Sunam News: ਬੁਖਾਰ ਦੇ ਵਧੇ ਮਾਮਲਿਆਂ ਨਾਲ ਲੋਕਾਂ ‘ਚ ਘਬਰਾਹਟ
- ਮਰੀਜ਼ਾਂ ਦੀ ਤਾਦਾਦ ਵਧੀ, ਹਸਪਤਾਲ ਨੱਕੋ ਨੱਕ ਭਰੇ | Sunam News
- ਘਬਰਾਉਣ ਦੀ ਨਹੀਂ, ਸਾਵਧਾਨੀ ਦੀ ਲੋੜ ਡਾ. ਹਰਦੀਪ ਬਾਵਾ
Sunam News: ਸੁਨਾਮ ਊਧਮ ਸਿੰਘ ਵਾਲਾ (ਕਰਮ ਥਿੰਦ) ਜਿੱਥੇ ਪਿਛਲੇ ਕੁਝ ਸਮੇਂ ਤੋਂ ਲਗਾਤਾਰ ਹੋ ਰਹੀ ਬਾਰਿਸ਼ ਕਾਰਨ ਫਸਲਾਂ ਅਤੇ ਲੋਕਾਂ ਦੇ ਜੀਵਨ ਨੂੰ ਨੁਕਸਾਨ ਪਹੁੰਚਿਆ ਹੈ। ਹੁਣ ਮੌਸਮ ਅਤੇ ਗੰਦੇ ਪਾਣੀ ਕਾਰਨ ਲੋਕ ਬਿਮਾਰੀਆਂ ਨਾਲ ਘਿਰੇ ਹੋਏ ਹਨ। ਸੁਨਾਮ ਵਿੱਚ ਵੀ ਬੁਖਾਰ ਦੇ ਲਗਾਤਾਰ ਵੱਧ ਰਹੇ ਮਾਮਲਿਆਂ ਕਾਰਨ ਆਮ ਲੋਕਾਂ ਵਿੱਚ ਡਰ ਵਧ ਗਿਆ ਹੈ ਅਤੇ ਹਰ ਘਰ ਵਿੱਚ ਇੱਕ ਜਾਂ ਦੂਜਾ ਬਿਮਾਰ ਵਿਅਕਤੀ ਦਿਖਾਈ ਦੇ ਰਿਹਾ ਹੈ, ਉੱਥੇ ਹੀ ਸ਼ਹਿਰ ਦੇ ਲਗਭਗ ਸਾਰੇ ਹਸਪਤਾਲਾਂ ਵਿੱਚ ਵੱਡੀ ਗਿਣਤੀ ਵਿੱਚ ਮਰੀਜ਼ ਹਨ। ਇਸ ਬਿਮਾਰੀ ਕਾਰਨ ਲੋਕਾਂ ਵਿੱਚ ਡਰ ਦਾ ਮਾਹੌਲ ਹੈ।
ਇਸ ਬਿਮਾਰੀ ਕਾਰਨ ਤੇਜ਼ ਬੁਖਾਰ, ਸਿਰ ਦਰਦ, ਉਲਟੀਆਂ, ਦਸਤ ਅਤੇ ਸਾਰੇ ਸਰੀਰ ਵਿੱਚ ਧੱਫੜ ਹੁੰਦੇ ਹਨ ਜਿਸ ਤੋਂ ਬਾਅਦ ਜੋੜਾਂ ਵਿੱਚ ਅਸਹਿ ਦਰਦ ਹੁੰਦਾ ਹੈ। ਸੁਨਾਮ ਦੇ ਇੱਕ ਮਾਹਰ ਡਾਕਟਰ ਨੇ ਅਜਿਹੇ ਲੱਛਣਾਂ ਦੀ ਸੂਰਤ ਵਿੱਚ ਟੈਸਟ ਕਰਵਾਉਣ ਲਈ ਵੀ ਆਖਿਆਂ ਹੈ। ਦੂਜੇ ਪਾਸੇ ਸਥਾਨਕ ਨਗਰ ਕੌਂਸਲ ਵੱਲੋਂ ਸ਼ਹਿਰ ਦੇ ਗਲੀ ਮਹੱਲਿਆਂ ਦੇ ਵਿੱਚ ਜਗ੍ਹਾ ਜਗ੍ਹਾ ਤੇ ਫੋਗਿੰਗ ਕਰਵਾਈ ਜਾ ਰਹੀ ਹੈ। ਪ੍ਰੰਤੂ ਇਸ ਬੁਖਾਰ ਦੇ ਵਧ ਰਹੇ ਮਾਮਲਿਆ ਕਾਰਨ ਜਿੱਥੇ ਲੋਕ ਬੁਖਾਰ ਤੋਂ ਪਰੇਸ਼ਾਨ ਹਨ ਦੂਜੇ ਪਾਸੇ ਲੋਕ ਇਸ ਬਿਮਾਰੀ ਕਾਰਨ ਡਰਦੇ ਮਾਹੌਲ ਦੇ ਵਿੱਚ ਵੀ ਹਨ।
