ਅੰਮ੍ਰਿਤਸਰ (ਸੱਚ ਕਹੂੰ ਨਿਊਜ਼)। Punjab Flood: ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਵੀਰਵਾਰ ਨੂੰ ਅੰਮ੍ਰਿਤਸਰ ਪਹੁੰਚੇ ਤਾਂ ਜੋ ਪੰਜਾਬ ’ਚ ਮੀਂਹ ਤੇ ਹੜ੍ਹਾਂ ਕਾਰਨ ਵਿਗੜ ਰਹੇ ਹਾਲਾਤਾਂ ਦਾ ਜਾਇਜ਼ਾ ਲਿਆ ਜਾ ਸਕੇ। ਉਹ ਹੜ੍ਹਾਂ ਨਾਲ ਪ੍ਰਭਾਵਿਤ ਫਸਲਾਂ ਤੇ ਹਾਲਾਤਾਂ ਦਾ ਜਾਇਜ਼ਾ ਲੈਣ ਲਈ ਇੱਥੇ ਆਏ ਹਨ। ਚੌਹਾਨ ਦੇ ਅੰਮ੍ਰਿਤਸਰ ਪਹੁੰਚਣ ’ਤੇ ਹੀ ਉਨ੍ਹਾਂ ਰਾਜਪਾਲ ਗੁਲਾਬ ਚੰਦ ਕਟਾਰੀਆ ਨਾਲ ਮੁਲਾਕਾਤ ਕੀਤੀ। ਰਾਜਪਾਲ ਨੇ ਮੰਤਰੀ ਨੂੰ ਪੰਜ ਜ਼ਿਲ੍ਹਿਆਂ, ਅੰਮ੍ਰਿਤਸਰ, ਪਠਾਨਕੋਟ, ਗੁਰਦਾਸਪੁਰ, ਤਰਨਤਾਰਨ ਤੇ ਫਿਰੋਜ਼ਪੁਰ ਦੀ ਹੜ੍ਹ ਰਿਪੋਰਟ ਸੌਂਪੀ। ਚੌਹਾਨ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਨ੍ਹਾਂ ਨੂੰ ਪੰਜਾਬ ਭੇਜਿਆ ਹੈ।
ਤਾਂ ਜੋ ਉਹ ਜ਼ਮੀਨੀ ਸਥਿਤੀ ਦਾ ਸਿੱਧਾ ਜਾਇਜ਼ਾ ਲੈ ਸਕਣ। ਇਸ ਤੋਂ ਬਾਅਦ ਉਹ ਹੜ੍ਹ ਪ੍ਰਭਾਵਿਤ ਪਿੰਡਾਂ ਦਾ ਦੌਰਾ ਕਰਨ ਲਈ ਰਵਾਨਾ ਹੋ ਗਏ। ਕੇਂਦਰੀ ਖੇਤੀਬਾੜੀ ਮੰਤਰੀ ਨੇ ਕਿਹਾ ਕਿ ਕੇਂਦਰ ਦੀਆਂ ਦੋ ਟੀਮਾਂ ਪਹਿਲਾਂ ਹੀ ਪੰਜਾਬ ਪਹੁੰਚ ਚੁੱਕੀਆਂ ਹਨ। ਇਹ ਟੀਮਾਂ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਮਿਲ ਕੇ ਨੁਕਸਾਨ ਦਾ ਜਾਇਜ਼ਾ ਲੈ ਕੇ ਰਿਪੋਰਟ ਤਿਆਰ ਕਰਨਗੀਆਂ, ਜੋ ਪ੍ਰਧਾਨ ਮੰਤਰੀ ਤੇ ਕੇਂਦਰ ਸਰਕਾਰ ਨੂੰ ਸੌਂਪੀਆਂ ਜਾਣਗੀਆਂ।ਉਨ੍ਹਾਂ ਭਰੋਸਾ ਦਿੱਤਾ ਕਿ ਕੇਂਦਰ ਸਰਕਾਰ ਇਸ ਸੰਕਟ ਦੀ ਘੜੀ ’ਚ ਪੰਜਾਬ ਦੇ ਨਾਲ ਖੜ੍ਹੀ ਹੈ। ਚੌਹਾਨ ਨੇ ਕਿਹਾ ਕਿ ਹੁਣ ਤੱਕ 1400 ਪਿੰਡਾਂ ਦੇ ਪ੍ਰਭਾਵਿਤ ਹੋਣ ਬਾਰੇ ਜਾਣਕਾਰੀ ਮਿਲੀ ਹੈ। Punjab Flood
ਉਨ੍ਹਾਂ ਕਿਹਾ ਕਿ ਉਹ ਖੁਦ ਇਨ੍ਹਾਂ ਪਿੰਡਾਂ ਦਾ ਦੌਰਾ ਕਰਨਗੇ ਤੇ ਲੋਕਾਂ ਨੂੰ ਮਿਲਣਗੇ ਤੇ ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਸਮਝਣਗੇ। ਉਹ ਫਸਲਾਂ ਤੇ ਜਾਇਦਾਦ ਨੂੰ ਹੋਏ ਨੁਕਸਾਨ ਦਾ ਵੀ ਜਾਇਜ਼ਾ ਲੈਣਗੇ। ਅਜਨਾਲਾ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਕੁਲਦੀਪ ਸਿੰਘ ਨੇ ਚੌਹਾਨ ਨੂੰ ਇਲਾਕੇ ’ਚ ਹੋਏ ਭਾਰੀ ਨੁਕਸਾਨ ਦੀ ਭਰਪਾਈ ਲਈ ਪਹਿਲੇ ਪੜਾਅ ’ਚ 2000 ਕਰੋੜ ਰੁਪਏ ਦੀ ਵਿੱਤੀ ਸਹਾਇਤਾ ਲਈ ਇੱਕ ਮੰਗ ਪੱਤਰ ਸੌਂਪਿਆ। ਇਸ ਦੇ ਨਾਲ ਹੀ ਉਨ੍ਹਾਂ ਨੇ ਕੇਂਦਰ ਤੋਂ ਪੰਜਾਬ ਨੂੰ 60,000 ਕਰੋੜ ਰੁਪਏ ਦੀ ਰਕਮ ਤੁਰੰਤ ਜਾਰੀ ਕਰਨ ਲਈ ਇੱਕ ਮੰਗ ਪੱਤਰ ਵੀ ਸੌਂਪਿਆ। Punjab Flood