ਫਿਰੋਜ਼ਪੁਰ ਅੰਦਰ 49.5 ਮਿਲੀਮੀਟਰ, ਚੰਡੀਗੜ੍ਹ ’ਚ 32.8 ਮਿਲੀਮੀਟਰ ਮੀਂਹ ਪਿਆ
ਲੁਧਿਆਣਾ ਅਤੇ ਭਵਾਨੀਗੜ੍ਹ ਖੇਤਰ ਵਿੱਚ ਵੀ ਮੀਂਹ ਨੇ ਗਰਮੀ ਤੋਂ ਦਵਾਈ ਰਾਹਤ
Punjab In Rain: (ਖੁਸ਼ਵੀਰ ਸਿੰਘ ਤੂਰ) ਪਟਿਆਲਾ। ਮੌਸਮ ਵਿਭਾਗ ਵੱਲੋਂ ਭਾਵੇਂ ਅੱਜ ਮੀਂਹ ਬਾਰੇ ਕੋਈ ਅਲਰਟ ਜਾਰੀ ਨਹੀਂ ਕੀਤਾ ਗਿਆ ਸੀ ਪਰ ਬਾਵਜ਼ੂਦ ਇਸ ਦੇ ਅੱਜ ਕਈ ਖੇਤਰਾਂ ਵਿੱਚ ਚੰਗਾ ਮੀਂਹ ਪਿਆ। ਇੱਧਰ ਜਿੱਥੇ ਜਿੱਥੇ ਮੀਂਹ ਪਿਆ ਉੱਥੇ ਹੁੰਮਸ ਭਰੀ ਗਰਮੀ ਤੋਂ ਆਮ ਲੋਕਾਂ ਨੂੰ ਕੁਝ ਰਾਹਤ ਮਹਿਸੂਸ ਹੋਈ ਹੈ। ਜਾਣਕਾਰੀ ਅਨੁਸਾਰ ਪਿਛਲੇ ਤਿੰਨ ਚਾਰ ਦਿਨਾਂ ਤੋਂ ਹੁੰਮਸ ਭਰੀ ਗਰਮੀ ਵੱਟ ਕੱਢ ਰਹੀ ਸੀ। ਅੱਜ ਵੀ ਦੁਪਹਿਰ ਤੱਕ ਪੰਜਾਬ ਅੰਦਰ ਹੁੰਮਸ ਭਰੀ ਗਰਮੀ ਜਾਰੀ ਰਹੀ। ਦੁਪਹਿਰ ਬਾਅਦ ਕਈ ਇਲਾਕਿਆਂ ਅੰਦਰ ਅੱਜ ਅਚਾਨਕ ਮੌਸਮ ਬਦਲ ਗਿਆ ਅਤੇ ਬੱਦਲਵਾਈ ਛਾ ਗਈ। ਇਸ ਤੋਂ ਬਾਅਦ ਕਈ ਖੇਤਰਾਂ ਵਿੱਚ ਚੰਗਾ ਮੀਂਹ ਪਿਆ ਜਿਸ ਨਾਲ ਆਮ ਲੋਕਾਂ ਨੂੰ ਗਰਮੀ ਤੋਂ ਕੁਝ ਰਾਹਤ ਮਹਿਸੂਸ ਹੋਈ।
ਅੱਜ ਚੰਡੀਗੜ੍ਹ ਤੋਂ ਇਲਾਵਾ ਪੰਜਾਬ ਅੰਦਰ ਮੋਹਾਲੀ , ਫਿਰੋਜ਼ਪੁਰ, ਲੁਧਿਆਣਾ, ਪਟਿਆਲਾ ਜ਼ਿਲ੍ਹੇ ਦੇ ਕੁਝ ਖੇਤਰਾਂ ਤੋਂ ਇਲਾਵਾ ਸੰਗਰੂਰ ਜ਼ਿਲ੍ਹੇ ਦੇ ਭਵਾਨੀਗੜ੍ਹ ਵਿਖੇ ਅਸਮਾਨੋ ਚੰਗਾ ਮੀਂਹ ਵਰ੍ਹਿਆ। ਜਿੱਥੇ ਚੰਗਾ ਮੀਂਹ ਪਿਆ ਉੱਥੇ ਨੀਵੇਂ ਥਾਵਾਂ ’ਤੇ ਪਾਣੀ ਭਰ ਗਿਆ ਅਤੇ ਕਈ ਥਾਵਾਂ ’ਤੇ ਬਾਜ਼ਾਰ ਅਤੇ ਗਲੀਆਂ ਪਾਣੀ ਨਾਲ ਨੱਕੋ-ਨੱਕ ਨਜ਼ਰ ਆਈਆਂ। ਮੌਸਮ ਵਿਭਾਗ ਚੰਡੀਗੜ੍ਹ ਵੱਲੋਂ ਸ਼ਾਮ ਨੂੰ ਜਾਰੀ ਕੀਤੀ ਰਿਪੋਰਟ ਮੁਤਾਬਕ ਚੰਡੀਗੜ੍ਹ ਵਿੱਚ 32.8 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ ਹੈ।
