Dhoossi Bundh Collapse: (ਰਾਜਨ ਮਾਨ) ਰਮਦਾਸ/ਅੰਮ੍ਰਿਤਸਰ। ਰਾਵੀ ਦਰਿਆ ਵਿਚ ਪਾਣੀ ਦਾ ਪੱਧਰ ਵੱਧ ਜਾਣ ਕਰਕੇ ਧੁੱਸੀ ਬੰਨ੍ਹ ਕੁਝ ਥਾਵਾਂ ਤੋਂ ਟੁੱਟਣ ਕਾਰਨ ਰਮਦਾਸ ਖੇਤਰ ਦੇ ਦਰਜਨਾਂ ਪਿੰਡਾਂ ’ਚ ਪਾਣੀ ਦਾਖਲ ਹੋ ਗਿਆ ਹੈ। ਲੋਕਾਂ ਨੂੰ ਕਿਸ਼ਤੀਆਂ ਰਾਹੀਂ ਕੱਢਿਆ ਜਾ ਰਿਹਾ ਹੈ। ਬੀਤੀ ਰਾਤ ਪਿੰਡ ਘੋਨੇਵਾਲ ਨੇੜਿਓਂ ਦੋ ਥਾਵਾਂ ਤੋਂ ਧੁੱਸੀ ਬੰਨ੍ਹ ਵਿਚ ਵੱਡਾ ਪਾੜ ਪਿਆ ਅਤੇ ਵੇਖਦੇ ਵੇਖਦੇ ਪਾਣੀ ਫਸਲਾਂ ਨੂੰ ਤਬਾਹ ਕਰਦਾ ਹੋਇਆ ਦਰਜਨਾਂ ਪਿੰਡਾਂ ’ਚ ਆਣ ਵੜਿਆ। ਪਾਣੀ ਇੰਨੀਂ ਤੇਜ਼ੀ ਨਾਲ ਅੱਗੇ ਵਧ ਰਿਹਾ ਹੈ ਕਿ ਹੁਣ ਪਾਣੀ ਕਸਬਾ ਰਮਦਾਸ ਦੇ ਅੰਦਰ ਦਾਖਲ ਹੋ ਚੁੱਕਾ ਹੈ।
ਲੋਕਾਂ ਦੀ ਜਾਨ-ਮਾਲ ਦੀ ਰਾਖੀ ‘ਚ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ : ਧਾਲੀਵਾਲ
ਸਾਬਕਾ ਮੰਤਰੀ ਤੇ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਅਤੇ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਸਾਕਸ਼ੀ ਸਾਹਨੀ ਬੀਤੀ ਰਾਤ ਤੋਂ ਹੀ ਪਿੰਡਾਂ ਵਿੱਚ ਘੁੰਮ ਰਹੇ ਹਨ ਅਤੇ ਲੋਕਾਂ ਨੂੰ ਸੁਰੱਖਿਅਤ ਥਾਵਾਂ ਉਪਰ ਲਿਜਾਣ ਲਈ ਪੂਰੀ ਨਿਗਰਾਨੀ ਕਰ ਰਹੇ ਹਨ। ਲੋਕਾਂ ਨੂੰ ਪਿੰਡਾਂ ਵਿਚੋਂ ਕੱਢਕੇ ਸੁਰੱਖਿਅਤ ਥਾਵਾਂ ਤੇ ਪਹੁੰਚਾਇਆ ਜਾ ਰਿਹਾ ਹੈ। ਰਾਵੀ ਦਰਿਆ ਦਾ ਪਾਣੀ ਭਾਰੀ ਤਬਾਹੀ ਮਚਾਅ ਰਿਹਾ ਹੈ ਅਤੇ ਪਾਣੀ ਬੜੀ ਤੇਜ਼ੀ ਨਾਲ ਵਧ ਰਿਹਾ ਹੈ। ਨਾਜ਼ੁਕ ਹਾਲਾਤਾਂ ਨੂੰ ਵੇਖਦਿਆਂ ਸੂਬੇ ਦੇ ਜਲ ਸਰੋਤ ਮੰਤਰੀ ਸ੍ਰੀ ਬਰਿੰਦਰ ਕੁਮਾਰ ਗੋਇਲ ਵੱਲੋਂ ਅੱਜ ਜ਼ਿਲ੍ਹਾ ਅੰਮ੍ਰਿਤਸਰ ਦੇ ਰਾਵੀ ਦਰਿਆ ਕੰਢੇ ਹੜ੍ਹ ਪ੍ਰਭਾਵਿਤ ਇਲਾਕੇ ਦਾ ਦੌਰਾ ਕੀਤਾ ਗਿਆ।
