NDRF, SDRF ਅਤੇ ਬੀਐਸਐਫ ਵੱਲੋਂ ਬਚਾਅ ਕਾਰਜ ਲਗਾਤਾਰ ਜਾਰੀ
- ਕੈਪਟਨ, ਸਿੱਧੂ, ਜਾਖੜ ਸਮੇਤ ਬਿੱਟੂ ਅਤੇ ਆਸ਼ੂ ਨੇ ਲਿਆ ਘਟਨਾ ਸਥਾਨ ਦਾ ਜਾਇਜ਼ਾ
ਲੁਧਿਆਣਾ (ਰਘਬੀਰ ਸਿੰਘ)। ਸਥਾਨਕ ਸੂਫੀਆ ਬਾਗ ਚੌਂਕ ਦੇ ਅਮਰਪੁਰਾ ਇਲਾਕੇ ਵਿਖੇ ਇੰਡਸਟਰੀਅਲ ਏਰੀਏ ਏ ਸਥਿੱਤ ਡਿੱਗੀ ਪਲਾਸਟਿਕ ਫੈਕਟਰੀ ਦੀ 5 ਮੰਜ਼ਿਲਾ ਇਮਾਰਤ ਦੇ ਮਲਬੇ ਵਿੱਚੋਂ ਲਾਸ਼ਾਂ ਦਾ ਨਿੱਕਲਣਾ ਲਗਾਤਾਰ ਜਾਰੀ ਹੈ। ਬੀਤੇ ਕੱਲ੍ਹ ਚੱਲੇ ਬਚਾਅ ਕਾਰਜਾਂ ਦੌਰਾਨ ਨਿੱਕਲੀਆਂ ਤਿੰਨ ਲਾਸ਼ਾਂ ਤੋਂ ਬਾਅਦ ਰਾਤ ਭਰ ਅਤੇ ਅੱਜ ਚੱਲੇ ਬਚਾਅ ਕਾਰਜਾਂ ਦੌਰਾਨ ਐਨਡੀਆਰਐਫ, ਐਸਡੀਆਰਐਫ ਸਮੇਤ ਬੀਐਸਐਫ ਦੇ ਜਵਾਨਾਂ ਨੇ ਮਲਬੇ ਹੇਠੋਂ 9 ਲਾਸ਼ਾਂ ਹੋਰ ਕੱਢੀਆਂ। ਸਥਿਤੀ ਦਾ ਜਾਇਜ਼ਾ ਲੈਣ ਲਈ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ, ਲੋਕਲ ਬਾਡੀ ਮੰਤਰੀ ਨਵਜੋਤ ਸਿੰਘ ਸਿੱਧੂ, ਸਾਂਸਦ ਸੁਨੀਲ ਜਾਖੜ, ਸਾਂਸਦ ਰਵਨੀਤ ਸਿੰਘ ਬਿੱਟੂ ਸਮੇਤ ਵਿਧਾਇਕ ਭਾਰਤ ਭੂਸ਼ਨ ਆਸ਼ੂ ਮੌਕੇ ‘ਤੇ ਪੁੱਜੇ ਅਤੇ ਮ੍ਰਿਤਕਾਂ ਦੇ ਪਰਿਵਾਰਾਂ ਨੂੰ ਮੁਆਵਜੇ ਦੇ ਐਲਾਨ ਸਮੇਤ ਹਾਦਸੇ ਦੀ ਜਾਂਚ ਲਈ ਕਮਿਸ਼ਨ ਗਠਤ ਕਰਨ ਦੇ ਆਦੇਸ਼ ਦਿੱਤੇ। ਮੌਕੇ ‘ਤੇ ਜਾ ਕੇ ਵੇਖਣ ਮੁਤਾਬਕ ਡਿੱਗੀ ਇਮਾਰਤ ਦੇ ਮਲਬੇ ਵਿੱਚੋਂ ਧੂੰਏ ਦੇ ਗੁਬਾਰ ਲਗਾਤਾਰ ਨਿੱਕਲ ਰਹੇ ਹਨ।
