Bhagwant Mann: (ਅਸ਼ਵਨੀ ਚਾਵਲਾ) ਚੰਡੀਗੜ੍ਹ। ਪੰਜਾਬ ਦੇ ਹੜ੍ਹ ਪ੍ਰਭਾਵਿਤ ਲੋਕਾਂ ਨੂੰ ਮੁੱੱਢਲੀ ਸਹਾਇਤਾ ਦੇਣ ਅਤੇ ਮੁਆਵਜ਼ਾ ਵੰਡਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਐਲਾਨ ਕੀਤੇ ਗਏ 1600 ਕਰੋੜ ਰੁਪਏ ਦਾ ਅੱਜ ਵੀ ਪੰਜਾਬ ਸਰਕਾਰ ਇੰਤਜ਼ਾਰ ਕਰ ਰਹੀ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਖ਼ੁਦ ਇਸ ਦੀ ਪੁਸ਼ਟੀ ਕੀਤੀ ਹੈ ਕਿ ਪੰਜਾਬ ਵਿੱਚ ਹੁਣ ਤੱਕ ਇਹ ਪੈਸਾ ਨਹੀਂ ਆਇਆ ਹੈ ਅਤੇ ਇਹ ਪੈਸਾ ਕਦੋਂ ਆਏਗਾ, ਇਸ ਸਬੰਧੀ ਵੀ ਸੂਬਾ ਸਰਕਾਰ ਕੋਲ ਕੋਈ ਵੀ ਜਾਣਕਾਰੀ ਨਹੀਂ ਹੈ।
ਭਗਵੰਤ ਮਾਨ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਵੱਲੋਂ ਹੜ੍ਹ ਪ੍ਰਭਾਵਿਤ ਇਲਾਕੇ ਦਾ ਦੌਰਾ ਕਰਨ ਮੌਕੇ ਐਲਾਨ ਕੀਤਾ ਗਿਆ ਸੀ ਕਿ 1600 ਕਰੋੜ ਰੁਪਏ ਦੀ ਉਹ ਮੁੱਢਲੀ ਸਹਾਇਤਾ ਰਾਸ਼ੀ ਦੇ ਕੇ ਜਾ ਰਹੇੇ ਹਨ, ਜਦੋਂਕਿ ਹੜ੍ਹ ਨਾਲ ਹੋਏ ਨੁਕਸਾਨ ਦੀ ਭਰਪਾਈ ਲਈ ਕੇਂਦਰ ਤੇ ਪੰਜਾਬ ਸਰਕਾਰ ਦੇ ਅਧਿਕਾਰੀਆਂ ਦੀ ਰਿਪੋਰਟ ਆਉਣ ਤੋਂ ਬਾਅਦ ਬਾਕੀ ਪੈਸਾ ਭੇਜਿਆ ਜਾਵੇਗਾ ਪਰ ਹੁਣ ਤੱਕ ਪੰਜਾਬ ਸਰਕਾਰ ਨੂੰ ਮੁੱਢਲਾ 1600 ਕਰੋੜ ਹੀ ਨਹੀਂ ਮਿਲਿਆ।
ਇਹ ਵੀ ਪੜ੍ਹੋ: Digital India: ਭਾਰਤ ਦੀ ਡਿਜੀਟਲ ਕ੍ਰਾਂਤੀ ਨਾਲ ਹਰ ਭਾਰਤੀ ਦੇ ਜੀਵਨ ’ਚ ਆਇਆ ਵੱਡਾ ਬਦਲਾਅ
ਭਗਵੰਤ ਮਾਨ ਵੱਲੋਂ ਚੰਡੀਗੜ੍ਹ ਵਿਖੇ ਪ੍ਰੈਸ ਕਾਨਫਰੰਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਗਿਆ ਕਿ ਉਨ੍ਹਾਂ ਨੇ ਅੱਜ ਹੀ ਸੂਬੇ ਦੇ ਮੁੱਖ ਸਕੱਤਰ ਤੋਂ ਇਸ ਬਾਰੇ ਪੁੱਛਿਆ ਤਾਂ ਉਹਨਾਂ ਅੱਗੋਂ ਜਾਣਕਾਰੀ ਦਿੱਤੀ ਹੈ ਕਿ ਇਹੋ ਜਿਹਾ ਕੋਈ ਵੀ ਪੈਸਾ ਸੂਬਾ ਸਰਕਾਰ ਕੋਲ ਨਹੀਂ ਪੁੱਜਿਆ ਹੈ ਤੇ ਸਰਕਾਰ ਦੇ ਅਧਿਕਾਰੀ ਇਸ ਪੈਸੇ ਦੇ ਇੰਤਜ਼ਾਰ ਵਿੱਚ ਹੀ ਹਨ। Bhagwant Mann
ਦੱਸਣਯੋਗ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬੀਤੀ 9 ਸਤੰਬਰ ਨੂੰ ਪੰਜਾਬ ਦੇ ਦੌਰੇ ’ਤੇ ਆਏ ਸਨ ਤਾਂ ਉਨ੍ਹਾਂ ਨੇ ਗੁਰਦਾਸਪੁਰ ਵਿਖੇ ਕਿਸਾਨਾਂ ਨਾਲ ਮੁਲਾਕਾਤ ਕਰਨ ਤੋਂ ਬਾਅਦ ਪੰਜਾਬ ਸਰਕਾਰ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਸੀ, ਜਿੱਥੇ ਕਿ ਪੰਜਾਬ ਸਰਕਾਰ ਵੱਲੋਂ 13 ਹਜ਼ਾਰ ਕਰੋੜ ਰੁਪਏ ਤੋਂ ਜਿਆਦਾ ਦਾ ਨੁਕਸਾਨ ਹੜ੍ਹ ਕਾਰਨ ਹੋਣ ਦੀ ਜਾਣਕਾਰੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਦਿੱਤੀ ਗਈ ਸੀ। ਜਿਸ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਮੌਕੇ ’ਤੇ ਮੁੱਢਲੀ ਰਾਹਤ ਲਈ 1600 ਕਰੋੜ ਰੁਪਏ ਭੇਜਣ ਦਾ ਐਲਾਨ ਕੀਤਾ ਸੀ।