ਇਹ ਵੀ ਪੜ੍ਹੋ: TET Teachers Protest: ਟੈੱਟ ਪਾਸ ਅਧਿਆਪਕਾਂ ਨੇ ਮੰਤਰੀ ਅਮਨ ਅਰੋੜਾ ਦੀ ਕੋਠੀ ਦਾ ਕੀਤਾ ਘਿਰਾਓ
ਇਸ ਤੋਂ ਇਲਾਵਾ ਫਿਰੋਜ਼ਪੁਰ ਜ਼ਿਲ੍ਹੇ ਅੰਦਰ 49.5 ਐਮਐਮ ਮੀਂਹ ਦਰਜ ਕੀਤਾ ਗਿਆ ਹੈ । ਇਸ ਦੇ ਨਾਲ ਹੀ ਲੁਧਿਆਣਾ ਜ਼ਿਲ੍ਹੇ ਵਿੱਚ 27 ਐਮਐਮ , ਸ਼ਹੀਦ ਭਗਤ ਸਿੰਘ ਨਗਰ ਵਿਖੇ 12 ਐਮ ਜਦਕਿ ਮੁਹਾਲੀ ਵਿਖੇ ਪੰਜ ਐੱਮਐੱਮ ਮੀਂਹ ਦਰਜ ਕੀਤਾ ਗਿਆ ਹੈ। ਇਸ ਦੌਰਾਨ ਦੇਖਿਆ ਗਿਆ ਕਿ ਪਟਿਆਲਾ ਦੇ ਅੱਧੇ ਇਲਾਕੇ ਵਿੱਚ ਮੀਂਹ ਪਿਆ ਹੈ ਜਦਕਿ ਅੱਧਾ ਇਲਾਕਾ ਸੁੱਕਾ ਰਿਹਾ ਹੈ। ਇਸ ਦੇ ਨਾਲ ਹੀ ਬਨੂੰੜ ਅਤੇ ਘੱਗਾ ਅੰਦਰ ਵੀ ਮੀਂਹ ਪਿਆ ਹੈ। Punjab In Rain
ਮੀਂਹ ਪੈਣ ਨਾਲ ਕਿਸਾਨਾਂ ਦੇ ਖੇਤ ਪਾਣੀ ਨਾਲ ਨੱਕੋ ਨੱਕ ਭਰ ਗਏ

ਜੇਕਰ ਸੰਗਰੂਰ ਜ਼ਿਲ੍ਹੇ ਦੇ ਭਵਾਨੀਗੜ੍ਹ ਖੇਤਰ ਦੀ ਗੱਲ ਕਰੀਏ ਤਾਂ ਇੱਥੇ ਕਾਫੀ ਸਮੇਂ ਬਾਅਦ ਚੰਗਾ ਮੀਂਹ ਪਿਆ ਹੈ। ਮੀਂਹ ਪੈਣ ਨਾਲ ਕਿਸਾਨਾਂ ਦੇ ਖੇਤ ਪਾਣੀ ਨਾਲ ਨੱਕੋ ਨੱਕ ਭਰ ਗਏ ਜਿਸ ਨਾਲ ਕਿਸਾਨਾਂ ਨੂੰ ਵੱਡਾ ਸੁੱਖ ਦਾ ਸਾਹ ਆਇਆ ਹੈ। ਇਸ ਦੇ ਨਾਲ ਹੀ ਭਵਾਨੀਗੜ੍ਹ ਸ਼ਹਿਰ ਅੰਦਰ ਬਾਜ਼ਾਰ ਅਤੇ ਗਲੀਆਂ ਪਾਣੀ ਨਾਲ ਬੁਰੀ ਤਰ੍ਹਾਂ ਭਰੀਆਂ ਨਜ਼ਰ ਆਈਆਂ ਜਿਸ ਨਾਲ ਕੇ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਮੌਸਮ ਵਿਭਾਗ ਮੁਤਾਬਕ ਪੰਜਾਬ ਅੰਦਰ ਅਗਲੇ ਦਿਨਾਂ ਦੌਰਾਨ ਕੁਝ ਖੇਤਰਾਂ ਵਿੱਚ ਹਲਕਾ ਮੀਂਹ ਪੈ ਸਕਦਾ ਹੈ। ਇਸ ਦੇ ਨਾਲ ਅਗਲੇ ਦਿਨਾਂ ਦੌਰਾਨ ਵੀ ਪੰਜਾਬ ਅੰਦਰ ਹੁੰਮਸ ਭਰੀ ਗਰਮੀ ਲੋਕਾਂ ਨੂੰ ਪਰੇਸ਼ਾਨ ਕਰੇਗੀ।
ਬਠਿੰਡਾ ਏਅਰਪੋਰਟ ਰਿਹਾ ਸਭ ਤੋਂ ਵੱਧ ਗਰਮ
ਇੱਧਰ ਪੰਜਾਬ ਅੰਦਰ ਜੇਕਰ ਅੱਜ ਤਾਪਮਾਨ ਦੀ ਗੱਲ ਕੀਤੀ ਜਾਵੇ ਤਾਂ ਸਭ ਤੋਂ ਵੱਧ ਤਾਪਮਾਨ ਬਠਿੰਡਾ ਏਅਰਪੋਰਟ ਦਾ ਦਰਜ ਕੀਤਾ ਗਿਆ ਹੈ ਇੱਥੇ ਤਾਪਮਾਨ 37.4 ਡਿਗਰੀ ਰਿਹਾ ਹੈ। ਅੰਮ੍ਰਿਤਸਰ ਅੰਦਰ ਤਾਪਮਾਨ 36.5 ਡਿਗਰੀ ਜਦਕਿ ਪਠਾਨਕੋਟ ਅੰਦਰ 36.1 ਡਿਗਰੀ ਦਰਜ ਕੀਤਾ ਗਿਆ ਹੈ । ਬਾਕੀ ਜਿਲ੍ਹਿਆਂ ਅੰਦਰ ਤਾਪਮਾਨ 35 ਡਿਗਰੀ ਤੋਂ ਹੇਠਾਂ ਦਰਜ ਕੀਤਾ ਗਿਆ ਹੈ । ਜੇਕਰ ਹਰਿਆਣਾ ਰਾਜ ਦੀ ਗੱਲ ਕੀਤੀ ਜਾਵੇ ਤਾਂ ਹਰਿਆਣਾ ਅੰਦਰ ਅੱਜ ਵੱਧ ਤੋਂ ਵੱਧ ਤਾਪਮਾਨ ਸਰਸਾ ਦਾ ਰਿਹਾ ਹੈ ਇੱਥੇ 38 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਗਿਆ ਹੈ। Punjab In Rain
ਬਿਜਲੀ ਦੀ ਚੜ੍ਹਤ ਜਾਰੀ
ਇੱਧਰ ਜੇਕਰ ਸੂਬੇ ਅੰਦਰ ਅੱਜ ਬਿਜਲੀ ਦੀ ਮੰਗ ਦੀ ਗੱਲ ਕੀਤੀ ਜਾਵੇ ਤਾਂ ਦੁਪਹਿਰ ਮੌਕੇ ਬਿਜਲੀ ਦੀ ਮੰਗ 16 ਹਜ਼ਾਰ 300 ਮੈਗਾਵਾਟ ਤੋਂ ਪਾਰ ਹੀ ਚੱਲ ਰਹੀ ਸੀ। ਇੱਧਰ ਸ਼ਾਮ ਨੂੰ ਬਿਜਲੀ ਦੀ ਮੰਗ ਡਿੱਗ ਕੇ 13 ਹਜਾਰ ਮੈਗਾਵਾਟ ਰਹਿ ਗਈ ਸੀ । ਪਿਛਲੇ ਚਾਰ ਦਿਨਾਂ ਤੋਂ ਬਿਜਲੀ ਦੀ ਮੰਗ 16 ਹਜਾਰ ਮੈਗਾਵਾਟ ਤੋਂ ਉੱਪਰ ਹੀ ਚੱਲ ਰਹੀ ਹੈ।