Farmers Protest: ‘ਲੈਂਡ ਪੂਲਿੰਗ’ ਨੀਤੀ ਪੰਜਾਬ ਦੀਆਂ ਜ਼ਮੀਨਾਂ ਨੂੰ ਕੌਡੀਆਂ ਦੇ ਭਾਅ ਕਾਰਪੋਰੇਟਾਂ ਨੂੰ ਸੌਂਪਣ ਦੀ ਸਾਜਿਸ਼: ਡੱਲੇਵਾਲ

Land Pooling Policy
ਲੁਧਿਆਣਾ:  ਪਿੰਡ ਜੋਧਾਂ ਵਿਖੇ ਕਿਸਾਨਾਂ ਦੇ ਇਕੱਠ ਨੂੰ ਸੰਬੋਧਨ ਕਰਦੇ ਹੋਏ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ।

ਸੰਯੁਕਤ ਕਿਸਾਨ ਮੋਰਚਾ (ਗੈਰ ਰਾਜਨੀਤਿਕ) ਦੀ ਅਗਵਾਈ ’ਚ ਪਿੰਡ ਜੋਧਾਂ ਵਿਖੇ ’ਚ ਹਜ਼ਾਰਾਂ ਕਿਸਾਨਾਂ ਨੇ ‘ਜ਼ਮੀਨ ਬਚਾਓ ਰੈਲੀ’ ’ਚ ਕੀਤੀ ਸ਼ਿਰਕਤ

Farmers Protest: (ਜਸਵੀਰ ਸਿੰਘ ਗਹਿਲ) ਲੁਧਿਆਣਾ। ਲੈਂਡ ਪੋਲਿੰਗ ਨੀਤੀ ਨੂੰ ਪੰਜਾਬ ਸਰਕਾਰ ਦੀ ਇੱਕ ਸੋਚੀ-ਸਮਝੀ ਸਾਜ਼ਿਸ ਕਰਾਰ ਦਿੰਦੇ ਹੋਏ ਸੰਯੁਕਤ ਕਿਸਾਨ ਮੋਰਚਾ (ਗੈਰ ਰਾਜਨੀਤਿਕ) ਵੱਲੋਂ ਜ਼ਿਲ੍ਹਾ ਲੁਧਿਆਣਾ ਦੇ ਪਿੰਡ ਜੋਧਾਂ ਵਿਖੇ ‘ਜ਼ਮੀਨ ਬਚਾਓ ਰੈਲੀ’ ਕੀਤੀ ਗਈ। ਜਿਸ ਵਿੱਚ ਹਜ਼ਾਰਾਂ ਦੀ ਗਿਣਤੀ ’ਚ ਪਹੁੰਚੇ ਕਿਸਾਨਾਂ ਨੇ ਲੈਂਡ ਪੋਲਿੰਗ ਨੀਤੀ ਦੇ ਵਿਰੁੱਧ ਤੇ ਜ਼ਮੀਨਾਂ ਬਚਾਉਣ ਲਈ ਲੜਾਈ ਜਾਰੀ ਰੱਖਣਾ ਦੁਹਰਾਇਆ।

ਇਕੱਠ ਨੂੂੰ ਸੰਬੋਧਨ ਕਰਦਿਆਂ ਜਗਜੀਤ ਸਿੰਘ ਡੱਲੇਵਾਲ ਤੇ ਕਾਕਾ ਸਿੰਘ ਕੋਟੜਾ (ਭਾਕਿਯੂ ਸਿੱਧੂਪੁਰ), ਬਲਦੇਵ ਸਿੰਘ ਸਿਰਸਾ, ਇੰਦਰਜੀਤ ਪੰਨੀਵਾਲਾ (ਰਾਜਸਥਾਨ) ਰਾਜਬੀਰ ਸਿੰਘ (ਭਾਕਿਯੂ ਗੈਰ ਰਾਜਨੀਤਿਕ ਫੋਰਮ ਉੱਤਰ ਪ੍ਰਦੇਸ਼) ਨੇ ਕਿਹਾ ਕਿ ਪੰਜਾਬ ਸਰਕਾਰ ਦੀ ਲੈਂਡ ਪੋਲਿੰਗ ਨੀਤੀ ਸੂਬੇ ਦੇ ਕਿਸਾਨਾਂ ਤੋਂ ਉਨ੍ਹਾਂ ਦੀਆਂ ਜ਼ਰਖੇਜ ਜ਼ਮੀਨਾਂ ਖੋਹ ਕੇ ਉਨਾਂ ਨੂੰ ਉਜਾੜਨ ਅਤੇ ਕਾਰਪੋਰੇਟ ਘਰਾਣਿਆਂ ਨੂੰ ਖੁਸ਼ ਕਰਨ ’ਤੇ ਕੇਂਦਰਿਤ ਹੈ, ਜਿਸ ਨੂੰ ਕਿਸੇ ਵੀ ਕੀਮਤ ’ਤੇ ਲਾਗੂ ਨਹੀਂ ਹੋਣ ਦਿੱਤਾ ਜਾਵੇਗਾ। ਆਗੂਆਂ ਕਿਹਾ ਕਿ ਜਿਸ ਤਰ੍ਹਾਂ 1947 ’ਚ ਪੰਜਾਬ ਨੂੰ ਉਜਾੜਿਆ ਗਿਆ, ਉਸੇ ਤਰਜ਼ ’ਤੇ ਲੈਂਡ ਪੋਲਿੰਗ ਨੀਤੀ ਪੰਜਾਬ ਦੀਆਂ ਜ਼ਰਖੇਜ਼ ਜ਼ਮੀਨਾਂ ’ਤੇ ਉਨਾਂ ਦੇ ਮਾਲਕਾਂ ’ਤੇ ਸਿੱਧਾ ਹਮਲਾ ਹੈ।

ਆਗੂਆਂ ਕਿਹਾ ਕਿ ਇਸ 65 ਹਜ਼ਾਰ ਏਕੜ ਤੋਂ ਵੱਧ ਜ਼ਮੀਨ ਉੱਪਰ ਹੋਣ ਵਾਲੀ ਫਸਲ ਨਾਲ ਪੰਜਾਬ ਸਣੇ ਦੇਸ਼ ਭਰ ਦੇ ਕਰੋੜਾਂ ਲੋਕਾਂ ਦੀ ਅਨਾਜ ਦੀ ਪੂਰਤੀ ਅਤੇ ਲੱਖਾਂ ਲੋਕਾਂ ਦੇ ਜੀਵਨ ਦਾ ਨਿਰਵਾਹ ਹੁੰਦਾ ਹੈ ਜਿਸ ਉੱਪਰ ਪੰਜਾਬ ਸਰਕਾਰ ਵੱਲੋਂ ਪੱਥਰਾਂ ਦੇ ਜੰਗਲ ਉਸਾਰ ਕੇ ਦੇਸ਼ ਅੰਦਰ ਭੁੱਖਮਰੀ ਦੇ ਹਾਲਾਤ ਪੈਦਾ ਕਰਨ ਦੀਆਂ ਸਾਜ਼ਿਸ਼ਾਂ ਘੜੀਆਂ ਜਾ ਰਹੀਆਂ ਹਨ ਤਾਂ ਜੋ ਲੋਕ ਆਰਥਿਕ ਤੌਰ ’ਤੇ ਐਨੇ ਜਿਆਦਾ ਟੁੱਟ ਜਾਣ ਤਾਂ ਜੋ ਇਸ ਖਿੱਤੇ ਦੇ ਲੋਕ ਕਦੇ ਵੀ ਕੋਈ ਆਪਣੇ ਹੱਕਾਂ ਲਈ ਸੰਘਰਸ਼ ਨਾ ਲੜ ਸਕਣ।

ਇਹ ਵੀ ਪੜ੍ਹੋ: Putin India Visit: ਰਾਸ਼ਟਰਪਤੀ ਪੁਤਿਨ ਦਾ ਭਾਰਤ ਦੌਰਾ ਛੇਤੀ, ਦੋਵਾਂ ਦੇਸ਼ਾਂ ਦੇ ਸਬੰਧ ਹੋਣਗੇ ਮਜ਼ਬੂਤ

ਅਨਿਲ ਤਾਲਾਨ (ਭਾਕਿਯੂ ਮਹਾਤਮਾ ਟਿਕੈਤ, ਉੱਤਰ ਪ੍ਰਦੇਸ਼), ਵੈਂਕਟੇਸ਼ਵਰ ਰਾਓ (ਰਾਇਤੁ ਬੰਧੂ ਸਮਿਤੀ ਤੇਲੰਗਾਨਾ), ਪੀ. ਆਰ. ਪਾਂਡੀਅਨ (ਤਾਮਿਲਨਾਡੂ ਐਸੋਸੀਏਸ਼ਨ ਤਾਮਿਲਨਾਡੂ), ਹਰੀਕੇਸ਼ ਕਬਰਚਾ (ਖਟਕੜ ਟੋਲ ਕਮੇਟੀ ਹਰਿਆਣਾ), ਜਰਨੈਲ ਸਿੰਘ (ਭਾਕਿਯੂ, ਸੇਵ ਫਾਰਮਿੰਗ, ਹਰਿਆਣਾ), ਅਭਿਮੰਨਿਊ ਕੋਹਾੜ ਹਰਿਆ ਤੇ ਸਤਨਾਮ ਸਿੰਘ ਬਹਿਰੂ ਨੇ ਕਿਹਾ ਕਿ ਤਕਰੀਰਬਨ ਵੀਹ- ਪੱਚੀ ਸਾਲ ਪਹਿਲਾਂ ਸੂਬਾ ਸਰਕਾਰ ਵੱਲੋਂ ਅਕਵਾਇਰ ਕੀਤੀਆਂ ਅਣਗਿਣਤ ਜ਼ਮੀਨਾਂ ਹਾਲੇ ਤੱਕ ਡਿਵੈਲਪ ਨਹੀਂ ਹੋ ਸਕੀਆਂ ਅਤੇ ਨਾ ਹੀ ਇਸ ਤਹਿਤ ਹਾਲੇ ਤੱਕ ਕਿਸੇ ਨੂੰ ਵੀ ਪਲਾਟ ਨਹੀਂ ਮਿਲੇ।

ਅਗਸਤ ਮਹੀਨੇ ’ਚ ਪੰਜਾਬ ਸਣੇ ਵੱਖ-ਵੱਖ ਸੂਬਿਆਂ ਵਿੱਚ ਹੋਣ ਵਾਲੇ ਸੰਘਰਸ਼ਾਂ ਦਾ ਵੀ ਐਲਾਨ ਕੀਤਾ

ਜਿਸ ਕਾਰਨ ਸਬੰਧਿਤ ਜ਼ਮੀਨਾਂ ਦੇ ਮਾਲਕ ਆਰਥਿੱਕ ਤੌਰ ’ਤੇ ਟੁੱਟ ਗਏ, ਜਿੰਨਾਂ ਨੂੰ ਆਪਣੇ ਬੱਚਿਆਂ ਦੇ ਵਿਆਹ ’ਤੇ ਹੋਰ ਲੋੜਾਂ ਦੀ ਪੂਰਤੀ ਕਰਨ ਲਈ ਸੜਕਾਂ ’ਤੇ ਰੇਹੜੀਆਂ ਤੇ ਸੁਰੱਖਿਆ ਕਰਮਚਾਰੀਆਂ ਵਜੋਂ ਨੌਕਰੀਆਂ ਕਰਨੀਆਂ ਪੈ ਰਹੀਆਂ ਹਨ। ਉਨਾਂ ਕਿਹਾ ਕਿ ਇਹ ਲੜਾਈ ਸਿਰਫ਼ ਜ਼ਮੀਨਾਂ ਬਚਾਉਣ ਦੀ ਹੀ ਨਹੀਂ, ਸਗੋਂ ਆਉਣ ਵਾਲੀਆਂ ਨਸਲਾਂ ਨੂੰ ਬਚਾਉਣ ਦੀ ਲੜਾਈ ਹੈ। ਆਗੂਆਂ ਇਹ ਵੀ ਕਿਹਾ ਕਿ ਐਮਐਸਪੀ ਗਾਰੰਟੀ ਕਾਨੂੰਨ, ਡਾਕਟਰ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਲਾਗੂ ਕਰਾਉਣਾ, ਕੁੱਲ ਕਰਜ ਮੁਕਤੀ ਵਰਗੀਆਂ ਮੰਗਾਂ ਆਦਿ ਨੂੰ ਲੈ ਕੇ ਉਨਾਂ ਦਾ ਅੰਦੋਲਨ ਅੱਜ ਵੀ ਜਾਰੀ ਹੈ।