ਇਸ ਮੌਕੇ ਉਨ੍ਹਾਂ ਨੇ ਹੜ੍ਹ ਪ੍ਰਭਾਵਿਤ ਪਿੰਡਾਂ ਵਿੱਚ ਪਹੁੰਚ ਕਰਕੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਚਲਾਏ ਜਾ ਰਹੇ ਰਾਹਤ ਤੇ ਬਚਾਅ ਕਾਰਜਾਂ ਦਾ ਜਾਇਜ਼ਾ ਲਿਆ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਹੜ੍ਹਾਂ ਦੀ ਸਥਿਤੀ ਨਾਲ ਨਜਿੱਠਣ ਲਈ ਪੂਰੀ ਤਰ੍ਹਾਂ ਤਿਆਰ ਹੈ ਅਤੇ ਲੋਕਾਂ ਦੀ ਜਾਨ-ਮਾਲ ਦੀ ਰਾਖੀ ‘ਚ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ। ਇਸ ਮੌਕੇ ਉਨ੍ਹਾਂ ਨਾਲ ਕੈਬਨਿਟ ਮੰਤਰੀ ਹਰਭਜਨ ਸਿੰਘ ਈਟੀਓ, ਵਿਧਾਇਕ ਸ ਕੁਲਦੀਪ ਸਿੰਘ ਧਾਲੀਵਾਲ, ਸੋਨੀਆ ਮਾਨ, ਵਧੀਕ ਡਿਪਟੀ ਕਮਿਸ਼ਨਰ ਸ੍ਰੀ ਰੋਹਿਤ ਗੁਪਤਾ ਅਤੇ ਹੋਰ ਅਧਿਕਾਰੀ ਵੀ ਹਾਜ਼ਰ ਸਨ।
ਸਰੋਤ ਮੰਤਰੀ ਬਰਿੰਦਰ ਗੋਇਲ, ਧਾਲੀਵਾਲ ਤੇ ਡਿਪਟੀ ਕਮਿਸ਼ਨਰ ਤੇ ਵੱਲੋਂ ਹੜ੍ਹ ਪ੍ਰਭਾਵਿਤ ਪਿੰਡਾਂ ਦਾ ਦੌਰਾ | Dhoossi Bundh Collapse
ਇਸ ਮੌਕੇ ਹੜ੍ਹ ਪ੍ਰਭਾਵਿਤ ਪਿੰਡਾਂ ਦੇ ਵਸਨੀਕਾਂ ਨਾਲ ਗੱਲ ਕਰਦਿਆਂ ਕੈਬਨਿਟ ਮੰਤਰੀ ਸ੍ਰੀ ਬਰਿੰਦਰ ਕੁਮਾਰ ਗੋਇਲ ਨੇ ਕਿਹਾ ਕਿ ਮੈਦਾਨੀ ਅਤੇ ਪਹਾੜੀ ਇਲਾਕਿਆਂ ਵਿੱਚ ਲਗਾਤਾਰ ਪੈ ਰਹੇ ਮੀਂਹ ਕਾਰਨ ਸਾਰੇ ਡੈਮ ਭਰ ਚੁੱਕੇ ਹਨ। ਉਨ੍ਹਾਂ ਕਿਹਾ ਕਿ ਰਣਜੀਤ ਸਿੰਘ ਸਾਗਰ ਡੈਮ ਅਤੇ ਉੱਝ ਦਰਿਆ ਵਿੱਚੋਂ ਆ ਰਹੇ ਪਾਣੀ ਨਾਲ ਕਈ ਥਾਵਾਂ ਤੋਂ ਰਾਵੀ ਦਰਿਆ ਦੇ ਧੁੱਸੀ ਬੰਨ੍ਹ ਨੂੰ ਨੁਕਸਾਨ ਪਹੁੰਚਿਆ ਹੈ। ਉਨ੍ਹਾਂ ਕਿਹਾ ਕਿ ਅੰਮ੍ਰਿਤਸਰ ਜ਼ਿਲ੍ਹੇ ਦੇ ਰਾਵੀ ਦਰਿਆ ਨਾਲ ਲੱਗਦੇ ਕਰੀਬ 20 ਪਿੰਡ ਹੜ੍ਹ ਦੀ ਮਾਰ ਹੇਠ ਆ ਗਏ ਹਨ ਜਿੱਥੇ ਸਵੇਰ ਤੋਂ ਹੀ ਜ਼ਿਲ੍ਹਾ ਪ੍ਰਸ਼ਾਸਨ ਦੀਆਂ ਟੀਮਾਂ ਬੀ.ਐੱਸ.ਐੱਫ., ਭਾਰਤੀ ਫ਼ੌਜ ਐੱਸ.ਟੀ.ਆਰ.ਐੱਫ਼. ਅਤੇ ਐੱਨ.ਡੀ.ਆਰ.ਐੱਫ਼ ਦੀਆਂ ਟੀਮਾਂ ਨਾਲ ਬਚਾਅ ਕਾਰਜਾਂ ਵਿੱਚ ਲੱਗੀਆਂ ਹੋਈਆਂ ਹਨ।


