Raikot News: ਲੁਧਿਆਣਾ ਦੇ ਰਾਏਕੋਟ ’ਚ ਦੋ ਵਾਟਰ ਵਰਕਸ ਟੈਂਕੀਆਂ ਦਾ ਸੱਚ ਅਜੇ ਵੀ ਹਨ੍ਹੇਰੇ ’ਚ, ਨਹੀਂ ਮਿਲ ਰਹੇ ਸਵਾਲਾਂ ਦੇ ਜਵਾਬ

Raikot News
Raikot News: ਲੁਧਿਆਣਾ ਦੇ ਰਾਏਕੋਟ ’ਚ ਦੋ ਵਾਟਰ ਵਰਕਸ ਟੈਂਕੀਆਂ ਦਾ ਸੱਚ ਅਜੇ ਵੀ ਹਨ੍ਹੇਰੇ ’ਚ, ਨਹੀਂ ਮਿਲ ਰਹੇ ਸਵਾਲਾਂ ਦੇ ਜਵਾਬ

Raikot News: ਦਹਾਕੇ ਪਹਿਲਾਂ ਬਣੀਆਂ ਪਾਣੀ ਦੀਆਂ ਦੋ ਟੈਂਕੀਆਂ ਹੁਣ ਤੱਕ ਨਹੀਂ ਹੋ ਸਕੀਆਂ ਚਾਲੂ

  • ਕਰੋੜਾਂ ਰੁਪਏ ਲਾ ਕੇ ਦੋ ਹੋਰ ਨਵੀਆਂ ਟੈਂਕੀਆਂ ਬਣਾਉਣ ਦੀ ਤਿਆਰੀ | Raikot News

Raikot News: ਰਾਏਕੋਟ (ਆਰ ਜੀ ਰਾਏਕੋਟੀ)। ਸਰਕਾਰ ਵੱਲੋਂ ਰਾਏਕੋਟ ਸ਼ਹਿਰ ’ਚ ਪੀਣ ਵਾਲੇ ਪਾਣੀ ਦੀ ਨਿਰਵਿਘਨ ਸਪਲਾਈ ਨੂੰ ਧਿਆਨ ਵਿੱਚ ਰੱਖਦੇ ਹੋਏ ਨਗਰ ਕੌਂਸਲ ਰਾਏਕੋਟ ਵੱਲੋਂ ਸਾਲ 2006-07 ਵਿੱਚ 30 ਲੱਖ ਰੁਪਏ ਦੀ ਲਾਗਤ ਨਾਲ ਨਗਰ ਕੌਂਸਲ ਨੇੜੇ ਇਕ ਟੈਂਕੀ ਦਾ ਨਿਰਮਾਣ ਕਰਵਾਇਆ ਗਿਆ ਪ੍ਰੰਤੂ ਅੱਜ ਤੱਕ ਉਸ ਵਿੱਚ ਪਾਣੀ ਦੀ ਇਕ ਬੂੰਦ ਨਹੀਂ ਛੱਡੀ। ਇਕ ਦਹਾਕੇ ਬਾਅਦ ਸ੍ਰੀ ਦਸ਼ਮੇਸ਼ ਸਟੇਡੀਅਮ ’ਚ ਇਕ ਹੋਰ ਟੈਂਕੀ ਬਣਾਈ ਗਈ ਪਰ ਹੁਣ ਤੱਕ ਉਹ ਵੀ ਸੁੱਕੀ ਪਈ ਹੈ। ਇਹ ਵੱਡੀਆਂ ਟੈਂਕੀਆਂ ਹੁਣ ਤੱਕ ਚਾਲੂ ਕਿਉਂ ਨਹੀਂ ਹੋ ਸਕੀਆਂ ਇਸ ਸਬੰਧੀ ਕਿਸੇ ਵੀ ਅਧਿਕਾਰੀ ਨੇ ਤਰਕ ਸਹਿਤ ਜੁਆਬ ਨਹੀਂ ਦਿੱਤਾ। ਨਗਰ ਕੌਂਸਲ ਅਤੇ ਜਲ ਤੇ ਸੀਵਰੇਜ ਬੋਰਡ ਇੱਕ ਦੂਜੇ ਨੂੰ ਜ਼ਿੰਮੇਵਾਰ ਦੱਸੀ ਜਾ ਰਹੇ ਹਨ।

