ਲੋਕ ਅਫ਼ਵਾਹਾਂ ਤੋਂ ਬਚਣ, ਲੱਛਣ ਸਾਹਮਣੇ ਆਉਣ ਉੱਤੇ ਸਰਕਾਰੀ ਸਿਹਤ ਸੰਸਥਾਵਾਂ ਨਾਲ ਸੰਪਰਕ ਕੀਤਾ ਜਾਵੇ : ਜ਼ਿਲ੍ਹਾ ਐਪੀਡੀਮੌਲੋਜਿਸਟ ਸੰਗਰੂਰ
- ਮੌਸਮੀ ਬਿਮਾਰੀਆਂ ਤੋਂ ਬਚਣ ਲਈ ਸਿਹਤ ਸਲਾਹਕਾਰੀ ਜਾਰੀ
Sunam Medical Camp: ਸੁਨਾਮ ਊਧਮ ਸਿੰਘ ਵਾਲਾ, (ਕਰਮ ਥਿੰਦ)। ਭਾਰੀ ਮੀਂਹ ਉਪਰੰਤ ਸ਼ਹਿਰ ਸੁਨਾਮ ਦੇ ਕਈ ਇਲਾਕਿਆਂ ਵਿੱਚ ਬੁਖ਼ਾਰ ਅਤੇ ਹੋਰ ਮੌਸਮੀ ਬਿਮਾਰੀਆਂ ਦੇ ਫੈਲਣ ਤੋਂ ਬਚਾਅ ਲਈ ਕੈਬਨਿਟ ਮੰਤਰੀ ਅਮਨ ਅਰੋੜਾ ਦੀਆਂ ਹਦਾਇਤਾਂ ਉੱਤੇ ਸੁਨਾਮ ਵਿਖੇ ਵਿਸ਼ੇਸ਼ ਸਿਹਤ ਜਾਂਚ ਮੁਹਿੰਮ ਸ਼ੁਰੂ ਕੀਤੀ ਗਈ ਹੈ, ਜਿਸ ਤਹਿਤ ਸ਼ਹਿਰ ਦੇ ਹਰ ਵਾਰਡ ਅਤੇ ਘਰ-ਘਰ ਜਾ ਕੇ ਸਿਹਤ ਜਾਂਚ ਕੀਤੀ ਜਾ ਰਹੀ ਹੈ।
ਅੱਜ ਸੁਨਾਮ ਸ਼ਹਿਰ ਦੇ ਸਲੱਮ ਖੇਤਰ (ਡਿਸਪੈਂਸਰੀ ਦਸਮੇਸ਼ ਨਗਰ) ਵਿਖੇ ਸਿਹਤ ਵਿਭਾਗ ਦੀ ਇਕ ਵਿਸ਼ੇਸ਼ ਟੀਮ ਵੱਲੋਂ ਦੌਰਾ ਕੀਤਾ ਗਿਆ ਅਤੇ ਲੋਕਾਂ ਦੀ ਸਿਹਤ ਜਾਂਚ ਕੀਤੀ ਗਈ। ਇਸ ਟੀਮ ਵਿੱਚ ਡਾ. ਉਪਾਸਨਾ ਜ਼ਿਲ੍ਹਾ ਐਪੀਡੀਮੌਲੋਜਿਸਟ ਸੰਗਰੂਰ, ਡਾ. ਅਮਿਤ ਸਿੰਗਲਾ ਕਾਰਜਕਾਰੀ ਐੱਸ.ਐਮ.ਓ. ਸਮੇਤ ਸਿਹਤ ਵਿਭਾਗ ਦੇ ਵੱਖ ਵੱਖ ਅਧਿਕਾਰੀ ਤੇ ਮੈਡੀਕਲ ਟੀਮਾਂ ਸ਼ਾਮਲ ਸਨ।
