ਨਵੇਂ ਜ਼ਮਾਨੇ ਦੇ ਈ. ਠੱਗਾਂ ਤੋਂ ਰਹੋ ਸਾਵਧਾਨ 

Cyber Crime, Alert, ATM, Information, Mobile Phone

ਪੰਜਾਬੀ ਦੀ ਇੱਕ ਕਹਾਵਤ ਹੈ  ਕਿ ‘ਠੱਗੀ ਮਾਰ ਕੇ ਗੁਜਾਰਾ ਕਰਦੇ ਠੱਗਾਂ ਦੇ ਕਿਹੜਾ ਹਲ਼ ਚੱਲਦੇ’ ਆਦਿ ਕਾਲ ਤੋਂ ਲੈ ਕੇ ਅਜੋਕੇ ਕੰਪਿਊਟਰ ਯੁੱਗ ਤੱਕ ਠੱਗ ਲੋਕ ਹਮੇਸ਼ਾ ਸਾਡੇ ਸਮਾਜ ‘ਚ ਸਰਗਰਮ ਰਹੇ ਹਨ ਅਤੇ ਨਵੇਂ-ਨਵੇਂ ਢੰਗ-ਤਰੀਕਿਆਂ ਨਾਲ ਇਹ ਠੱਗ ਲੋਕ ਅੱਜ ਵੀ ਲੋਕਾਂ ਨੂੰ ਠੱਗਣ ਵਿੱਚ ਮਸ਼ਰੂਫ਼ ਹਨ ਠੱਗ ਬੰਦੇ ਬਹੁਤ ਹੀ ਚਲਾਕ ਅਤੇ ਜੁਗਾੜੀ ਪ੍ਰਵਿਰਤੀ ਦੇ ਹੁੰਦੇ ਹਨ, ਜੋ ਭੋਲੇ-ਭਾਲੇ ਲੋਕਾਂ ਨੂੰ ਆਪਣੇ ਜਾਲ਼ ‘ਚ ਫਸਾ ਕੇ ਲੁੱਟ ਦਾ ਸ਼ਿਕਾਰ ਬਣਾ ਲੈਂਦੇ ਹਨ

ਜੇ ਬੀਤ ਚੁੱਕੇ ਸਮੇਂ ਦੇ ਗੱਲ ਕਰੀਏ ਤਾਂ ਠੱਗੀ ਮਾਰਨ ਦਾ ਢੰਗ ਥੋੜ੍ਹਾ ਔਖਾ ਅਤੇ ਮੁਸ਼ਕਲ ਭਰਿਆ ਹੁੰਦਾ ਸੀ  ਜਿਸ ਕਾਰਨ ਅਕਸਰ ਠੱਗਾਂ ਨੂੰ ਸਰੀਰਕ ਕਸ਼ਟ ਉਠਾਉਣਾ ਪੈਂਦਾ ਸੀ  ਇਹ ਠੱਗ ਲੋਕ ਆਉਂਦੇ-ਜਾਂਦੇ ਰਾਹਗੀਰਾਂ ਅਤੇ ਮੁਸਾਫ਼ਰਾਂ ਨੂੰ ਬੇਹੋਸ਼ ਕਰਕੇ ਜਾਂ ਕਤਲ ਕਰਕੇ ਠੱਗੀ ਦਾ ਸ਼ਿਕਾਰ ਬਣਾਉਂਦੇ ਸਨ ਪਰ ਅਜੋਕੇ ਈ. ਕ੍ਰਾਂਤੀ ਦੇ ਦੌਰ ਵਿੱਚ ‘ਈ. ਠੱਗ’ ਪੈਦਾ ਹੋ ਗਏ ਹਨ , ਜੋ ਤਕਨੀਕ ਦੇ ਜਰੀਏ ਠੱਗੀ ਮਾਰਨ ਦੇ ਨਿਵਕਲੇ ਢੰਗਾਂ ਨੂੰ ਅੰਜ਼ਾਮ ਦੇ ਰਹੇ ਹਨ ਅੱਜ ਤਕਨੀਕ ਦੇ ਜਰੀਏ ਹਜ਼ਾਰਾਂ ਕਿਲੋਮੀਟਰ ਦੂਰ ਬੈਠਾ ਠੱਗ ਤੁਹਾਡੇ ਨਾਲ ਠੱਗੀ ਮਾਰ ਸਕਦਾ ਹੈ ਕਈ ਵਾਰ ਸਾਨੂੰ ਸਮਝ ਹੀ ਨਹੀਂ ਆਉਂਦਾ ਕਿ ਸਾਡੇ ਨਾਲ ਕਦੋਂ ਅਤੇ ਕਿਵੇਂ ਠੱਗੀ ਵੱਜ ਸਕਦੀ ਹੈ?