ਹੁਣ ਹੈਰਾਨੀ ਦੀ ਗੱਲ ਇਹ ਹੈ ਕਿ ਸਰਕਾਰ ਪਹਿਲਾਂ ਬਣੀਆ ਟੈਂਕੀਆਂ ਦੀ ਸਾਰ ਲਏ ਬਿਨਾ ਇੱਕ-ਇੱਕ ਲੱਖ ਲਿਟਰ ਸਮਰੱਥਾ ਵਾਲੀਆਂ ਦੋ ਟੈਂਕੀਆਂ ਹੋਰ ਬਣਾਉਣ ਜਾ ਰਹੀ ਹੈ, ਜਿਸ ਦੀ ਸ਼ੁਰੂਆਤ ਬੀਤੇ ਦਿਨ ਵਿਧਾਇਕ ਠੇਕੇਦਾਰ ਹਾਕਮ ਸਿੰਘ ਵੱਲੋਂ ਰਾਏਕੋਟ ਦੇ ਸੀਲੋਆਣੀ ਰੋਡ ਨੇੜੇ ਪੀਣ ਵਾਲੇ ਪਾਣੀ ਦੀ ਇੱਕ ਟੈਂਕੀ ਦੀ ਉਸਾਰੀ ਅਤੇ ਮੋਟਰ ਦੇ ਬੋਰ ਕਰਵਾਉਣ ਨਾਲ ਸ਼ੁਰੂ ਕਰਵਾਈ ਗਈ। ਇਸ ਤੋਂ ਇਲਾਵਾ ਇੱਕ ਲੱਖ ਸਮਰੱਥਾ ਵਾਲੀ ਇੱਕ ਹੋਰ ਟੈਂਕੀ ਸ਼ਹਿਰ ਦੇ ਜੌਹਲਾਂ ਰੋਡ ਇਲਾਕੇ ਵਿੱਚ ਬਣਾਏ ਜਾਣ ਦੀ ਤਜਵੀਜ ਹੈ, ਇੰਨ੍ਹਾਂ ਪ੍ਰੋਜੈਕਟਾਂ ਨੂੰ ਸਚਾਰੂ ਹੋਣ ਤੱਕ ਕਰੀਬ ਪੌਣੇ ਛੇ ਕਰੋੜ ਦੀ ਲਾਗਤ ਆਵੇਗੀ। Raikot News

Read Also : ਸੁਪਰੀਮ ਕੋਰਟ ਦੇ ਪੰਜਾਬ-ਹਰਿਆਣਾ ’ਚ ਸੜਦੀ ਪਰਾਲੀ ਲਈ ਦਿੱਤੇ ਸਖਤ ਹੁਕਮ, ਕਿਸਾਨਾਂ ’ਤੇ ਇਸ ਤਰ੍ਹਾਂ ਹੋਵੇਗੀ ਕਾਰਵਾਈ!