ਸੁਨਾਮ ‘ਚ 6 ਦਿਨ ਤਿੰਨ ਐੱਮ ਡੀ ਮੈਡੀਸਿਨ ਅਤੇ ਤਿੰਨ ਬੱਚਿਆਂ ਦੇ ਰੋਗਾਂ ਦੇ ਮਾਹਿਰ ਡਾਕਟਰ ਓ ਪੀ ਡੀ ਕਰਨਗੇ, ਰੋਟੇਸ਼ਨ ਵਾਰ ਡਿਊਟੀ ਲਗਾਈ
ਗੱਲਬਾਤ ਕਰਦਿਆਂ ਡਾ. ਉਪਾਸਨਾ, ਜ਼ਿਲ੍ਹਾ ਐਪੀਡੀਮੌਲੋਜਿਸਟ ਸੰਗਰੂਰ ਨੇ ਦੱਸਿਆ ਕਿ ਸੁਨਾਮ ਦੇ ਕਈ ਇਲਾਕਿਆਂ ਵਿੱਚ ਬੁਖ਼ਾਰ ਅਤੇ ਹੋਰ ਮੌਸਮੀ ਬਿਮਾਰੀਆਂ ਦੀਆਂ ਖ਼ਬਰਾਂ ਮਿਲਣ ਉੱਤੇ ਸਿਹਤ ਵਿਭਾਗ ਵੱਲੋਂ ਤਿੰਨ ਮੈਡੀਸਿਨ ਡਾਕਟਰ ਅਤੇ ਇਕ ਬੱਚਿਆਂ ਦੇ ਮਾਹਿਰ ਡਾਕਟਰ ਅਗਲੇ 6 ਦਿਨ ਪ੍ਰਭਾਵਿਤ ਇਲਾਕਿਆਂ ਵਿੱਚ ਹਾਜ਼ਰ ਰਹਿਣਗੇ। ਅਗਲੇ 6 ਦਿਨ ਤਿੰਨ ਐੱਮ ਡੀ ਮੈਡੀਸਿਨ ਅਤੇ ਤਿੰਨ ਬੱਚਿਆਂ ਦੇ ਰੋਗਾਂ ਦੇ ਮਾਹਿਰ ਡਾਕਟਰ ਰੋਜ਼ਾਨਾ ਓ ਪੀ ਡੀ ਕਰਨਗੇ। ਟੀਮਾਂ ਦੀ ਰੋਟੇਸ਼ਨ ਵਾਰ ਡਿਊਟੀ ਲਗਾਈ ਗਈ ਹੈ। ਉਹਨਾਂ ਕਿਹਾ ਕਿ ਇਹ ਟੀਮਾਂ ਸ਼ੱਕੀ ਮਰੀਜ਼ਾਂ ਦੀ ਜਾਂਚ ਕਰਨਗੀਆਂ ਪੁਸ਼ਟੀ ਹੋਣ ਉੱਤੇ ਮਰੀਜ਼ ਨੂੰ ਇਲਾਜ਼ ਲਈ ਸਰਕਾਰੀ ਹਸਪਤਾਲ ਜਾਣਾ ਪਵੇਗਾ। ਪੰਜਾਬ ਸਰਕਾਰ ਵੱਲੋਂ ਸਰਕਾਰੀ ਹਸਪਤਾਲਾਂ ਵਿੱਚ ਇਲਾਜ਼ ਦੇ ਸਾਰੇ ਪ੍ਰਬੰਧ ਕੀਤੇ ਹੋਏ ਹਨ।
ਉਹਨਾਂ ਆਮ ਲੋਕਾਂ ਨੂੰ ਵੀ ਹਦਾਇਤ ਕੀਤੀ ਕਿ ਡੇਂਗੂ ਅਤੇ ਹੋਰ ਵੈਕਟਰ-ਬੋਰਨ ਬਿਮਾਰੀਆਂ ਨਾਲ ਪੀੜਤ ਮਰੀਜ਼ਾਂ ਵਿੱਚ ਤੇਜ਼ ਬੁਖ਼ਾਰ, ਸਰੀਰ ਵਿੱਚ ਦਰਦ, ਜੋੜਾਂ ਵਿੱਚ ਦਰਦ, ਪੇਟ ਵਿੱਚ ਗੜਬੜ ਅਤੇ ਕਈ ਵਾਰ ਭੁੱਖ ਦੀ ਕਮੀ ਆਦਿ ਦੇ ਲੱਛਣ ਵੇਖਣ ਨੂੰ ਮਿਲਦੇ ਹਨ। ਜੇਕਰ ਕਿਸੇ ਮਰੀਜ਼ ਵਿੱਚ ਉਪਰੋਕਤ ਲੱਛਣ ਪਰਿਵਾਰਕ ਮੈਂਬਰਾਂ ਦੁਆਰਾ ਵੇਖੇ ਜਾਣ, ਤਾਂ ਉਸਨੂੰ ਤੁਰੰਤ ਸਿਵਲ ਹਸਪਤਾਲ ਸੁਨਾਮ/ਰਜਿਸਟਰਡ ਮੈਡੀਕਲ ਪ੍ਰੈਕਟੀਸ਼ਨਰ ਕੋਲ ਲਿਜਾਇਆ ਜਾਏ। ਸਿਵਲ ਹਸਪਤਾਲ ਸੁਨਾਮ ਵਿੱਚ ਮਰੀਜ਼ਾਂ ਲਈ ਮੁਫ਼ਤ ਲੈਬ ਟੈਸਟ (ਕਮਰਾ ਨੰਬਰ 22) ਕੀਤੇ ਜਾ ਰਹੇ ਹਨ ਅਤੇ ਹੋਰ ਜ਼ਰੂਰੀ ਟੈਸਟ ਕ੍ਰਿਸ਼ਨਾ ਡਾਇਗਨੋਸਟਿਕ ਸੈਂਟਰ (ਕਮਰਾ ਨੰਬਰ 27) ਪੁਰਾਣੇ ਓਪੀਡੀ ਕੰਪਲੈਕਸ ਦੇ ਬਾਹਰ ਸਿਵਲ ਹਸਪਤਾਲ ਸੁਨਾਮ ਵਿੱਚ ਉਪਲੱਬਧ ਹਨ।
ਇਹ ਵੀ ਪੜ੍ਹੋ: ਮੇਲੇ ਦੌਰਾਨ ਚੋਰੀ ਕਰਨ ਵਾਲਾ ਗਿਰੋਹ ਕਾਬੂ, 8 ਔਰਤਾਂ ਵੀ ਸ਼ਾਮਲ
ਇਲਾਜ ਦਾ ਮੁੱਖ ਤਰੀਕਾ ਠੰਢੇ ਪਾਣੀ ਦੀ ਪੁੱਟੀ (Cold sponging) ਅਤੇ ਉਚਿਤ ਦਵਾਈ ਇਲਾਜ ਹੈ। ਸਾਰੀਆਂ ਜ਼ਰੂਰੀ ਦਵਾਈਆਂ ਸਿਵਲ ਹਸਪਤਾਲ ਵਿੱਚ ਮੁਫ਼ਤ ਉਪਲੱਬਧ ਹਨ। ਉਹਨਾਂ ਹੋਰ ਦੱਸਿਆ ਕਿ ਆਪਣੇ ਆਲੇ ਦੁਆਲੇ ਵਿੱਚ ਪਾਣੀ ਖੜ੍ਹਾ ਹੋਣ ਤੋਂ ਬਚਾਓ, ਪੂਰੀ ਬਾਹਾਂ ਵਾਲੇ ਕੱਪੜੇ ਅਤੇ ਜੁੱਤੀ-ਚੱਪਲ ਪਹਿਨੋ, ਮੱਛਰ ਭਜਾਉਣ ਵਾਲੇ ਉਪਕਰਣ / ਕਰੀਮ ਵਰਤੋਂ, ਬੱਚਿਆਂ, ਬਜ਼ੁਰਗਾਂ ਅਤੇ ਗਰਭਵਤੀ ਔਰਤਾਂ ਦੀ ਖਾਸ ਦੇਖਭਾਲ ਕਰੋ, ਸਫ਼ਾਈ, ਸਿਹਤਮੰਦ ਖੁਰਾਕ ਅਤੇ ਲੋੜੀਂਦੀ ਮਾਤਰਾ ਵਿੱਚ ਪਾਣੀ ਪੀਣਾ ਯਕੀਨੀ ਬਣਾਓ।

