Amritsar News: (ਰਾਜਨ ਮਾਨ) ਅੰਮ੍ਰਿਤਸਰ। ਅੰਮ੍ਰਿਤਸਰ ਦੇ ਵੈਟਨਰੀ ਅਫਸਰਾਂ ਵੱਲੋਂ ਡਿਪਟੀ ਡਾਇਰੈਕਟਰ ਦਫਤਰ ਅੱਗੇ ਜੁਆਇੰਟ ਐਕਸ਼ਨ ਕਮੇਟੀ ਆਫ ਵੈਟਸ ਫਾਰ ਪੇਅ-ਪੈਰਿਟੀ ਦੇ ਬੈਨਰ ਅਧੀਨ ਰੋਸ ਧਰਨਾ ਲਗਾਇਆ ਗਿਆ ਅਤੇ ਡਿਪਟੀ ਡਾਇਰੈਕਟਰ ਨੂੰ ਮੰਗ ਪੱਤਰ / ਮੈਮੋਰੰਡਮ ਸੌਂਪਿਆ ਗਿਆ।
ਜ਼ਿਕਰਯੋਗ ਹੈ ਕਿ ਜੁਆਇੰਟ ਐਕਸ਼ਨ ਕਮੇਟੀ ਆਫ ਵੈਟਸ ਫਾਰ ਪੇਅ-ਪੈਰਿਟੀ ਪਿਛਲੇ ਸਾਢੇ ਚਾਰ ਸਾਲਾਂ ਤੋਂ ਵੈਟਨਰੀ ਡਾਕਟਰਾਂ ਦੀ ਮੈਡੀਕਲ ਡਾਕਟਰਾਂ ਨਾਲੋਂ ਭੰਗ ਹੋਈ ਪੇਅ-ਪੈਰਿਟੀ ਦੀ ਬਹਾਲੀ ਲਈ ਸੰਘਰਸ਼ ਕਰ ਰਹੀ ਹੈ। ਜਥੇਬੰਦੀ ਵੱਲੋਂ ਅਨੇਕਾਂ ਵਾਰ ਵਿਭਾਗ ਦੇ ਮੁਖੀਆਂ ਨੂੰ ਅਤੇ ਮੰਤਰੀਆਂ ਨੂੰ ਮੰਗ-ਪੱਤਰ ਦਿੱਤੇ ਜਾ ਚੁੱਕੇ ਹਨ ਅਤੇ ਵਿੱਤ ਮੰਤਰੀ ਦੀ ਪ੍ਰਧਾਨਗੀ ਹੇਠ ਸਬ-ਕਮੇਟੀ ਨਾਲ ਮੀਟਿੰਗਾਂ ਵੀ ਹੋ ਚੁੱਕੀਆਂ ਹਨ, ਪ੍ਰਤੂੰ ਸਰਕਾਰ ਝੂਠੇ ਵਾਅਦਿਆਂ ਅਤੇ ਡੰਗ ਟਪਾਊ ਨੀਤੀਆਂ ਨਾਲ ਸਮਾਂ ਬਰਬਾਦ ਕਰ ਰਹੀ ਹੈ।
ਜਿੱਥੇ ਇੱਕ ਪਾਸੇ ਸੂਬੇ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਵੈਟਨਰੀ ਡਾਕਟਰਾਂ ਵੱਲੋਂ ਵਿਦੇਸ਼ਾਂ ਵਿੱਚ ਪਾਏ ਜਾ ਰਹੇ ਵਡਮੁੱਲੇ ਯੋਗਦਾਨ ਦੀ ਵਿਧਾਨ ਸਭਾ ਵਿੱਚ ਸ਼ਲਾਘਾ ਕਰ ਰਹੇ ਹਨ, ਇਸ ਤੋਂ ਇੰਜ ਜਾਪਦਾ ਹੈ ਕਿ ਉਹ ਵੈਟਨਰੀ ਡਾਕਟਰਾਂ ਦੇ ਸੁਸਾਇਟੀ ਵਿੱਚ ਯੋਗਦਾਨ ਤੋਂ ਜਾਣੂ ਹਨ। ਪ੍ਰੰਤੂ ਪੰਜਾਬ ਦੇ ਵੈਟਨਰੀ ਡਾਕਟਰਾਂ ਦੀ ਮੈਡੀਕਲ ਡਾਕਟਰਾਂ ਨਾਲ 1977 ਤੋਂ 42 ਸਾਲ ਚੱਲੀ ਪੇਅ-ਪੈਰਿਟੀ ਜੋ ਕਿ ਪਿਛਲੀ ਕਾਂਗਰਸ ਸਰਕਾਰ ਵੱਲੋਂ ਜਨਵਰੀ 2021 ਵਿੱਚ ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਅਤੇ ਸੁਪਰੀਮ ਕੋਰਟ ਆਫ ਇੰਡੀਆ ਦੇ ਫੈਸਲੇ ਦੀ ਉਲੰਘਣਾ ਕਰਕੇ ਵੈਟਨਰੀ ਡਾਕਟਰਾਂ ਤੋਂ ਖੋਹੀ ਗਈ ਸੀ, ਇਸ ਨੂੰ ਵੀ ਮੌਜੂਦਾ ਸਰਕਾਰ ਵੱਲੋਂ ਅੱਜ ਤੱਕ ਬਹਾਲ ਨਹੀਂ ਕੀਤਾ ਗਿਆ ਹੈ । Amritsar News