ਇਸ ਮੌਕੇ ਹਰਸੁਲਿੰਦਰ ਸਿੰਘ (ਦੋਆਬਾ ਕਿਸਾਨ ਭਲਾਈ ਕਮੇਟੀ ਪੰਜਾਬ), ਸੁਖਪਾਲ ਡੱਫਰ (ਗੰਨਾ ਸੰਘਰਸ਼ ਕਮੇਟੀ ਪੰਜਾਬ), ਅਮਰਜੀਤ ਸਿੰਘ ਰੜਾ (ਭਾਕਿਯੂ ਆਜ਼ਾਦ ਪੰਜਾਬ), ਜਸਵੀਰ ਸਿੰਘ ਸਿੱਧੂਪੁਰ, ਮਾਨ ਸਿੰਘ ਰਾਜਪੁਰਾ, ਮੇਹਰ ਸਿੰਘ ਥੇੜੀ ਤੇ ਸੁਪਿੰਦਰ ਸਿੰਘ ਬੱਗਾ ਨੇ ਵੀ ਸੰਬੋਧਨ ਕੀਤਾ।

ਵੱਖ-ਵੱਖ ਸੂਬਿਆਂ ’ਚ ਹੋਣਗੀਆਂ ਕਿਸਾਨ ਮਹਾਂ ਪੰਚਾਇਤਾਂ

ਆਗੂਆਂ ਦੱਸਿਆ ਕਿ ਅਗਲੇ ਵੱਡੇ ਅੰਦੋਲਨ ਦੀ ਤਿਆਰੀ ਵਜੋਂ 10 ਅਗਸਤ ਨੂੰ ਹਰਿਆਣਾ ਦੇ ਪਾਣੀਪਤ, 11 ਅਗਸਤ ਨੂੰ ਗੰਗਾ ਨਗਰ ਰਾਜਸਥਾਨ, 12 ਅਗਸਤ ਨੂੰ ਹਨੂਮਾਨਗੜ ਰਾਜਸਥਾਨ, 14 ਅਗਸਤ ਨੂੰ ਅਟਾਰਸੀ ਮੱਧ ਪ੍ਰਦੇਸ਼, 15 ਅਗਸਤ ਨੂੰ ਅਸ਼ੋਕ ਨਗਰ ਮੱਧ ਪ੍ਰਦੇਸ਼, 16 ਅਗਸਤ ਨੂੰ ਬਾਬਾ ਬਕਾਲਾ, 17, 18 ਅਤੇ 19 ਅਗਸਤ ਨੂੰ ਯੂਪੀ ਦੇ ਵਿੱਚ ਵੱਡੀਆਂ ਕਿਸਾਨ ਮਹਾਂ ਪੰਚਾਇਤਾਂ ਕੀਤੀਆਂ ਜਾਣਗੀਆਂ। ਇੱਥੇ ਹੀ ਬਸ ਨਹੀਂ 25 ਅਗਸਤ ਨੂੰ ਲੋਕ ਸੰਯੁਕਤ ਕਿਸਾਨ ਮੋਰਚਾ (ਗੈਰ ਰਾਜਨੀਤਿਕ) ਦੀ ਅਗਵਾਈ ਹੇਠ ਦਿੱਲੀ ਦੀਆਂ ਸੜਕਾਂ ਉੱਪਰ ਆਪਣੀਆਂ ਹੱਕੀ ਮੰਗਾਂ ਦੀ ਪੂਰਤੀ ਲਈ ਆਪਣੀ ਆਵਾਜ਼ ਬੁਲੰਦ ਕਰਦੇ ਨਜ਼ਰ ਆਉਣਗੇ।