ਅੱਜ ਦੇ ਤਕਨੀਕੀ ਦੌਰ ‘ਚ ਠੱਗੀ ਮਾਰਨ ਦਾ ਢੰਗ ਬਹੁਤ ਸੁਖ਼ਾਲਾ ਹੋ ਗਿਆ ਹੈ ਜਿਸ ਕਾਰਨ ਸਾਨੂੰ ਸੋਚਣ ਦਾ ਮੌਕਾ ਹੀ ਨਹੀਂ ਮਿਲਦਾ ਕਿ ਅਸੀਂ ਠੱਗੀ ਦਾ ਸ਼ਿਕਾਰ ਹੋ ਜਾਂਦੇ ਹਾਂ ਅੱਜ ਮੋਬਾਇਲ ਫੋਨ ਦੀ ਇੱਕ ਕਾਲ ਤੁਹਾਡਾ ਪੂਰਾ ਬੈਂਕ ਖਾਤਾ ਖਾਲੀ ਕਰ ਸਕਦੀ ਹੈ  ਪਿਛਲੇ ਦਿਨੀਂ ਮੇਰੇ ਇੱਕ ਮਿੱਤਰ ਨਾਲ ਅਜਿਹੀ ਹੀ ਅਣਹੋਣੀ ਘਟਨਾ ਵਾਪਰੀ ਕਿ ਉਹ ਇੱਕ ਸ਼ਾਤਿਰ ਠੱਗ ਦੀ ਠੱਗੀ ਦਾ ਸ਼ਿਕਾਰ ਹੋ ਗਿਆ ਹੋਇਆ ਇਸ ਤਰ੍ਹਾਂ ਕਿ ਸ਼ਾਮ ਚਾਰ ਕੁ ਵਜੇ ਉਸਦੇ ਮੋਬਾਇਲ ਫੋਨ ‘ਤੇ ਇੱਕ ਫੋਨ ਆਇਆ ਤੇ ਫੋਨ ਕਰਨ ਵਾਲੇ ਨੇ ਆਪਣੇ ਆਪ ਨੂੰ ਬੈਂਕ ਦਾ ਅਧਿਕਾਰੀ ਦੱਸਿਆ ਤੇ ਕਿਹਾ ਕਿ ਮੈਂ ਬੈਂਕ ਦੇ ਹੈੱਡ ਦਫ਼ਤਰ ਤੋਂ ਬੋਲ ਰਿਹਾਂ ਹਾਂ

