ਪਟਨਾ: ਮੀਂਹ ਅਤੇ ਨੇਪਾਲ ਤੋਂ ਆ ਰਹੇ ਪਾਣੀ ਕਾਰਨ ਬਿਹਾਰ ਦੇ 17 ਜ਼ਿਲ੍ਹੇ ਹੜ੍ਹ ਦੀ ਲਪੇਟ ਵਿੱਚ ਹਨ। ਹੜ੍ਹ ਕਾਰਨ ਇਨ੍ਹਾਂ ਜ਼ਿਲ੍ਹਿਆਂ ਵਿੱਚ ਹਾਲਾਤ ਬਦਤਰ ਹੋ ਗਏ ਹਨ। ਇਸ ਦਾ ਸਿੱਧਾ ਅਸਰ 73 ਲੱਖ ਲੋਕਾਂ ‘ਤੇ ਪਿਆ ਹੈ। ਪਿਛਲੇ 24 ਘੰਟਿਆਂ ਵਿੱਚ 16 ਹੋਰ ਲੋਕਾਂ ਦੀ ਮੌਤ ਹੋ ਗਈ। ਇਸ ਨਾਲ ਮੌਤ ਦੀ ਗਿਣਤੀ ਵਧ ਕੇ 72 ਹੋ ਗਈ ਹੈ। ਐਨਡੀਆਰਐਫ਼, ਐਸਡੀਆਰਐਫ਼ ਅਤੇ ਫੌਜ ਦੀਆਂ ਟੀਮਾਂ ਵਿੱਚ ਕਰੀਬ ਪੌਣੇ ਤਿੰਨ ਲੱਖ ਲੋਕਾਂ ਨੂੰ ਸੁਰੱਖਿਅਤ ਥਾਵਾਂ ‘ਤੇ ਪਹੁੰਚਾਇਆ ਹੈ। ਏਅਰ ਫੋਰਸ ਦੇ ਦੋ ਹੈਲੀਕਾਪਟਰਾਂ ਦੇ ਜ਼ਰੀਏ ਪ੍ਰਭਾਵਿਤ ਇਲਾਕਿਆਂ ਵਿੱਚ ਖਾਣੇ ਦੇ ਪੈਕੇਟ ਸੁੱਟੇ ਜਾ ਰਹੇ ਹਨ।
ਬਿਹਾਰ ਵਿੱਚ ਹੁਣ ਤੱਕ 72 ਲੋਕਾਂ ਦੀ ਮੌਤ
ਆਫ਼ਤ ਪ੍ਰਬੰਧਨ ਵਿਭਾਗ ਦੇ ਵਿਸ਼ੇਸ਼ ਸਕੱਤਰ ਅਨਿਰੁੱਧ ਕੁਮਾਰ ਨੇ ਦੱਸਿਆ ਕਿ ਬਿਹਾਰ ਵਿੱਚ ਹੁਣ ਤੱਕ ਹੜ੍ਹ ਨਾਲ ਹੁਣ ਤੱਕ 72 ਲੋਕਾਂ ਦੀ ਮੌਤ ਹੋ ਚੁੱਕੀ ਹੈ। ਹੜ੍ਹ ਪ੍ਰਭਾਵਿਤ ਰਾਜ ਦੇ 14 ਜਿਲ੍ਹਿਆਂ ਕਿਸ਼ਨਗੰਜ, ਅਰਰੀਆ, ਪੂਰਨੀਆ, ਕਟਿਹਾਰ, ਪੂਰਬੀ ਚੰਪਾਰਨ, ਪੱਛਮੀ ਚੰਪਾਰਨ, ਦਰਭੰਗਾ, ਮਧੂਬਨੀ, ਮੁਜ਼ੱਫ਼ਰਪੁਰ, ਸੀਤਾਮੜ੍ਹੀ, ਸ਼ਿਵਹਰ, ਗੋਪਾਲਗੰਜ, ਸੁਪੌਲ ਅਤੇ ਮਧੇਪੁਰਾ ਵਿੱਚੋਂ ਸਭ ਤੋਂ ਵੱਧ 20 ਜਣੇ ਅਰਰੀਆ ਵਿੱਚ, ਸੀਤਾਮੜੀ ਵਿੱਚ 11, ਪੱਛਮੀ ਚੰਪਾਰਨ ਵਿੱਚ 9, ਕਿਸ਼ਨਗੰਜ ਵਿੱਚ 8, ਮਧੂਬਨੀ ਅਤੇ ਪੂਰਨੀਆ ਵਿੱਚ 5-5, ਮਧੇਪੁਰਾ ਅਤੇਦਰਭੰਗਾ ਵਿੱਚ 4-4, ਪੂਰਬੀ ਚੰਪਾਰਨ ਵਿੱਚ 3, ਸ਼ਿਵਹਰ 2 ਅਤੇ ਸੁਪੌਲ ਵਿੱਚ ਇੱਕ ਵਿਅਕਤੀ ਦੀ ਮੌਤ ਹੋਈ ਹੈ।
