ਵਿਰੋਧੀ ਧਿਰ ਸੌੜੇ ਸਿਆਸੀ ਹਿੱਤਾਂ ਤੋਂ ਉੱਪਰ ਉੱਠ ਲੋਕ ਭਲਾਈ ਨੂੰ ਤਰਜੀਹ ਦੇਵੇ : ਬੈਂਸ
Punjab News: (ਅਸ਼ਵਨੀ ਚਾਵਲਾ) ਚੰਡੀਗੜ। ਸੂਬੇ ਵਿੱਚ ਹਾਲ ਹੀ ’ਚ ਆਏ ਭਿਆਨਕ ਹੜ੍ਹਾਂ ਕਾਰਨ ਪੈਦਾ ਹੋਈ ਸਥਿਤੀ ਨੂੰ ਵੇਖਦਿਆਂ ਪੰਜਾਬ ਦੇ ਸਿੱਖਿਆ ਅਤੇ ਸੂਚਨਾ ਤੇ ਲੋਕ ਸੰਪਰਕ ਮੰਤਰੀ ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਇਹ ਸਮਾਂ ਸਿਆਸੀ ਬਿਆਨਬਾਜ਼ੀ ਦਾ ਨਹੀਂ ਬਲਕਿ ਭਵਿੱਖ ਵਿੱਚ ਅਜਿਹੀਆਂ ਆਫਤਾਂ ਨੂੰ ਰੋਕਣ ਅਤੇ ਹੜ੍ਹ ਪ੍ਰਭਾਵਿਤ ਸੂਬੇ ਦੇ ਮੁੜ ਵਸੇਬੇ ਲਈ ਭਵਿੱਖੀ ਰਣਨੀਤੀਆਂ ਤਿਆਰ ਕਰਨ ਦਾ ਹੈ। ਉਨ੍ਹਾਂ ਬੀ.ਬੀ.ਐਮ.ਬੀ. ਦੇ ਕੰਮਕਾਜ ਅਤੇ ਇਸ ਕੁਦਰਤੀ ਆਫਤ ’ਤੇ ਵਿਰੋਧੀ ਧਿਰ ਵੱਲੋਂ ਬੇਬੁਨਿਆਦ ਬਿਆਨਬਾਜ਼ੀ ਕਰਕੇ ਕੀਤੀ ਜਾ ਰਹੀ ਰਾਜਨੀਤੀ ‘ਤੇ ਵੀ ਗੰਭੀਰ ਸਵਾਲ ਉਠਾਏ।
ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਸੈਸਨ ਦੌਰਾਨ ਸੰਬੋਧਨ ਕਰਦਿਆਂ ਹਰਜੋਤ ਸਿੰਘ ਬੈਂਸ ਨੇ ਵਿਰੋਧੀ ਧਿਰ ਨੂੰ ਸੌੜੇ ਸਿਆਸੀ ਹਿੱਤਾਂ ਤੋਂ ਉੱਪਰ ਉੱਠ ਕੇ ਲੋਕਾਂ ਦੀ ਭਲਾਈ ਨੂੰ ਤਰਜ਼ੀਹ ਦੇਣ ਦੀ ਅਪੀਲ ਕੀਤੀ। ਉਨ੍ਹਾਂ ਨੇ ਹੜ੍ਹਾਂ ਦੇ ਮਾਰੂ ਪ੍ਰਭਾਵਾਂ ਨੂੰ ਉਜਾਗਰ ਕੀਤਾ, ਜਿਸ ਵਿੱਚ 59 ਮਨੁੱਖੀ ਜਾਨਾਂ ਚਲੀਆਂ ਗਈਆਂ, ਘਰ ਤਬਾਹ ਹੋ ਗਏ, ਹਜ਼ਾਰਾਂ ਪਸ਼ੂਆਂ ਨੂੰ ਨੁਕਸਾਨ ਪਹੁੰਚਿਆ ਅਤੇ ਸੂਬੇ ਦੇ ਖੇਤੀਬਾੜੀ ਖੇਤਰ ਨੂੰ ਗੰਭੀਰ ਝਟਕਾ ਲੱਗਿਆ। ਉਨ੍ਹਾਂ ਕਿਹਾ ਕਿ ਅਸਲ ਵਿੱਚ ਹੜ੍ਹਾਂ ਕਾਰਨ ਹੋਇਆ ਨੁਕਸਾਨ ਇਸ ਤੋਂ ਵੀ ਵਿਆਪਕ ਹੈ ਕਿਉਂਕਿ ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚ ਸੱਪ ਲੜਨ, ਸੰਪਰਕ ਟੁੱਟਣ ਕਾਰਨ ਆਈਸੋਲੇਸਨ ਵਰਗੇ ਹੋਰਨਾਂ ਕਾਰਨਾਂ ਕਰਕੇ ਕਈ ਜਾਨਾਂ ਗਈਆਂ। ਸਿੱਖਿਆ ਮੰਤਰੀ ਨੇ ਜਨਤਕ ਬੁਨਿਆਦੀ ਢਾਂਚੇ ਨੂੰ ਹੋਏ ਗੰਭੀਰ ਨੁਕਸਾਨ ਵੱਲ ਵੀ ਧਿਆਨ ਖਿੱਚਿਆ, ਜਿਸ ਵਿੱਚ 3,200 ਤੋਂ ਵੱਧ ਸਕੂਲ ਪ੍ਰਭਾਵਿਤ ਹੋਏ ਅਤੇ 1,300 ਤੋਂ ਵੱਧ ਕਲਾਸਰੂਮ ਵਰਤੋਂ ਯੋਗ ਨਹੀਂ ਰਹੇ।
ਭਾਖੜਾ ਡੈਮ ਦੀ ਮੁਨਿਆਦ ਤੇ ਗਾਰ ਬਾਰੇ ਬੀ.ਬੀ.ਐਮ.ਬੀ. ਕੋਲ ਅੰਕੜੇ ਨਾ ਹੋਣ ‘ਤੇ ਚੁੱਕੇ ਸਵਾਲ
ਉਨ੍ਹਾਂ ਕਿਹਾ ਕਿ ਪੰਜ ਲੱਖ ਏਕੜ ਫਸਲ ਤਬਾਹ ਹੋ ਗਈ ਹੈ। ਇਨ੍ਹਾਂ ਫਸਲਾਂ ’ਤੇ ਨਿਰਭਰ ਪੰਜਾਬ ਦੀ ਆਰਥਿਕਤਾ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਗਈ ਹੈ। ਹਰਜੋਤ ਸਿੰਘ ਬੈਂਸ ਨੇ ਭਾਖੜਾ ਬਿਆਸ ਮੈਨੇਜਮੈਂਟ ਬੋਰਡ (ਬੀ.ਬੀ.ਐਮ.ਬੀ.) ’ਤੇ ਨਿਸ਼ਾਨਾ ਵਿੰਨਦਿਆਂ ਬੋਰਡ ਦੇ ਚੇਅਰਮੈਨ ਵੱਲੋਂ ਹਾਈ ਕੋਰਟ ਵਿੱਚ ਦਿੱਤੇ ਗਏ ਗੁੰਮਰਾਹਕੁੰਨ ਬਿਆਨ ਦਾ ਹਵਾਲਾ ਦਿੱਤਾ।
ਸ. ਬੈਂਸ ਨੇ ਕੇਂਦਰੀ ਜਲ ਕਮਿਸ਼ਨ ਦੀ 24 ਅਪ੍ਰੈਲ ਦੀ ਰਿਪੋਰਟ ਤੋਂ ਤਕਨੀਕੀ ਡੇਟਾ ਪੇਸ ਕੀਤਾ, ਜਿਸ ਵਿੱਚ ਪੰਜਾਬ ਦੇ ਮੁੱਖ ਜਲ ਭੰਡਾਰਾਂ ਵਿੱਚ 44.85 ਫੀਸਦ ਪਾਣੀ, ਜੋ ਆਮ ਨਾਲੋਂ ਕਾਫੀ ਘੱਟ ਸੀ ਅਤੇ ਹਿਮਾਚਲ ਪ੍ਰਦੇਸ਼ ਦੇ ਜਲ ਭੰਡਾਰਾਂ ਵਿੱਚ 40.60 ਫੀਸਦ ਪਾਣੀ ਭੰਡਾਰਨ ਦਾ ਜ਼ਿਕਰ ਕੀਤਾ ਗਿਆ ਸੀ। ਉਨ੍ਹਾਂ ਦੋਸ਼ ਲਗਾਇਆ ਕਿ ਉਸ ਸਮੇਂ ਭਾਖੜਾ ਡੈਮ ਵਿੱਚ ਪਾਣੀ ਦਾ ਪੱਧਰ 1555 ਫੁੱਟ ਸੀ, ਪਾਣੀ ਦੀ ਗੰਭੀਰ ਘਾਟ ਦੇ ਬਾਵਜੂਦ ਬੀ.