ਦੇ ਆਗੂ ਸੰਦੀਪ ਜੋਧਾ, ਰਾਜਵਿੰਦਰ ਨਿਉਲਾ, ਸੀਪੀਆਈ ਬਲਾਕ ਗੁਰੂ ਹਰਸਹਾਏ ਦੇ ਸਕੱਤਰ ਕਾਮਰੇਡ ਬਲਵੰਤ ਚੌਹਾਣਾ, ਕ੍ਰਿਸ਼ਨ ਧਰਮੂ ਵਾਲਾ, ਗੁਰਦਿਆਲ ਢਾਬਾਂ, ਬਲਵਿੰਦਰ ਮਹਾਲਮ, ਸੋਨਾ ਧੁਨਕੀਆਂ, ਤੇਜਾ ਅਮੀਰ ਖਾਸ ਆਦਿ ਹਾਜ਼ਰ ਸਨ। Jalalabad News