Punjab News: ਚੰਡੀਗੜ੍ਹ। ਪੰਜਾਬ ’ਚ ਸਰਕਾਰੀ ਬੱਸਾਂ ਦਾ ਸਫ਼ਰ ਕਰਨ ਵਾਲੀਆਂ ਬੀਬੀਆਂ ਅਤੇ ਬਾਕੀ ਲੋਕਾਂ ਲਈ ਵੱਡਾ ਅਲਰਟ ਹੈ। ਦਰਅਸਲ ਪੀ. ਆਰ. ਟੀ. ਸੀ., ਪਨਬੱਸ ਅਤੇ ਪੰਜਾਬ ਰੋਡਵੇਜ਼ ਕਾਂਟਰੈਕਟ ਯੂਨੀਅਨ 28 ਜੁਲਾਈ ਨੂੰ ਇਕ ਵਾਰ ਫਿਰ ਤੋਂ ਸੂਬੇ ਭਰ ਦੀਆਂ ਸਰਕਾਰੀ ਬੱਸਾਂ ਦਾ ਚੱਕਾ ਜਾਮ ਕਰ ਸਕਦੀ ਹੈ, ਜਿਸ ਕਾਰਨ ਬੱਸਾਂ ਦਾ ਸਫ਼ਰ ਕਰਨ ਵਾਲੇ ਮੁਸਾਫ਼ਰਾਂ ਨੂੰ ਭਾਰੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਯੂਨੀਅਨ ਦਾ ਕਹਿਣਾ ਹੈ ਕਿ ਜੇਕਰ 27 ਜੁਲਾਈ ਨੂੰ ਉਨ੍ਹਾਂ ਦੀਆਂ ਮੰਗਾਂ ’ਤੇ ਸਰਕਾਰ ਨੇ ਵਿਚਾਰ ਨਹੀਂ ਕੀਤਾ ਤਾਂ ਯੂਨੀਅਨ ਵਲੋਂ ਪਹਿਲਾਂ ਤੋਂ ਐਲਾਨੀ ਹੜਤਾਲ 28 ਜੁਲਾਈ ਤੋਂ ਸ਼ੁਰੂ ਹੋ ਜਾਵੇਗੀ।
ਇਸ ਲਈ ਜੇਕਰ ਇਸ ਤਾਰੀਖ਼ ਨੂੰ ਤੁਹਾਡਾ ਕਿਤੇ ਜਾਣ ਦਾ ਪ੍ਰੋਗਰਾਮ ਹੈ ਤਾਂ ਤੁਹਾਨੂੰ ਖੱਜਲ-ਖੁਆਰੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ, ਇਸ ਲਈ ਲੋਕ ਇਸ ਤਾਰੀਖ਼ ਨੂੰ ਸੋਚ-ਸਮਝ ਕੇ ਹੀ ਘਰੋਂ ਨਿਕਲਣ। ਦੱਸਣਯੋਗ ਹੈ ਕਿ 9 ਜੁਲਾਈ ਨੂੰ ਸੂਬੇ ਭਰ ’ਚ ਇਕ ਦਿਨ ਸਰਕਾਰੀ ਬੱਸਾਂ ਦਾ ਚੱਕਾ ਜਾਮ ਰਹਿਣ ਕਾਰਨ ਪੰਜਾਬ ਦੇ ਲੋਕਾਂ ਨੂੰ ਭਾਰੀ ਪਰੇਸ਼ਾਨੀ ਝੱਲਣੀ ਪਈ ਸੀ ਅਤੇ ਪੰਜਾਬ ਸਰਕਾਰ ਨੇ ਯੂਨੀਅਨ ਆਗੂਆਂ ਨਾਲ ਗੱਲਬਾਤ ਕਰਕੇ ਹੜਤਾਲ ਖ਼ਤਮ ਕਰਵਾ ਦਿੱਤੀ ਸੀ। Punjab News
Read Also : ਸੁਖਪਾਲ ਖਹਿਰਾ ਖਿਲਾਫ਼ ਕਾਰਵਾਈ ਦੀ ਤਿਆਰੀ! ਭੇਜਿਆ ਨੋਟਿਸ
ਕੈਬਨਿਟ ਮੰਤਰੀ ਭੁੱਲਰ ਨੇ ਉਨ੍ਹਾਂ ਦੀਆਂ ਮੰਗਾਂ ਨੂੰ ਪੂਰਾ ਕਰਨ ਦਾ ਭਰੋਸਾ ਦਿੱਤਾ ਸੀ ਪਰ ਹੁਣ ਇੰਨੇ ਦਿਨ ਬੀਤਣ ਦੇ ਬਾਵਜੂਦ ਵੀ ਇਸ ਵੱਲ ਕੋਈ ਧਿਆਨ ਨਹੀਂ ਦਿੱਤਾ ਗਿਆ। ਇਸ ਲਈ ਯੂਨੀਅਨ ਆਗੂਆਂ ਦਾ ਕਹਿਣਾ ਹੈ ਕਿ ਜੇਕਰ ਪੰਜਾਬ ਸਰਕਾਰ ਨੇ ਉਨ੍ਹਾਂ ਨੂੰ ਗੱਲਬਾਤ ਲਈ ਨਹੀਂ ਬੁਲਾਇਆ ਤਾਂ ਸੂਬੇ ਭਰ ’ਚ ਸਰਕਾਰੀ ਬੱਸਾਂ ਦਾ ਚੱਕਾ ਜਾਮ ਕਰਨ ਤੋਂ ਇਲਾਵਾ ਉਨ੍ਹਾਂ ਕੋਲ ਕੋਈ ਹੋਰ ਬਦਲ ਨਹੀਂ ਹੈ।