ਚਿਕਨਗੁਨਿਆ ਇੱਕ ਵਾਇਰਸ ਬਿਮਾਰੀ : ਡਾ. ਹਰਦੀਪ ਬਾਵਾ | Sunam News
ਇਲਾਕੇ ਵਿੱਚ ਚਿਕਨਗੁਨਿਆ ਦੇ ਵਧਦੇ ਮਾਮਲਿਆਂ ਵਿਚ ਲੋਕਾਂ ‘ਚ ਫੈਲ ਰਹੀ ਚਿੰਤਾ ਨੂੰ ਦੇਖਦੇ ਹੋਏ ਜੀ.ਐੱਮ. ਹਸਪਤਾਲ ਮਾਇਆ ਗਾਰਡਨ ਸੁਨਾਮ ਦੇ ਇੰਚਾਰਜ ਡਾ. ਹਰਦੀਪ ਸਿੰਘ ਬਾਵਾ ਨੇ ਨਿਵਾਸੀਆਂ ਨੂੰ ਘਬਰਾਉਣ ਦੀ ਬਜਾਏ ਸਾਵਧਾਨੀ ਤੇ ਸਮੇਂ-ਸਿਰ ਇਲਾਜ ‘ਤੇ ਧਿਆਨ ਦੇਣ ਦੀ ਅਪੀਲ ਕੀਤੀ ਹੈ।
ਡਾ. ਬਾਵਾ ਨੇ ਗੱਲਬਾਤ ਕਰਦਿਆਂ ਕਿਹਾ ਕਿ ਚਿਕਨਗੁਨਿਆ ਇੱਕ ਵਾਇਰਸ ਬਿਮਾਰੀ ਹੈ ਜੋ ਐਡਿਸ ਮੱਛਰ ਰਾਹੀਂ ਫੈਲਦੀ ਹੈ ਪਰ ਜੇ ਸਮੇਂ-ਸਿਰ ਜਾਂਚ ਅਤੇ ਸਹੀ ਇਲਾਜ ਮਿਲੇ ਤਾਂ ਇਸ ਦਾ ਸੰਭਾਲ ਕੀਤਾ ਜਾ ਸਕਦਾ ਹੈ।
ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਲੋਕ ਆਪਣੇ ਘਰਾਂ ਅਤੇ ਗਲੀਆਂ ਵਿਚ ਖੜ੍ਹਾ ਪਾਣੀ ਨਾ ਰਹਿਣ, ਮੱਛਰ ਭਜਾਉਣ ਵਾਲੇ ਪ੍ਰੋਡਕਟ ਵਰਤਣ, ਪੂਰੀ ਬਾਂਹਾਂ ਵਾਲੇ ਕੱਪੜੇ ਪਹਿਨਣ ਅਤੇ ਆਸ-ਪਾਸ ਦਾ ਵਾਤਾਵਰਣ ਸਾਫ ਰੱਖਣ ‘ਤੇ ਧਿਆਨ ਦੇਣ ਤਾਂ ਜੋ ਮੱਛਰਾਂ ਦੀ ਵਾਧੂ ਪੈਦਾਵਾਰ ਰੋਕੀ ਜਾ ਸਕੇ।
ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਅਫ਼ਵਾਹਾਂ ਦੀ ਥਾਂ ਜਾਗਰੂਕਤਾ ਫੈਲਾਉਣ ਅਤੇ ਜੇ ਕਿਸੇ ਨੂੰ ਬੁਖਾਰ, ਜੋੜਾਂ ਵਿੱਚ ਦਰਦ ਜਾਂ ਚਮੜੀ ‘ਤੇ ਚੱਕਤੇ ਆਦਿ ਲੱਛਣ ਆਉਣ ਤਾਂ ਤੁਰੰਤ ਕਿਸੇ ਕਾਬਿਲ ਡਾਕਟਰ ਨਾਲ ਸੰਪਰਕ ਕਰਨ। ਅਰਾਮ ਅਤੇ ਡਾਕਟਰੀ ਸਲਾਹ ਨਾਲ ਦਿੱਤੀਆਂ ਦਵਾਈਆਂ ਲੈਣ ਨਾਲ ਮਰੀਜ਼ ਪੂਰੀ ਤਰ੍ਹਾਂ ਠੀਕ ਹੋ ਸਕਦੇ ਹਨ। ਉਨ੍ਹਾਂ ਕਿਹਾ ਕਿ ਘਬਰਾਉਣ ਜਾਂ ਗਲਤ ਜਾਣਕਾਰੀ ‘ਚ ਆਉਣ ਦੀ ਲੋੜ ਨਹੀਂ ਹੈ।
ਇਹ ਬੁਖਾਰ ਪੰਜ ਜਾਂ ਛੇ ਦਿਨਾਂ ਤੱਕ ਰਹਿੰਦਾ ਹੈ : ਡਾ. ਅੰਸ਼ੁਮਨ ਫੁੱਲ
ਸੁਨਾਮ ਦੇ ਡਾ. ਅੰਸ਼ੁਮਨ ਫੂਲ ਨੇ ਇਸ ਬਿਮਾਰੀ ਦੇ ਲੱਛਣਾਂ ਬਾਰੇ ਦੱਸਦਿਆਂ ਕਿਹਾ ਕਿ ਇਨ੍ਹਾਂ ਦਿਨਾਂ ਵਿੱਚ ਕੇਸ ਵੱਧ ਰਹੇ ਹਨ, ਬੁਖਾਰ ਦਾ ਪੈਟਰਨ ਪੰਜ ਜਾਂ ਛੇ ਦਿਨਾਂ ਤੱਕ ਰਹਿੰਦਾ ਹੈ, ਜਿਸ ਤੋਂ ਬਾਅਦ ਦੋ ਜਾਂ ਤਿੰਨ ਦਿਨਾਂ ਤੱਕ ਚਮੜੀ ‘ਤੇ ਧੱਫੜ ਹੁੰਦੇ ਹਨ, ਜਿਸ ਤੋਂ ਬਾਅਦ ਜੋੜਾਂ ਵਿੱਚ ਦਰਦ ਹੁੰਦਾ ਹੈ। ਉਨ੍ਹਾਂ ਦੱਸਿਆ ਕਿ ਇਹ ਚਿਕਨਗੁਨੀਆ ਹੈ।
ਉਨ੍ਹਾਂ ਕਿਹਾ ਕਿ ਡੇਂਗੂ ਅਤੇ ਚਿਕਨਗੁਨੀਆ ਦੇ ਲਗਾਤਾਰ ਵੱਧ ਰਹੇ ਕੇਸ ਲੋਕਾਂ ਲਈ ਕਾਫ਼ੀ ਮੁਸ਼ਕਲ ਦਾ ਕਾਰਨ ਬਣ ਰਹੇ ਹਨ। ਉਨ੍ਹਾਂ ਨੇ ਮਰੀਜਾਂ ਨੂੰ ਬਹੁਤ ਸਾਰਾ ਪਾਣੀ ਪੀਣ ਅਤੇ ਐਂਟੀਬਾਇਓਟਿਕਸ ਤੋਂ ਬਚਣ ਦੀ ਸਲਾਹ ਦਿੱਤੀ। ਉਨ੍ਹਾਂ ਅੱਗੇ ਕਿਹਾ ਕਿ ਜੇਕਰ ਬੁਖਾਰ ਬਣਿਆ ਰਹਿੰਦਾ ਹੈ, ਤਾਂ ਉਨ੍ਹਾਂ ਨੂੰ ਤੁਰੰਤ ਨਜ਼ਦੀਕੀ ਹਸਪਤਾਲ ਵਿੱਚ ਇਲਾਜ ਕਰਵਾਉਣਾ ਚਾਹੀਦਾ ਹੈ।
ਆਪਣੇ ਆਲੇ ਦੁਆਲੇ ਸਾਫ਼ ਸਫਾਈ ਰੱਖੋ : ਸੰਦੀਪ ਜੈਨ
