ਖੋਹ ਕੀਤਾ ਮੋਟਰਸਾਈਕਲ ਅਤੇ ਮੋਬਾਇਲ ਫੋਨ ਵੀ ਕੀਤਾ ਬਰਾਮਦ
Crime News: (ਗੁਰਪ੍ਰੀਤ ਪੱਕਾ) ਫ਼ਰੀਦਕੋਟ। ਡਾ. ਪ੍ਰਗਿਆ ਜੈਨ ਆਈ.ਪੀ.ਐਸ ਐਸ.ਐਸ.ਪੀ ਫਰੀਦਕੋਟ ਦੀ ਅਗਵਾਈ ਹੇਠ ਫਰੀਦਕੋਟ ਪੁਲਿਸ ਵੱਲੋਂ ਮਾੜੇ ਅਨਸਰਾਂ ’ਤੇ ਸਖਤ ਕਾਰਵਾਈ ਕੀਤੀ ਜਾ ਰਹੀ ਹੈ। ਇਸੇ ਤਹਿਤ ਸੰਦੀਪ ਕੁਮਾਰ ਐਸ.ਪੀ (ਇੰਨਵੈਸਟੀਗੇਸ਼ਨ) ਫਰੀਦਕੋਟ ਦੀ ਰਹਿਨੁਮਾਈ ਹੇਠ ਪਿੰਡ ਰਾਮੇਆਣਾ ਵਿਖੇ ਹੋਏ ਖੋਹ ਦੇ ਮਾਮਲੇ ਵਿੱਚ ਤੁਰੰਤ ਕਾਰਵਾਈ ਕਰਦੇ ਹੋਏ ਵਾਰਦਾਤ ਨੂੰ ਅੰਜ਼ਾਮ ਦੇਣ ਵਾਲੇ ਦੋਵਾਂ ਮੁਲਜ਼ਮਾਂ ਨੂੰ ਮਹਿਜ ਚੰਦ ਘੰਟਿਆਂ ਅੰਦਰ ਹੀ ਗ੍ਰਿਫਤਾਰ ਕੀਤਾ ਗਿਆ ਹੈ। ਇਹ ਜਾਣਕਾਰੀ ਮਨੋਜ ਕੁਮਾਰ ਡੀ.ਐਸ.ਪੀ (ਸ.ਡ) ਜੈਤੋ ਵੱਲੋਂ ਸਾਂਝੀ ਕੀਤੀ ਗਈ।
ਗ੍ਰਿਫਤਾਰ ਵਿਅਕਤੀ ਦੀ ਪਹਿਚਾਣ ਮਨਪ੍ਰੀਤ ਸਿੰਘ ਉਰਫ ਮਨੀ ਅਤੇ ਨਵੀ ਸਿੰਘ ਉਰਫ ਗੋਰਾ ਵਜੋਂ ਹੋਈ ਹੈ। ਦੋਵੇਂ ਮੁਲਜ਼ਮ ਜ਼ਿਲ੍ਹਾ ਮੋਗਾ ਪਿੰਡ ਵਾਦਰ ਦੇ ਰਿਹਾਇਸ਼ੀ ਹਨ। ਪੁਲਿਸ ਪਾਰਟੀ ਵੱਲੋਂ ਪਿੰਡ ਰਾਮੇਆਣਾ ਵਿਖੇ ਖੋਹ ਕੀਤਾ ਮੋਟਰਸਾਈਕਲ ਅਤੇ ਮੋਬਾਇਲ ਫੋਨ ਵੀ ਬਰਾਮਦ ਕੀਤਾ ਗਿਆ ਹੈ। ਕਾਰਵਾਈ ਦੇ ਵੇਰਵੇ ਸਾਂਝੇ ਕਰਦਿਆ ਉਨ੍ਹਾਂ ਦੱਸਿਆ ਕਿ ਫਰੀਦਕੋਟ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ 03 ਅਕਤੂਬਰ ਦੀ ਰਾਤ ਨੂੰ ਕਰੀਬ 09 ਵਜੇ ਜਦੋਂ ਪ੍ਰੇਮ ਚੰਦ ਨਾਂਅ ਦਾ ਵਿਅਕਤੀ ਡਿਊਟੀ ’ਤੇ ਆਪਣੇ ਘਰ ਪਿੰਡ ਰਾਮੇਆਣਾ ਵਾਪਿਸ ਆ ਰਿਹਾ ਸੀ ਤਾਂ ਜਦੋਂ ਉਹ ਲਿੰਕ ਰੋਡ ਪਿੰਡ ਕਾਸਮ ਭੱਟੀ ’ਤੇ ਸੀ ਤਾਂ 02 ਅਣਪਛਾਤੇ ਮੋਟਰਸਾਈਕਲ ਸਵਾਰਾਂ ਨੇ ਉਸ ਨੂੰ ਰੋਕ ਕੇ ਹਥਿਆਰਾਂ ਨਾਲ ਸੱਟ ਮਾਰਨ ਦਾ ਡਰ ਪਾ ਕੇ ਉਸ ਕੋਲੋਂ ਮੋਟਰਸਾਈਕਲ, ਮੋਬਾਇਲ ਫੋਨ, ਕੁੱਝ ਨਗਦੀ ਅਤੇ ਦਸਤਾਵੇਜ ਖੋਹ ਕੇ ਭੱਜ ਗਏ ਸਨ। ਇਸਦੇ ਨਾਲ ਹੀ ਇਨ੍ਹਾਂ ਵੱਲੋਂ ਉਨ੍ਹਾਂ ਦੇ ਪਿੰਡ ਦੇ ਇੱਕ ਹੋਰ ਵਿਅਕਤੀ ਅਮਨਦੀਪ ਸਿੰਘ ਕੋਲੋਂ ਵੀ ਸੱਟਾਂ ਮਾਰ ਕੇ ਮੋਬਾਇਲ ਫੋਨ ਖੋਹ ਕੀਤਾ ਗਿਆ ਸੀ।