ਅੱਜ ਰਾਤ ਤੁਹਾਡਾ ਏ.ਟੀ.ਐਮ.ਕਾਰਡ ਬੰਦ ਹੋ ਰਿਹਾ ਹੈ ਮੈਂ ਤੁਹਾਡਾ ਏ.ਟੀ.ਐਮ.ਕਾਰਡ ਅੱਪਡੇਟ ਕਰ ਰਿਹਾ ਹਾਂ ਇਸ ਲਈ ਅਸੁੱਵਿਧਾ ਤੋਂ ਬਚਣ ਲਈ ਤੁਸੀਂ ਮੈਨੂੰ ਆਪਣੇ ਕਾਰਡ ਤੇ ਲਿਖੇ ਸੀਰੀਅਲ ਨੰਬਰ ਤੇ ਪਾਸਵਰਡ ਬਾਰੇ ਜਾਣਕਾਰੀ ਦਿਓ  ਫੋਨ ਕਰਨ ਵਾਲੇ ਫਰਜ਼ੀ ਬੈਂਕ ਅਧਿਕਾਰੀ ਨੇ ਉਸ ਨੂੰ ਉਸਦਾ ਨਾਂਅ, ਪਿਤਾ ਦਾ ਨਾਂਅ ਅਤੇ ਬੈਂਕ ਖਾਤਾ ਬਿੱਲਕੁੱਲ ਸਹੀ ਦੱਸਿਆ  ਜਿਸ ਕਾਰਨ ਮੇਰੇ ਮਿੱਤਰ ਨੂੰ ਇਹ ਯਕੀਨ ਹੋ ਗਿਆ ਕਿ ਸੱਚਮੁੱਚ ਇਹ ਫੋਨ ਬੈਂਕ ਦੇ ਹੈੱਡ ਦਫ਼ਤਰੋਂ ਹੋ ਸਕਦਾ ਹੈ ਇਸ ਲਈ ਉਸਨੇ ਬਿਨਾ ਕਿਸੇ ਝਿਜਕ ਦੇ ਆਪਣੇ ਕਾਰਡ ਦੀ ਸਾਰੀ ਜਾਣਕਾਰੀ ਉਸ ਫਰਜ਼ੀ ਬੈਂਕ ਅਧਿਕਾਰੀ ਨਾਲ ਸਾਂਝੀ ਕਰ ਦਿੱਤੀ

ਜਾਣਕਾਰੀ ਸਾਂਝੀ ਕਰਨ ਦੇ ਤੁਰੰਤ ਬਾਦ ਉਸਦੇ ਮੋਬਾਇਲ ਫੋਨ ‘ਤੇ ਇੱਕ ਸੰਦੇਸ਼ ਆਇਆ ਕਿ ਤੁਹਾਡੇ ਖਾਤੇ ‘ਚੋਂ ਚਾਲੀ ਹਜ਼ਾਰ ਰੁਪਏ ਨਿੱਕਲ ਚੁੱਕੇ ਹਨ ਜਿਸ ਬੈਂਕ ਵਿੱਚ ਉਸਦਾ ਖਾਤਾ ਸੀ ,ਉਸ ਨੇ ਤੁਰੰਤ ਬੈਂਕ ਦੀ ਉਸ ਬਰਾਂਚ ਤੱਕ ਪਹੁੰਚ ਕੀਤੀ ਬੈਂਕ ਅਧਿਕਾਰੀਆਂ ਨੇ ਉਸ ਨੂੰ ਦੱਸਿਆ ਕਿ ਤੁਹਾਡੇ ਪੈਸੇ ਕਿਸੇ ਹੋਰ ਸੂਬੇ ‘ਚ ਏ.ਟੀ. ਐਮ. ਕਾਰਡ ਦੇ ਜਰੀਏ ਟਰਾਂਸਫਰ ਹੋ ਚੁੱਕੇ ਹਨ  ਏ.ਟੀ.ਐਮ.ਕਾਰਡ ਤਾਂ ਭਾਵੇਂ ਉਸਨੇ ਤੁਰੰਤ ਬੰਦ ਕਰਵਾ ਦਿੱਤਾ ਪਰ ਨਵੀਂ ਤਕਨੀਕ ਦੇ ਜ਼ਰੀਏ ਲੁੱਟੇ ਗਏ ਚਾਲੀ ਹਜ਼ਾਰ ਦੀ ਅੱਜ ਤੱਕ ਕੋਈ ਉੱਘ-ਸੁੱਘ ਨਹੀਂ ਨਿੱਕਲੀ  ਅੱਜ ਕੱਲ੍ਹ ਲੋਕਾਂ ਨੂੰ ਠੱਗਣ ਲਈ ਇੱਕ ਹੋਰ ਨਿਵੇਕਲਾ ਢੰਗ ਚੱਲ ਰਿਹਾ ਹੈ, ਕਿ ਫੋਨ ਕਾਲ ਦੇ ਜਰੀਏ ਸਾਨੂੰ ਦੱਸਿਆ ਜਾਂਦਾ ਹੈ ਕਿ ਤੁਹਾਡੀ ਵੀਹ ਜਾਂ ਚਾਲੀ ਹਜ਼ਾਰ ਜਾਂ ਇਸ ਤੋਂ ਵੀ ਵੱਧ ਅਮਰੀਕੀ ਡਾਲਰ ਦੀ ਲਾਟਰੀ ਨਿੱਕਲੀ ਹੈ  ਜਿਸ ਦਾ ਕੁਝ ਪਰਸੈਂਟ ਬਂੈਕ ਮਨੀ ਤਹਾਨੂੰ ਸਾਡੇ ਦੱਸੇ ਗਏ ਖਾਤਾ ਨੰਬਰ ‘ਚ ਜਮਾਂ ਕਰਵਾਉਣੀ ਪਵੇਗੀ ਅਤੇ ਫਿਰ ਤੁਸੀਂ ਆਪਣਾ ਇਨਾਮ ਕਲੇਮ ਕਰ ਸਕਦੇ ਹੋ