ਇਹ ਵੀ ਪੜ੍ਹੋ: Punjab Substandard Seeds: ਪੰਜਾਬ ’ਚ ਘਟੀਆ ਬੀਜ ਵੇਚਣ ਵਾਲਿਆਂ ’ਤੇ ਲੱਗੇਗੀ ਲਗਾਮ, ਇਸ ਤਿਆਰ ’ਚ ਮਾਨ ਸਰਕਾਰ
ਸਰਕਾਰ ਦੀ ਕਹਿਣੀ ਅਤੇ ਕਰਨੀ ਵਿੱਚ ਫਰਕ ਸਪੱਸ਼ਟ ਨਜ਼ਰ ਆ ਰਿਹਾ ਹੈ ਅਤੇ ਪਰਨਾਲਾ ਉੱਥੇ ਦਾ ਉੱਥੇ ਹੀ ਹੈ। ਇਸ ਲਈ ਪੇਅ-ਪੈਰਿਟੀ ਬਹਾਲ ਕਰਵਾਉਣ ਲਈ ਮਜ਼ਬੂਰਨ ਪੰਜਾਬ ਦੇ ਵੈਟਨਰੀ ਅਫਸਰਾਂ ਨੂੰ ਸੰਘਰਸ਼ ਦਾ ਰਾਹ ਇਖਤਿਆਰ ਕਰਨਾ ਪੈ ਰਿਹਾ ਹੈ । ਇਸ ਸੰਘਰਸ਼ ਦੇ ਮੁੱਢਲੇ ਪੜਾਅ ਵਿੱਚ ਅੱਜ ਮਿਤੀ 29-07-2025 ਪੰਜਾਬ ਸੂਬੇ ਦੇ ਵੈਟਨਰੀ ਅਫਸਰਾਂ ਵੱਲੋਂ ਆਪਣੇ-ਆਪਣੇ ਜਿਲ੍ਹੇ ਦੇ ਡਿਪਟੀ ਡਾਇਰੈਕਟਰ ਦਫਤਰਾਂ ਵਿਖੇ ਰੋਸ ਧਰਨੇ ਲਗਾਏ ਗਏ ਅਤੇ ਡਿਪਟੀ ਡਾਇਰੈਕਟਰਾਂ ਨੂੰ ਮੰਗ ਪੱਤਰ/ਮੈਮੋਰੰਡਮ ਸੌਂਪੇ ਗਏ।
ਬੁਲਾਰਿਆਂ ਵਲੋਂ ਵੈਟਨਰੀ ਅਫ਼ਸਰਾਂ ਲਈ ਪੇਅ-ਪੈਰਿਟੀ ਨੂੰ ਬਹਾਲ ਕਰਦੇ ਹੋਏ ਮੁੱਢਲਾ ਤਨਖਾਹ ਸਕੇਲ 47600 ਤੋਂ ਵਧਾਕੇ 56100 ਕਰਨ, ਮੈਡੀਕਲ ਅਫ਼ਸਰਾਂ ਦੀ ਤਰਜ਼ ਤੇ ਡਾਇਨਾਮਿਕ ਏਸੀਪੀ ਨੂੰ ਲਾਗੂ ਕਰਨ, ਐਚ. ਆਰ. ਏ. ਆਨ ਐਨ. ਪੀ. ਏ. ਦਿੱਤਾ ਜਾਣਾ ਅਤੇ ਪਰਖ ਕਾਲ ਸਮੇਂ ਦੌਰਾਨ ਪੂਰੀ ਤਨਖਾਹ ਦਿੱਤੀ ਜਾਣ ਦੀ ਮੰਗ ਕੀਤੀ ਗਈ। ਧਰਨੇ ਵਿੱਚ ਪਸ਼ੂ ਪਾਲਣ ਵਿਭਾਗ ਦੇ ਵੈਟਨਰੀ ਅਫ਼ਸਰਾਂ ਸਮੇਤ ਸੀਨੀਅਰ ਵੈਟਰਨਰੀ ਅਫਸਰ, ਸਹਾਇਕ ਡਾਇਰੈਕਟਰ, ਡਿਪਟੀ ਡਾਇਰੈਕਟਰ ਵੱਲੋਂ ਵੀ ਸ਼ਿਰਕਤ ਕੀਤੀ ਗਈ। ਧਰਨੇ ਵਿਚ ਹਾਜ਼ਰ ਭਰਵੇਂ ਇੱਕਠ ਨੂੰ ਪ੍ਰਧਾਨ ਡਾ. ਗਗਨਦੀਪ ਸਿੰਘ ਢਿੱਲੋਂ , ਡਾ. ਪੁਨੀਤ ਮਲਹੋਤਰਾ ਤੋਂ ਇਲਾਵਾ ਡਾ. ਕਰਨਬੀਰ ਸਿੰਘ ਭਿੰਡਰ, ਡਾ. ਸਹਿਜਪਲ ਸਿੰਘ, ਡਾ. ਪੁਨੀਤ ਸਿੰਘ, ਡਾ ਮਨਦੀਪ ਮਾਨ, ਡਾ ਹਰਮਨਪ੍ਰੀਤ ਸਿੰਘ, ਡਾ ਮਨਪ੍ਰੀਤ ਸਿੰਘ ਆਦਿ ਨੇ ਸੰਬੋਧਨ ਕੀਤਾ।