True Humanity: ਉਹ ਮਾਨਸਿਕ ਸ਼ਕਤੀ ਜਿਸ ਨਾਲ ਮਨੁੱਖ ਉਚਿਤ ਫੈਸਲੇ ਲੈਂਦਾ ਹੈ, ਨੂੰ ਜ਼ਮੀਰ ਕਹਿੰਦੇ ਹਨ। ਆਮ ਲੋਕਾਂ ਦੀ ਇਹ ਧਾਰਨਾ ਰਹੀ ਹੈ ਕਿ ਮਨੁੱਖ ਦੀ ਜ਼ਮੀਰ ਕਿਸੇ ਕਿਸਮ ਦੇ ਗਲਤ ਜਾਂ ਸਹੀ ਕੰਮਾਂ ਦੇ ਫੈਸਲੇ ਲੈਣ ਵਿੱਚ ਠੀਕ ਉਸੇ ਤਰ੍ਹਾਂ ਸਹਾਇਤਾ ਕਰਦੀ ਜਿਵੇਂ ਸਾਡੇ ਸਰੀਰ ਦੇ ਬਾਕੀ ਅੰਗ, ਕੰਨ ਸੁਣਨ ਤੇ ਅੱਖਾਂ ਦੇਖਣ ਵਿੱਚ ਸਹਾਇਤਾ ਕਰਦੇ ਹਨ। ਮਨੁੱਖ ਦੀ ਜ਼ਮੀਰ ਦਾ ਨਿਰਮਾਣ ਉਸਦੀਆਂ ਨੈਤਿਕ ਕਦਰਾਂ-ਕੀਮਤਾਂ ’ਤੇ ਅਧਾਰਿਤ ਹੁੰਦਾ ਹੈ। ਪੰਜਾਬ ਅੰਦਰ ਪਿਛਲੇ ਦਿਨੀਂ ਬਰਸਾਤਾਂ ਲੋੜੋਂ ਵੱਧ ਹੋਣ ਕਾਰਨ ਸਰਹੱਦੀ ਇਲਾਕੇ ਦੇ ਸੈਂਕੜੇ ਪਿੰਡ ਤੇ ਲੱਖਾਂ ਏਕੜ ਖੜ੍ਹੀ ਫਸਲ ਹੜ੍ਹ ਆਉਣ ਕਾਰਨ ਪਾਣੀ ਦੀ ਲਪੇਟ ਵਿੱਚ ਆ ਗਏ। True Humanity
ਲੋਕ ਘਰੋਂ ਬੇਘਰ ਹੋ ਗਏ। ਘਰੇਲੂ ਵਰਤੋਂ ਵਾਲਾ ਸਾਮਾਨ, ਪਸ਼ੂ ਤੇ ਟਰੈਕਟਰ, ਸੰਦ ਆਦਿ ਰੁੜ੍ਹ ਗਏ। ਜੋ ਸਾਮਾਨ ਆਦਿ ਬਚ ਗਿਆ ਉਹ ਵਰਤੋਂਯੋਗ ਨਹੀਂ ਰਿਹਾ। ਕਈ ਘਰ ਡਿੱਗ-ਢਹਿ ਗਏ, ਬਹੁਤੇ ਤ੍ਰੇੜਾਂ ਆਦਿ ਨਾਲ ਪਾਟ ਗਏ ਖੈਰ! ਜੋ ਸੱਚੇ ਰੱਬ ਨੂੰ ਮਨਜ਼ੂਰ ਹੁੰਦਾ ਹੋਣਾ ਤਾਂ ਉਹੀ ਹੈ ਪਰੰਤੂ ਬਹੁਤ ਕੁੱਝ ਅੱਜ ਦੇ ਨਵੇਂ ਇਨਫਰਮੇਸ਼ਨ ਟੈਕਨਾਲੋਜੀ ਵਾਲੇ ਜ਼ਮਾਨੇ ਅੰਦਰ ਮਨੁੱਖ ਦੇ ਵੱਸ ਵਿੱਚ ਵੀ ਹੈ। ਇਨ੍ਹਾਂ ਹੜ੍ਹਾਂ ਦੇ ਪਾਣੀ ਨਾਲ ਹੋਈ ਤਬਾਹੀ ਨੂੰ ਇਨ੍ਹਾਂ ਵਸੀਲਿਆਂ ਨਾਲ ਕੁੱਝ ਹੱਦ ਤੱਕ ਘੱਟ ਕੀਤਾ ਜਾ ਸਕਦਾ ਸੀ। ਅਸਲ ਵਿੱਚ ਇਹ ਘਾਟਾਂ ਸਾਡੇ ਸਿਸਟਮ ਅੰਦਰ ਪੈਦਾ ਹੋ ਚੁੱਕੀਆਂ ਹਨ। ਇਨ੍ਹਾਂ ਨੂੰ ਦੂਰ ਕਰਕੇ ਲੋਕਾਂ ਨੂੰ ਵਧੀਆ ਸ਼ਾਸਨ ਤੇ ਪ੍ਰਸ਼ਾਸਨ ਦੇਣਾ ਹੁਣ ਕਿਸੇ ਦੇ ਵੱਸ ਵਿੱਚ ਨਹੀਂ ਰਿਹਾ।
ਮਾਣਯੋਗ ਮੁੱਖ ਮੰਤਰੀ ਨੇ ਇਸ ਸਬੰਧੀ ਮੀਟਿੰਗਾਂ ਕਰਕੇ ਸਾਰੇ ਉੱਚ ਅਫਸਰਾਂ ਤੇ ਅਧਿਕਾਰੀਆਂ ਨੂੰ ਲਾਜ਼ਮੀ ਦਿਸ਼ਾ-ਨਿਰਦੇਸ਼ ਦਿੱਤੇ ਹੋਣਗੇ। ਪਰੰਤੂ ਜਿਸ ਤਰ੍ਹਾਂ ਦਾ ਸਿਸਟਮ ਬਣ ਚੁੱਕਾ ਹੈ, ਉੱਪਰੋਂ ਭਾਵੇਂ ਕਿਸੇ ਵੀ ਰੰਗ ਦਾ ਸਾਮਾਨ ਪਾਈ ਜਾਓ ਸਾਡੇ ਸਿਸਟਮ ਦੀਆਂ ਮਸ਼ੀਨਾਂ ਤਾਂ ਕੇਵਲ ਕਾਲੇ ਰੰਗ ਦੀ ਹੀ ਜਾਲੀ ਬੁਣਦੀਆਂ ਹਨ। ਕਿਉਂਕਿ ਗੱਲ ਫਿਰ ਨੈਤਿਕ ਕਦਰਾਂ-ਕੀਮਤਾਂ ਅਤੇ ਜ਼ਮੀਰਾਂ ’ਤੇ ਆਣ ਟਿਕਦੀ ਹੈ। ਗੱਲ ਹੜ੍ਹਾਂ ਤੋਂ ਪੀੜਤ ਇਲਾਕੇ ਦੀ ਕਰਦੇ ਹਾਂ। ਉੁਥੋਂ ਦੇ ਸਥਾਨਕ ਲੋਕ, ਜੋ ਪਾਣੀ ਵਿੱਚ ਘਿਰੇ ਹੋਏ ਸਨ, ਦੀ ਸਾਰੀ ਭੁੱਖ-ਤ੍ਰੇਹ ਮਿੱਟ ਚੁੱਕੀ ਸੀ। ਉਹ ਤਾਂ ਪਾਣੀ ਵਿੱਚ ਰੁੜ੍ਹਦੇ ਜਾਂਦੇ ਆਪਣੇ ਸਾਮਾਨ ਆਦਿ ਜੋ ਉਨ੍ਹਾਂ ਨੇ ਸਾਲਾਂ ਦੀ ਮਿਹਨਤ ਦੌਰਾਨ ਪਾਈ-ਪਾਈ ਜੋੜ ਕੇ ਬਣਾਇਆ ਸੀ, ਨੂੰ ਦੇਖਕੇ ਢਿੱਡੋਂ ਰੋ ਰਹੇ ਸਨ। ਕਿਸੇ ਨੇ ਇਸ ਸਾਲ ਧੀ ਦਾ ਵਿਆਹ ਰੱਖਿਆ ਸੀ। True Humanity
ਕਿਸੇ ਨੇ ਆਪਣੇ ਬੱਚਿਆਂ ਦੀ ਉਚੇਰੀ ਪੜ੍ਹਾਈ ਲਈ ਫੀਸਾਂ ਭਰਨੀਆਂ ਸਨ, ਕਿਸੇ ਨੇ ਕੁੱਝ ਤੇ ਕਿਸੇ ਨੇ ਕੁੱਝ ਕਰਨਾ ਸੀ। ਸਭ ਆਸਾਂ ਉਮੀਦਾਂ ਪਾਣੀ ਰੋੜ੍ਹ ਕੇ ਲੈ ਗਿਆ। ਧਾਰਮਿਕ ਅਤੇ ਸਮਾਜਿਕ ਸੰਸਥਾਵਾਂ ਨੇ ਇਸ ਕੁਦਰਤੀ ਕਰੋਪੀ ਦੀ ਮਾਰ ਥੱਲੇ ਆਏ ਇਲਾਕੇ ਦੇ ਵਸਨੀਕਾਂ ਲਈ ਦਿਲਾਂ ਦੇ ਦਰਵਾਜ਼ੇ ਖੋਲ੍ਹ ਕੇ ਲੰਗਰ-ਪਾਣੀ ਤੇ ਪਸ਼ੂਆਂ ਲਈ ਚਾਰੇ ਆਦਿ ਤੇ ਮੀਂਹ ਤੋਂ ਬਚਾਅ ਲਈ ਤਰਪਾਲਾਂ ਤੇ ਤੰਬੂ ਆਦਿ ਦੇ ਉਚੇਚੇ ਪ੍ਰਬੰਧ ਕਰਕੇ, ਹਜ਼ਾਰਾਂ ਟਰੈਕਟਰ ਟਰਾਲੀਆਂ ਤੇ ਟਰੱਕਾਂ ਵਿੱਚ ਸਾਮਾਨ ਲੱਦ ਕੇ ਹਜ਼ਾਰਾਂ ਨੌਜਵਾਨ ਸੇਵਾ ਦੇ ਕਾਰਜਾਂ ਲਈ ਰਵਾਨਾ ਹੋ ਗਏ। ਇਸ ਮਾਰ ਥੱਲੇ ਆਏ ਲੋਕ ਤਾਂ ਵਰਤੋਂ ਯੋਗ ਸਾਮਾਨ ਲੈਂਦੇ ਤੇ ਬਾਕੀ ਲਈ ਕਹਿੰਦੇ। True Humanity
ਭਾਈ ਸਾਡੇ ਲਈ ਬਹੁਤ ਹੈ, ਅਗਾਂਹ ਅਗਲੇ ਪਿੰਡਾਂ ਵਿੱਚ ਵੰਡ ਆਓ। ਪਰੰਤੂ ਅਜਿਹੇ ਸਮੇਂ ਪਤਾ ਨਹੀਂ ਕਿੱਥੋਂ ਤੇ ਕਿਉਂ ਕੁੱਝ ਸ਼ਰਾਰਤੀ ਅਨਸਰ ਸੋਚੀ-ਸਮਝੀ ਸਾਜਿਸ਼ ਦੇ ਤਹਿਤ ਰਾਹਤ ਸਮੱਗਰੀ ਨੂੰ ਰਾਹ ਵਿੱਚ ਹੀ ਝੁੰਡ ਬਣਾ ਕੇ ਮਿੰਟੋ-ਮਿੰਟੀ ਵਾਸਤੇ ਪਾ ਕੇ, ਖੋਹ ਕੇ ਜਾਂ ਧੱਕੇ ਨਾਲ ਲੁੱਟ ਕੇ ਲਿਜਾਣ ਲੱਗੇ। ਪਾਣੀ ਵਿੱਚ ਘਿਰੇ ਹੋਏ ਲੋਕ ਆਪਣੇ ਘਰਾਂ ਤੇ ਸਾਮਾਨ ਨੂੰ ਛੱਡ ਕੇ ਰਾਹਤ ਸਮੱਗਰੀ ਲੁੱਟਣ ਨਹੀਂ ਆਉਂਦੇ। ਇਹ ਤਾਂ ਸਾਜਿਸ਼ ਦੇ ਤਹਿਤ ਸ਼ਰਾਰਤੀ ਅਨਸਰਾਂ ਵੱਲੋਂ ਅਜਿਹਾ ਕੀਤਾ ਜਾਂਦਾ ਹੈ ਦਾਨ ਕੀਤੇ ਹੋਏ ਸਾਮਾਨ ਨੂੰ ਖੋਹ-ਖੋਹ ਕੇ ਜਮ੍ਹਾ ਕਰਨਾ, ਫਿਰ ਪੈਸੇ ਖਾਤਰ ਵੇਚਣਾ ਤੇ ਆਪਣੇ ਢਿੱਡ ਬਾਰੇ ਸੋਚਣਾ। ਦਾਨ ਕੀਤੇ ਹੋਏ ਸਾਮਾਨ ਜਾਂ ਪੈਸੇ ਨੂੰ ਖੁਦ ਵਰਤਣਾ ਇਸ ਨੂੰ ਜ਼ਮੀਰਾਂ ਦਾ ਮਰ ਜਾਣਾ ਹੀ ਤਾਂ ਕਿਹਾ ਜਾਂਦਾ ਹੈ। ਇਉਂ ਨਹੀਂ ਕਿ ਸਭ ਦੀਆਂ ਜ਼ਮੀਰਾਂ ਮਰ ਚੁੱਕੀਆਂ ਹਨ। True Humanity
ਜਾਗਦੀਆਂ ਜ਼ਮੀਰਾਂ ਵਾਲੇ ਲੋਕ ਵੀ ਹਨ। ਪਰੰਤੂ ਫਿਰ ਵੀ ਮਰੀਆਂ ਜ਼ਮੀਰਾਂ ਵਾਲੇ ਨਵੇਂ-ਨਵੇਂ ਪੈਂਤੜਿਆਂ ਨਾਲ ਹੱਥਕੰਡੇ ਅਪਣਾ ਕੇ ਲੋੜਵੰਦਾਂ ਦਾ ਹੱਕ ਲੁੱਟਦੇ ਹਨ। ਫਿਰ ਇਨਸਾਨ ਨਾਲੇ ਰੌਂਦਾ ਹੈ ਨਾਲੇ ਪਛਤਾਉਂਦਾ ਹੈ, ਪਰੰਤੂ ਆਪਣੇ ਢਿੱਡ ਅੰਦਰਲੀ ਗੱਲ ਕਿਸੇ ਨੂੰ ਦੱਸ ਨਹੀਂ ਪਾਉਂਦਾ। ਬਸ ਅੰਦਰੋਂ-ਅੰਦਰੀ ਘੁਣ ਵਾਂਗੂੰ ਉਸਨੂੰ ਉਸਦੀ ਜ਼ਮੀਰ ਖਾਈ ਜਾਂਦੀ ਹੈ, ਨਾਲੇ ਲਾਹਣਤਾਂ ਪਾਉਂਦੀ ਹੈ। ਇਹ ਮਾਇਆ ਕਾਗਜ਼ ਦੇ ਟੁਕੜੇ ਭੁੱਖ ਲੱਗੇ ਤੋਂ ਰੋਟੀ ਦੀ ਥਾਂ ਖਾਧੇ ਨਹੀਂ ਜਾ ਸਕਦੇ ਤੇ ਮਰਿਆਂ ਉਪਰੰਤ ਲੱਕੜਾਂ ਦੀ ਥਾਂ ਤੇ ਉੱਤੇ ਪਾ ਕੇ ਸਾੜੇ ਨਹੀਂ ਜਾ ਸਕਦੇ!! ਫਿਰ ਠੱਗੀ, ਬੇਈਮਾਨੀ, ਭ੍ਰਿਸ਼ਟਾਚਾਰ ਤੇ ਲੁੱਟ ਕਿਸ ਕੰਮ ਲਈ? True Humanity