ਕਈ ਵਾਰ ਲਾਲਚ ਵੱਸ ਪਿਆ ਮਨੁੱਖ ਇਨਾਮ ਲੈਣ ਦੀ ਲਾਲਸਾ ਕਾਰਨ ਦੱਸੇ ਗਏ ਖਾਤੇ ‘ਚ ਪੈਸੇ ਜਮਾਂ ਕਰਵਾ ਦਿੰਦਾ ਹੈ  ਪਰ ਅਜਿਹਾ ਕਰਨ ਨਾਲ ਇਨਾਮ ਤਾਂ ਕੀ ਮਿਲਣਾ ਸੀ ਸਗੋਂ ਆਪਣੇ ਪੈਸੇ ਵੀ ਗੁਆ ਬੈਠਦਾ ਹੈ  ਪਰ ਕਦੇ ਵੀ ਕਿਸੇ ਅਜਿਹੇ ਲਾਲਚ ਵਿੱਚ ਨਾ ਆਉ ਜਰਾ ਸੋਚੋ ! ਜਦੋਂ ਤੁਸੀਂ ਕੋਈ ਲਾਟਰੀ ਪਾਈ ਹੀ ਨਹੀਂ ਤਾਂ ਉਹ ਲਾਟਰੀ ਨਿੱਕਲ ਕਿਵੇਂ ਸਕਦੀ ਹੈ  ਲਾਟਰੀ ਨਿੱਕਲਣ ਦੀ ਕਾਲ ਹਮੇਸ਼ਾ ਫਰਜ਼ੀ ਹੁੰਦੀ ਹੈ ਕਦੇ ਵੀ ਅਜਿਹੀ ਫੋਨ ਕਾਲ ‘ਤੇ ਯਕੀਨ ਨਾ ਕਰੋ ਅੱਜ ਕੱਲ੍ਹ ਨਗਦੀ ਲੈਣ ਲਈ ਏ.ਟੀ.ਐਮ.ਮਸ਼ੀਨ ਦੀ ਵਰਤੋਂ ਕਰਨ ਦਾ ਰਿਵਾਜ ਜੋਰ ਸ਼ੋਰ ਨਾਲ ਚੱਲ ਰਿਹਾ ਹੈ ,ਜਿਸ ਕਾਰਨ ਬਹੁ ਗਿਣਤੀ ਲੋਕ  ਏ.ਟੀ.ਐਮ.ਕਾਰਡ ਦੀ ਵਰਤੋਂ ਨਗਦੀ ਲੈਣ ਲਈ ਕਰਦੇ ਹਨ ਪਰ ਏ.ਟੀ.ਐਮ ਮਸ਼ੀਨ ਦੇ ਜਰੀਏ ਨਗਦੀ ਲੈਣ ਸਮੇਂ ਹਮੇਸ਼ਾ ਸੁਚੇਤ ਰਹਿਣਾ ਚਾਹੀਦਾ ਹੈ ਕਿਉਂਕਿ ਤੁਹਾਡੀ ਮੱਦਦ ਕਰਨ ਦੇ ਬਹਾਨੇ ਕੋਈ ਵੀ ਅਣਜਾਣ ਵਿਅਕਤੀ ਤੁਹਾਡਾ ਏ.ਟੀ.ਐਮ. ਕਾਰਡ ਬਦਲ ਸਕਦਾ ਹੈ  ਜਿਸ ਕਾਰਨ ਤੁਸੀਂ ਕਦੇ ਵੀ ਠੱਗੀ ਦਾ ਸ਼ਿਕਾਰ ਹੋ ਸਕਦੇ ਹੋ ਇਸ ਲਈ ਨਵੇਂ ਜਮਾਨੇ ਦੀ ਨਵੀਂ ਤਕਨੀਕ ਦੀ ਵਰਤੋਂ ਸੁਚੇਤ ਹੋ ਕੇ ਸਹੀ ਢੰਗ ਨਾਲ ਕਰੋ ਨਹੀਂ ਤਾਂ ਤੁਹਾਡੀ ਮਾਮੂਲੀ ਗਲਤੀ ਕਾਰਨ ਤੁਸੀਂ ਕਦੇ ਵੀ ਵੱਡੀ ਲੁੱਟ ਦਾ ਸ਼ਿਕਾਰ ਹੋ ਸਕਦੇ ਹੋ