ਖਤਰੇ ਦੇ ਨਿਸ਼ਾਨ ਤੋਂ ਉੱਪਰ ਵਗ ਰਹੀਆਂ 10 ਨਦੀਆਂ
- ਇਸ ਸਾਲ ਦਸ ਮੁੱਖ ਨਦੀਆਂ ਲਗਾਤਾਰ ਖ਼ਤਰੇ ਦੇ ਨਿਸ਼ਾਨ ਤੋਂ ਉੱਪਰ ਵਗ ਰਹੀਆਂ ਹਨ।
- ਇਨ੍ਹਾਂ ਵਿੱਚ ਬਾਗਮਤੀ, ਕਮਲਾ ਬਲਾਨ,ਅਧਵਾਰਾ, ਖਿਰੋਈ, ਮਹਾਨੰਦਾ, ਕੋਸੀ, ਘਾਘਰਾ ਅਤੇ ਗੰਡਕ ਸ਼ਾਮਲ ਹਨ।
- ਗੰਗਾ ਵੀ ਲਾਲ ਨਿਸ਼ਾਨ ਦੇ ਨੇੜੇ ਪਹੁੰਚ ਚੁੱਕੀ ਹੈ।
- ਇਨ੍ਹਾਂ ਨਦੀਆਂ ਦੇ ਆਸਪਾਸ ਦੇ ਇਲਾਕਿਆਂ ਵਿੱਚ ਰਹਿਣ ਵਾਲੇ ਲੋਕ ਹਰ ਸਾਲ ਹੜ੍ਹ ਨਾਲ ਜੂਝਦੇ ਹਨ ਅਤੇ ਵੱਡਾ ਨੁਕਸਾਨ ਸਹਿੰਦੇ ਹਨ।
- ਬਿਹਾਰ ਵਿੱਚ ਸਭ ਤੋਂ ਲੰਮਾ ਤੱਟੀ ਬੰਨ੍ਹ 780 ਕਿਲੋਮੀਟਰ ਬੁੱਢੀ ਗੰਡਕ ‘ਤੇ ਹੈ।
- ਜਦੋਂਕਿ ਸਭ ਤੋਂ ਛੋਟਾ ਤੱਟੀ ਬੰਨ੍ਹ ਕਿਓਲ ਹਰੋਹਰ ‘ਤੇ 14 ਕਿਲੋਮੀਟਰ ਦਾ ਹੈ।
ਰਾਹਤ ਅਤੇ ਬਚਾਅ ਕਾਰਜਾਂ ‘ਤੇ ਮੁੱਖ ਮੰਤਰੀ ਦੀ ਨਜ਼ਰ
ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਉਪ ਮੁੱਖ ਮੰਤਰੀ ਸੁਸ਼ੀਲ ਕੁਮਾਰ ਮੋਦੀ ਦੇ ਨਾਲ ਹੜ੍ਹ ਪ੍ਰਭਾਵਿਤ ਬੇਤੀਆ ਅਤੇ ਬਾਲਮੀਕ ਨਗਰ ਦਾ ਹਵਾਈ ਸਰਵੇਖਣ ਕਰਨ ਵਾਲੇ ਸਨ, ਪਰ ਖਰਾਬ ਮੌਸਮ ਕਾਰਨ ਉਹ ਉਡਾਣ ਨਹੀਂ ਭਰ ਸਕੇ। ਉਹ ਹੜ੍ਹ ਦੀ ਸਥਿਤੀ ਅਤੇ ਹੜ੍ਹ ਪੀੜਤਾਂ ਲਈ ਚਲਾਏ ਜਾ ਰਹੇ ਰਾਹਤ ਅਤੇ ਬਚਾਅ ਕਾਰਜਾਂ ਦੀ ਨਿਗਰਾਨੀ ਰੱਖ ਰਹੇ ਹਨ। ਨਾਲ ਹੀ ਇਸ ਬਾਰੇ ਸੀਨੀਅਰ ਅਧਿਕਾਰੀਆਂ ਤੋਂ ਜਾਣਕਾਰੀ ਪ੍ਰਾਪਤ ਕਰਨ ਦੇ ਨਾਲ ਜ਼ਰੂਰੀ ਨਿਰਦੇਸ਼ ਦਿੰਦੇ ਰਹੇ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।