ਬੀਤੀ ਕੱਲ੍ਹ ਤੋਂ ਹੀ ਨਗਰ ਨਿਗਮ ਦੇ ਜੇਸੀਬੀ ਮਸ਼ੀਨਾਂ ਅਤੇ ਟਿੱਪਰ ਲਗਾਤਾਰ ਦਿਨ-ਰਾਤ ਮਲਬਾ ਹਟਾਉਣ ਵਿੱਚ ਲੱਗੇ ਹੋਏ ਹਨ। ਮੌਕੇ ‘ਤੇ ਫਾਈਰ ਬ੍ਰਿਗੇਡ ਦੀਆਂ ਗੱਡੀਆਂ ਅਤੇ ਮੁਲਾਜ਼ਮ ਮਲਬੇ ‘ਤੇ ਲਗਾਤਾਰ ਪਾਣੀ ਸੁੱਟ ਕੇ ਮਲਬੇ ਹੇਠਲੀ ਅੱਗ ਨੂੰ ਬੁਝਾਉਣ ਦੀ ਕੋਸ਼ਿਸ਼ ਕਰ ਰਹੇ ਹਨ ਪ੍ਰੰਤੂ ਜਿਵੇਂ ਜਿਵੇਂ ਫਾਈਰ ਕਰਮੀ ਮਲਬੇ ‘ਤੇ ਪਾਣੀ ਸੁੱਟ ਰਹੇ ਹਨ ਉਵੇਂ ਉਵੇਂ ਧੂੰਏ ਦੇ ਗੁਬਾਰ ਹੋਰ ਵੀ ਪ੍ਰਬਲ ਹੋ ਕੇ ਉੱਠ ਰਹੇ ਹਨ।
ਮ੍ਰਿਤਕਾਂ ਦੀ ਗਿਣਤੀ 3 ਤੋਂ ਵਧ ਕੇ ਅੱਜ 12 ਹੋ ਗਈ। ਮ੍ਰਿਤਕਾਂ ਦੀ ਪਛਾਣ ਇੰਦਰਪਾਲ ਸਿੰਘ ਉਰਫ ਪਾਲ ਪ੍ਰਧਾਨ ਪੰਜਾਬ ਟੈਕਸੀ ਯੂਨੀਅਨ, ਸੈਮੂਅਲ ਗਿੱਲ, ਪੂਰਨ ਸਿੰਘ, ਰਾਜਨ, ਵਿਸ਼ਾਲ, ਸ਼ਾਮ, ਸੰਦੀਪ, ਅਮਰਜੀਤ, ਬਲਦੇਵ, ਭਾਵਾਧਸ ਨੇਤਾ ਲਕਮਸ਼ਣ ਦਰਾਵਿੜ, ਕਨਹਈਆ ਲਾਲ ਅਤੇ ਰਾਜ ਕੁਮਾਰ ਵਜੋਂ ਹੋਈ ਹੈ। ਜ਼ਖਮੀਆਂ ਵਿੱਚੋਂ ਵਿੱਕੀ ਅਤੇ ਰੋਹਿਤ ਸੀਐਮਸੀ ਹਸਪਤਾਲ ਵਿੱਚ ਦਾਖਲ ਹਨ ਜਦੋਂਕਿ ਸੁਭਾਸ਼ ਚੰਦਰ ਸਿਵਲ ਹਸਪਤਾਲ ਵਿੱਚ ਦਾਖਲ ਹੈ। ਮ੍ਰਿਤਕਾਂ ਦਾ ਸਿਵਲ ਹਸਪਤਾਲ ਵਿੱਚ ਪੋਸਟਮਾਰਟਮ ਕਰ ਦਿੱਤਾ ਗਿਆ। ਮੌਕੇ ‘ਤੇ ਨਿੱਕਲੀਆਂ ਲਾਸ਼ਾਂ ਨੂੰ ਵੇਖ ਕੇ ਪੀੜਤ ਪਰਿਵਾਰਿਕ ਮੈਂਬਰਾਂ ਦਾ ਚੀਕ ਚਿੰਘਾੜਾ ਪਿਆ ਰਿਹਾ। ਮੌਕੇ ‘ਤੇ ਪਹੁੰਚੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੀੜਤ ਪਰਿਵਾਰਾਂ ਨਾਲ ਦੁੱਖ ਸਾਂਝਾ ਕਰਦਿਆਂ ਹੌਂਸਲਾ ਦਿੱਤਾ।
