World Heart Day: ਸਿਵਲ ਸਰਜਨ ਵੱਲੋਂ ਵਿਸ਼ਵ ਦਿਲ ਦਿਵਸ ਤੇ ਜਾਗਰੂਕਤਾ ਬੈਨਰ ਅਤੇ ਪੋਸਟਰ ਕੀਤਾ ਜਾਰੀ 

World Heart Day
World Heart Day: ਸਿਵਲ ਸਰਜਨ ਵੱਲੋਂ ਵਿਸ਼ਵ ਦਿਲ ਦਿਵਸ ਤੇ ਜਾਗਰੂਕਤਾ ਬੈਨਰ ਅਤੇ ਪੋਸਟਰ ਕੀਤਾ ਜਾਰੀ 

ਆਪਣੇ ਦਿਲ ਨੂੰ ਸਿਹਤਮੰਦ ਰੱਖਣ ਲਈ ਹਰ ਰੋਜ਼ ਕਰੋ ਕਸਰਤ : ਡਾ.ਕੱਕੜ

World Heart Day: (ਗੁਰਪ੍ਰੀਤ ਪੱਕਾ) ਫ਼ਰੀਦਕੋਟ । ਸਿਵਲ ਸਰਜਨ ਡਾ. ਚੰਦਰ ਸ਼ੇਖਰ ਕੱਕੜ ਵੱਲੋ ਅੱਜ ਵਿਸ਼ਵ ਦਿਲ ਦਿਵਸ ’ਤੇ ਜਾਗਰੂਕਤਾ ਬੈਨਰ ਅਤੇ ਪੋਸਟਰ ਜਾਰੀ ਕੀਤਾ ਗਿਆ। ਇਸ ਮੌਕੇ ਉਨ੍ਹਾਂ ਦੱਸਿਆ ਕਿ ਅੱਜ ਦੇ ਦਿਨ ਸਿਹਤ ਵਿਭਾਗ ਵੱਲੋਂ ਆਮ ਲੋਕਾਂ ਨੂੰ ਦਿਲ ਦੀਆਂ ਬਿਮਾਰੀਆਂ ਅਤੇ ਇਨ੍ਹਾਂ ਤੋਂ ਕਿਵੇ ਬਚਿਆ ਜਾ ਸਕਦਾ ਹੈ, ਸਬੰਧੀ ਜਾਗਰੂਕ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਦਿਲ ਸਾਡੇ ਸਰੀਰ ਦਾ ਅਹਿਮ ਅੰਗ ਹੈ, ਇਸ ਲਈ ਇਸ ਨੂੰ ਸਿਹਤਮੰਦ ਰੱਖਣਾ ਜਰੂਰੀ ਹੈ। ਉਨ੍ਹਾਂ ਕਿਹਾ ਕਿ ਦਿਲ ਦੀਆਂ ਬਿਮਾਰੀਆਂ ਤੋਂ ਬਚਣ ਲਈ ਹਰ ਰੋਜ਼ ਸੈਰ,ਸਾਈਕਲਿੰਗ ਅਤੇ ਯੋਗਾ ਆਦਿ ਕਰਨ ਨਾਲ ਗੈਰ ਸੰਚਾਰੀ ਰੋਗ ਬਲੱਡ ਪ੍ਰੈਸ਼ਰ ਅਤੇ ਸ਼ੂਗਰ ਤੋਂ ਬਚਿਆ ਜਾ ਸਕਦਾ ਹੈ।

ਇਹ ਵੀ ਪੜ੍ਹੋ: Diet For kids: ਬੱਚਿਆਂ ’ਚ ਦੁੱਧ ਦੀ ਕਮੀ ਸਰੀਰਕ ਵਿਕਾਸ ’ਚ ਪਾਉਂਦੀ ਹੈ ਰੁਕਾਵਟ, ਇਸ ਤਰ੍ਹਾਂ ਵਧਾਓ ਪ੍ਰੋਟੀਨ-ਕੈਲਸ਼ੀਅ…

