ਖੂਨਦਾਨ ਤੋਂ ਵੱਡਾ ਕੋਈ ਦਾਨ ਨਹੀਂ : ਵਿਧਾਇਕ ਸੇਖੋਂ
Bhagat Singh: (ਗੁਰਪ੍ਰੀਤ ਪੱਕਾ) ਫ਼ਰੀਦਕੋਟ। ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਦੇ ਜਨਮ ਦਿਹਾੜੇ ਨੂੰ ਯਾਦਗਾਰੀ ਬਣਾਉਣ ਲਈ ਯੁਵਕ ਸੇਵਾਵਾਂ ਬੋਰਡ ਅਤੇ ਯੂਥ ਵਿੰਗ ਆਮ ਆਦਮੀ ਪਾਰਟੀ ਫ਼ਰੀਦਕੋਟ ਵੱਲੋਂ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਅਤੇ ਹਸਪਤਾਲ ਵਿਖੇ ਖੂਨਦਾਨ ਕੈਂਪ ਲਾਇਆ ਗਿਆ। ਜਿਸ ਵਿੱਚ ਹਲਕਾ ਵਿਧਾਇਕ ਸ. ਗੁਰਦਿੱਤ ਸਿੰਘ ਸੇਖੋਂ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ ਅਤੇ ਆਪ ਵੀ ਖੂਨ ਦਾਨ ਕਰਕੇ ਇਸ ਕੈਂਪ ਵਿੱਚ ਆਪਣਾ ਯੋਗਦਾਨ ਪਾਇਆ।
ਇਸ ਮੌਕੇ ਅਪਣੇ ਸੰਬੋਧਨ ਵਿਚ ਵਿਧਾਇਕ ਸ. ਸੇਖੋਂ ਨੇ ਕਿਹਾ ਸਭ ਤੋਂ ਪਹਿਲਾਂ ਤਾਂ ਇਹ ਬੜੀ ਖੁਸ਼ੀ ਦੀ ਗੱਲ ਹੈ ਕਿ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਜਨਮ ਦਿਹਾੜੇ ਤੇ ਪਾਕਿਸਤਾਨ ਵਿਚ ਮੰਗ ਕੀਤੀ ਗਈ ਹੈ ਕਿ ਸ਼ਹੀਦ-ਏ-ਆਜ਼ਮ ਭਗਤ ਸਿੰਘ ਜੀ ਨੂੰ ਭਾਰਤ ਅਤੇ ਪਾਕਿਸਤਾਨ ਸਾਂਝੇ ਤੌਰ ਤੇ ਦੋਵਾਂ ਦੇਸ਼ਾਂ ਦਾ ਸਭ ਤੋਂ ਵੱਡਾ ਐਵਾਰਡ ਦੇਣ। ਉਨ੍ਹਾਂ ਕਿਹਾ ਕਿ ਅੱਜ ਪੰਜਾਬ ਸਰਕਾਰ ਦੀ ਅਗਵਾਈ ਹੇਠ ਸਾਰੇ ਪੰਜਾਬ ਵਿਹ ਹੀ ਸ਼ਹੀਦ-ਏ-ਆਜ਼ਮ ਭਗਤ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਖੂਨਦਾਨ ਕੈਂਪ ਲਗਾਇਆ ਜਾ ਰਿਹਾ ਹੈ, ਤਾਂ ਜੋ ਸਾਡੀ ਨੌਜਵਾਨ ਪੀੜ੍ਹੀ ਨੂੰ ਪਤਾ ਲੱਗ ਸਕੇ ਕਿ ਸ਼ਹੀਦ-ਏ-ਆਜ਼ਮ ਭਗਤ ਸਿੰਘ ਜੀ ਦੀ ਸਾਡੇ ਸਮਾਜ ਨੂੰ ਕਿੰਨੀ ਵੱਡੀ ਦੇਣ ਹੈ।
ਇਹ ਵੀ ਪੜ੍ਹੋ: Rajvir Jawanda Health: ਪੰਜਾਬੀ ਗਾਇਕ ਰਾਜ਼ਵੀਰ ਜਵੰਦਾ ਦੀ ਹਾਲਤ ’ਚ ਸੁਧਾਰ, ਅਜੇ ਵੀ ਵੈਂਟੀਲੇਟਰ ’ਤੇ
ਉਨ੍ਹਾਂ ਕਿਹਾ ਕਿ ਸ਼ਹੀਦ-ਏ-ਆਜ਼ਮ ਭਗਤ ਸਿੰਘ ਨੇ ਛੋਟੀ ਉਮਰੇ ਹੀ ਦੇਸ਼ ਦੀ ਆਜ਼ਾਦੀ ਲਈ ਲੜ੍ਹਨਾ ਸ਼ੁਰੂ ਕਰ ਦਿੱਤਾ ਸੀ। ਉਨ੍ਹਾਂ ਨੇ ਸਾਢੇ ਤੇਈ ਸਾਲ ਦੀ ਉਮਰ ਵਿਚ ਆਪਣੀ ਪੜ੍ਹਾਈ ਦੇ ਸਮੇਂ ਹੀ ਫਾਂਸੀ ਦਾ ਰੱਸਾ ਚੁੰਮ ਕੇ ਆਪਣੇ ਦੋ ਸਾਥੀਆਂ ਰਾਜਗੁਰੂ ਅਤੇ ਸੁਖਦੇਵ ਸਮੇਤ ਸਾਡੇ ਦੇਸ਼ ਅਤੇ ਦੁਨੀਆਂ ਦੇ ਹੋਰ ਨਾਲ ਲੱਗਦੇ ਦੇਸ਼ਾਂ ਨੂੰ ਆਜਾਦੀ ਦਿਵਾਈ ਸੀ। ਉਨ੍ਹਾਂ ਕਿਹਾ ਕੇ ਇਨ੍ਹਾਂ ਸ਼ਹੀਦਾਂ ਦੀ ਬਦੌਲਤ ਹੀ ਅਸੀਂ ਅੱਜ ਆਜ਼ਾਦ ਹਾਂ ਅਤੇ ਇਹ ਸਾਨੂੰ ਸਾਡੇ ਸ਼ਹੀਦਾਂ ਦੀ ਬਹੁਤ ਹੀ ਵੱਡੀ ਦੇਣ ਹੈ।

ਉਨ੍ਹਾ ਦੱਸਿਆ ਕਿ ਇਸ ਕੈਂਪ ਰਾਹੀਂ ਸਾਡੀ ਸਭ ਤੋਂ ਵੱਡੀ ਕੋਸ਼ਿਸ਼ ਹੈ ਕਿ ਵੱਧ ਤੋਂ ਵੱਧ ਖੂਨਦਾਨ ਕਰਕੇ ਬਲੱਡ ਬੈਂਕ ਨੂੰ ਦਿੱਤਾ ਜਾਵੇ, ਤਾਂ ਜੋ ਜ਼ਰੂਰਤ ਸਮੇਂ ਕਿਸੇ ਜ਼ਰੂਰਤਮੰਦਾਂ ਦੀ ਸਹਾਇਤਾ ਕੀਤੀ ਜਾ ਸਕੇ। ਉਨ੍ਹਾਂ ਦੱਸਿਆ ਕਿ ਇਹ ਬਹੁਤ ਖੁਸ਼ੀ ਦੀ ਗੱਲ ਹੈ ਕਿ ਸਾਡੇ ਜ਼ਿਲ੍ਹੇ ਦਾ ਬਲੱਡ ਬੈਂਕ ਪੰਜਾਬ ਵਿੱਚੋਂ ਪਹਿਲੇ ਨੰਬਰ ’ਤੇ ਆਇਆ ਹੈ। ਇਸ ਦੇ ਲਈ ਸਾਡੇ ਜ਼ਿਲ੍ਹੇ ਨੂੰ ਐਵਾਰਡ ਵੀ ਮਿਲ ਰਿਹਾ ਹੈ। ਇਸ ਮੌਕੇ ਉਨ੍ਹਾ ਨੇ ਉਨ੍ਹਾ ਨੇ ਡਿਪਟੀ ਕਮਿਸ਼ਨਰ ਮੈਡਮ ਪੂਨਮਦੀਪ ਕੌਰ ਅਤੇ ਬਲੱਡ ਬੈਂਕ ਦੇ ਇੰਚਾਰਜ ਮੈਡਮ ਨੀਤੂ ਨੂੰ ਵਧਾਈ ਵੀ ਦਿੱਤੀ। ਇਸ ਦੇ ਨਾਲ ਹੀ ਉਨ੍ਹਾਂ ਨੇ ਸਮੂਹ ਫਰੀਦਕੋਟ ਵਾਸੀਆਂ ਨੂੰ ਵਧਾਈ ਦਿੱਤੀ ਅਤੇ ਧੰਨਵਾਦ ਕਰਦਿਆਂ ਕਿਹਾ ਕਿ ਲੋਕਾਂ ਨੇ ਵੱਧ-ਚੜ੍ਹ ਕੇ ਖੂਨਦਾਨ ਕੈਂਪਾਂ ਵਿੱਚ ਹਿੱਸਾ ਪਾ ਕੇ ਮੈਡੀਕਲ ਹਸਪਤਾਲ ਵਿਚ ਆਉਣ ਵਾਲੇ ਮਰੀਜ਼ਾਂ ਦੀਆਂ ਜਾਨਾਂ ਬਚਾਈਆਂ ਅਤੇ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਦਾ ਨਾਂਅ ਦੁਨੀਆਂ ਵਿਚ ਰੌਸ਼ਨ ਕੀਤਾ।