ਪਰ ਇੱਥੇ ਇਹ ਜਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਸਾਲ 2006-07 ਵਿੱਚ ਨਗਰ ਕੌਂਸਲ ਦਫਤਰ ਦੇ ਨੇੜੇ ਬਣੀ ਟੈਂਕੀ ਪਹਿਲਾਂ ਤਾਂ ਟੈਸਟਿੰਗ ਲਈ ਲੋੜੀਂਦਾ ਬੋਰ ਨਾਂ ਹੋਣ ਕਾਰਨ ਕਾਫੀ ਸਮਾਂ ਪਾਣੀ ਤੋਂ ਵਾਂਝੀ ਰਹੀ, ਜਿਸ ਕਾਰਨ ਇਸ ਟੈਂਕੀ ਦੀ ਸਮੇਂ ਸਿਰ ਟੈਸਟਿੰਗ ਨਾਂ ਹੋ ਸਕੀ ਅਤੇ ਬਾਅਦ ਵਿੱਚ ਜਦ ਵੱਡਾ ਬੋਰ ਕਰਵਾ ਕੇ ਟੈਂਕੀ ਵਿੱਚ ਪਾਣੀ ਚੜ੍ਹਾਇਆ ਗਿਆ ਤਾਂ ਇਸ ਵਿੱਚ ਕਈ ਤਰਾਂ ਦੀਆਂ ਤਕਨੀਕੀ ਖਾਮੀਆਂ ਅਤੇ ਪਾਣੀ ਦੀ ਲੀਕੇਜ ਹੋਣ ਕਾਰਨ ਨਗਰ ਕੌਂਸਲ ਨੇ ਇਸ ਟੈਂਕੀ ਦੀ ਸਪੁਰਦ ਦਾਰੀ ਲੈਣ ਲਈ ਸੀਵਰੇਜ ਬੋਰਡ ਨੂੰ ਇਨਕਾਰ ਕਰ ਦਿੱਤਾ ਅਤੇ ਹੁਣ ਇਹ ਟੈਂਕੀ ਦੇਖਭਾਲ ਦੀ ਘਾਟ ਕਾਰਨ ਲਗਾਤਾਰ ਖਸਤਾਹਾਲ ਹੋ ਰਹੀ ਹੈ।

ਇਸ ਤੋਂ ਬਾਅਦ ਲੱਖਾਂ ਦੀ ਲਾਗਤ ਨਾਲ ਸ੍ਰੀ ਗੁਰੂ ਗੋਬਿੰਦ ਸਿੰਘ ਸਟੇਡੀਅਮ ’ਚ ਬਣੀ ਟੈਂਕੀ ਦੇ ਬਣੇ 8 ਸਾਲ ਤੋਂ ਜ਼ਿਆਦਾ ਦਾ ਸਮਾਂ ਬੀਤਣ ਦੇ ਬਾਵਜੂਦ ਹੁਣ ਤੱਕ ਇਲਾਕਾ ਨਿਵਾਸੀਆਂ ਨੂੰ ਇਸ ਦੇ ਪਾਣੀ ਨੂੰ ਵਰਤਣ ਦਾ ਸੁਭਾਗ ਪ੍ਰਾਪਤ ਨਹੀ ਹੋ ਸਕਿਆ ਹੈ, ਕਿਉਂਕਿ ਇਸ ਟੈਂਕੀ ਵਿੱਚ ਵੀ ਪਾਣੀ ਦੀ ਲੀਕੇਜ ਦੀ ਸਮੱਸਿਆ ਆ ਰਹੀ ਹੈ। ਜਿਸ ਕਰਕੇ ਹੁਣ ਤੱਕ ਇਸ ਟੈਂਕੀ ਦਾ ਇਸਤੇਮਾਲ ਪਾਣੀ ਸਟੋਰ ਲਈ ਨਹੀ ਕੀਤਾ ਜਾ ਸਕਿਆ ਹੈ। ਸ਼ਹਿਰ ਵਾਸੀਆਂ ਦਾ ਕਹਿਣਾ ਹੈ ਕਿ ਲੋਕਾਂ ਦੇ ਟੈਕਸ ਦੇ ਲੱਖਾਂ ਰੁਪਏ ਖਰਚਣ ਦੇ ਬਾਵਜੂਦ ਹੁਣ ਤੱਕ ਸ਼ਹਿਰ ਵਾਸੀਆਂ ਨੂੰ ਇੰਨ੍ਹਾਂ ਟੈਂਕੀਆਂ ਵਿੱਚੋਂ ਦੋ ਬੂੰਦਾਂ ਵੀ ਇਸਤੇਮਾਲ ਕਰਨ ਨੂੰ ਨਹੀ ਮਿਲ ਸਕੀਆਂ ਹਨ।

