ਮਾਣਹਾਨੀ ਮਾਮਲੇ ਨੂੰ ਰੱਦ ਕਰਨ ਦੀ ਪਟੀਸ਼ਨ ਨੂੰ ਸੁਪਰੀਮ ਕੋਰਟ ਨੇ ਕੀਤਾ ਰੱਦ
Kangana Ranaut: (ਸੁਖਜੀਤ ਮਾਨ) ਬਠਿੰਡਾ। ਨਵੇਂ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਲਈ ਦਿੱਲੀ ’ਚ ਲਾਏ ਧਰਨੇ ਦੌਰਾਨ ਜ਼ਿਲ੍ਹਾ ਬਠਿੰਡਾ ਦੇ ਪਿੰਡ ਬਹਾਦਰਗੜ੍ਹ ਜੰਡੀਆ ਦੀ ਬਿਰਧ ਕਿਸਾਨ ਮਹਿੰਦਰ ਕੌਰ ਬਾਰੇ ਵਿਵਾਦਿਤ ਟਿੱਪਣੀ ਕਰਨ ਦੇ ਮਾਮਲੇ ’ਚ ਹਿਮਾਚਾਲ ਪ੍ਰਦੇਸ਼ ਦੇ ਮੰਡੀ ਤੋਂ ਸੰਸਦ ਮੈਂਬਰ ਅਤੇ ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਨੂੰ ਸੁਪਰੀਮ ਕੋਰਟ ਤੋਂ ਵੀ ਰਾਹਤ ਨਹੀਂ ਮਿਲੀ ਕੰਗਨਾ ਨੇ ਸੁਪਰੀਮ ਕੋਰਟ ’ਚ ਮਾਣਹਾਨੀ ਦੇ ਮਾਮਲੇ ਨੂੰ ਰੱਦ ਕਰਨ ਦੀ ਪਟੀਸ਼ਨ ਪਾਈ ਸੀ, ਜਿਸਦੀ ਅੱਜ ਹੋਈ ਸੁਣਵਾਈ ਦੌਰਾਨ ਮਾਣਯੋਗ ਅਦਾਲਤ ਨੇ ਪਟੀਸ਼ਨ ਰੱਦ ਕਰ ਦਿੱਤੀ।
ਵੇਰਵਿਆਂ ਮੁਤਾਬਿਕ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਦੀ ਮੰਗ ਮੌਕੇ ਕਿਸਾਨੀ ਸੰਘਰਸ਼ ’ਚ ਵੱਡੀ ਗਿਣਤੀ ਮਹਿਲਾਵਾਂ ਵੀ ਪੁੱਜੀਆਂ ਸੀ, ਜਿੰਨ੍ਹਾਂ ’ਚ ਜ਼ਿਲ੍ਹਾ ਬਠਿੰਡਾ ਦੇ ਪਿੰਡ ਬਹਾਦਰਗੜ੍ਹ ਜੰਡੀਆਂ ਦੀ ਬਿਰਧ ਮਹਿੰਦਰ ਕੌਰ ਵੀ ਸ਼ਾਮਿਲ ਸੀ ਕੰਗਨਾ ਰਾਣੌਤ ਨੇ ਉਸ ਵੇਲੇ ਇੱਕ ਟਵੀਟ ਕਰਕੇ ਮਹਿੰਦਰ ਕੌਰ ਬਾਰੇ ਟਿੱਪਣੀ ਕਰਦਿਆਂ ‘100 ਰੁਪਏ ਲੈ ਕੇ ਵਿਰੋਧ ਪ੍ਰਦਰਸ਼ਨ ਵਿੱਚ ਸ਼ਾਮਲ ਹੋਈ ਇੱਕ ਔਰਤ’ ਕਿਹਾ ਸੀ।
ਮਹਿੰਦਰ ਕੌਰ ਨੇ ਇਸ ਟਿੱਪਣੀ ਨੂੰ ਆਪਣਾ ਅਪਮਾਨ ਸਮਝਦਿਆਂ ਕੰਗਣਾ ਖਿਲਾਫ਼ ਬਠਿੰਡਾ ਅਦਾਲਤ ’ਚ ਜਨਵਰੀ 2021 ਨੂੰ ਮਾਣਹਾਨੀ ਦਾ ਕੇਸ ਦਾਇਰ ਕੀਤਾ ਸੀ। ਸੁਣਵਾਈ ਦੇ ਚਲਦਿਆਂ ਬਠਿੰਡਾ ਅਦਾਲਤ ਨੇ ਕੰਗਨਾ ਨੂੰ ਸੰਮਨ ਜਾਰੀ ਕਰਦਿਆਂ ਪੇਸ਼ ਹੋਣ ਦਾ ਹੁਕਮ ਦਿੱਤਾ ਸੀ। ਇਸ ਤੋਂ ਬਾਅਦ ਕੰਗਨਾ ਨੇ ਪੰਜਾਬ-ਹਰਿਆਣਾ ਹਾਈ ਕੋਰਟ ਵਿੱਚ ਰਾਹਤ ਪਟੀਸ਼ਨ ਦਾਇਰ ਕੀਤੀ, ਜੋ ਰੱਦ ਹੋ ਗਈ ਸੀ ਕੰਗਨਾ ਨੇ ਰਾਹਤ ਲਈ ਸੁਪਰੀਮ ਕੋਰਟ ਦਾ ਦਰਵਾਜਾ ਖੜਕਾਇਆ ਅਤੇ ਮਾਣਹਾਨੀ ਦਾ ਕੇਸ ਰੱਦ ਕਰਨ ਦੀ ਮੰਗ ਕੀਤੀ। ਇਸ ਪਟੀਸ਼ਨ ’ਤੇ ਅੱਜ ਹੋਈ ਸੁਣਵਾਈ ਦੌਰਾਨ ਮਾਣਯੋਗ ਅਦਾਲਤ ਨੇ ਕੇਸ ਰੱਦ ਕਰਨ ਦੀ ਮੰਗ ਵਾਲੀ ਪਟੀਸ਼ਨ ਹੀ ਰੱਦ ਕਰ ਦਿੱਤੀ ਅੱਜ ਕੰਗਨਾ ਦੇ ਵਕੀਲ ਨੇ ਦਲੀਲ ਦਿੱਤੀ ਸੀ ਕਿ ਟਵੀਟ ਨੂੰ ਸਿਰਫ ਰੀਟਵੀਟ ਕੀਤਾ ਗਿਆ ਸੀ ਪਰ ਸੁਣਵਾਈ ਕਰ ਰਹੇ ਜਸਟਿਸ ਵਿਕਰਮ ਨਾਥ ਅਤੇ ਜਸਟਿਸ ਸੰਦੀਪ ਮਹਿਤਾ ਦੇ ਬੈਂਚ ਨੇ ਕਿਹਾ ਕਿ ਸਿਰਫ ਸਧਾਰਨ ਰੀਟਵੀਟ ਨਹੀਂ ਸਗੋਂ ਟਵੀਟ ਨੂੰ ਬਦਲ ਕੇ ਪਾਇਆ ਗਿਆ।
15 ਸਤੰਬਰ ਨੂੰ ਬਠਿੰਡਾ ’ਚ ਹੋਵੇਗੀ ਸੁਣਵਾਈ | Kangana Ranaut
ਇਸ ਮਾਮਲੇ ’ਚ ਮਹਿੰਦਰ ਕੌਰ ਦੇ ਐਡਵੋਕੇਟ ਰਘਬੀਰ ਸਿੰਘ ਬਹਿਣੀਵਾਲ ਨੇ ਦੱਸਿਆ ਕਿ ਕੰਗਨਾ ਰਾਣੌਤ ਦੀ ਕੇਸ ਰੱਦ ਕਰਨ ਵਾਲੀ ਪਟੀਸ਼ਨ ਸੁਪਰੀਮ ਕੋਰਟ ਵੱਲੋਂ ਰੱਦ ਹੋਣ ’ਤੇ ਹੁਣ ਇਸ ਮਾਮਲੇ ’ਚ ਮੁੜ ਬਠਿੰਡਾ ਦੀ ਮਾਣਯੋਗ ਅਦਾਲਤ ’ਚ 15 ਸਤੰਬਰ ਤੋਂ ਟਰਾਇਲ ਸ਼ੁਰੂ ਹੋਵੇਗਾ ਉਹਨਾਂ ਦੱਸਿਆ ਕਿ ਇਸ ਕੇਸ ’ਚ ਐਸਐਸਪੀ ਬਠਿੰਡਾ ਵੱਲੋਂ ਕੰਗਨਾ ਰਾਣੌਤ ਨੂੰ ਵਾਰੰਟ ਜਾਰੀ ਕੀਤੇ ਹੋਏ ਹਨ।