ਜ਼ਖਮੀ ਫੈਕਟਰੀ ਮਾਲਕ ਇੰਦਰ ਪਾਲ ਗੋਲਾ ਦੇ ਡਰਾਈਵਰ ਵਿੱਕੀ ਨੇ ਦੱਸਿਆ ਕਿ ਉਹ ਫੈਕਟਰੀ ਦੀ ਪਹਿਲੀ ਮੰਜ਼ਿਲ ‘ਤੇ ਫਾਈਰ ਕਰਮੀਆਂ ਨਾਲ ਅੱਗ ਬੁਝਾ ਰਿਹਾ ਸੀ। ਇਸੇ ਦੌਰਾਨ ਫੈਕਟਰੀ ਵਿੱਚ ਧਮਾਕਾ ਹੋ ਗਿਆ ਅਤੇ ਵੇਖਦੇ ਵੇਖਦੇ ਫੈਕਟਰੀ ਢਹਿ ਢੇਰੀ ਹੋ ਗਈ। ਧਮਾਕਾ ਸੁਣ ਕੇ ਉਸ ਨੇ ਬਾਹਰ ਨੂੰ ਭੱਜਣ ਦੀ ਕੋਸ਼ਿਸ਼ ਕੀਤੀ ਪ੍ਰੰਤੂ ਫੈਕਟਰੀ ਦਾ ਮਲਬਾ ਉਸ ਦੀਆਂ ਲੱਤਾਂ ‘ਤੇ ਡਿੱਗ ਪਿਆ ਅਤੇ ਬਾਦ ਵਿੱਚ ਬਚਾਅ ਕਰਮੀਆਂ ਨੇ ਉਸ ਨੂੰ ਮਲਬੇ ਹੇਠੋਂ ਕੱਢਿਆ।
ਭਾਵਾਧਸ ਨੇਤਾ ਲਕਸ਼ਮਣ ਦਰਾਵਿੜ ਦਾ ਕੀਤਾ ਸਸਕਾਰ
ਭਾਰਤੀ ਵਾਲਮੀਕੀ ਧਰਮ ਸਮਾਜ ਦੇ ਉੱਘੇ ਨੇਤਾ ਲਕਸ਼ਮਣ ਦਰਾਵਿੜ ਦੀ ਲਾਸ਼ ਬੀਤੀ ਰਾਤ 12.30 ਵਜੇ ਕਰੀਬ ਮਲਬੇ ਹੇਠੋਂ ਮਿਲੀ। ਰਾਤ ਨੂੰ ਹੀ ਉਸ ਦੀ ਲਾਸ਼ ਸਿਵਲ ਹਸਪਤਾਲ ‘ਚ ਪੋਸਟਮਾਰਟਮ ਵਾਸਤੇ ਭੇਜ ਦਿੱਤੀ ਗਈ। ਇਸ ਦੀ ਖਬਰ ਮਿਲਦਿਆਂ ਵਾਲਮੀਕ ਸਮਾਜ ਅੰਦਰ ਸੋਗ ਦੀ ਲਹਿਰ ਦੌੜ ਗਈ। ਸਵੇਰੇ ਪੋਸਟਮਾਰਟਮ ਤੋਂ ਬਾਦ ਦੁਪਹਿਰ ਨੂੰ ਹੋਏ ਸਸਕਾਰ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਸ਼ਹਿਰਵਾਸੀ ਸ਼ਾਮਲ ਹੋਏ। ਉਨ੍ਹਾਂ ਦੇ ਗ੍ਰਹਿ ਦੇ ਆਸਪਾਸ ਦੇ ਬਾਜ਼ਾਰ ਅਤੇ ਦੁਕਾਨਾਂ ਅਫਸੋਸ ਵਜੋਂ ਪੂਰਨ ਤੌਰਨ ‘ਤੇ ਬੰਦ ਰਹੀਆਂ।
ਫੈਕਟਰੀ ਮਾਲਕ ‘ਤੇ 304ਏ ਤਹਿਤ ਮਾਮਲਾ ਦਰਜ
ਪ੍ਰਸਾਸ਼ਨ ਨੇ ਡਿੱਗੀ 5 ਮੰਜ਼ਿਲਾ ਫੈਕਟਰੀ ਅਮਰਸਨ ਪਾਲੀਮਰਜ਼ ਗੋਲਾ ਦੇ ਮਾਲਕ ਇੰਦਰਜੀਤ ਸਿੰਘ ਗੋਲਾ ਦੇ ਖਿਲਾਫ 304ਏ ਧਾਰਾ ਤਹਿਤ ਮੁਕੱਦਮਾ ਦਰਜ ਕਰ ਲਿਆ ਹੈ। ਫੈਕਟਰੀ ਡਿੱਗਣ ਕਾਰਨ ਇੰਦਰਜੀਤ ਸਿੰਘ ਨੂੰ ਦਿਲ ਦਾ ਦੌਰਾ ਪੈ ਗਿਆ ਜਿਸ ਕਾਰਨ ਉਹ ਹਸਪਤਾਲ ਵਿਖੇ ਦਾਖਲ ਹੈ।
