Flood Relief: ਡਾ. ਐਸਪੀਐਸ ਓਬਰਾਏ ਵੱਲੋਂ ਹੜ੍ਹ ਪ੍ਰਭਾਵਿਤ ਇਲਾਕੇ ਲਈ ਡੇਢ ਕਰੋੜ ਰੁਪਏ ਸਹਾਇਤਾ ਜਾਰੀ 

Flood Relief
Flood Relief: ਡਾ. ਐਸਪੀਐਸ ਓਬਰਾਏ ਵੱਲੋਂ ਹੜ੍ਹ ਪ੍ਰਭਾਵਿਤ ਇਲਾਕੇ ਲਈ ਡੇਢ ਕਰੋੜ ਰੁਪਏ ਸਹਾਇਤਾ ਜਾਰੀ 

ਰਾਸ਼ਨ ਕਿੱਟਾਂ, ਮੱਛਰਦਾਨੀਆਂ, ਦਵਾਈਆਂ, ਪਸ਼ੂਆਂ ਦਾ ਚਾਰਾ ਅਤੇ ਹੋਰ ਜ਼ਰੂਰੀ ਚੀਜ਼ਾਂ ਦੀ ਵੰਡ ਜਾਰੀ 

Flood Relief: (ਗੁਰਪ੍ਰੀਤ ਪੱਕਾ) ਫ਼ਰੀਦਕੋਟ । ਵਿਸ਼ਵ ਪ੍ਰਸਿੱਧ ਸਮਾਜਸੇਵੀ ਅਤੇ ਕਾਰੋਬਾਰੀ , ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮੈਨੇਜਿੰਗ ਟਰੱਸਟੀ, ਡਾ. ਐਸਪੀਐਸ ਓਬਰਾਏ ਵੱਲੋਂ ਹੜ੍ਹ ਪ੍ਰਭਾਵਿਤ ਪਰਿਵਾਰਾਂ ਦੀ ਸਹਾਇਤਾ ਲਈ 1.5 ਕਰੋੜ ਰੁਪਏ ਜਾਰੀ ਕੀਤੇ ਗਏ ਹਨ। ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਇਕਾਈ ਫਰੀਦਕੋਟ ਦੇ ਪ੍ਰਧਾਨ ਭਰਪੂਰ ਸਿੰਘ ਤੇ ਪ੍ਰੈ੍ੱਸ ਸਕੱਤਰ ਪਰਦੀਪ ਚਮਕ ਨੇ ਦੱਸਿਆ ਕਿ ਪੰਜਾਬੀਆਂ ’ਤੇ ਜਦੋਂ ਵੀ ਕਦੇ ਔਖਾਂ ਸਮਾਂ ਆਇਆ ਹੈ ਤਾਂ ਐਸਪੀਐਸ ਓਬਰਾਏ ਹਮੇਸ਼ਾ ਪੰਜਾਬੀਆ ਨਾਲ ਖੜੇ ਹਨ ।

ਉਹਨਾਂ ਕਿਹਾ ਕਿ ਜਦ ਪੰਜਾਬ ਦਾ ਬਹੁਤਾ ਹਿੱਸਾ ਕੁਦਰਤੀ ਆਫਤ ਹੜ੍ਹ ਦੀ ਲਪੇਟ ਵਿੱਚ ਹੈ ਤਾਂ ਓਬਰਾਏ ਸਾਹਿਬ ਨੇ ਹੜ੍ਹ ਪੀੜਤਾਂ ਨੂੰ ਰਾਸ਼ੀ ਤੁਰੰਤ ਜਾਰੀ ਕਰ ਦਿੱਤੀ ਹੈ । ਉਹਨਾਂ ਦੱਸਿਆ ਕਿ ਟਰੱਸਟ ਦੀਆਂ ਟੀਮਾਂ ਹੜ ਪ੍ਰਭਾਵਿਤ ਪਿੰਡਾਂ ਦਾ ਦੌਰਾ ਕਰ ਰਹੀਆਂ ਹਨ ਅਤੇ ਜ਼ਰੂਰੀ ਰਾਹਤ ਸਮੱਗਰੀ ਜਿਸ ਵਿੱਚ ਰਾਸ਼ਨ ਕਿੱਟਾਂ, ਮੱਛਰਦਾਨੀਆਂ, ਦਵਾਈਆਂ, ਪਸ਼ੂਆਂ ਦਾ ਚਾਰਾ ਅਤੇ ਹੋਰ ਜ਼ਰੂਰੀ ਚੀਜ਼ਾਂ ਸ਼ਾਮਲ ਹਨ। ਪ੍ਰਭਾਵਿਤ ਲੋਕਾਂ ਤੱਕ ਖੁਦ ਪਹੁੰਚਾ ਰਹੀਆਂ ਹਨ। ਉਹਨਾਂ ਦੱਸਿਆ ਕਿ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮੈਨੇਜਿੰਗ ਟਰੱਸਟੀ ਅਤੇ ਵਿਸ਼ਵ ਪੱਧਰ ’ਤੇ ਪ੍ਰਸਿੱਧ ਦਾਨੀ, ਡਾ. ਐਸ. ਪੀ. ਸਿੰਘ ਓਬਰਾਏ ਦੀ ਯੋਗ ਅਗਵਾਈ ਹੇਠ ਅਤੇ ਟਰੱਸਟ ਦੇ ਰਾਸ਼ਟਰੀ ਪ੍ਰਧਾਨ ਸਰਦਾਰ ਜੱਸਾ ਸਿੰਘ ਸੰਧੂ ਦੇ ਨਿਰਦੇਸ਼ਾਂ ਅਨੁਸਾਰ, ਸਰਹੱਦੀ ਜ਼ਿਲ੍ਹੇ ਦੇ ਹੜ੍ਹ ਪ੍ਰਭਾਵਿਤ ਪਰਿਵਾਰਾਂ ਨੂੰ ਰਾਹਤ ਪ੍ਰਦਾਨ ਕਰਨ ਲਈ ਪਸ਼ੂਆਂ ਲਈ 20 ਟਨ ਸੁੱਕੇ ਚਾਰੇ ਦੀ ਇੱਕ ਖੇਪ ਉੱਥੋ ਦੀ ਟੀਮ ਵੱਲੋਂ ਗੁਰਦਾਸਪੁਰ ਦੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਸੌਂਪੀ ਗਈ।

