Sunam Trauma Centre: ਸੁਨਾਮ ਵਿਖੇ ਬਣੇਗਾ ਸੂਬੇ ਦਾ ਪਹਿਲਾ ਸਟੇਟ ਹਾਈਵੇ ਟਰੌਮਾ ਸੈਂਟਰ

Sunam Trauma Centre
Sunam Trauma Centre: ਸੁਨਾਮ ਵਿਖੇ ਬਣੇਗਾ ਸੂਬੇ ਦਾ ਪਹਿਲਾ ਸਟੇਟ ਹਾਈਵੇ ਟਰੌਮਾ ਸੈਂਟਰ

ਹੁਣ ਤੱਕ ਸਿਰਫ ਨੈਸ਼ਨਲ ਹਾਈਵੇਜ਼ ਉੱਪਰ ਪੈਂਦੇ 5 ਸ਼ਹਿਰਾਂ ’ਚ ਹੀ ਹੈ ਇਹ ਸਹੂਲਤ | Sunam Trauma Centre

  • 5 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਟਰੌਮਾ ਸੈਂਟਰ ਨਾਲ ਸੜਕ ਹਾਦਸਿਆਂ ’ਚ ਜਾਨਾਂ ਗਵਾਉਣ ਵਾਲਿਆਂ ਦੀ ਗਿਣਤੀ ’ਚ ਆਵੇਗੀ ਭਾਰੀ ਕਮੀ
  • ਹੁਣ ਤੱਕ 19 ਕਰੋੜ ਰੁਪਏ ਦੇ ਕਰੀਬ ਫੰਡ ਇਕੱਲੇ ਸੁਨਾਮ ਹਸਪਤਾਲ ’ਚ ਖਰਚੇ ਜਾ ਚੁੱਕੇ : ਅਮਨ ਅਰੋੜਾ

ਸੁਨਾਮ ਊਧਮ ਸਿੰਘ ਵਾਲਾ (ਕਰਮ ਥਿੰਦ)। Sunam Trauma Centre: ਪੰਜਾਬ ਸਰਕਾਰ ਵੱਲੋਂ ਸੂਬੇ ਦੇ ਲੋਕਾਂ ਨੂੰ ਅਤਿ ਆਧੁਨਿਕ ਸਿਹਤ ਸਹੂਲਤਾਂ ਮੁਹਈਆ ਕਰਵਾਉਣ ਲਈ ਸ਼ੁਰੂ ਕੀਤੀ ਮੁਹਿੰਮ ਤੇ ਕੈਬਨਿਟ ਮੰਤਰੀ ਅਮਨ ਅਰੋੜਾ ਦੇ ਵਿਸ਼ੇਸ਼ ਯਤਨਾਂ ਸਦਕਾ ਸੁਨਾਮ ਸ਼ਹਿਰ ’ਚ ਸੂਬੇ ਦਾ ਪਹਿਲਾ ਸਟੇਟ ਹਾਈਵੇ ਟਰੌਮਾ ਸੈਂਟਰ ਸ਼ੁਰੂ ਹੋਣ ਜਾ ਰਿਹਾ ਹੈ। ਇਸ 10 ਬੈਡ ਵਾਲੇ ਟਰੌਮਾ ਸੈਂਟਰ ਦੀ ਇਮਾਰਤ ਦਾ ਨੀਂਹ ਪੱਥਰ ਪੰਜਾਬ ਦੇ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਸਥਾਨਕ ਸਬ ਡਵੀਜ਼ਨਲ ਹਸਪਤਾਲ ਵਿਖੇ ਰੱਖਿਆ।

ਇਹ ਖਬਰ ਵੀ ਪੜ੍ਹੋ : Flood in Punjab: ਪੰਜਾਬ ’ਤੇ ਮੰਡਰਾਇਆ ਹੜ੍ਹਾਂ ਦਾ ਖਤਰਾ, ਪੌਂਗ ਡੈਮ ’ਚੋਂ ਹੋਰ ਪਾਣੀ ਛੱਡਣ ਦੀ ਤਿਆਰੀ

