ਹੁਣ ਤੱਕ 278 ਸ਼ੱਕੀ ਮਾਮਲੇ ਆ ਚੁੱਕੇ ਹਨ ਸਾਹਮਣੇ
ਅਸ਼ਵਨੀ ਚਾਵਲਾ, ਚੰਡੀਗੜ੍ਹ: ਪੰਜਾਬ ਨੂੰ ਸਵਾਇਨ ਫਲੂ ਵਲੋਂ ਆਪਣੇ ਵਲੋਂ ਪੂਰੀ ਤਰ੍ਹਾਂ ਜਕੜ ਵਿੱਚ ਲੈ ਲਿਆ ਹੈ। ਜਿਸ ਕਾਰਨ ਜੁਲਾਈ ਅਤੇ ਅਗਸਤ ਮਹੀਨੇ ਦਰਮਿਆਨ ਹੀ ਹੁਣ ਤੱਕ ਸਵਾਇਨ ਫਲੂ ਦੇ 278 ਸ਼ੱਕੀ ਮਾਮਲੇ ਸਾਹਮਣੇ ਆ ਚੁੱਕੇ ਹਨ, ਜਿਨ੍ਹਾਂ ਵਿੱਚੋਂ 15 ਮਰੀਜ਼ਾ ਨੂੰ ਤਾਂ ਆਪਣੀ ਜਾਨ ਤੋਂ ਹੀ ਹੱਥ ਧੋਣਾ ਪੈ ਗਿਆ ਹੈ, ਜਦੋਂ ਕਿ ਬਾਕੀ ਪੰਜਾਬ ਦੇ ਸਰਕਾਰੀ ਅਤੇ ਪ੍ਰਾਈਵੇਟ ਹਸਪਤਾਲਾਂ ਵਿੱਚ ਇਲਾਜ ਅਧੀਨ ਹਨ। ਪੰਜਾਬ ਵਿੱਚ ਇਸ ਵਾਰ ਪਹਿਲੀ ਵਾਰ ਹੋਇਆ ਹੈ ਕਿ ਗਰਮੀ ਦੇ ਦਿਨਾਂ ਵਿੱਚ ਸਵਾਇਨ ਫਲੂ ਨੇ ਆਮ ਲੋਕਾਂ ਨੂੰ ਆਪਣੀ ਜਕੜ ਵਿੱਚ ਲਿਆ ਹੋਵੇ। ਇਸ ਤੋਂ ਪਹਿਲਾਂ ਸਵਾਇਨ ਫਲੂ ਨਵੰਬਰ-ਦਸੰਬਰ ਮਹੀਨੇ ਤੋਂ ਸ਼ੁਰੂ ਹੋ ਕੇ ਮਾਰਚ ਮਹੀਨੇ ਤੱਕ ਚਲਦਾ ਸੀ।
ਪੰਜਾਬ ਸਰਕਾਰ ਨੇ ਸਿਵਲ ਸਰਜਨਾਂ ਨੂੰ ‘ਫਲੂ ਕਾਰਨਰ’ ਸਥਾਪਿਤ ਕਰਨ ਦੇ ਆਦੇਸ਼ ਦਿੱਤੇ
ਪੰਜਾਬ ਵਿੱਚ ਅਚਾਨਕ ਤੇਜੀ ਨਾਲ ਫੈਲ ਰਹੇ ਸਵਾਇਨ ਫਲੂ ਨੂੰ ਲੈ ਕੇ ਪੰਜਾਬ ਦੇ ਸਿਹਤ ਮੰਤਰੀ ਬ੍ਰਹਮ ਮਹਿੰਦਰਾ ਵਲੋਂ ਪੰਜਾਬ ਦੇ ਬਾਰੇ ਸਿਵਲ ਸਰਜਨਾਂ ਨੂੰ ਸਵਾਇਨ ਫਲੂ ਨਾਲ ਨਿਪਟਣ ਲਈ ਸਖ਼ਤੀ ਨਾਲ ਆਦੇਸ਼ ਜਾਰੀ ਕਰ ਦਿੱਤੇ ਹਨ ਤਾਂ ਕਿ ਮਰੀਜ਼ਾ ਦੀਆਂ ਇਸ ਬੁਖ਼ਾਰ ਨਾਲ ਹੋ ਰਹੀਆਂ ਮੌਤਾਂ ਨੂੰ ਰੋਕਿਆ ਜਾ ਸਕੇ।
