Jalalabad Protest: (ਰਜਨੀਸ਼ ਰਵੀ) ਜਲਾਲਾਬਾਦ। ਸਾਝਾ ਫੋਰਮ, ਬਿਜਲੀ ਮੁਲਾਜ਼ਮ ਏਕਤਾ ਮੰਚ ਪੰਜਾਬ, ਐਸੋਸੀਏਸ਼ਨ ਆਫ ਜੂਨੀਅਰ ਇੰਜੀਨੀਅਰਜ਼, ਗਰਿੱਡ ਸਬ ਸਟੇਸ਼ਨ ਇੰਪਲਾਈਜ਼ ਯੂਨੀਅਨ (ਰਜਿ 24), ਪੈਨਸ਼ਨਰਜ਼ ਯੂਨੀਅਨ (ਸੰਬੰਧਤ ਏਟਕ), ਪੈਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ, ਪਾਵਰ ਟਰਾਂਸਮਿਸ਼ਨ ਇੰਪਲਾਈਜ਼ ਐਸੋਸੀਏਸ਼ਨ ਦੇ ਸੱਦੇ ’ਤੇ ਸਮੁੱਚੇ ਪੰਜਾਬ ਅੰਦਰ ਬਿਜਲੀ ਕਾਮਿਆਂ ਵੱਲੋਂ ਲਗਾਤਾਰ ਤੀਸਰੇ ਦਿਨ ਸਮੂਹਿਕ ਛੁੱਟੀ ਲੈ ਕੇ ਮੰਡਲ ਜਲਾਲਾਬਾਦ ਦਫਤਰ ਅੱਗੇ ਇੰਜ ਭਾਗ ਸਿੰਘ ਐਸਡੀਓ ਗੁਰੂਹਰਸਹਾਏ ਦੀ ਪ੍ਰਧਾਨਗੀ ਹੇਠ ਰੋਸ ਪ੍ਰਦਰਸ਼ਨ ਕੀਤਾ ਗਿਆ।
ਇਸ ਬਾਰੇ ਪ੍ਰੈਸ ਨੂੰ ਸੁਖਵਿੰਦਰ ਭਗਤ ਜਨਰਲ ਸਕੱਤਰ ਪੰਜਾਬ ਅਤੇ ਹਰਦੇਵ ਸਿੰਘ ਕਾਠਗੜ੍ਹ ਮੰਡਲ ਆਗੂ ਨੇ ਸਾਝੇ ਤੌਰ ’ਤੇ ਜਾਣਕਾਰੀ ਦਿੰਦਿਆਂ ਨੇ ਕਿਹਾ ਕਿ ਜੱਥੇਬੰਦੀ ਵੱਲੋਂ ਮਿਤੀ 11 ਅਪ੍ਰੈਲ ਨੂੰ ਆਪਣਾ ਮੰਗ-ਪੱਤਰ ਮੈਨੇਜਮੈਂਟ ਨੂੰ ਦਿੱਤਾ, ਜਿਸ ਉਪਰੰਤ ਮਿਤੀ 02-06-25 ਨੂੰ ਬਿਜਲੀ ਮੰਤਰੀ ਦੀ ਹਾਜ਼ਰੀ ਵਿੱਚ ਮੁਲਾਜ਼ਮ ਮੰਗਾਂ ਉੱਪਰ ਸਹਿਮਤੀਆਂ ਬਣੀਆਂ ਸਨ, ਪਰੰਤੂ ਦੋ ਮਹੀਨੇ ਤੋਂ ਉਪਰ ਸਮਾਂ ਲੰਘ ਜਾਣ ਉਪਰੰਤ ਵੀ ਸਹਿਮਤੀਆਂ ਲਾਗੂ ਨਹੀਂ ਕੀਤਿਆਂ ਗਈਆਂ, ਜਿਸ ਉਪਰੰਤ ਬਿਜਲੀ ਕਾਮਿਆਂ ਵੱਲੋਂ 24 ਜੂਨ ਤੋਂ ਵਰਕ ਟੂ ਰੂਲ ਮੁਤਾਬਿਕ ਅਪਣੀ ਬਣਦੀ ਡਿਊਟੀ ਕੀਤੀ ਜਾ ਰਹੀ ਹੈ ਅਤੇ ਮਿਤੀ 27 ਜੁਲਾਈ ਨੂੰ ਬਿਜਲੀ ਮੰਤਰੀ ਦੀ ਅੰਮ੍ਰਿਤਸਰ ਰਿਹਾਇਸ਼ ਅੱਗੇ ਵਿਸ਼ਾਲ ਰੋਸ ਧਰਨਾ ਲਗਾਉਣ ਉਪਰੰਤ 11 ਅਗਸਤ ਤੋਂ 13 ਅਗਸਤ ਤੱਕ ਸਮੂਹਿਕ ਛੁੱਟੀ ’ਤੇ ਚੱਲ ਰਹੇ ਹਨ,ਕਈ ਸਰਕਲਾਂ ਵਿੱਚ 90 ਫੀਸਦੀ ਤੋਂ ਵੱਧ ਕਾਮੇ ਛੁੱਟੀ ’ਤੇ ਹਨ ।
ਇਹ ਵੀ ਪੜ੍ਹੋ: Rohit Sharma: ਆਈਸੀਸੀ ਰੈਂਕਿੰਗ, ਹਿਟਮੈਨ ਨੇ ਬਾਬਰ ਆਜ਼ਮ ਨੂੰ ਛੱਡਿਆ ਪਿੱਛੇ
ਆਗੂਆਂ ਨੇ ਪੰਜਾਬ ਸਰਕਾਰ ਅਤੇ ਬਿਜਲੀ ਨਿਗਮ ਦੀ ਮੈਨੇਜਮੈਂਟ ਦੀ ਨਿਖੇਧੀ ਕਰਦਿਆਂ ਕਿਹਾ ਕਿ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੀਆਂ ਜਾਇਜ਼ ਅਤੇ ਹੱਕੀ ਮੰਗਾਂ ਨੂੰ ਲਾਗੂ ਕਰਨ ਦੀ ਥਾਂ ’ਤੇ ਟਕਰਾਅ ਦੀ ਨੀਤੀ ਅਪਣਾਈ ਜਾ ਰਹੀ ਹੈ। ਆਗੂਆਂ ਨੇ ਦੱਸਿਆ ਕਿ ਬਿਜਲੀ ਕਾਮਿਆਂ ਦੀਆਂ ਪ੍ਰਮੁੱਖ ਮੰਗਾਂ ਜਿਵੇਂ- ਬੋਰਡ ਨੂੰ ਪਰਾਈਵੇਟ ਹੱਥਾਂ ਵਿੱਚ ਦੇਣ ਤੋਂ ਰੋਕਣ, ਹਜ਼ਾਰਾਂ ਖ਼ਾਲੀ ਅਸਾਮੀਆਂ ਉੱਪਰ ਰੈਗੂਲਰ ਭਰਤੀ ਇੱਕੋ ਅਸਾਮੀ ਉਪਰ ਕੰਮ ਕਰ ਰਹੇ ਕਰਮਚਾਰੀਆਂ ਨੂੰ ਬਰਾਬਰ ਤਨਖਾਹ,
1997 ਤੋਂ ਮਹਿਕਮੇ ਚ ਕੰਮ ਕਰ ਰਹੇ ਕੰਟਰੈਕਟ ਮੀਟਰ ਰੀਡਰ, ਬੀ ਡੀ, ਕੈਸ਼ੀਅਰਾਂ ਨੂੰ ਸਪੈਸ਼ਲ ਕੰਟੀਜੈੰਟ ਬਣਾਉਣਾ, ਵੱਖ-ਵੱਖ ਏਜੰਸੀ ਰਾਹੀਂ ਭਰਤੀ ਕੱਚੇ ਕਾਮੇ ਮਹਿਕਮੇ ਵਿੱਚ ਸਮਾਉਣ, ਸੋਲੇਸ਼ੀਅਮ ਪਾਲਿਸੀ ਤਹਿਤ ਭਰਤੀ ਕੀਤੇ ਕਾਮਿਆਂ ਉੱਪਰ 12 ਫੀਸਦੀ ਵਿਆਜ ਦੀ ਅਣਮਨੁੱਖੀ ਸ਼ਰਤ ਹਟਾਉਣ, ਮੁਲਾਜ਼ਮਾਂ ਦੇ ਡੀ ਏ/ ਭੱਤੇ,ਸੋਧੇ ਸਕੇਲਾਂ ਦੇ ਪੈਨਸ਼ਨ/ ਤਨਖਾਹ ਦੇ ਏਰੀਅਰ, ਗਰਿੱਡ/ ਫੀਲਡ/ ਦਫਤਰੀ ਸਟਾਫ ਦੀਆਂ ਮੰਗਾਂ, ਪੈਨਸ਼ਨਰਾਂ ਦੇ ਵਿਕਾਸ ਟੈਕਸ ਆਦਿ ਮੰਗਾਂ ਨੂੰ ਪੰਜਾਬ ਸਰਕਾਰ ਅਤੇ ਬਿਜਲੀ ਨਿਗਮ ਦੀ ਮੈਨੇਜਮੈਂਟ ਸਹਿਮਤੀ ਹੋਣ ਤੋਂ ਬਾਅਦ ਲਾਗੂ ਕਰਨ ਤੋਂ ਇਨਕਾਰ ਕਰ ਰਹੀ ਹੈ।
ਜਿਸ ਕਰਕੇ ਸਮੁੱਚੇ ਬਿਜਲੀ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਵਿੱਚ ਭਾਰੀ ਰੋਸ ਹੈ, ਜੇਕਰ ਪੰਜਾਬ ਸਰਕਾਰ ਅਤੇ ਬਿਜਲੀ ਨਿਗਮ ਦੀ ਮੈਨੇਜਮੈਂਟ ਨੇ ਹੋਈਆਂ ਸਹਿਮਤੀਆਂ ਲਾਗੂ ਨਹੀਂ ਕੀਤਿਆਂ, ਜਿਸਦੇ ਰੋਸ ਵਜੋਂ ਜੱਥੇਬੰਦੀ ਵੱਲੋਂ ਸਮੂਹਿਕ ਛੁੱਟੀ ਵਿੱਚ ਵਾਧਾ ਕਰਕੇ 14 ਅਤੇ 15 ਅਗਸਤ ਨੂੰ ਵੀ ਸਮੂਹਿਕ ਛੁੱਟੀ ਦਾ ਐਲਾਨ ਕਰਨਾ ਪੈ ਗਿਆ, ਜਿਸਦੀ ਸਾਰੀ ਜ਼ਿੰਮੇਵਾਰੀ ਪੰਜਾਬ ਸਰਕਾਰ ਅਤੇ ਬਿਜਲੀ ਨਿਗਮ ਦੀ ਮੈਨੇਜਮੈਂਟ ਦੀ ਅਪਣੀ ਹੀ ਹੋਵੇਗੀ। Jalalabad Protest
ਪ੍ਰੈਸ ਨੂੰ ਜੱਥੇਬੰਦੀ ਦੇ ਆਗੂਆਂ ਰੋਹਿਤ ਬਾਘਲਾ ਇੰਪਲਾਈਜ ਫੈਡਰੈਸ਼ਨ ਮੰਡਲ ਆਗੂ, ਇੰਜ ਕ੍ਰਿਸਨ ਸਿੰਘ ਜੁਆਇੰਟ ਸਕੱਤਰ ਸਰਕਲ ਬਠਿੰਡਾ, ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਜਿਲ੍ਹਾ ਪ੍ਰਧਾਨ ਜੋਗਾ ਸਿੰਘ ਭੋਡਈਪੁਰ,ਰੋਸਨ ਲਾਲ ਪੈਨਸ਼ਨਰ ਆਗੂ, ਗਿਆਨ ਚੰਦ, ਐਸ ਗਈ ਓ ਇੰਜ ਲਵਪਰੀਤ ਸਿੰਘ, ਐਸ ਡੀ ਓ ਇੰਜ ਗੱਬਰ ਸਿੰਘ, ਪੈਨਸ਼ਨਰ ਮੰਡਲ ਆਗੂ ਜਗਦੀਸ਼ ਛਾਬੜਾ ਆਦਿ ਨੇ ਵੀ ਸੰਬੋਧਨ ਕੀਤਾ।