Social Media And Society: ਅੱਜ ਸੋਸ਼ਲ ਮੀਡੀਆ ਦਾ ਯੁੱਗ ਹੈ। ਤਕਰੀਬਨ ਹਰ ਕੋਈ ਇਸ ਨਾਲ ਜੁੜਿਆ ਹੋਇਆ ਹੈ। ਸੋਸ਼ਲ ਮੀਡੀਆ ਸਾਡੇ ਜੀਵਨ ਦਾ ਅੰਗ ਬਣ ਚੁੱਕਿਆ ਹੈ। ਤਕਰੀਬਨ ਹਰ ਕੋਈ ਫਬ ’ਤੇ ਪੋਸਟ ਪਾਉਂਦਾ ਹੈ। ਯੂਟਿਊਬ ’ਤੇ ਵੀਡੀਓ ਪਾਉਂਦਾ ਹੈ। ਬਾਕੀ ਇੰਸਟਾ, ਟਵਿੱਟਰ ਅਤੇ ਕਿਸੇ ਹੋਰ ਐਪ ਜ਼ਰੀਏ ਇਸ ਨਾਲ਼ ਜੁੜਿਆ ਹੋਇਆ ਹੈ। ਬਹੁਤ ਲੋਕ ਹਨ ਜੋ ਵੀਡੀਓ ਪਾ ਕੇ ਚੈੱਨਲ ਬਣਾਕੇ ਜਾਂ ਹੋਰ ਤਰੀਕਿਆਂ ਨਾਲ ਡਾਲਰ ਕਮਾ ਰਹੇ ਹਨ। ਇਸ ਨਾਲ ਉਹ ਆਪਣੇ ਰੋਜ਼ੀ-ਰੋਟੀ ਦਾ ਜੁਗਾੜ ਵੀ ਕਰਦੇ ਹਨ ਤੇ ਮਸ਼ਹੂਰ ਵੀ ਹੋ ਰਹੇ ਹਨ। ਯਾਨੀ ਸੈਲੀਬ੍ਰਿਟੀ ਬਣ ਰਹੇ ਹਨ। ਇਹ ਕੋਈ ਗਲਤ ਵੀ ਨਹੀਂ। ਆਪਣੀ ਰੀਚ ਵਧਾਉਣ ਅਤੇ ਵੱਧ ਪੈਸੇ ਕਮਾਉਣ ਲਈ ਉਹ ਲੋਕਾਂ ਨੂੰ ਲਾਇਕ, ਸਬਸਕਰਾਇਬ ਅਤੇ ਕੁਮੈਂਟ ਕਰਨ ਦੀਆਂ ਅਪੀਲਾਂ ਕਰਦੇ ਹਨ।
ਇਹ ਖਬਰ ਵੀ ਪੜ੍ਹੋ : Malout Jalebi: ਮਲੋਟ ਸ਼ਹਿਰ ਦੀਆਂ ਮਸ਼ਹੂਰ ‘ਜਲੇਬੀਆਂ’ ਨੇ ‘ਦੁਸਹਿਰੇ’ ਦੇ ਤਿਉਹਾਰ ਦੀ ਵਧਾਈ ਹੋਰ ਮਿਠਾਸ
ਹੁਣ ਕਈ ਬਲੌਗਰ ਆਪਣੀ ਅਪੀਲ ਵੀ ਦੇਵੀ ਦੇਵਤਿਆਂ ਜਾਂ ਆਪਣੀ ਮਾਂ ਨੂੰ ਪਿਆਰ ਕਰਨ ਦੀ ਦੁਹਾਈ ਦੇ ਕੇ ਕਰਦੇ ਹਨ। ਵੀਡੀਓ ਬਣਾਉਣਾ ਕੋਈ ਗਲਤ ਗੱਲ ਨਹੀਂ। ਪਰ ਪੈਸੇ ਦੇ ਲਾਲਚ ਵਿੱਚ ਇਹ ਲੋਕ ਆਪਣੀ ਇੱਜਤ ਅਤੇ ਜਿੰਦਗੀ ਨਾਲ ਖਿਲਵਾੜ ਕਰਦੇ ਹਨ। ਕੁਝ ਸਮਾਂ ਪਹਿਲ਼ਾਂ ਕੁਲੜ ਪੀਜ਼ਾ ਨੇ ਕਿੰਨੀ ਬਦਨਾਮੀ ਖੱਟੀ। ਕਈ ਲੋਕ ਵੀਡੀਓ ਬਣਾਉਣ ਦੇ ਚੱਕਰ ’ਚ ਆਪਣੀ ਜਾਨ ਗੁਆ ਬੈਠੇ । ਸਟੰਟ ਕਰਕੇ ਵੀਡੀਓ ਬਣਾਉਣਾ ਫਿਰ ਮਾਪਿਆਂ ਤੇ ਪਰਿਵਾਰ ਲਈ ਘਰੇ ਸਥਰ ਵਿਛਾ ਦੇਣ ਦੀਆਂ ਕਈ ਘਟਨਾਵਾਂ ਸਾਹਮਣੇ ਆਈਆਂ। ਬਹੁਤ ਲੋਕ ਨਕਾਰਾਤਮਿਕ ਸੋਚ ਦੀਆਂ ਵੀਡੀਓ ਬਣਾਉਂਦੇ ਹਨ। Social Media And Society