ਦੱਸਣਯੋਗ ਹੈ ਕਿ ਸੀਨੀਅਰ ਮੈਡੀਕਲ ਅਫਸਰ, ਇੰ. ਸਿਵਲ ਹਸਪਤਾਲ, ਸੁਨਾਮ ਊਧਮ ਸਿੰਘ ਵਾਲਾ ਨੇ ਕੁਝ ਦਿਨ ਪਹਿਲਾਂ ਪ੍ਰਾਈਵੇਟ ਲੈਬੋਰੇਟਰੀਜ਼, ਸੁਨਾਮ ਦੇ ਪ੍ਰਧਾਨ ਜਗਦੀਪ ਭਾਰਦਵਾਜ ਨੂੰ ਪੱਤਰ ਲਿਖ ਕੇ ਕਿਹਾ ਸੀ ਕਿ ਸੁਨਾਮ ਵਿਖੇ ਚੱਲ ਰਹੀਆਂ ਸਮੂਹ ਪ੍ਰਾਈਵੇਟ ਲੈਬੋਰੇਟਰੀਆਂ ਨੂੰ ਹਦਾਇਤ ਕੀਤੀ ਜਾਵੇ ਕਿ ਉਹਨਾਂ ਦੀ ਲੈਬ ਵਿੱਚ ਹੋਣ ਵਾਲੇ ਟੈਸਟਾਂ ਦੀ ਕੀਮਤ ਵਿੱਚ ਆਮ ਦਿਨਾਂ ਨਾਲੋਂ 10 ਪ੍ਰਤੀਸ਼ਤ ਛੋਟ ਦਿੱਤੀ ਜਾਵੇ। ਲੈਬ ਵਿੱਚ ਹੋਣ ਵਾਲੇ ਟੈਸਟਾਂ ਦੀ ਫੀਸ ਡਿਸਪਲੇਅ ’ਤੇ ਲਗਾਈ ਜਾਣੀ ਯਕੀਨੀ ਬਣਾਈ ਜਾਵੇ। ਜੇਕਰ ਕੋਈ ਟੈਸਟ ਪੋਜੇਟਿਵ ਆਵੇ ਤਾਂ ਮਰੀਜ਼ ਨੂੰ ਸਹੀ ਤਰੀਕੇ ਨਾਲ ਗਾਈਡ ਕੀਤਾ ਜਾਵੇ। ਉਹਨਾਂ ਕਿਹਾ ਕਿ ਲੋਕ ਹਿਤ ਵਿੱਚ ਇਹਨਾਂ ਹਦਾਇਤਾਂ ਦੀ ਪਾਲਣਾ ਕਰਨੀ ਯਕੀਨੀ ਬਣਾਈ ਜਾਵੇ। ਅੱਜ ਫਿਰ ਉਕਤ ਹਦਾਇਤ ਦੁਹਰਾਈ ਗਈ। ਇਸ ਮੌਕੇ ਜਤਿੰਦਰ ਜੈਨ ਮੀਡੀਆ ਕੋਆਰਡੀਨੇਟਰ (ਕੈਬਨਿਟ ਮੰਤਰੀ ਅਮਨ ਅਰੋੜਾ), ਕੌਂਸਲਰ ਆਸ਼ੂ ਗੋਇਲ, ਸਤਪਾਲ ਸੱਤੀ, ਨਿਰਮਲਾ ਦੇਵੀ, ਮਨੀ ਸਾਰੋਂ ਅਤੇ ਹੋਰ ਵੀ ਹਾਜ਼ਰ ਸਨ।