ਨਗਰ ਨਿਗਮ ਚੋਣਾਂ ਵਿੱਚ ਭਾਜਪਾ ਨੇ ਜਿੱਤੀਆਂ 43 ਵਿੱਚੋਂ 25 ਸੀਟਾਂ
ਭੋਪਾਲ: ਮੱਧ ਪ੍ਰਦੇਸ਼ ਵਿੱਚ ਅਗਲੇ ਸਾਲ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸੈਮੀਫਾਈਨਲ ਮੰਨੇ ਜਾ ਰਹੇ ਸਥਾਨਕ ਸਰਕਾਰਾਂ ਚੋਣਾਂ ਵਿੱਚ ਕਾਂਗਰਸ ਨੂੰ ਜ਼ਬਰਦਸਤ ਝਟਕਾ ਲੱਗਿਆ ਹੈ। ਸਥਾਨਕ ਸਰਕਾਰਾਂ ਦੀਆਂ 43 ਸੀਟਾਂ ‘ਤੇ ਪ੍ਰਧਾਨ ਦੇ ਅਹੁਦੇ ਲਈ ਹੋਈਆਂ ਚੋਣਾਂ ਵਿੱਚ ਭਾਜਪਾ ਨੇ 25 ਸੀਟਾਂ ‘ਤੇ ਜਿੱਤ ਪ੍ਰਾਪਤ ਕੀਤੀ ਹੈ, ਜਦੋਂਕਿ ਕਾਂਗਰਸ ਨੂੰ ਸਿਰਫ਼ 15 ਸੀਟਾਂ ਨਾਲ ਹੀ ਸੰਤੋਸ਼ ਕਰਨਾ ਪਿਆ ਹੈ। ਇਸ ਤੋਂ ਇਲਾਵਾ 3 ਸੀਟਾਂ ਅਜ਼ਾਦ ਦੇ ਖਾਤੇ ਵਿੱਚ ਗਈਆਂ ਹਨ।
ਮੱਧ ਪ੍ਰਦੇਸ਼ ਵਿੱਚ ਅਗਲੇ ਸਾਲ ਵਿਧਾਨ ਸਭਾ ਚੋਣਾਂ ਹਨ। ਅਜਿਹੇ ਵਿੱਚ ਸੂਬੇ ਦੇ ਨਗਰ ਨਿਗਮ ਦੀਆਂ ਚੋਣਾਂ ਵਿੱਚ ਭਾਜਪਾ ਦੀ ਜਿੱਤ ਨੇ ਉਸ ਨੂੰ ਸੰਜੀਵਨੀ ਦੇ ਦਿੱਤੀ ਹੈ। ਜਦੋਂਕਿ ਪਿਛਲੀਆਂ ਨਗਰ ਨਿਗਮ ਚੋਣਾਂ ਵਿੱਚ ਭਾਜਪਾ ਨੂੰ 43 ਸੀਟਾਂ ਵਿੱਚ 27 ਸੀਟਾਂ ਮਿਲੀਆਂ ਸਨ, ਤਾਂ ਉੱਥੇ ਇਸ ਵਾਰ ਉਸ ਨੂੰ 25 ਸੀਟਾਂ ਮਿਲੀਆਂ ਹਨ। ਭਾਜਪਾ ਨੂੰ ਪਿਛਲੀਆਂ ਚੋਣਾਂ ਦੀ ਤੁਲਨਾ ਵਿੱਚ 2 ਸੀਟਾਂ ਦਾ ਨੁਕਸਾਨ ਹੋਇਆ ਹੈ।
ਲਗਾਤਾਰ 3 ਵਾਰ ਭਾਜਪਾ ਦਾ ਸ਼ਾਸਨ
ਇੱਥੇ ਲਗਤਾਰ 3 ਵਾਰ ਭਾਜਪਾ ਦਾ ਸ਼ਾਸਨ ਹੈ। ਮੰਦਸੌਰ ਗੋਲੀ ਕਾਂਡ ਤੋਂ ਬਾਅਦ ਕਾਂਗਰਸ ਹਮਲਾਵਰ ਹੋ ਕੇ ਸ਼ਿਵਰਾਜ ਸਰਕਾਰ ਖਿਲਾਫ਼ ਸੜਕਾਂ ‘ਤੇ ਉੱਤਰੀ ਸੀ। ਕਾਂਗਰਸ ਅਗਲੇ ਸਾਲ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਸਛਾ ਤੋਂ ਆਪਣੇ ਬਨਵਾਸ ਨੂੰ ਖਤਮ ਕਰਨ ਲਈ ਕੋਈ ਕਸਰ ਨਹੀਂ ਛੱਡ ਰਹੀ ਪਰ ਇਹ ਚੋਣ ਨਤੀਜੇ ਉਸ ਦੀਆਂ ਉਮੀਦਾਂ ਲਈ ਝਟਕਾ ਹਨ।
ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਨਤੀਜਿਆਂ ‘ਤੇ ਖੁਸ਼ੀ ਪ੍ਰਗਟਾਉਂਦੇ ਹੋਏ ਕਿਹਾ ਕਿ ਜਨਤਾ ਨੇ ਇਸ ਵਾਰ ਫਿਰ ਉਨ੍ਹਾਂ ਦੀ ਸਰਕਾਰ ਵਿੱਚ ਆਪਣਾ ਭਰੋਸਾ ਪ੍ਰਗਟਾਇਆ ਹੈ। ਚੌਹਾਨ ਨੇ ਟਵੀਟ ਕਰਕੇ ਕਿਹਾ ਕਿ ਭਾਜਪਾ ਨੂੰ ਮਿਲੀ ਜਿੱਤ ਵਿਕਾਸ ਦੀ ਜਿੱਤ ਹੈ। ਉਨ੍ਹਾਂ ਕਿਹਾ ਕਿ ਭਾਜਪਾ ਜਨਤਾ ਦੀਆਂ ਉਮੀਦਾਂ ‘ਤੇ ਜ਼ਰੂਰ ਖਰਾ ਉੱਤਰੇਗੀ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।