ਇਹ ਵੀ ਪੜ੍ਹੋ: Holidays Punjab: ਪੰਜਾਬ ਦੇ ਇਨ੍ਹਾਂ ਜ਼ਿਲ੍ਹਿਆਂ ’ਚ ਸਭ ਛੁੱਟੀਆਂ ਰੱਦ, ਜਾਣੋ ਕਾਰਨ
ਉਨ੍ਹਾਂ ਦੱਸਿਆ ਕਿ ਇਨ੍ਹਾਂ ਟੀਮਾਂ ਵੱਲੋਂ ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਰਾਹਤ ਤੇ ਬਚਾਅ ਕਾਰਜ ਲਗਾਤਾਰ ਜਾਰੀ ਹਨ ਅਤੇ ਸਰਕਾਰ ਦੀ ਇਹ ਕੋਸ਼ਿਸ਼ ਹੈ ਕਿ ਨੁਕਸਾਨ ਘੱਟ ਤੋਂ ਘੱਟ ਹੋਵੇ ਅਤੇ ਲੋਕਾਂ ਨੂੰ ਰਾਹਤ ਪੁੱਜਦੀ ਕੀਤੀ ਜਾਵੇ। ਉਨ੍ਹਾਂ ਕਿਹਾ ਪਾਣੀ ਵਿੱਚ ਘਿਰੇ ਲੋਕ ਸਾਡੇ ਸੰਪਰਕ ਵਿੱਚ ਹਨ ਅਤੇ ਉਨਾਂ ਨੂੰ ਉਥੋਂ ਵਾਪਸ ਸੁਰੱਖਿਤ ਸਥਾਨਾਂ ਉੱਤੇ ਲਿਆਂਦਾ ਜਾ ਰਿਹਾ ਹੈ।
ਉਹਨਾਂ ਕਿਹਾ ਕਿ ਸਰਕਾਰ ਵਲੋਂ ਪਹਿਲਾਂ ਹੀ ਸੂਬੇ ਵਿੱਚ ਹੜ੍ਹਾਂ ਕਾਰਨ ਲੋਕਾਂ ਨੂੰ ਹੋਏ ਕਿਸੇ ਵੀ ਤਰ੍ਹਾਂ ਦੇ ਨੁਕਸਾਨ ਲਈ ਢੁਕਵਾਂ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਜਾ ਚੁੱਕਾ ਹੈ ਅਤੇ ਇਸ ਤੋਂ ਬਾਅਦ ਵਿਸ਼ੇਸ਼ ਗਿਰਦਾਵਰੀ ਕਰਕੇ ਮੁਆਵਜ਼ਾ ਦਿੱਤਾ ਜਾਵੇਗਾ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਵਿਧਾਇਕ ਸ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਇਹ ਵੇਲਾ ਸਿਆਸਤ ਕਰਨ ਦਾ ਨਹੀਂ, ਸਾਡੀ ਕੋਸ਼ਿਸ਼ ਲੋਕਾਂ ਨੂੰ ਸੁਰੱਖਿਆ ਸਥਾਨਾਂ ਉੱਤੇ ਪਹੁੰਚਾਉਣ ਦੀ ਹੈ । ਉਹਨਾਂ ਕਿਹਾ ਕਿ ਇਹ ਕੁਦਰਤੀ ਆਫਤ ਹੈ ਤੇ ਕੇਂਦਰ ਸਰਕਾਰ ਨੂੰ ਇਸ ਮੌਕੇ ਪੰਜਾਬ ਦੀ ਬਾਂਹ ਫੜਨੀ ਚਾਹੀਦੀ ਹੈ। Dhoossi Bundh Collapse