ਬੀ.ਐਮ.ਬੀ. ਨੇ ਪੰਜਾਬ ਦੇ ਹਿੱਸੇ ਦੇ ਪਾਣੀ ਨੂੰ ਹਰਿਆਣਾ ਵੱਲ ਮੋੜਨ ਦੀ ਕੋਸ਼ਿਸ਼ ਕੀਤੀ ਸੀ, ਜਿਸ ਨਾਲ ਪਾਵਰ ਹਾਊਸ ਦੇ ਰੁਕਣ ਦਾ ਖਤਰਾ ਪੈਦਾ ਹੋ ਗਿਆ ਸੀ। Punjab News
ਇਹ ਵੀ ਪੜ੍ਹੋ: Punjab Government News: ਪੰਜਾਬ ਦੇ ਪਿੰਡਾਂ ਦੀ ਬਦਲ ਜਾਵੇਗੀ ਤਸਵੀਰ, ਮਾਨ ਸਰਕਾਰ ਨੇ ਲਿਆ ਵੱਡਾ ਫੈਸਲਾ
ਗੋਬਿੰਦ ਸਾਗਰ ਜਲ ਭੰਡਾਰ ਬਾਰੇ ਗੰਭੀਰ ਸਵਾਲ ਚੁੱਕਦਿਆਂ ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਇਹ ਹੈਰਾਨੀ ਵਾਲੀ ਗੱਲ ਹੈ ਕਿ ਬੀ.ਬੀ.ਐਮ.ਬੀ. ਭਾਖੜਾ ਡੈਮ, ਜਿਸ ਦੀ ਮਿਆਦ 100 ਸਾਲ ਸੀ, ਦੇ ਜਲ ਭੰਡਾਰ ਵਿੱਚ ਗਾਰ ਦੀ ਮਾਤਰਾ ਬਾਰੇ ਵੀ ਜਾਣਕਾਰੀ ਨਹੀਂ ਦੇ ਸਕਿਆ। ਹੁਣ ਇਸ ਦੀ ਕਿੰਨੀ ਮਿਆਦ ਬਾਕੀ ਹੈ – 10 ਸਾਲ, 15 ਸਾਲ, ਜਾਂ ਇਸ ਤੋਂ ਘੱਟ? ਉਨ੍ਹਾਂ ਜਲ ਭੰਡਾਰ ਦੀ ਸਮਰੱਥਾ, ਤਲਛਟ ਦੇ ਪੱਧਰ ਅਤੇ ਢਾਂਚਾਗਤ ਸਮਰੱਥਾ ਦਾ ਮੁਲਾਂਕਣ ਕਰਨ ਲਈ ਮਾਹਿਰਾਂ ਦੀ ਅਗਵਾਈ ਹੇਠ ਇੱਕ ਕਮੇਟੀ ਬਣਾਉਣ ਦੀ ਮੰਗ ਕੀਤੀ ਤਾਂ ਜੋ ਇਸ ਅਤਿਅੰਤ ਅਹਿਮ ਤੇ ਸੰਵੇਦਨਸੀਲ ਡੈਮ ਦਾ ਵਿਆਪਕ ਮੁਲਾਂਕਣ ਯਕੀਨੀ ਬਣਾਇਆ ਜਾ ਸਕੇ। ਸਿੱਖਿਆ ਮੰਤਰੀ ਨੇ ਅਚਾਨਕ ਆਉਣ ਵਾਲੇ ਪਾਣੀ ਦੇ ਵਹਾਅ ਨੂੰ ਘੱਟ ਕਰਨ ਲਈ ਡੈਮਾਂ ਦੇ ਕੈਚਮੈਂਟ ਖੇਤਰਾਂ ਵਿੱਚ ਚੈੱਕ ਡੈਮ ਬਣਾਉਣ ਦੀ ਮਹੱਤਤਾ ‘ਤੇ ਜ਼ੋਰ ਦਿੱਤਾ।