ਹੜ੍ਹ ਪੀੜਤਾਂ ਨੂੰ ਤਾਂ ਸਾਡੇ ਲੋਕ ਆਉਣ ਵਾਲੇ ਦਿਨਾਂ ਵਿੱਚ ਲੋੜ ਮੁਤਾਬਿਕ ਮੱਦਦ ਕਰਕੇ ਤੇ ਹੜ੍ਹ ਪੀੜਤ ਖੁਦ ਮਿਹਨਤ ਕਰਕੇ ਆਪਣੀ ਜ਼ਿੰਦਗੀ ਦੀ ਗੱਡੀ ਨੂੰ ਲੀਹ ’ਤੇ ਚਾੜ੍ਹ ਲੈਣਗੇ ਪਰੰਤੂ ਕੀ ਮਰੀਆਂ ਜ਼ਮੀਰਾਂ ਵਾਲੇ ਕਿਸੇ ਹੋਰ ਅੱਜ ਦੇ ਇਨਸਾਨ ਅੰਦਰੋਂ ਇਨਸਾਨੀਅਤ ਲਗਾਤਾਰ ਮਰ ਰਹੀ ਹੈ। ਇਨਸਾਨ ਦੇ ਹੱਕ ਵਿੱਚ ਇਨਸਾਨ ਕਦੋਂ ਖੜੇ੍ਹਗਾ? ਸੋਚਣ ਦਾ ਵਿਸ਼ਾ ਹੈ। ਅਜੋਕੇ ਸਮੇਂ ਵਿੱਚ ਜ਼ਮੀਰ ਭਾਵ ਨੈਤਿਕਤਾ ਦੀ ਜ਼ਰੂਰਤ ਇੱਕ ਬਿਜਲੀ ਮੁਲਾਜ਼ਮ ਨੂੰ ਵੀ ਹੈ, ਪੁਲਿਸ ਕਰਮਚਾਰੀ ਨੂੰ ਵੀ ਹੈ, ਡਾਕਟਰ ਨੂੰ ਵੀ ਹੈ, ਮਾਸਟਰ ਨੂੰ ਵੀ ਹੈ, ਸਿਆਸਤਦਾਨ ਨੂੰ ਵੀ ਹੈ, ਦੁਕਾਨਦਾਰ ਨੂੰ ਵੀ ਹੈ, ਬਿਜ਼ਨਸਮੈਨ ਨੂੰ ਵੀ ਹੈ, ਜੱਜ ਨੂੰ ਵੀ ਹੈ, ਵਕੀਲ ਨੂੰ ਵੀ ਹੈ, ਮੁੱਕਦੀ ਗੱਲ ਹਰ ਇੱਕ ਇਨਸਾਨ ਨੂੰ ਨੈਤਿਕਤਾ ਦੀ ਜ਼ਰੂਰਤ ਹੈ, ਪਰੰਤੂ ਨੈਤਿਕਤਾ ਕਿਧਰੇ ਖੰਭ ਲਾ ਕੇ ਉੱਡ ਗਈ ਹੈ।
ਜਿਸ ਕਾਰਨ ਜ਼ਮੀਰਾਂ ਮਰ ਰਹੀਆਂ ਹਨ। ਅਸਲ ਵਿੱਚ ਸਾਨੂੰ ਗਿਆਨ ਭਾਵ ਰੂਹਾਨੀਅਤ ਗ੍ਰਹਿਣ ਕਰਨ ਦੀ ਜ਼ਰੂਰਤ ਹੈ। ਧਰਮਾਂ ਦੀ ਸਿੱਖਿਆ ਨੂੰ ਪੜ੍ਹ ਤਾਂ ਸਾਰੇ ਹੀ ਰਹੇ ਹਨ ਪਰੰਤੂ ਜ਼ਿੰਦਗੀ ਵਿੱਚ ਅਪਣਾਉਣ ਦੀ ਵੱਡੀ ਲੋੜ ਹੈ। ਜਿਸ ਨਾਲ ਫਿਰ ਉਹ ਭਾਈਚਾਰਕ ਸਾਂਝ ਪੈਦਾ ਹੋਵੇਗੀ। ਨੈਤਿਕ ਕਦਰਾਂ-ਕੀਮਤਾਂ ਮੁੜ ਆਉਣ ਨਾਲ ਜ਼ਮੀਰਾਂ ਜਾਗਣ ਦੀਆਂ ਸੰਭਾਵਨਾਵਾਂ ਵਧ ਜਾਣਗੀਆਂ। ਜਿਨਾਂ ਭੈਣ-ਭਰਾਵਾਂ ਨੇ ਇਸ ਮੁਸੀਬਤ ਦੀ ਘੜੀ ਵਿੱਚ ਆਪਣੀ ਜਾਨ ਦੀ ਪਰਵਾਹ ਨਾ ਕਰਦੇ ਹੋਏ ਕਿਸੇ ਵੀ ਕਿਸਮ ਦੀ ਮੱਦਦ ਕੀਤੀ ਭਾਵੇਂ ਹਾਅ ਦਾ ਨਾਅਰਾ ਹੀ ਮਾਰਿਆ ਹੋਵੇ, ਮਨੁੱਖਤਾ ਦੀ ਸੇਵਾ ਸਾਡੇ ਗੁਰੂਆਂ ਦੇ ਦੱਸਣ ਮੁਤਾਬਿਕ ਕੀਤੀ ਹੈ।ਉਹ ਧੰਨ ਕਹਿਣ ਤੇ ਸਿਜਦਾ ਕਰਨ ਦੇ ਕਾਬਲ ਹਨ।
ਅਸਲ ਵਿੱਚ ਤਾਂ ਚਾਹੀਦਾ ਹੈ ਕਿ ਅੱਗੇ ਤੋਂ ਅਜਿਹੀ ਮੁਸੀਬਤ ਨਾ ਆਵੇ। ਜਿਨ੍ਹਾਂ ਨੇ ਇਸ ਕੁਦਰਤੀ ਕਰੋਪੀ ਵਿੱਚ ਮਨੁੱਖਤਾ ਦੀ ਸੇਵਾ ਕੀਤੀ ਹੈ ਉਹ ਸੂਰਜ ਦੀ ਨਿਆਈਂ ਚਮਕ ਰਹੇ ਹਨ ਤੇ ਕੁਝ ਲੋਕ ਗ੍ਰਹਿਣ ਵਾਂਗਰਾਂ ਵੀ ਹਨ ਜਿਨ੍ਹਾਂ ਨੇ ਆਪਣੀਆਂ ਜ਼ਮੀਰਾਂ ਮਾਰ ਕੇ ਇਸ ਦੁੱਖ ਦੀ ਘੜੀ ਵਿੱਚ ਰਾਹਤ ਸਮੱਗਰੀ ਨੂੰ ਧੱਕੇ ਨਾਲ ਖੋਹ ਕੇ ਲੁੱਟ ਕੇ ਜਮ੍ਹਾਖੋਰੀ ਕੀਤੀ ਹੈ। ਕਿਸੇ ਨੇ ਪੈਸਿਆਂ ਦਾ ਲਾਹਾ ਲੈਣਾ ਹੈ, ਕਿਸੇ ਨੇ ਸਾਮਾਨ ਲੈਣਾ ਹੈ, ਸਾਨੂੰ ਸਾਰਿਆਂ ਨੂੰ ਹੀ ਇਸ ਗੱਲ ਦੇ ਧਾਰਨੀ ਬਣਨਾ ਚਾਹੀਦਾ ਹੈ ਕਿ ਕੁਦਰਤੀ ਬਿਪਤਾ ਸਮੇਂ ਮਨੁੱਖ ਹੀ ਮਨੁੱਖ ਦੇ ਕੰਮ ਆਵੇ। ਫਿਰ ਤੁਹਾਡੇ ਤੇ ਉਹਦੇ ਵਿੱਚ ਕੀ ਫਰਕ ਰਹੇਗਾ, ਜ਼ਮੀਰਾਂ ਨੂੰ ਹਮੇਸ਼ਾ ਜਾਗਦੀਆਂ ਹੀ ਰੱਖੋ।
ਕੋਟਕਪੂਰਾ।
ਮੋ. 96462-00468
ਇੰਜ: ਜਗਜੀਤ ਸਿੰਘ ਕੰਡਾ