ਕਾਰੋਬਾਰੀ ਸੰਦੀਪ ਜੈਨ ਨੇ ਕਿਹਾ ਕਿ ਇਸ ਬਿਮਾਰੀ ਤੋਂ ਬਚਣ ਲਈ ਸ਼ਹਿਰ ਵਾਸੀਆਂ ਨੂੰ ਆਪਣੇ ਆਲੇ-ਦੁਆਲੇ ਨੂੰ ਸਾਫ਼ ਰੱਖਣਾ ਚਾਹੀਦਾ ਹੈ ਅਤੇ ਮੱਛਰ ਭਜਾਉਣ ਵਾਲੇ ਸਪਰੇਅ ਦਾ ਛਿੜਕਾਅ ਕਰਨਾ ਚਾਹੀਦਾ ਹੈ। ਸੰਦੀਪ ਜੈਨ ਨੇ ਅੱਗੇ ਕਿਹਾ ਕਿ ਸਾਨੂੰ ਆਪਣੇ ਨੇੜੇ ਕਿਤੇ ਵੀ ਪਾਣੀ ਖੜ੍ਹਾ ਹੋਣ ਤੋਂ ਬਚਣਾ ਚਾਹੀਦਾ ਹੈ, ਕਿਉਂਕਿ ਮੱਛਰ ਖੜ੍ਹੇ ਪਾਣੀ ਵਿੱਚ ਇਕੱਠੇ ਹੁੰਦੇ ਹਨ। ਉਨ੍ਹਾਂ ਨੇ ਸਾਥੀ ਕਾਰੋਬਾਰੀਆਂ ਨੂੰ ਅਪੀਲ ਕੀਤੀ ਕਿ ਜੇਕਰ ਉਨ੍ਹਾਂ ਦੇ ਕਿਸੇ ਵੀ ਕਰਮਚਾਰੀ ਨੂੰ ਬੁਖਾਰ ਜਾਂ ਹੋਰ ਬਿਮਾਰੀ ਹੁੰਦੀ ਹੈ, ਤਾਂ ਉਨ੍ਹਾਂ ਨੂੰ ਨੇੜਲੇ ਡਾਕਟਰ ਤੋਂ ਜਾਂਚ ਕਰਵਾਉਣੀ ਚਾਹੀਦੀ ਹੈ।
ਬੱਚਿਆਂ ਅਤੇ ਬਜ਼ੁਰਗਾਂ ਦਾ ਵਿਸ਼ੇਸ਼ ਧਿਆਨ ਰੱਖਣ ਦੀ ਅਪੀਲ : ਐਡ: ਗਗਨਦੀਪ ਸਿੰਘ
ਅਕੈਡੀਆ ਵਰਲਡ ਸਕੂਲ ਦੇ ਚੇਅਰਮੈਨ ਐਡਵੋਕੇਟ ਗਗਨਦੀਪ ਸਿੰਘ ਨੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਛੋਟੇ ਬੱਚਿਆਂ ਅਤੇ ਬਜ਼ੁਰਗਾਂ ਦਾ ਵਿਸ਼ੇਸ਼ ਧਿਆਨ ਰੱਖਣ। ਉਨ੍ਹਾਂ ਕਿਹਾ ਕਿ ਜੇਕਰ ਪਰਿਵਾਰ ਦੇ ਕਿਸੇ ਮੈਂਬਰ ਵਿੱਚ ਅਜਿਹੀ ਬਿਮਾਰੀ ਦੇ ਲੱਛਣ ਦਿਖਾਈ ਦਿੰਦੇ ਹਨ, ਤਾਂ ਉਨ੍ਹਾਂ ਨੂੰ ਤੁਰੰਤ ਮੁੱਢਲੀ ਜਾਂਚ ਕਰਵਾਉਣੀ ਚਾਹੀਦੀ ਹੈ। ਉਨ੍ਹਾਂ ਮਾਪਿਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਬੱਚਿਆਂ ਦਾ ਧਿਆਨ ਰੱਖਣ ਅਤੇ ਜੇਕਰ ਉਨ੍ਹਾਂ ਨੂੰ ਕੋਈ ਬੁਖਾਰ ਜਾਂ ਹੋਰ ਲੱਛਣ ਨਜ਼ਰ ਆਉਂਦੇ ਹਨ, ਤਾਂ ਤੁਰੰਤ ਨਜ਼ਦੀਕੀ ਹਸਪਤਾਲ ਵਿੱਚ ਉਨ੍ਹਾਂ ਦਾ ਟੈਸਟ ਕਰਵਾਉਣ। ਬੱਚਿਆਂ ਨੂੰ ਪੌਸ਼ਟਿਕ ਖੁਰਾਕ ਪ੍ਰਦਾਨ ਕਰੋ।