ਸਿਹਤ ਮੰਤਰੀ ਬ੍ਰਹਮ ਮਹਿੰਦਰਾਂ ਨੇ ਦੱਸਿਆ ਕਿ ਪੰਜਾਬ ਵਿੱਚ ਹੁਣ ਤੱਕ 278 ਸ਼ੱਕੀ ਮਰੀਜ਼ਾ ਵਿਚੋਂ 75 ਮਾਮਲਿਆਂ ਵਿਚ ਮਰੀਜ਼ਾਂ ਵਿਚ ਸਵਾਇਨ ਫਲੂ ਪਾਇਆ ਗਿਆ ਅਤੇ ਜਿਸ ਵਿਚੋਂ 15 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਮਰੀਜ਼ਾਂ ਦੀ ਮੌਤ ਦਾ ਅਸਲੀ ਕਾਰਨ ਕੇਵਲ ਪੀ.ਜੀ.ਆਈ.ਐਮ.ਈ.ਆਰ. ਦੇ ਮਾਹਰਾਂ ਵਲੋਂ ਮੈਡੀਕਲ ਰਿਕਾਰਡ ਦੀ ਸਮੀਖਿਆ ਉਪਰੰਤ ਹੀ ਦੱਸਿਆ ਜਾ ਸਕੇਗਾ। ਉਨ੍ਹਾਂ ਕਿਹਾ ਕਿ ਇਹ ਵੀ ਦੇਖਿਆ ਗਿਆ ਹੈ ਕਿ ਮਰੀਜ਼ ਕਈ ਮਾਮਲਿਆਂ ਵਿਚ ਬਿਮਾਰ ਹੋਣ ਉਪਰੰਤ ਹਸਪਤਾਲਾਂ ਵਿਚ ਇਲਾਜ ਨਾ ਕਰਵਾ ਕੇ ਆਪਣੇ ਪੱਧਰ ‘ਤੇ ਹੀ ਇਲਾਜ ਕਰਨਾ ਸ਼ੁਰੂ ਕਰ ਦਿੰਦੇ ਹਨ ਜਿਸ ਕਾਰਨ ਸਥਿਤੀ ਦਾ ਗੰਭੀਰ ਹੋ ਜਾਣਾ ਸੁਭਾਵਿਕ ਹੈ।
ਮਹਿੰਦਰਾ ਨੇ ਦੱਸਿਆ ਕਿ ਸਵਾਇਨ ਫਲੂ ਦੇ ਮਾਮਲਿਆਂ ਦੇ ਇਲਾਜ ਦੇ ਲਈ ਸਰਕਾਰੀ ਮੈਡੀਕਲ ਕਾਲਜਾਂ ਅਤੇ ਸਰਕਾਰੀ ਹਸਪਤਾਲਾਂ ਵਿਚ ਵਿਸ਼ੇਸ਼ 277 ਬੈੱਡਾਂ ਦਾ ਅਤੇ ਨਿਜੀ ਹਸਪਤਾਲਾਂ ਵਿਚ 268 ਬੈੱਡਾਂ ਦਾ ਪ੍ਰਬੰਧ ਪ੍ਰਬੰਧ ਕੀਤਾ ਗਿਆ ਹੈ।
ਪਹਿਲੀ ਵਾਰ ਜੁਲਾਈ ਅਤੇ ਅਗਸਤ ਮਹੀਨੇ ਵਿੱਚ ਸਾਹਮਣੇ ਆਏ ਹਨ ਸਵਾਇਨ ਫਲੂ ਦੇ ਮਾਮਲੇ
ਉਨ੍ਹਾਂ ਕਿਹਾ ਕਿ ਜਿ਼ਲ੍ਹਿਆਂ ਵਿਚ ਸ਼ੱਕੀ ਮਰੀਜ਼ਾਂ ਨੂੰ ਮਿਆਰੀ ਸਿਹਤ ਸੇਵਾਵਾਂ ਮੁਹੱਈਆ ਕਰਵਾਉਣ ਲਈ ਨੋਢਲ ਅਫਸਰਾਂ ਦੀ ਜਿੰਮੇਵਾਰੀ ਨਿਸ਼ਚਿਤ ਕੀਤੀ ਗਈ ਹੈ ਅਤੇ ਰੈਪਿਡ ਰਿਸਪੋਂਸ ਟੀਮਾਂ ਗਠਿਤ ਕੀਤੀਆਂ ਗਈਆਂ ਹੈ ਜੋ ਸ਼ੱਕੀ ਮਾਮਲੇ ਦੀ ਸੂਚਨਾ ਮਿਲਣ ‘ਤੇ ਤੁਰੰਤ ਕਾਰਵਾਈ ਕਰਨਗੀਆਂ।