ਇਸ ਮੌਕੇ ਰੱਖੇ ਸਮਾਗਮ ਨੂੰ ਸੰਬੋਧਨ ਕਰਦਿਆਂ ਅਮਨ ਅਰੋੜਾ ਨੇ ਦੱਸਿਆ ਕਿ ਸੂਬੇ ’ਚ ਇਸ ਵੇਲੇ ਸਿਰਫ ਪੰਜ ਟਰੌਮਾ ਸੈਂਟਰ ਜਲੰਧਰ, ਖੰਨਾ, ਪਠਾਨਕੋਟ, ਫਿਰੋਜ਼ਪੁਰ ਤੇ ਫਾਜ਼ਿਲਕਾ ’ਚ ਚੱਲ ਰਹੇ ਹਨ। ਇਹ ਸਾਰੇ ਪੰਜ ਸੈਂਟਰ ਨੈਸ਼ਨਲ ਹਾਈਵੇਜ਼ ’ਤੇ ਸਥਿਤ ਹਨ। ਸੁਨਾਮ ਵਿਖੇ ਬਣਨ ਵਾਲਾ ਟਰੌਮਾ ਸੈਂਟਰ ਸੂਬੇ ਦਾ ਪਹਿਲਾ ਸਟੇਟ ਹਾਈਵੇ ਟਰੌਮਾ ਸੈਂਟਰ ਹੋਵੇਗਾ। ਜੋ ਕਿ ਪੂਰੀ ਮਾਲਵਾ ਬੈਲਟ ਫਾਜ਼ਿਲਕਾ ਤੋਂ ਲੈ ਕੇ ਚੰਡੀਗੜ੍ਹ ਤੱਕ ਸੜਕ ਹਾਦਸਿਆਂ ਦੇ ਸ਼ਿਕਾਰ ਲੋਕਾਂ ਲਈ ਮੁੱਢਲੀ ਸਹਾਇਤਾ ਦੇ ਨਾਲ ਨਾਲ ਮੁਕੰਮਲ ਇਲਾਜ਼ ਪ੍ਰਦਾਨ ਕਰੇਗਾ।

Sunam Trauma Centre
ਸੁਨਾਮ : ਟਰੌਮਾ ਸੈਂਟਰ ਦੀ ਇਮਾਰਤ ਦਾ ਨੀਂਹ ਪੱਥਰ ਰੱਖਦੇ ਹੋਏ ਮੰਤਰੀ ਅਮਨ ਅਰੋੜਾ। ਤਸਵੀਰ : ਕਰਮ ਥਿੰਦ

ਉਨ੍ਹਾਂ ਕਿਹਾ ਕਿ ਇਹ ਕੋਈ ਲੋਕਾਂ ਦੀ ਮੰਗ ਨਹੀਂ ਸੀ, ਸਗੋਂ ਉਨ੍ਹਾਂ ਦੀ ਲੰਬੇ ਸਮੇਂ ਦੀ ਨਿੱਜੀ ਇੱਛਾ ਸੀ ਕਿ ਸੁਨਾਮ ਸ਼ਹਿਰ ’ਚ ਇਹ ਸਹੂਲਤ ਹੋਵੇ। ਜਿਸ ਲਈ ਉਹ ਪਿਛਲੇ ਤਿੰਨ ਸਾਲ ਤੋਂ ਯਤਨ ਕਰ ਰਹੇ ਸਨ। ਅੱਜ ਫਾਜ਼ਿਲਕਾ ਤੋਂ ਲੈ ਕੇ ਚੰਡੀਗੜ੍ਹ ਤੱਕ ਕੋਈ ਵੀ ਟਰੌਮਾ ਸੈਂਟਰ ਨਹੀਂ ਹੈ। ਇਹ ਸੈਂਟਰ ਬਣਨ ਨਾਲ ਇਸ ਸੜਕ ਤੋਂ ਗੁਜ਼ਰਨ ਵਾਲੇ ਲੱਖਾਂ ਰਾਹਗੀਰਾਂ ਨੂੰ ਸਹੂਲਤ ਮਿਲੇਗੀ। ਇਹ ਸੈਂਟਰ ਦੀ ਇਮਾਰਤ ਦਾ ਕੰਮ ਅਗਲੇ 8 ਮਹੀਨੇ ’ਚ ਪੂਰਾ ਕੀਤਾ ਜਾਵੇਗਾ। Sunam Trauma Centre

ਪੱਤਰਕਾਰਾਂ ਵੱਲੋਂ ਪੁੱਛੇ ਸਵਾਲ ਦਾ ਜਵਾਬ ਦਿੰਦਿਆਂ ਉਨ੍ਹਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਦੀ ਅਣਦੇਖੀ ਦੇ ਚੱਲਦਿਆਂ ਸਰਕਾਰੀ ਹਸਪਤਾਲਾਂ ’ਚ ਪਿਛਲੇ ਲੰਮੇ ਸਮੇਂ ਤੋਂ ਡਾਕਟਰਾਂ ਤੇ ਹੋਰ ਸਟਾਫ ਦੀ ਭਰਤੀ ਨਹੀਂ ਹੋਈ। ਜਦੋਂ ਤੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਕੰਮ ਕਰਨਾ ਸ਼ੁਰੂ ਕੀਤਾ ਹੈ ਉਦੋਂ ਤੋਂ ਸਿਹਤ ਵਿਭਾਗ ਸਮੇਤ ਹਰੇਕ ਵਿਭਾਗ ’ਚ ਭਰਤੀ ਪ੍ਰਕਿਰਿਆ ਲਗਾਤਾਰ ਜਾਰੀ ਹੈ। ਉਨ੍ਹਾਂ ਕਿਹਾ ਕਿ ਅਗਲੇ ਇੱਕ ਸਾਲ ’ਚ ਸੂਬੇ ਭਰ ਦੇ ਹਸਪਤਾਲਾਂ ’ਚ ਬੁਨਿਆਦੀ ਢਾਂਚੇ ਦੇ ਨਾਲ-ਨਾਲ ਡਾਕਟਰਾਂ ਤੇ ਪੈਰਾ ਮੈਡੀਕਲ ਸਟਾਫ ਦੀ ਘਾਟ ਪੂਰੀ ਕਰ ਦਿੱਤੀ ਜਾਵੇਗੀ। Sunam Trauma Centre