ਜਿਵੇਂ ਸਕਿਉਰਿਟੀ ਗਾਰਡ ਦੇ ਥੱਪੜ ਮਾਰ ਦੇਣਾ, ਦੋ ਕੌਡੀ ਦਾ, ਗੰਵਾਰ, ਘਟੀਆ ਇਨਸਾਨ, ਗਰੀਬ ਲੰਗੜਾ ਅੰਨ੍ਹਾ ਮਤਲਬ ਸਾਹਮਣੇ ਵਾਲੇ ਨੂੰ ਜ਼ਲੀਲ ਕਰਕੇ ਜਾਂ ਅਪਸ਼ਬਦ ਕਹਿ ਕੇ ਕਿਸੇ ਦਾ ਅਪਮਾਨ ਕਰਨਾ। ਕਿਸੇ ਔਰਤ ਦਾ ਪੇਂਡੂ ਜਾਂ ਭਾਰਤੀ ਲਿਬਾਸ ਦੇਖ ਕੇ ਉਸਨੂੰ ਜ਼ਲੀਲ ਕਰਨਾ। ਉਸ ਨੂੰ ਨੌਕਰਾਣੀ, ਕੰਮਵਾਲੀ ਬਾਈ ਕਹਿਣਾ, ਸੱਸ-ਸਹੁਰੇ ਦਾ ਅਪਮਾਨ ਕਰਨਾ, ਨੂੰਹ ਦਾ ਸਹੁਰੇ ਤੋਂ ਨੌਕਰਾਂ ਦਾ ਕੰਮ ਲੈਣਾ, ਸੱਸ ਨੂੰ ਭੁੱਖੀ ਰੱਖਣਾ, ਬਜ਼ੁਰਗਾਂ ਨੂੰ ਬਿਰਧ ਆਸ਼ਰਮ ਭੇਜਣ ਦੀਆਂ ਵੀਡੀਓ ਬਣਾ ਕੇ ਅਸੀਂ ਕਿਸ ਤਰ੍ਹਾਂ ਦੀ ਦਿੱਖ ਬਣਾ ਰਹੇ ਹਾਂ। ਕੀ ਸੰਦੇਸ਼ ਦੇ ਰਹੇ ਹਾਂ। ਵੀਡੀਓ ਵਿੱਚ ਥੱਪੜ ਮਾਰਨਾ ਆਮ ਹੀ ਦਿਖਾਇਆ ਜਾਂਦਾ ਹੈ। Social Media And Society
ਕੀ ਕੋਈ ਲੜਕੀ ਕਿਸੇ ਬਜ਼ੁਰਗ ਦੇ ਇਸ ਤਰ੍ਹਾਂ ਥੱਪੜ ਮਾਰਦੀ ਹਕੀਕਤ ਵਿੱਚ ਵੇਖੀ ਹੈ ਕਿਸੇ ਨੇ। ਕੋਈ ਵੀ ਗਰੀਬ, ਮੁਲਾਜ਼ਮ, ਭਿਖਾਰੀ ਥੱਪੜ ਨਹੀਂ ਖਾਂਦਾ। ਪਰ ਇਹ ਸ਼ਰ੍ਹੇਆਮ ਦਿਖਾਇਆ ਜਾਂਦਾ ਹੈ। ਇਹ ਅਸੀਂ ਆਪਣੇ ਸਮਾਜ ਦਾ ਕਿਹੜਾ ਰੂਪ ਜ਼ਾਹਿਰ ਕਰ ਰਹੇ ਹਾਂ। ਕੀ ਇਹ ਵਰਤਾਰਾ ਸਾਡੇ ਸਮਾਜ ਵਿੱਚ ਆਮ ਹੁੰਦਾ ਹੈ? ਨਹੀਂ ਇਹ ਸਿਰਫ ਵੀਡੀਓ ਨੂੰ ਰੌਚਕ ਬਣਾਉਣ ਲਈ ਅਤੇ ਵਿਊ ਵਧਾਉਣ ਲਈ ਪੇਸ਼ ਕੀਤਾ ਜਾਂਦਾ ਹੈ। ਕਿਹੜਾ ਸਕਿਉਰਿਟੀ ਗਾਰਡ ਹੈ, ਜੋ ਥੱਪੜ ਖਾ ਕੇ ਵੀ ਚੁੱਪ ਰਹੇਗਾ। ਇਥੇ ਤਕਰੀਬਨ ਹਰ ਦੂਜੀ ਤੀਜੀ ਵੀਡੀਓ ਇਸੇ ਵਿਚਾਰ ਨੂੰ ਲੈ ਕੇ ਬਣਾਈ ਜਾਂਦੀ ਹੈ। । ਇਸ ਤਰ੍ਹਾਂ ਕਰਕੇ ਅਸੀਂ ਪੈਸੇ-ਡਾਲਰ ਤਾਂ ਕਮਾ ਸਕਦੇ ਹਾਂ ਪਰ ਆਪਣੇ ਸਮਾਜ ਵਿਰਾਸਤ ਅਤੇ ਆਪਣੀ ਦਿੱਖ ਦਾ ਗਲਤ ਪੱਖ ਦੁਨੀਆਂ ਨੂੰ ਪੇਸ਼ ਕਰਕੇ ਬਹੁਤ ਵੱਡਾ ਨੁਕਸਾਨ ਕਰ ਰਹੇ ਹਾਂ। Social Media And Society
ਇਸ ਸਭ ਲਈ ਜਿੰਨੇ ਵੀਡੀਓ ਬਣਾਉਣ ਵਾਲੇ ਦੋਸ਼ੀ ਹਨ, ਓਨੇ ਵੇਖਣ ਵਾਲੇ ਲੋਕ ਵੀ ਦੋਸ਼ੀ ਹਨ। ਕਿਉਂਕਿ ਕੁਝ ਦਰਸ਼ਕ ਇਹ ਕੁਝ ਹੀ ਵੇਖਣਾ ਚਾਹੁੰਦੇ ਹਨ। ਜਿਸ ਨਾਲ ਵਿਸ਼ਵ ਵਿੱਚ ਉਨ੍ਹਾਂ ਦੀ ਇਮੇਜ਼ ਵੀ ਲੋਕਾਂ ਸਾਹਮਣੇ ਆਉਂਦੀ ਹੈ। ਪਰ ਕੁਝ ਲੋਕ ਅਜਿਹੇ ਵੀ ਹਨ ਜਿਨ੍ਹਾਂ ਦੀਆਂ ਵੀਡੀਓ ਇਮਾਨਦਾਰੀ, ਸਖਤ ਮਿਹਨਤ , ਪਤੀ-ਪਤਨੀ ਦੀ ਵਫ਼ਾਦਾਰੀ, ਗਰੀਬਾਂ ਦੀ ਸਹਾਇਤਾ, ਇਨਸਾਨੀਅਤ ਦਾ ਪੱਖ ਪੂਰਦੀਆਂ ਦੀਆਂ ਸੰਦੇਸ਼ ਦਿੰਦੀਆਂ ਹੋਈਆਂ ਸੰਦੇਸ਼ ਦਿੰਦੀਆਂ ਹਨ ਤੇ ਕੁਝ ਵੀਡੀਓਜ਼ ਤਾਂ ਦਿਲ ਨੂੰ ਟੁੰਬ ਜਾਂਦੀਆਂ ਹਨ। ਸਾਡੀਆਂ ਅੱਖਾਂ ਤੋਂ ਹੰਝੂ ਆ ਜਾਂਦੇ ਹਨ। ਅਜਿਹੀਆਂ ਪ੍ਰੇਰਨਾਦਾਇਕ ਵੀਡੀਓ ਸਮਾਜ ਦਾ ਉੱਜਵਲ ਪੱਖ ਪੇਸ਼ ਕਰਦੀਆਂ ਹਨ। ਸਮਾਜ ਦੀ ਦਿੱਖ ਸੁਧਾਰਦੀਆਂ ਹਨ। ਚੰਗੀਆਂ ਵੀਡੀਓ ਜਾਂ ਪੋਸਟਾਂ ਪਾਉਣਾ ਇੱਕ ਸਮਾਜ ਸੇਵਾ ਹੈ। ਪੈਸੇ ਦੇ ਲਾਲਚ ਵਿੱਚ ਸਮਾਜ ਨੂੰ ਗੰਧਲਾ ਕਰਨਾ ਇੱਕ ਗੁਨਾਹ ਹੈ। ਆਓਂ ਸੋਸ਼ਲ ਮੀਡੀਆ ਨੂੰ ਸਮਾਜ ਸੁਧਾਰਨ ਲਈ ਵਰਤੀਏ। Social Media And Society