ਇਕ ਵਾਰ ਫਿਰ ਸਰਹੱਦੀ ਪਿੰਡ ਰੇਤੇ ਵਾਲੀ ਭੈਣੀ ’ਚ ਵਧਿਆ ਪਾਣੀ
Fazilka News: (ਰਜਨੀਸ਼ ਰਵੀ) ਫਾਜ਼ਿਲਕਾ। ਜਿਥੇ ਇੱਕ ਪਾਸੇ ਪਾਣੀ ਘਟਣ ਤੋਂ ਬਾਅਦ ਸੜਕਾਂ ਸਕੂਲਾਂ ਤੇ ਪਿੰਡ ਵਾਸੀਆਂ ਵੱਲੋਂ ਆਪਣੇ ਘਰਾਂ ’ਚ ਮੁੜ ਵਸੇਵੇ ਲਈ ਕੰਮ ਸ਼ੁਰੂ ਕਰ ਦਿੱਤੇ ਗਏ ਸਨ ਪਰ ਕੱਲ੍ਹ ਤੋਂ ਇੱਕ ਵਾਰ ਫਿਰ ਸਰਹੱਦੀ ਖੇਤਰ ’ਚ ਪਾਣੀ ਆਉਣ ਕਾਰਨ ਲੋਕਾਂ ਦੀ ਚਿੰਤਾ ਵਧ ਗਈ ਹੈ। ਸਰਹੱਦੀ ਪਿੰਡ ਰੇਤੇ ਵਾਲੇ ਭੈਣੀ ਵਿੱਚ ਜਿੱਥੇ ਪਾਣੀ ਦਾ ਪੱਧਰ ਵਧਿਆ ਉਥੇ ਪਾਣੀ ਖੇਤਾਂ ’ਚ ਤੇਜ਼ੀ ਨਾਲ ਚੱਲ ਰਿਹਾ ਹੈ, ਜਿਸ ਕਾਰਨ ਲੋਕਾਂ ਵੱਲੋਂ ਮੁੜ ਵਸੇਵੇ ਲਈ ਸ਼ੁਰੂ ਕੀਤੇ ਕੰਮਾਂ ਨੂੰ ਬਰੇਕ ਲੱਗਦੀ ਨਜ਼ਰ ਆ ਰਹੀ ਹੈ।
ਇਹ ਵੀ ਪੜ੍ਹੋ: Fire Incident: ਕਾਰ ਅਸੈਸਰੀ ਦੀਆਂ ਤਿੰਨ ਦੁਕਾਨਾਂ ਸੜ ਕੇ ਸੁਆਹ, ਲੱਖਾਂ ਦਾ ਨੁਕਸਾਨ
ਜ਼ਿਕਰਯੋਗ ਹੈ ਕਿ ਚਾਰ ਦਿਨਾਂ ਤੋਂ ਪਾਣੀ ਲਗਾਤਾਰ ਘੱਟ ਰਿਹਾ ਸੀ ਅਤੇ ਖੇਤ ਵੀ ਲਗਭਗ ਖਾਲੀ ਹੋ ਗਏ ਸੀ ਪਰ ਕੱਲ ਤੋਂ ਮੁੜ ਪਾਣੀ ਆਉਣ ਕਰਨ ਕਈ ਜਗ੍ਹਾ ’ਤੇ ਇੱਕ ਇਕ ਫੁੱਟ ਪਾਣੀ ਦਾ ਪੱਧਰ ਹੋ ਗਿਆ ਹੈ। ਦੂਜੇ ਪਾਸੇ ਪ੍ਰਸ਼ਾਸਨ ਵੱਲੋਂ ਸੜਕਾਂ ਨੂੰ ਠੀਕ ਕਰਨ ਲਈ ਯਤਨ ਆਰੰਭੇ ਹੋਏ ਹਨ ਕਾਵਾਂ ਵਾਲੇ ਪੱਤਣ ਤੋਂ ਰਾਮ ਸਿੰਘ ਵਾਲੀ ਭੈਣੀ ਵਾਲੀ ਸੜਕ ਨੂੰ ਆਵਾਜਾਈ ਲਈ ਚਲਾਉਣ ਲਈ ਯਤਨ ਕੀਤੇ ਜਾ ਰਹੇ ਹਨ ਕਿਉਂਕਿ ਇਹ ਸੜਕ ਰਾਮ ਸਿੰਘ ਭੈਣੀ ਤੋਂ ਅੱਗੇ ਸਰਹੱਦੀ ਖੇਤਰ ਦੇ 10 ਪਿੰਡਾਂ ਨੂੰ ਜੋੜਦੀ ਹੈ। ਰਾਮ ਸਿੰਘ ਵਾਲੀ ਭੈਣੀ ਨੇੜੇ ਸੜਕ ਹੜ ਕਾਰਨ ਬੁਰੀ ਤਰ੍ਹਾਂ ਨੁਕਸਾਨੀ ਗਈ ਹੈ ਤੇ ਖਾਈ ਦਾ ਰੂਪ ਧਾਰਨ ਕੀਤਾ ਹੋਇਆ ਹੈ। ਜਿਸ ਨੂੰ ਮਿੱਟੀ ਨਾਲ ਭਰਨ ਲਈ ਲਗਾਤਾਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਜੇਕਰ ਸੜਕ ਦਾ ਇਹ ਟੋਟਾ ਤਿਆਰ ਹੋ ਜਾਂਦਾ ਅੱਗੇ 10 ਪਿੰਡਾਂ ਨੂੰ ਆਵਾਜਾਈ ਸ਼ੁਰੂ ਹੋ ਸਕੇਗੀ।
ਹੜ੍ਹਾਂ ਉਪਰੰਤ ਪਾਣੀ ਉਤਰਨ ਤੋਂ ਬਾਅਦ ਪਿੰਡਾਂ ਨੂੰ ਸਾਫ-ਸੁਥਰਾ ਤੇ ਗੰਦਗੀ ਮੁਕਤ ਬਣਾਉਣ ਲਈ ਉਪਰਾਲੇ ਸ਼ੁਰੂ
ਹੜ੍ਹਾਂ ਦੀ ਮਾਰ ਹੇਠ ਆਏ ਪਿੰਡਾਂ ਨੂੰ ਮੁੜ ਤੋਂ ਉਭਰਨ ਲਈ ਉਪਰਾਲੇ ਸ਼ੁਰੂ ਕੀਤੇ ਜਾ ਚੁੱਕੇ ਹਨ। ਪਾਣੀ ਦੀ ਚਪੇਟ ਵਿਚ ਆਏ ਪਿੰਡਾਂ ਦੇ ਵਸਨੀਕਾਂ ਨੂੰ ਸਾਫ-ਸੁਥਰਾ ਤੇ ਗੰਦਗੀ ਮੁਕਤ ਵਾਤਾਵਰਣ ਦੇਣ ਲਈ ਪੇਂਡੂ ਵਿਕਾਸ ਵਿਭਾਗ ਵੱਲੋਂ ਗਤੀਵਿਧੀਆਂ ਸ਼ੁਰੂ ਕੀਤੀਆਂ ਗਈਆਂ ਹਨ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਵਧੀਕ ਡਿਪਟੀ ਕਸਿਮਨਰ (ਵਿ) ਸੁਭਾਸ਼ ਚੰਦਰ ਨੇ ਕੀਤਾ।
ਵਧੀਕ ਡਿਪਟੀ ਕਮਿਸ਼ਨਰ ਨੇ ਸੰਬੋਧਨ ਕਰਦਿਆਂ ਕਿਹਾ ਕਿ ਹੜ੍ਹਾਂ ਉਪਰੰਤ ਪਾਣੀ ਉਤਰਨ ਤੋਂ ਬਾਅਦ ਪਿੰਡਾਂ ਦੀਆਂ ਗਲੀਆਂ, ਸਕੂਲਾਂ, ਬਿਲਡਿੰਗਾਂ, ਘਰਾਂ ਦੀਵਾਰਾਂ ’ਤੇ ਗੰਦਗੀ ਤੇ ਗਾਰ ਚੜ੍ਹ ਗਈ ਹੈ ਤੇ ਕਾਫੀ ਗੰਦਗੀ ਹੋ ਗਈ ਹੈ। ਉਨ੍ਹਾਂ ਆਖਿਆ ਕਿ ਗਾਰ ਤੇ ਗੰਦਗੀ ਨੂੰ ਸਾਫ ਪਾਣੀ ਨਾਲ ਉਤਾਰਿਆ ਜਾ ਰਿਹਾ ਹੈ ਤਾਂ ਜੋ ਜਲਦ ਤੋਂ ਜਲਦ ਪਿੰਡਾਂ ਨੂੰ ਸਾਫ-ਸੁਥਰਾ ਬਣਾਇਆ ਜਾ ਸਕੇ ਤੇ ਪਿੰਡਾਂ ਅੰਦਰ ਜਨ ਜੀਵਨ ਨੂੰ ਰੋਜ਼ਾਨਾ ਆਮ ਵਾਂਗ ਬਣਾਇਆ ਜਾ ਸਕੇ। Fazilka News