ਉਨ੍ਹਾਂ ਕਿਹਾ ਕਿ ਹੁਣ ਤੱਕ 19 ਕਰੋੜ ਰੁਪਏ ਦੇ ਕਰੀਬ ਫੰਡ ਇਕੱਲੇ ਸੁਨਾਮ ਹਸਪਤਾਲ ’ਚ ਖਰਚੇ ਜਾ ਚੁੱਕੇ ਹਨ। ਇਸ ਤੋਂ ਪਹਿਲਾਂ ਹਸਪਤਾਲ ’ਚ 9 ਕਮਰਿਆਂ ਦਾ ਓ ਪੀ ਡੀ ਬਲਾਕ, ਬਲੱਡ ਬੈਂਕ ਬਣ ਚੁੱਕੇ ਹਨ ਤੇ ਛੇ ਜ਼ਿਲ੍ਹਿਆਂ ਦੇ ਡਰੱਗ ਵੇਅਰਹਾਊਸ ਦਾ ਨਿਰਮਾਣ ਜੰਗੀ ਪੱਧਰ ਉੱਤੇ ਜਾਰੀ ਹੈ। ਉਨ੍ਹਾਂ ਕਿਹਾ ਕਿ ਹਲਕਾ ਸੁਨਾਮ ਦਾ ਵਿਕਾਸ ਤੇ ਲੋਕ ਸੇਵਾ ਉਨ੍ਹਾਂ ਦੀ ਡਿਊਟੀ ਹੈ। ਹਲਕੇ ਦੇ ਲੋਕਾਂ ਨੇ ਹੀ ਉਹਨਾਂ ਨੂੰ ਸੇਵਾ ਦਾ ਮੌਕਾ ਦਿੱਤਾ ਹੈ। ਇਹ ਸੇਵਾ ਨਿਭਾਅ ਕੇ ਉਹ ਆਪਣਾ ਫਰਜ਼ ਵੀ ਪੂਰਾ ਕਰ ਰਹੇ ਹਨ।

ਅਮਨ ਅਰੋੜਾ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸੂਬੇ ’ਚ ਸਿਹਤ, ਸਿੱਖਿਆ ਤੇ ਬੁਨਿਆਦੀ ਢਾਂਚੇ ਦੇ ਵਿਕਾਸ ਨੂੰ ਮਜ਼ਬੂਤ ਕਰਨ ਲਈ ਵੱਡੇ ਪੱਧਰ ਉਤੇ ਕੰਮ ਕੀਤਾ ਜਾ ਰਿਹਾ ਹੈ। ਜਦੋਂ ਤੋਂ ਆਪ ਪਾਰਟੀ ਸੱਤਾ ’ਚ ਆਈ ਹੈ ਉਦੋਂ ਤੋਂ ਹੀ ਤਰਜੀਹੀ ਤੌਰ ਉੱਤੇ ਸਰਬਪੱਖੀ ਵਿਕਾਸ ਉੱਤੇ ਜ਼ੋਰ ਦਿੱਤਾ ਜਾ ਰਿਹਾ ਹੈ। ਇਸ ਮੌਕੇ ਐਸ ਡੀ ਐੱਮ ਮਨਜੀਤ ਕੌਰ, ਸਿਵਲ ਸਰਜਨ ਡਾਕਟਰ ਸੰਜੇ ਕਾਮਰਾ, ਐੱਸ ਡੀ ਓ ਸੰਜੀਵ ਕੁਮਾਰ, ਨਗਰ ਕੌਂਸਲ ਪ੍ਰਧਾਨ ਨਿਸ਼ਾਨ ਸਿੰਘ ਟੋਨੀ, ਮਾਰਕੀਟ ਕਮੇਟੀ ਚੇਅਰਮੈਨ ਮੁਕੇਸ਼ ਜੁਨੇਜਾ, ਹਲਕਾ ਸਗੰਠਨ ਇੰਚਾਰਜ ਅਵਤਾਰ ਸਿੰਘ ਇਲਵਾਲ, ਮਨਪ੍ਰੀਤ ਬਾਂਸਲ, ਮੰਨੀ ਸਰਾਓ ਪਾਰਟੀ ਦੇ ਅਹੁਦੇਦਾਰ ਤੇ ਭਾਰੀ ਗਿਣਤੀ ’ਚ ਸ਼ਹਿਰ ਵਾਸੀ ਹਾਜ਼ਰ ਸਨ।