ਕਿਸੇ ਵੀ ਫਰਜੀ ਫੋਨ ਕਾਲ ਜਾਂ ਫਰਜੀ ਬੈਂਕ ਅਧਿਕਾਰੀ ਤੇ ਵਿਸ਼ਵਾਸ ਨਾ ਕਰੋ ਕਿਉਂਕਿ ਕੋਈ ਵੀ ਬੈਂਕ ਫੋਨ ਦੇ ਜਰੀਏ ਤੁਹਾਡੇ ਕੋਲੋਂ ਕਦੇ ਵੀ ਅਜਿਹੀ ਜਾਣਕਾਰੀ ਨਹੀਂ ਲੈਂਦਾ  ਬੈਂਕ ਵੀ ਸਮੇਂ-ਸਮੇਂ ‘ਤੇ ਸਾਨੂੰ ਅਗਾਹ ਕਰਦੇ ਰਹਿੰਦੇ ਹਨ ਕਿ ਕਦੇ ਵੀ ਆਪਣੇ ਏ.ਟੀ.ਐਮ.ਕਾਰਡ ਜਾਂ ਖਾਤੇ ਸਬੰਧੀ ਕੋਈ ਵੀ ਜਾਣਕਾਰੀ ਫੋਨ ਦੇ ਜਰੀਏ ਕਿਸੇ ਵੀ ਅਣਜਾਣ ਵਿਅਕਤੀ ਨਾਲ ਸਾਂਝੀ ਨਾ ਕਰੋ ਕਿਉਂਕਿ ਇਹ ਫੋਨ ਕਾਲ ਫਰਜ਼ੀ ਹੋ ਸਕਦੀ ਹੈ ਇਸ ਲਈ ਜੇ ਜਰੂਰਤ ਹੋਵੇ ਤਾਂ ਹਮੇਸ਼ਾ ਨਿੱਜੀ ਤੌਰ ‘ਤੇ ਬੈਂਕ ਬਰਾਂਚ ਨਾਲ ਸੰਪਰਕ ਕਰਨਾ ਚਾਹੀਦਾ ਹੈ  ਨਹੀਂ ਤਾਂ ਇੱਕ ਫਰਜੀ ਫੋਨ ਕਾਲ ਜਾਂ ਏ.ਟੀ.ਐਮ ਕਾਰਡ ਬਦਲੀ ਦੇ ਜਰੀਏ ਨਵੇਂ ਜਮਾਨੇ ਦੇ ਈ. ਠੱਗ ਕਿਸੇ ਵੇਲੇ ਵੀ ਤੁਹਾਨੂੰ ਆਪਣੀ ਠੱਗੀ ਦਾ ਸ਼ਿਕਾਰ ਬਣਾ ਸਕਦੇ ਹਨ ਅਜੋਕੇ ਸਮੇਂ ਦੀਆਂ ਈ. ਠੱਗੀਆਂ ਤੋਂ ਬਚਣ ਲਈ ਹਮੇਸ਼ਾ ਸੁਚੇਤ ਰਹੋ

ਸੁਖਵੀਰ ਘੁਮਾਣ ਦਿੜ੍ਹਬਾ, 
                                           ਦਿੜ੍ਹਬਾ, ਮੋ.98155-90209

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

LEAVE A REPLY

Please enter your comment!
Please enter your name here