Punjab News: ਤੀਰਥ ਯਾਤਰਾ ਹੁਣ ਜਾਏਗੀ ਪ੍ਰਾਈਵੇਟ ਹੱਥਾਂ ’ਚ, ਸਕੀਮ ਨੂੰ ਖ਼ੁਦ ਨਹੀਂ ਚਲਾਏਗੀ ਸਰਕਾਰ
Punjab News: ਚੰਡੀਗੜ੍ਹ (ਅਸ਼ਵਨੀ ਚਾਵਲਾ)। ਪੰਜਾਬ ਸਰਕਾਰ ਦੀ ਮੁੱਖ ਮੰਤਰੀ ਤੀਰਥ ਯਾਤਰਾ ਸਕੀਮ ਨੂੰ ਨਾ ਸਿਰਫ਼ ਪ੍ਰਾਈਵੇਟ ਹੱਥਾਂ ’ਚ ਸੌਂਪਿਆ ਜਾ ਰਿਹਾ ਹੈ, ਸਗੋਂ ਇਸ ਮੁੱਖ ਮੰਤਰੀ ਤੀਰਥ ਯਾਤਰਾ ਨੂੰ ਚਲਾਉਣ ਲਈ ਲਗਾਏ ਗਏ ਚੇਅਰਮੈਨ ਨੂੰ ਇੱਕ ਸਲਾਹਕਾਰ ਦੀ ਵੀ ਲੋੜ ਹੈ। ਇਹ ਸਲਾਹਕਾਰ ਸਲਾਹ ਦੇਏਗਾ ਕਿ ਤੀਰਥ ਯਾਤਰਾ ਨੂੰ ਪ੍ਰਾਈਵੇਟ ਕੰਪਨੀ ਤੋਂ ਕਿਵੇਂ ਚਲਵਾਇਆ ਜਾਵੇ ਤੇ ਕਿਹੜੀ ਪ੍ਰਾਈਵੇਟ ਕੰਪਨੀ ਨੂੰ ਤੀਰਥ ਯਾਤਰਾ ਲਈ ਟੈਂਡਰ ਦੇਣਾ ਹੈ। ਸਲਾਹਕਾਰ ਲੱਭਣ ਲਈ ਪੰਜਾਬ ਸਰਕਾਰ ਵੱਲੋਂ ਬਕਾਇਦਾ ਓਪਨ ਟੈਂਡਰ ਤੱਕ ਜਾਰੀ ਕਰ ਦਿੱਤਾ ਗਿਆ ਹੈ।
Read Also : Air India: ਸੈਨ ਫਰਾਂਸਿਸਕੋ ਤੋਂ ਮੁੰਬਈ ਆ ਰਹੀ ਏਅਰ ਇੰਡੀਆ ਦੀ ਉਡਾਣ ’ਚ ਖਰਾਬੀ, ਇਹ ਕਾਰਨ ਆਇਆ ਸਾਹਮਣੇ
ਜਾਣਕਾਰੀ ਅਨੁਸਾਰ ਪੰਜਾਬ ਸਰਕਾਰ ਵੱਲੋਂ ਪੰਜਾਬ ਦੇ ਕਈ ਤੀਰਥ ਸਥਾਨਾਂ ’ਤੇ ਪੰਜਾਬੀਆਂ ਨੂੰ ਯਾਤਰਾ ਕਰਵਾਉਣ ਲਈ ਮਾਲ ਵਿਭਾਗ ਅਧੀਨ ਕੰਮਕਾਜ਼ ਸੌਂਪਿਆ ਹੋਇਆ ਹੈ ਤੇ ਪਹਿਲਾਂ ਇਸ ਕੰਮ ਨੂੰ ਟਰਾਂਸਪੋਰਟ ਵਿਭਾਗ ਤੇ ਕੁਝ ਹੋਰ ਵਿਭਾਗ ਮਿਲ ਕੇ ਕਰਦੇ ਸਨ। ਪੰਜਾਬ ਸਰਕਾਰ ਵੱਲੋਂ ਬੀਤੇ ਸਾਲ ਹੀ ਤੀਰਥ ਯਾਤਰਾ ਕਰਵਾਉਣ ਲਈ ਮਾਲ ਵਿਭਾਗ ਅਧੀਨ ਇੱਕ ਚੇਅਰਮੈਨ ਦਾ ਗਠਨ ਕਰਦੇ ਹੋਏ ਦਿੱਲੀ ਦੇ ਰਹਿਣ ਵਾਲੇ ਕਮਲ ਬਾਂਸਲ ਨੂੰ ਚੇਅਰਮੈਨ ਲਾਇਆ ਗਿਆ ਭਾਵੇਂ ਤੀਰਥ ਯਾਤਰਾ ਸਕੀਮ ਦਾ ਕੋਈ ਲੰਮਾ ਚੌੜਾ ਕੰਮ ਨਹੀਂ ਹੈ ਤੇ ਇਹ ਕੰਮ ਪ੍ਰਾਈਵੇਟ ਕੰਪਨੀ ਨੇ ਹੀ ਕਰਨਾ ਹੈ ਫਿਰ ਵੀ ਚੇਅਰਮੈਨ ਵੱਲੋਂ ਇੱਕ ਸਲਾਹਕਾਰ ਦੀ ਮੰਗ ਕਰ ਦਿੱਤੀ ਗਈ ਹੈ ਇਸ ਸਲਾਹਕਾਰ ਨੂੰ ਕਿੰਨੀ ਅਦਾਇਗੀ ਕੀਤੀ ਜਾਵੇਗੀ ਇਸ ਮਾਮਲੇ ’ਚ ਕਮਲ ਬਾਂਸਲ ਵੱਲੋਂ ਕੋਈ ਵੀ ਜਾਣਕਾਰੀ ਦੇਣ ਤੋਂ ਸਾਫ਼ ਇਨਕਾਰ ਕੀਤਾ ਜਾ ਰਿਹਾ ਹੈ। Punjab News
ਪ੍ਰਾਈਵੇਟ ਕੰਪਨੀ ਕਰੇਗੀ ਬੱਸ ਤੋਂ ਲੈ ਕੇ ਖਾਣ ਪੀਣ ਤੱਕ ਦਾ ਸਾਰਾ ਇੰਤਜ਼ਾਮ
ਮੁੱਖ ਮੰਤਰੀ ਤੀਰਥ ਯਾਤਰਾ ਦਾ ਸਾਰਾ ਇੰਤਜ਼ਾਮ ਹੁਣ ਤੋਂ ਬਾਅਦ ਪ੍ਰਾਈਵੇਟ ਕੰਪਨੀ ਹੀ ਕਰੇਗੀ ਤੇ ਪ੍ਰਾਈਵੇਟ ਕੰਪਨੀ ਹੀ ਏਸੀ ਬੱਸਾਂ ਤੋਂ ਲੈ ਕੇ ਖਾਣ ਪੀਣ ਦੇ ਸਾਰੇ ਇੰਤਜ਼ਾਮ ਕਰੇਗੀ। ਇਸ ਨਾਲ ਹੀ ਤੀਰਥ ਯਾਤਰਾ ’ਤੇ ਰਹਿਣ ਲਈ ਕਮਰੇ ਦੇ ਇੰਤਜਾਮ ਤੋਂ ਲੈ ਪ੍ਰਸ਼ਾਦ ਤੱਕ ਦਾ ਇੰਤਜ਼ਾਮ ਪ੍ਰਾਈਵੇਟ ਕੰਪਨੀ ਵੱਲੋਂ ਹੀ ਕੀਤਾ ਜਾਏਗਾ। ਇਸ ਦੇ ਨਾਲ ਹੀ ਹਰ ਤੀਰਥ ਯਾਤਰੀ ਦਾ 2 ਲੱਖ ਰੁਪਏ ਦਾ ਬੀਮਾ ਵੀ ਪ੍ਰਾਈਵੇਟ ਕੰਪਨੀ ਵੱਲੋਂ ਹੀ ਕਰਵਾਇਆ ਜਾਏਗਾ, ਜਿਸ ਤੋਂ ਸਾਫ਼ ਹੈ ਕਿ ਹੁਣ ਤੋਂ ਬਾਅਦ ਕਿਸੇ ਵੀ ਤੀਰਥ ਯਾਤਰਾ ਦਾ ਇੰਤਜ਼ਾਮ ਖ਼ੁਦ ਪੰਜਾਬ ਸਰਕਾਰ ਨਾ ਕਰਦੇ ਹੋਏ ਪ੍ਰਾਈਵੇਟ ਕੰਪਨੀਆਂ ਵੱਲੋਂ ਹੀ ਕੀਤਾ ਜਾਏਗਾ।