ਇਹ ਵੀ ਪੜ੍ਹੋ: Delhi News: ਕੇਜਰੀਵਾਲ ਨੂੰ ਮਿਲਿਆ ਸਰਕਾਰੀ ਬੰਗਲਾ, ਹਾਈ ਕੋਰਟ ਦੀ ਸਖ਼ਤੀ ਤੋਂ ਬਾਅਦ ਅਲਾਟਮੈਂਟ
ਸੂਚਨਾ ਮਿਲਣ ਸਾਰ ਹੀ ਫਰੀਦਕੋਟ ਪੁਲਿਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਸੰਦੀਪ ਕੁਮਾਰ ਐਸ. ਪੀ (ਇੰਨਵੈਸਟੀਗੇਸ਼ਨ ) ਫਰੀਦਕੋਟ ਦੀ ਦੇਖ-ਰੇਖ ਹੇਠ ਸ਼੍ਰੀ ਜਤਿੰਦਰ ਸਿੰਘ ਡੀ.ਐਸ.ਪੀ(ਸਬ-ਡਵੀਜਨ) ਕੋਟਕਪੂਰਾ ਅਤੇ ਸ਼੍ਰੀ ਮਨੋਜ ਕੁਮਾਰ ਡੀ.ਐਸ.ਪੀ (ਸ.ਡ) ਜੈਤੋ ਦੀ ਨਿਗਰਾਨੀ ਹੇਠ ਇੰਸਪੈਕਟਰ ਨਵਦੀਪ ਸਿੰਘ ਮੁੱਖ ਅਫਸਰ ਥਾਣਾ ਜੈਤੋ ਅਤੇ ਇੰਸਪੈਕਟਰ ਚਮਕੌਰ ਸਿੰਘ ਮੁੱਖ ਅਫਸਰ ਥਾਣਾ ਸਿਟੀ ਕੋਟਕਪੂਰਾ ਦੀਆਂ ਵਿਸ਼ੇਸ਼ ਪੁਲਿਸ ਟੀਮਾਂ ਦਾ ਗਠਨ ਕਰਕੇ ਟੈਕਨੀਕਲ ਇੰਨਪੁੰਟ ਅਤੇ ਹਿਊਮਨ ਇੰਟੈਲੀਜੈਸ ਦੇ ਅਧਾਰ ’ਤੇ ਤੁਰੰਤ ਕਾਰਵਾਈ ਕਰਦੇ ਹੋਏ ਦੋਸ਼ੀਆ ਦੀ ਭਾਲ ਸ਼ੁਰੂ ਕੀਤੀ ਗਈ।
ਜਿਸ ਦੌਰਾਨ ਪੁਲਿਸ ਪਾਰਟੀ ਵੱਲੋਂ ਇਸ ਵਾਰਦਾਤ ਵਿੱਚ ਸ਼ਾਮਿਲ ਦੋਹਾ ਦੋਸ਼ੀਆਂ ਮਨਪ੍ਰੀਤ ਸਿੰਘ ਉਰਫ ਮਨੀ ਅਤੇ ਨਵੀ ਸਿੰਘ ਉਰਫ ਗੋਰਾ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਿਲ ਕੀਤੀ। ਇੱਥੇ ਇਹ ਵੀ ਦੱਸਣਯੋਗ ਹੈ ਕਿ ਗ੍ਰਿਫਤਾਰ ਵਿਅਕਤੀ ਦਾ ਪੁਰਾਣਾ ਰਿਕਾਰਡ ਵੀ ਕ੍ਰਿਮੀਨਲ ਹੈ। ਡੀ.ਐਸ.ਪੀ ਜੈਤੋ ਮਨੋਜ ਕੁਮਾਰ ਨੇ ਦੱਸਿਆ ਕਿ ਕਿ ਗ੍ਰਿਫਤਾਰ ਮੁਲਜ਼ਮਾਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਿਲ ਕੀਤਾ ਜਾਵੇਗਾ ਤਾਂ ਜੋ ਹੋਰ ਖੁਲਾਸੇ ਹੋ ਸਕਣ।