ਜ਼ਿਲ੍ਹਾ ਫਰੀਦਕੋਟ ਦੇ ਵੱਖ-ਵੱਖ ਪਿੰਡਾਂ ਤੋਂ ਆਈਆਂ ਦਰਖਾਸਤਾਂ ਜ਼ਿਲ੍ਹਾ ਪ੍ਰਸ਼ਾਸਨ ਨੂੰ ਸੌਂਪੀਆਂ
Faridkot News: (ਗੁਰਪ੍ਰੀਤ ਪੱਕਾ) ਫ਼ਰੀਦਕੋਟ। ਭਾਰਤੀ ਕਮਿਊਨਿਸਟ ਪਾਰਟੀ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਜ਼ਿਲ੍ਹਾ ਫਰੀਦਕੋਟ ਦੇ ਗਰੀਬ ਪਰਿਵਾਰਾਂ ਨਾਲ ਸਬੰਧਤ ਜਿਨਾਂ ਮਕਾਨਾਂ ਦੀਆਂ ਛੱਤਾਂ ਡਿੱਗ ਗਈਆਂ ਹਨ ਜਾਂ ਕੰਧਾਂ ਪਾਟ ਜਾਣ ਕਾਰਨ ਨੁਕਸਾਨੇ ਗਏ ਹਨ, ਉਨਾਂ ਦੀ ਤੁਰੰਤ ਰਿਪੋਰਟ ਲੈ ਕੇ ਮੱਦਦ ਕੀਤੀ ਜਾਵੇ ਕਿਉਂ ਜੋ ਇਨਾਂ ਪਰਿਵਾਰਾਂ ਕੋਲ ਮਕਾਨਾਂ ਦੀ ਖੁਦ ਮੁਰੰਮਤ ਕਰਨ ਦੀ ਸਮਰੱਥਾ ਨਹੀਂ ਹੈ। ਇਸ ਸਬੰਧੀ ਪਾਰਟੀ ਦਾ ਇਕ ਵਫਦ ਜ਼ਿਲ੍ਹਾ ਸਕੱਤਰ ਅਸ਼ੋਕ ਕੌਸ਼ਲ ਦੀ ਅਗਵਾਈ ਹੇਠ ਏਡੀਸੀ (ਜਨਰਲ) ਮੈਡਮ ਹਰਜੋਤ ਕੌਰ ਨੂੰ ਮਿਲਿਆ।
ਇਹ ਵੀ ਪੜ੍ਹੋ: Online Voter List: ਚੋਣ ਕਮਿਸ਼ਨ ਦਾ ਰਾਹੁਲ ਗਾਂਧੀ ਨੂੰ ਜਵਾਬ, ਕਿਹਾ -ਵੋਟਾਂ ਔਨਲਾਈਨ ਡਿਲੀਟ ਨਹੀਂ ਕੀਤੀਆਂ ਜਾ ਸਕਦੀਆ…
ਵਫਦ ਵਿੱਚ ਕਾਮਰੇਡ ਗੁਰਚਰਨ ਸਿੰਘ ਮਾਨ, ਕਾਮਰੇਡ ਗੁਰਨਾਮ ਸਿੰਘ ਸਰਪੰਚ ਸੰਧੂਰਾ ਸਿੰਘ ਨਗਰ, ਕਾਮਰੇਡ ਵੀਰ ਸਿੰਘ ਕੰਮੇਆਣਾ ਸੀਨੀਅਰ ਆਗੂ ਨਰੇਗਾ ਮਜ਼ਦੂਰ ਯੂਨੀਅਨ ਸਬੰਧਤ ਏਟਕ ਅਤੇ ਗੁਰਦੀਪ ਸਿੰਘ ਸ਼ਾਮਲ ਸਨ। ਵਫਦ ਵੱਲੋਂ ਜ਼ਿਲ੍ਹਾ ਅਧਿਕਾਰੀ ਨੂੰ ਪਾਰਟੀ ਕੋਲ ਆਈਆਂ ਦਰਖਾਸਤਾਂ ਦੇ ਮੁਕੰਮਲ ਕਾਗਜ਼ਾਤ ਸੌਂਪ ਕੇ ਮੱਦਦ ਦੀ ਮੰਗ ਕੀਤੀ ਗਈ। ਅਧਿਕਾਰੀ ਨੂੰ ਦੱਸਿਆ ਗਿਆ ਕਿ ਖਰਾਬ ਮੌਸਮ ਦੇ ਚਲਦੇ ਮਜ਼ਦੂਰ ਪਰਿਵਾਰਾਂ ਦੀਆਂ ਕੰਮ ਦਿਹਾੜੀਆਂ ਦਾ ਵੀ ਨੁਕਸਾਨ ਹੋਇਆ ਹੈ ਅਤੇ ਮਨਰੇਗਾ ਦਾ ਕੰਮ ਵੀ ਬੰਦ ਪਿਆ ਹੈ।
ਜ਼ਿਲ੍ਹਾ ਅਧਿਕਾਰੀ ਨੇ ਹਮਦਰਦੀ ਨਾਲ ਵਫਦ ਵਿੱਚ ਸ਼ਾਮਿਲ ਆਗੂਆਂ ਦੇ ਵਿਚਾਰ ਸੁਣੇ ਅਤੇ ਨਿਯਮਾਂ ਅਨੁਸਾਰ ਤੁਰੰਤ ਕਾਰਵਾਈ ਕਰਨ ਦਾ ਭਰੋਸਾ ਦਿੱਤਾ। ਪਾਰਟੀ ਆਗੂਆਂ ਨੇ ਪ੍ਰੈੱਸ ਦੇ ਨਾਂ ਜਾਰੀ ਕੀਤੇ ਇਕ ਬਿਆਨ ਵਿਚ ਦੱਸਿਆ ਕਿ 21 ਸਤੰਬਰ ਨੂੰ ਮੋਹਾਲੀ ਵਿਖੇ ਪਾਰਟੀ ਵੱਲੋਂ ਕੀਤੀ ਜਾ ਰਹੀ ਮਹਾਂ ਰੈਲੀ ਵਿੱਚ ਇਹ ਮੰਗ ਵੀ ਚੁੱਕੀ ਜਾਏਗੀ ਅਤੇ ਜੇ ਲੋੜ ਪਈ ਤਾਂ ਪਾਰਟੀ ਸੰਘਰਸ਼ ਕਰਨ ਤੋਂ ਵੀ ਪਿਛੇ ਨਹੀਂ ਹਟੇਗੀ।