ਕੀ ਕਹਿੰਦੇ ਹਨ ਈਓ | Raikot News

ਇਸ ਸਬੰਧੀ ਜਦ ਨਗਰ ਕੌਂਸਲ ਰਾਏਕੋਟ ਦੇ ਕਾਰਜ ਸਾਧਕ ਅਫਸਰ ਚਰਨਜੀਤ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਟੈਂਕੀਆਂ ਦੇ ਨਿਰਮਾਣ ਵਿੱਚ ਤਕਨੀਕੀ ਖਾਮੀਆਂ ਹੋਣ ਕਾਰਨ ਪਾਣੀ ਦੇ ਲੀਕੇਜ ਦੀ ਸਮੱਸਿਆ ਆ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਲਈ ਨਗਰ ਕੌਂਸਲ ਵਲੋਂ ਸੀਵਰੇਜ ਵਿਭਾਗ ਨੂੰ ਲੀਕੇਜ ਦੀ ਸਮੱਸਿਆ ਦਾ ਹੱਲ ਕਰਨ ਲਈ ਕਿਹਾ ਗਿਆ ਹੈ। ਜਦ ਤੱਕ ਵਿਭਾਗ ਇਸ ਨੂੰ ਪੂਰੀ ਤਰਾਂ ਸਚਾਰੂ ਨਹੀ ਕਰੇਗਾ, ਤਦ ਤੱਕ ਕੌਂਸਲ ਵਲੋਂ ਇਸ ਦਾ ਇਸਤੇਮਾਲ ਨਹੀ ਕੀਤਾ ਜਾ ਸਕਦਾ ਹੈ।

ਕੀ ਕਹਿਣਾ ਹੈ ਐਕਸੀਅਨ ਸੀਵਰੇਜ ਬੋਰਡ ਦਾ

ਇਸ ਸਬੰਧੀ ਜਦ ਜਲ ਸਪਲਾਈ ਅਤੇ ਸੀਵਰੇਜ ਬੋਰਡ ਦੇ ਐਕਸੀਅਨ ਸੁਪਿੰਦਰ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਨਗਰ ਕੌਂਸਲ ਦਫਤਰ ਨੇੜੇ ਬਣਾਈ ਗਈ ਟੈਂਕੀ ਕਾਫੀ ਸਮਾਂ ਇਸਤੇਮਾਲ ਨਾਂ ਹੋਣ ਕਾਰਨ ਕਈ ਥਾਵਾਂ ਤੋਂ ਲੀਕੇਜ ਦੀ ਸਮੱਸਿਆ ਆ ਰਹੀ ਹੈ, ਜਿਸਦੀ ਟੈਸਟਿੰਗ ਵਿਭਾਗ ਵਲੋਂ ਕਰਵਾਈ ਜਾ ਚੁੱਕੀ ਹੈ, ਜਿਸ ਵਿੱਚ ਕੌਂਸਲ ਦਫਤਰ ਨੂੰ ਦੱਸਿਆ ਗਿਆ ਹੈ ਕਿ ਇਸਦੇ ਪਿੱਲਰ ਪੂਰੀ ਤਰਾਂ ਮਜਬੂਤ ਹਨ, ਜਦਕਿ ਟੈਂਕ ਵਿੱਚ ਵਾਟਰ ਪਰੂਫਿੰਗ ਕਰਵਾਈ ਜਾ ਸਕਦੀ ਹੈ, ਜਿਸ ’ਤੇ ਕਰੀਬ 22-23 ਲੱਖ ਦਾ ਖਰਚ ਆਵੇਗਾ। ਇਸ ਤੋਂ ਇਲਾਵਾ ਉਨ੍ਹਾਂ ਸਟੇਡੀਅਮ ਵਿੱਚ ਬਣਾਈ ਗਈ ਟੈਂਕੀ ਨੂੰ ਪੂਰੀ ਤਰਾਂ ਠੀਕ ਦੱਸਿਆ ਅਤੇ ਕਿਹਾ ਕਿ ਪਾਣੀ ਨਾਂ ਭਰਨ ਕਾਰਨ ਇਸ ਟੈਂਕੀ ਵਿੱਚ ਵੀ ਅੱਗੇ ਜਾ ਕੇ ਅਜਿਹੀ ਸਮੱਸਿਆ ਆ ਸਕਦੀ ਹੈ।