ਉਨ੍ਹਾਂ ਕਿਹਾ ਕਿ ਸਵਾਇਨ ਫਲੂ ਇਕ ਇਨਫੈਕਸ਼ਨ ਹੈ ਜੋ ਛਿੱਕ, ਖਾਂਸੀ ਅਤੇ ਕਿਸੇ ਦਾ ਰੁਮਾਲ ਆਦਿ ਵਰਤਣ ਨਾਲ ਹੀ ਇਕ ਤੋਂ ਦੂਜੇ ਵਿਅਕਤੀ ਨੂੰ ਹੋ ਸਕਦਾ ਹੈ। ਜਦ ਕਿ ਨਾਬਾਲਗ ਅਤੇ 65 ਸਾਲ ਤੋਂ ਜਿਆਦਾ ਉਮਰ ਦੇ ਬਜ਼ੁਰਗ, 5 ਸਾਲ ਤੋਂ ਘੱਟ ਉਮਰ ਦੇ ਬੱਚੇ, ਗਰਭਵਤੀ ਔਰਤਾਂ ਆਦਿ ਨੂੰ ਸਵਾਇਨ ਫਲੂ ਹੋਣ ਦਾ ਖਤਰਾ ਜਿਆਦਾ ਹੁੰਦਾ ਹੈ।
ਉਨ੍ਹਾਂ ਅੱਗੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਰਾਜ ਵਿਚ ਵਿਚ ਸਵਾਇਨ ਫਲੂ ਦੇ ਮਰੀਜ਼ਾਂ ਨੂੰ ਅਤੇ ਮੁਫ਼ਤ ਦਵਾਈ ਦਿੱਤੀ ਜਾਂਦੀ ਹੈ ਅਤੇ ਮਰੀਜ਼ ਦੀ ਰਿਹਾਇਸ਼ ਵਾਲੀ ਥਾਂ ‘ਤੇ ਪ੍ਰਭਾਵਿਤ ਇਲਾਕੇ ਵਿਚ ਸਿਹਤ ਵਿਭਾਗ ਦੀ ਟੀਮ ਵਲੋਂ ਜਾ ਕੇ ਸਕਰੀਨਿੰਗ ਕੀਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਮਰੀਜ਼ ਦੇ ਟੈਸਟ ਅਤੇ ਇਲਾਜ ਵੀ ਸਿਹਤ ਵਿਭਾਗ ਵਲੋਂ ਮੁਫ਼ਤ ਮੁਹੱਈਆ ਕਰਵਾਇਆ ਜਾਂਦਾ ਹੈ। ਸਿਹਤ ਮੰਤਰੀ ਨੇ ਦੱਸਿਆ ਕਿ ਪੀ.ਜੀ.ਆਈ. ਚੰਡੀਗੜ੍ਹ ਦੀ ਵੀਰੋਲੋਜੀ ਲੈਬ ਸਵਾਇਨ ਫਲੂ ਦੇ ਟੈਸਟਾਂ ਦੇ ਲਈ ਨੋਢਲ ਲੈਬ ਨਿਸ਼ਚਿਤ ਕੀਤੀ ਗਈ ਹੈ ਅਤੇ ਸ਼ੱਕੀ ਮਰੀਜ਼ਾਂ ਦੇ ਸੈਂਪਲ ਲੈ ਕੇ ਪੀ.ਜੀ.ਆਈ. ਤੋਂ ਇਲਾਵਾ ਜੀ.ਐ.ਸੀ. ਅੰਮ੍ਰਿਤਸਰ ਅਤੇ ਜੀ.ਐਮ.ਸੀ. ਪਟਿਆਲਾ ਵਿਖੇ ਵੀ ਭੇਜੇ ਜਾਂਦੇ ਹਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।