ਨੌਜਵਾਨਾਂ ਨੂੰ ਸਵੈ ਇੱਛਾ ਨਾਲ ਖੂਨ ਦਾਨ ਕਰਨ ਲਈ ਅੱਗੇ ਆਉਣ ਦਾ ਦਿੱਤਾ ਸੁਨੇਹਾ
ਇਸ ਮੌਕੇ ਵਿਧਾਇਕ ਸ. ਸੇਖੋਂ ਨੇ ਯੂਥ ਕਲੱਬ ਦੇ ਸਮੂਹ ਮੈਂਬਰਾਂ ਦਾ ਇਸ ਲੋਕ ਭਲਾਈ ਦੇ ਕਾਰਜ ਲਈ ਧੰਨਵਾਦ ਕਰਦਿਆਂ ਕਿਹਾ ਕਿ ਖੂਨ ਦਾਨ ਤੋਂ ਵੱਡਾ ਕੋਈ ਦਾਨ ਨਹੀਂ ਹੈ। ਉਨ੍ਹਾ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਜਦੋਂ ਵੀ ਕਿਤੇ ਖੂਨਦਾਨ ਕੈਂਪ ਲੱਗੇ ਤਾਂ ਸਭ ਨੂੰ ਵੱਧ ਤੋਂ ਵੱਧ ਖੂਨਦਾਨ ਕਰਨਾ ਚਾਹੀਦਾ ਹੈ।
ਉਨ੍ਹਾਂ ਕਿਹਾ ਕਿ ਕੁੱਝ ਲੋਕ ਅਜਿਹੇ ਹਨ ਜੋ ਕਿ ਸਮਝਦੇ ਹਨ ਕਿ ਖੂਨ ਦਾਨ ਕਰਨ ਨਾਲ ਸਰੀਰ ਵਿਚ ਕਈ ਤਰ੍ਹਾਂ ਦੀ ਕਮਜ਼ੋਰੀ ਆ ਜਾਂਦੀ ਹੈ, ਜੋ ਕਿ ਬਿੱਲਕੁਲ ਬੇ-ਬੁਨਿਆਦ ਹੈ। ਇੱਕ ਤੰਦਰੁਸਤ ਵਿਅਕਤੀ ਹਰ ਛੇ ਮਹੀਨੇ ਬਾਅਦ ਆਪਣਾ ਖੂਨ ਦਾਨ ਕਰ ਸਕਦਾ ਹੈ। ਕਿਉਂਕਿ ਖੂਨਦਾਨ ਕਰਨ ਉਪਰੰਤ 48 ਘੰਟੇ ਬਾਅਦ ਹੀ ਖੂਨ ਦੇ ਸੈੱਲ ਬਣਨੇ ਸ਼ੁਰੂ ਹੋ ਜਾਂਦੇ ਹਨ ਜੋ ਇੱਕ ਤੋਂ ਦੋ ਮਹੀਨੇ ਬਾਅਦ ਹੀ ਪੂਰੇ ਹੋ ਜਾਂਦੇ ਹਨ। ਇੱਕ ਵਿਅਕਤੀ ਦੁਆਰਾ ਦਿੱਤਾ ਗਿਆ ਖੂਨ ਤਿੰਨ ਵਿਅਕਤੀਆਂ ਦੀ ਜਾਨ ਬਚਾ ਸਕਦਾ ਹੈ। ਉਨ੍ਹਾਂ ਨੌਜਵਾਨਾਂ ਨੂੰ ਸਵੈ ਇੱਛਾ ਨਾਲ ਖੂਨ ਦਾਨ ਕਰਨ ਲਈ ਅੱਗੇ ਆਉਣ ਦਾ ਸੁਨੇਹਾ ਵੀ ਦਿੱਤਾ। Bhagat Singh
ਇਸ ਮੌਕੇ ਜਗਮੋਹਨ ਸਿੰਘ ਲੱਕੀ ਯੂਥ ਪ੍ਰਧਾਨ, ਰਿੰਕੂ ਸਮਾਧਾਂ ਵਾਲਾ , ਗੁਰਪ੍ਰੀਤ ਧਾਲੀਵਾਲ, ਯਾਦਵਿੰਦਰ ਬਰਾੜ, ਹਰਜੀਤ ਸਿੰਘ ਸਰਪੰਚ ਪਿੰਡ ਚੰਨੀਆ, ਜਸਕਰਨ ਸਿੰਘ, ਦਵਿੰਦਰ ਧਾਲੀਵਾਲ, ਅਰਸ਼ ਬਰਾੜ, ਬੱਬੂ ਸਰਪੰਚ, ਜਸਪਾਲ ਬਾਬਾ, ਅਮਰਜੀਤ ਸਿੰਘ ਅਤੇ ਵੱਡੀ ਗਿਣਤੀ ਵਿਚ ਖੂਨਦਾਨੀ ਹਾਜ਼ਰ ਸਨ।