ਇਹ ਵੀ ਪੜ੍ਹੋ: Jalandhar Flood News: ਜਲੰਧਰ ’ਚ ਮੀਂਹ ਕਾਰਨ ਹੜ੍ਹ ਪ੍ਰਭਾਵਿਤ ਪਿੰਡ ’ਚ ਸਥਿਤੀ ਹੋਰ ਵਿਗੜੀ

ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਇਕਾਈ ਦੇ ਭਰਪੂਰ ਸਿੰਘ ਤੇ ਪਰਦੀਪ ਚਮਕ ਨੇ ਕਿਹਾ ਕਿ ਪੰਜਾਬ ਫਿਰ ਤੋਂ ਮੁਸੀਬਤ ਵਿੱਚ ਹੈ। ਗੁਰਦਾਸਪੁਰ, ਅੰਮ੍ਰਿਤਸਰ, ਤਰਨਤਾਰਨ, ਫਿਰੋਜ਼ਪੁਰ ਅਤੇ ਫਾਜ਼ਿਲਕਾ ਆਦਿ 8 ਤੋਂ 9 ਜ਼ਿਲ੍ਹਿਆਂ ਦੇ ਲਗਭਗ 1300 ਪਿੰਡ ਹੜ੍ਹਾਂ ਨਾਲ ਬੁਰੀ ਤਰ੍ਹਾਂ ਪ੍ਰਭਾਵਿਤ ਹਨ, ਜਿੱਥੇ 5-6 ਫੁੱਟ ਪਾਣੀ ਹੈ, ਫਸਲਾਂ ਤਬਾਹ ਹੋ ਗਈਆਂ ਹਨ ਅਤੇ 70-80 ਹਜ਼ਾਰ ਪਸ਼ੂ ਚਾਰੇ ਤੋਂ ਬਿਨਾਂ ਹਨ।

ਉਹਨਾਂ ਕਿਹਾ ਕਿ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੀਆਂ ਟੀਮਾਂ ਇੱਥੇ ਜ਼ਰੂਰੀ ਚੀਜ਼ਾਂ ਪਹੁੰਚਾ ਰਹੀਆਂ ਹਨ। ਉਹਨਾਂ ਕਿਹਾ ਕਿ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਨੇ ਇਸ ਤੋਂ ਪਹਿਲਾ ਕਰੋਨਾ ਕਾਲ, ਹੜ੍ਹ ਪੀੜਤ ਤੇ ਕਿਸਾਨ ਅੰਦੋਲਨ ਵਿੱਚ ਵੀ ਆਪਣਾ ਫਰਜ਼ ਨਿਭਾਇਆ ਸੀ ਤੇ ਹਰ ਤਰ੍ਹਾਂ ਦੀ ਸਹਾਇਤਾ ਮੁਹੱਈਆ ਕਰਵਾਈ ਸੀ। ਉਹਨਾਂ ਦੱਸਿਆ ਕਿ ਪਹਿਲਾ ਵੀ ਹੜ੍ਹ ਪ੍ਰਭਾਵਿਤ ਇਲਾਕੇ ਵਿੱਚ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਨੇ ਨਵੇਂ ਮਕਾਨ ਬਣਾਕੇ ਦਿੱਤੇ ਸਨ ਅਤੇ ਪ੍ਰਭਾਵਿਤ ਮਕਾਨਾਂ ਦੀ ਮੁਰੰਮਤ ਕਰਵਾ ਕੇ ਦਿੱਤੀ ਸੀ । ਉਹਨਾਂ ਕਿਹਾ ਕਿ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੀਆਂ ਟੀਮਾਂ ਅਤੇ ਮੈਨਜਮਿੰਟ ਇਸ ਦੁੱਖ ਦੀ ਘੜੀ ਵਿੱਚ ਪੰਜਾਬੀਆ ਦੇ ਨਾਲ ਹਨ ।