ਉਨ੍ਹਾਂ ਦੱਸਿਆ ਕਿ ਵੱਧ ਚਿਕਨਾਈ ਵਾਲਾ ਭੋਜਨ ਖਾਣ ਨਾਲ, ਸ਼ਰਾਬ ,ਸਿਗਰਟਨੋਸ਼ੀ ਦੀ ਆਦਤ, ਪ੍ਰਦੂਸ਼ਿਤ ਵਾਤਾਵਰਣ, ਖਾਣ ਪੀਣ ਦੀਆਂ ਗਲਤ ਆਦਤਾਂ, ਫਾਸਟ ਫੂਡ, ਦਿਮਾਗੀ ਪ੍ਰੇਸ਼ਾਨੀ, ਮੋਟਾਪੇ ਕਾਰਨ ਦਿਲ ਨੂੰ ਕਈ ਤਰ੍ਹਾ ਦੀਆਂ ਬਿਮਾਰੀਆਂ ਲੱਗ ਜਾਂਦੀਆਂ ਹਨ। ਇਸ ਲਈ ਸਾਨੂੰ ਇਨ੍ਹਾ ਚੀਜਾਂ ਤੋਂ ਪ੍ਰਹੇਜ ਕਰਨਾ ਚਾਹੀਦਾ ਹੈ। ਸਾਨੂੰ 35 ਸਾਲ ਦੀ ਉਮਰ ਤੋਂ ਬਾਅਦ ਰੂਟੀਨ ਵਿੱਚ ਬਲੱਡ ਪ੍ਰੈਸ਼ਰ ਚੈੱਕ ਕਰਵਾਉਂਦੇ ਰਹਿਣਾ ਚਾਹੀਦਾ ਹੈ ਅਤੇ ਸਾਲ ਵਿੱਚ ਘੱਟੋ ਘੱਟ ਇੱਕ ਵਾਰ ਸ਼ੂਗਰ ਅਤੇ ਦਿਲ ਸਬੰਧੀ ਹੋਰ ਟੈਸਟ ਕਰਵਾਉਦੇ ਰਹਿਣਾ ਚਾਹੀਦਾ ਹੈ। ਜੇਕਰ ਸ਼ੂਗਰ, ਬਲੱਡ ਪ੍ਰੈਸ਼ਰ ਜਾਂ ਦਿਲ ਦੀ ਕੋਈ ਹੋਰ ਬਿਮਾਰੀ ਹੋ ਜਾਵੇ ਤਾਂ ਦਿਲ ਦੇ ਮਾਹਿਰ ਡਾਕਟਰ ਨਾਲ ਸੰਪਰਕ ਕਰਕੇ ਇਲਾਜ ਸ਼ੁਰੂ ਕੀਤਾ ਜਾਵੇ, ਬਲੱਡ ਪ੍ਰੈਸ਼ਰ ਤੋ ਪੀੜਤ ਵਿਅਕਤੀ ਵੱਲੋ ਆਪਣੀ ਮਰਜੀ ਨਾਲ ਦਵਾਈ ਬੰਦ ਕਰਨਾ ਸਿਹਤ ਲਈ ਹਾਨੀਕਾਰਕ ਹੋ ਸਕਦਾ ਹੈ।

ਉਨ੍ਹਾਂ ਦੱਸਿਆ ਕਿ ਆਮ ਪਬਲਿਕ ਦੀ ਸਹੂਲਤ ਲਈ ਸਮੂਹ ਸਿਹਤ ਸੰਸਥਾਵਾਂ ਵਿਖੇ ਬਲੱਡ ਪ੍ਰੈਸ਼ਰ ਦੀ ਦਵਾਈ ਮਿਲਦੀ ਹੈ ਅਤੇ ਸਕ੍ਰੀਨਿੰਗ ਵੀ ਕੀਤੀ ਜਾਂਦੀ ਹੈ। ਉਨ੍ਹਾਂ ਅਪੀਲ ਕੀਤੀ ਕਿ ਇਹ ਸੰਦੇਸ਼ ਆਪਣੇ ਪਰਿਵਾਰ, ਮੁਹੱਲੇ ਅਤੇ ਪਿੰਡਾਂ ਸ਼ਹਿਰਾਂ ਵਿੱਚ ਪਹੁੰਚਾਇਆ ਜਾਵੇ, ਤਾਂ ਜੋ ਵੱਧ ਤੋਂ ਵੱਧ ਲੋਕ ਦਿਲ ਦੀਆਂ ਬਿਮਾਰੀਆਂ ਪ੍ਰਤੀ ਸੁਚੇਤ ਹੋ ਜਾਣ। ਇਸ ਮੌਕੇ ਡਿਪਟੀ ਮੈਡੀਕਲ ਕਮਿਸ਼ਨਰ ਡਾ ਵਿਸ਼ਵਦੀਪ ਗੋਇਲ, ਮਾਸ ਮੀਡੀਆ ਅਫਸਰ ਕੁਲਵੰਤ ਸਿੰਘ, ਸੀਨੀਅਰ ਫਾਰਮੈਸੀ ਅਫਸਰ ਸੁਨੀਲ ਸਿੰਗਲਾ, ਬੀ ਈ ਈ ਰਾਜਿੰਦਰ ਕੁਮਾਰ, ਫਲੈਗ ਚਾਵਲਾ, ਅਤੇ ਕੌਸ਼ਲ ਕੁਮਾਰ ਹਾਜ਼ਰ ਸਨ।