ਪੀੜਤਾਂ ਵੱਲੋਂ ਸਖਤ ਕਾਨੂੰਨੀ ਕਾਰਵਾਈ ਦੀ ਮੰਗ
ਸਿਵਲ ਹਸਪਤਾਲ ਵਿੱਚ ਮ੍ਰਿਤਕ ਫਾਈਰ ਕਰਮੀ ਰਾਜਨ ਭੱਟੀ ਦੇ ਕਰੀਬੀ ਰਿਸ਼ਤੇਦਾਰ ਜੇਮਜ਼ ਅਤੇ ਮਿੱਤਰ ਰਾਜੀਵ ਸਿੰਗਲਾ ਨੇ ਪ੍ਰਸ਼ਾਸਨ ‘ਤੇ ਸਵਾਲ ਖੜੇ ਕਰਦਿਆਂ ਕਿਹਾ ਕਿ ਪ੍ਰਸ਼ਾਸਨ ਦੀ ਅਣਗਹਿਲੀ ਕਾਰਨ ਇਹ ਦਰਦਨਾਕ ਹਾਦਸਾ ਵਾਪਰਿਆ ਹੈ। ਉਨ੍ਹਾਂ ਪ੍ਰਸ਼ਾਸਨ ਨੂੰ ਸਵਾਲ ਕੀਤਾ ਕਿ ਮ੍ਰਿਤਕ ਦੀਆਂ 6 ਸਾਲਾ ਅਤੇ 7 ਸਾਲਾ ਦੋ ਲੜਕੀਆਂ, 3 ਸਾਲਾ ਮੁੰਡੇ ਸਮੇਤ ਬਜ਼ੁਰਗ ਮਾਤਾ ਅਤੇ ਪਤਨੀ ਦਾ ਕੌਣ ਵਾਰਿਸ ਹੋਵੇਗਾ। ਉਨ੍ਹਾਂ ਮੰਗ ਕੀਤੀ ਕਿ ਫੈਕਟਰੀ ਮਾਲਕ ਸਮੇਤ ਦੋਸ਼ੀ ਪ੍ਰਸ਼ਾਸਨਿਕ ਅਧਿਕਾਰੀਆਂ ‘ਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ।
ਪ੍ਰਸਾਸ਼ਨ ਨੇ ਡਿੱਗੀ 5 ਮੰਜ਼ਿਲਾ ਫੈਕਟਰੀ ਅਮਰਸਨ ਪਾਲੀਮਰਜ਼ ਗੋਲਾ ਦੇ ਮਾਲਕ ਇੰਦਰਜੀਤ ਸਿੰਘ ਗੋਲਾ ਦੇ ਖਿਲਾਫ 304ਏ ਧਾਰਾ ਤਹਿਤ ਮੁਕੱਦਮਾ ਦਰਜ ਕਰ ਲਿਆ ਹੈ। ਫੈਕਟਰੀ ਡਿੱਗਣ ਕਾਰਨ ਇੰਦਰਜੀਤ ਸਿੰਘ ਨੂੰ ਦਿਲ ਦਾ ਦੌਰਾ ਪੈ ਗਿਆ ਜਿਸ ਕਾਰਨ ਉਹ ਹਸਪਤਾਲ ਵਿਖੇ ਦਾਖਲ ਹੈ।
ਮੁੱਖ ਮੰਤਰੀ ਵੱਲੋਂ ਮ੍ਰਿਤਕਾਂ ਦੇ ਪਰਿਵਾਰਾਂ ਨੂੰ ਮੱਦਦ ਦਾ ਐਲਾਨ
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਲੁਧਿਆਣਾ ਵਿਖੇ ਫੈਕਟਰੀ ਦੇ ਢਹਿ-ਢੇਰੀ ਹੋ ਜਾਣ ਨਾਲ ਹੋਏ ਜਾਨੀ ਨੁਕਸਾਨ ਦੀ ਦੁਖਦਾਈ ਘਟਨਾ ‘ਤੇ ਡੂੰਘਾ ਦੁੱਖ ਜ਼ਾਹਰ ਕਰਦੇ ਹੋਏ ਪਟਿਆਲਾ ਦੇ ਡਵੀਜ਼ਨਲ ਕਮਿਸ਼ਨਰ ਪਾਸੋਂ ਇਸ ਦੀ ਵਿਸਥਾਰਤ ਜਾਂਚ ਕਰਵਾਉਣ ਅਤੇ ਹਾਦਸੇ ਵਿੱਚ ਮਾਰੇ ਗਏ ਵਿਅਕਤੀਆਂ ਲਈ ਮੁਆਵਜ਼ੇ ਦਾ ਐਲਾਨ ਕੀਤਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਇਸ ਦਰਦਨਾਕ ਹਾਦਸੇ ਦੇ ਸਾਰੇ ਪੱਖਾਂ ਦੀ ਜਾਂਚ ਕੀਤੀ ਜਾਵੇਗੀ ਅਤੇ ਇਹ ਵੀ ਦੇਖਿਆ ਜਾਵੇਗਾ ਕਿ ਕੈਮੀਕਲ ਨੂੰ ਸਟੋਰ ਕਰਕੇ ਫੈਕਟਰੀ ਦੇ ਮਾਲਕ ਨੇ ਕਾਨੂੰਨਾਂ ਦੀ ਉਲੰਘਣਾ ਕੀਤੀ ਹੈ ਜਾਂ ਨਹੀਂ। ਅੱਜ ਇੱਥੇ ਘਟਨਾ ਵਾਲੀ ਥਾਂ ਦਾ ਦੌਰਾ ਕਰਕੇ ਰਾਹਤ ਅਤੇ ਬਚਾਅ ਕਾਰਵਾਈਆਂ ਦੀ ਜਾਣਕਾਰੀ ਹਾਸਲ ਕਰਨ ਆਏ ਮੁੱਖ ਮੰਤਰੀ ਨੇ ਕਿਹਾ ਕਿ ਨਿਰਮਾਣ ਨਿਯਮਾਂ ਸਬੰਧੀ ਉਲੰਘਣਾ ਦਾ ਵੀ ਜਾਂਚ ਦੌਰਾਨ ਪਤਾ ਲਾਇਆ ਜਾਵੇਗਾ।
ਇਸ ਮੌਕੇ ਮੁੱਖ ਮੰਤਰੀ ਨੇ ਸਥਿਤੀ ਦਾ ਜਾਇਜ਼ਾ ਲੈਂਦਿਆਂ ਜ਼ਿਲ੍ਹਾ ਅਥਾਰਟੀ ਨੂੰ ਬਚਾਅ ਅਤੇ ਰਾਹਤ ਕਾਰਜਾਂ ਵਿੱਚ ਤੇਜ਼ੀ ਲਿਆਉਣ ਲਈ ਆਖਿਆ। ਪੀੜਤ ਪਰਿਵਾਰਾਂ ਦੇ ਮੈਂਬਰਾਂ ਨੂੰ ਦਿਲਾਸਾ ਦਿੰਦਿਆਂ ਉਨ੍ਹਾਂ ਕਿਹਾ ਕਿ ਮਲਬੇ ਹੇਠ ਅਜੇ ਵੀ ਦੱਬੇ ਹੋਏ ਵਿਅਕਤੀਆਂ ਨੂੰ ਲੱਭਣ ਦੀ ਕੋਸ਼ਿਸ਼ ਕੀਤੇ ਜਾਣ ‘ਚ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ। ਕੈਪਟਨ ਅਮਰਿੰਦਰ ਸਿੰਘ ਦੇ ਨਾਲ ਸਥਾਨਕ ਸੰਸਥਾਵਾਂ, ਸੈਰ ਸਪਾਟਾ ਅਤੇ ਸੱਭਿਆਚਾਰਕ ਮੰਤਰੀ ਨਵਜੋਤ ਸਿੰਘ ਸਿੱਧੂ, ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਅਤੇ ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਰਵੀਨ ਠੁਕਰਾਲ ਵੀ ਸਨ।
ਮੁੱਖ ਮੰਤਰੀ ਨੇ ਇਸ ਹਾਦਸੇ ਵਿੱਚ ਮਾਰੇ ਗਏ ਵਿਅਕਤੀਆਂ ਦੇ ਪਰਿਵਾਰਾਂ ਨੂੰ ਮੁਆਵਜ਼ਾ ਦੇਣ ਦਾ ਵੀ ਐਲਾਨ ਕੀਤਾ, ਜੋ ਕਿ ਅੱਗ ਲੱਗਣ ਤੋਂ ਬਾਅਦ ਇੱਕ ਧਮਾਕਾ ਹੋਣ ਕਾਰਨ ਵਾਪਰਿਆ। ਇਸ ਹਾਦਸੇ ਵਿੱਚ ਮਾਰੇ ਗਏ ਚਾਰ ਫਾਇਰਮੈਨਾਂ ਅਤੇ ਇੱਕ ਸੈਨੇਟਰੀ ਇੰਸਪੈਕਟਰ ਨੂੰ 10-10 ਲੱਖ ਰੁਪਏ ਐਕਸ-ਗ੍ਰੇਸ਼ੀਆ ਗ੍ਰਾਂਟ ਵਜੋਂ ਦਿੱਤੇ ਜਾਣਗੇ। ਇਸ ਵਿੱਚ ਸੂਬਾ ਸਰਕਾਰ ਅਤੇ ਮਿਊਂਸਿਪਲ ਕਾਰਪੋਰੇਸ਼ਨ ਵੱਲੋਂ 50-50 ਫੀਸਦੀ ਦਾ ਯੋਗਦਾਨ ਪਾਇਆ ਜਾਵੇਗਾ। ਇਸ ਦੇ ਨਾਲ ਹੀ ਤਰਸ ਦੇ ਆਧਾਰ ‘ਤੇ ਹਰੇਕ ਪਰਿਵਾਰ ਨੂੰ ਇੱਕ-ਇੱਕ ਨੌਕਰੀ ਵੀ ਦਿੱਤੀ ਜਾਵੇਗੀ। ਇਸ ਘਟਨਾ ਵਿੱਚ ਪੰਜ ਆਮ ਨਾਗਰਿਕ ਵੀ ਮਾਰੇ ਗਏ ਹਨ। ਉਨ੍ਹਾਂ ਦੇ ਪਰਿਵਾਰਾਂ ਨੂੰ ਦੋ-ਦੋ ਲੱਖ ਰੁਪਏ ਦੀ ਐਕਸ-ਗ੍ਰੇਸ਼ੀਆ ਗ੍ਰਾਂਟ ਦਿੱਤੀ ਜਾਵੇਗੀ।
ਮੁੱਖ ਮੰਤਰੀ ਨੇ ਸਪੱਸ਼ਟ ਕੀਤਾ ਕਿ ਇਸ ਹਾਦਸੇ ਦੇ ਸਬੰਧ ਵਿੱਚ ਅਣਗਿਹਲੀ ਵਰਤਣ ਵਾਲੇ ਹਰੇਕ ਅਧਿਕਾਰੀ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇਗੀ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਸੂਬੇ ਵਿੱਚ ਅੱਗ ਬੁਝਾਊ ਸੇਵਾਵਾਂ ਪੁਖਤਾ ਨਹੀਂ ਹਨ, ਜੋ ਸਰਕਾਰ ਦੇ ਧਿਆਨ ਵਿੱਚ ਹੈ, ਅਤੇ ਇਨ੍ਹਾਂ ਨੂੰ ਮਜ਼ਬੂਤ ਕਰਨ ਲਈ ਕਈ ਕਦਮ ਚੁੱਕੇ ਗਏ ਹਨ। ਇਸ ਤੋਂ ਪਹਿਲਾਂ ਹੈਲੀਪੈਡ ‘ਤੇ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਸ੍ਰੀ ਪ੍ਰਦੀਪ ਕੁਮਾਰ ਅਗਰਵਾਲ ਅਤੇ ਕਮਿਸ਼ਨਰ ਆਫ਼ ਪੁਲਿਸ ਸ੍ਰੀ ਆਰ. ਐੱਨ. ਢੋਕੇ ਨੇ ਮੁੱਖ ਮੰਤਰੀ ਨੂੰ ਸੁਮੱਚੇ ਘਟਨਾਕ੍ਰਮ ਬਾਰੇ ਜਾਣਕਾਰੀ ਦਿੱਤੀ।
ਇਸ ਦੌਰਾਨ ਇੱਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਇਸ ਦੁਖਦਾਇਕ ਘਟਨਾ ਵਿੱਚ ਮਾਰੇ ਗਏ 12 ਵਿਅਕਤੀਆਂ ਦੀ ਸ਼ਨਾਖ਼ਤ ਕੀਤੀ ਜਾ ਚੁੱਕੀ ਹੈ, ਜਿਨ੍ਹਾਂ ਵਿੱਚ ਸਰਮੋਹਨ ਗਿੱਲ (ਸਬ ਫਾਈਰ ਅਫਸਰ), ਪੂਰਨ ਸਿੰਘ (ਲੀਡਿੰਗ ਫਾਈਰਮੈਨ), ਰਾਜਨ ਸਿੰਘ (ਫਾਈਰਮੈਨ), ਵਿਸ਼ਾਲ ਕੁਮਾਰ, ਇੰਦਰਪਾਲ ਸਿੰਘ ਪਾਲ ਟੈਕਸੀ ਵਾਲਾ, ਲਕਸ਼ਣ ਦ੍ਰਾਵਿੜ (ਪਠਾਨਕੋਟ ਵਿਖੇ ਤਾਇਨਾਤ ਚੀਫ ਸੈਨੇਟਰੀ ਇੰਸਪੈਕਟਰ), ਸੰਦੀਪ ਸਿੰਘ (ਫੈਕਟਰੀ ਵਰਕਰ), ਸ਼ਾਮ, ਬਲਦੇਵ ਰਾਜ (ਫੈਕਟਰੀ ਵਰਕਰ), ਅਮਰਜੋਤ, ਬਲਦੇਵ ਰਾਜ ਅਤੇ ਘਨੱਈਆ ਸ਼ਾਮਲ ਹਨ।ਜ਼ਖਮੀਆਂ ਵਿੱਚ ਰੋਹਿਤ ਕੁਮਾਰ ਅਤੇ ਸੁਨੀਲ ਕੁਮਾਰ ਵੀ ਸ਼ਾਮਲ ਸਨ, ਜੋ ਸੀ.ਐਮ.ਸੀ. ਲੁਧਿਆਣਾ ਵਿਖੇ ਜ਼ੇਰੇ ਇਲਾਜ ਹਨ। ਮੁੱਖ ਮੰਤਰੀ ਨੇ ਡਿਪਟੀ ਕਮਿਸ਼ਨਰ ਨੂੰ ਹਸਪਤਾਲ ਵਿੱਚ ਦਾਖਲ ਜ਼ਖਮੀਆਂ ਦਾ ਇਲਾਜ ਮੁਫ਼ਤ ਕਰਨ ਦੀ ਹਦਾਇਤ ਕੀਤੀ।