ਓਵਰਲੋਡ ਟਰਾਲੀਆਂ ਵਿੱਚੋਂ ਡਿੱਗਦਾ ਗੰਦ ਲੋਕਾਂ ਲਈ ਬਣਿਆ ਸਿਰਦਰਦੀ
ਸਤਪਾਲ ਥਿੰਦ, ਫਿਰੋਜ਼ਪੁਰ: ਕਸਬਾ ਮਮਦੋਟ ਦੇ ਬਾਹਰੀ ਸੇਮਨਾਲੇ ਵਿੱਚ ਫੈਲੀ ਗੰਦਗੀ ਅਤੇ ਕਲਾਲ ਬੂਟੀ ਨੂੰ ਲੋਕਾਂ ਦੀ ਜ਼ੋਰਦਾਰ ਮੰਗ ਤੋਂ ਬਾਅਦ ਹਰਕਤ ਵਿੱਚ ਆਏ ਡਰੇਨਜ਼ ਵਿਭਾਗ ਨੇ ਲੋਕਾਂ ਦੀਆਂ ਅੱਖਾਂ ਪੂੰਝਦੇ ਹੋਏ ਸਫਾਈ ਦਾ ਕੰਮ ਸ਼ੁਰੂ ਕਰਵਾ ਦਿੱਤਾ ਹੈ, ਜਿਸ ਵਿੱਚ ਵਿਭਾਗੀ ਅਧਿਕਾਰੀਆਂ ਦੀ ਅਣਗਹਿਲੀ ਸਾਫ ਨਜ਼ਰ ਆ ਰਹੀਆਂ ਹਨ।
ਜਾਣਕਾਰੀ ਅਨੁਸਾਰ ਪਿਛਲੇ ਕਈ ਸਾਲਾਂ ਤੋਂ ਇਸ ਸੇਮਨਾਲੇ ਦੀ ਸਫਾਈ ਨਾਂ ਹੋਣ ਕਾਰਨ ਇਲਾਕੇ ‘ਚ ਕਈ ਤਰ੍ਹਾਂ ਦੀਆਂ ਬੀਮਾਰੀਆਂ ਫੈਲਣ ਦਾ ਖਤਰਾ ਬਣਿਆ ਹੋਇਆ ਹੈ ਅਤੇ ਸੇਮਨਾਲੇ ਦੇ ਨਾਲ ਲੱਗਦੇ ਘਰਾਂ ਦਾ ਪੀਣਯੋਗ ਪਾਣੀ ਵੀ ਕੁਝ ਦੇਰ ਬਾਅਦ ਪੀਲਾ ਪੈ ਜਾਂਦਾ ਹੈ ।
ਲੋਕਾਂ ਦੀ ਜ਼ੋਰਦਾਰ ਮੰਗ ਤੋਂ ਡਰੇਨਜ ਵਿਭਾਗ ਹਰਕਤ ਵਿੱਚ ਆਇਆ ਅਤੇ ਸਫਾਈ ਦੇ ਨਾ ਤੇ ਮਹਿਜ ਖਾਨਾਂ ਪੂਰਤੀ ਕਰਦਿਆਂ ਸੇਮਨਾਲੇ ਵਿੱਚੋਂ ਕਲਾਲ ਬੂਟੀ ਤਾਂ ਚੁੱਕੀ ਜਾ ਰਹੀ ਹੈ ਫਿਰ ਵੀ ਬਹੁਤ ਸਾਰੀਆਂ ਥਾਵਾਂ ਤੇ ਕਲਾਲ ਬੂਟੀ ਸੇਮਨਾਲੇ ਦੇ ਵਿੱਚ ਹੀ ਛੱਡੀ ਜਾ ਰਹੀ ਹੈ । ਇਸ ਕਲਾਲ ਬੂਟੀ ਨੂੰ ਸੁੱਟਣ ਲਈ ਵਰਤੀਆਂ ਜਾ ਰਹੀਆਂ ਓਵਰਲੋਡ ਟਰਾਲੀਆਂ ਤੋਂ ਸੜਕ ਤੇ ਡਿੱਗਦਾ ਹੋਇਆ ਗੰਦ ਲੋਕਾਂ ਲਈ ਸਿਰਦਰਦੀ ਬਣਿਆਂ ਹੋਇਆ ਹੈ ਅਤੇ ਇਸ ਕਲਾਲ ਬੂਟੀ ਨੂੰ ਖਾਈ ਮਮਦੋਟ ਰੋਡ ਤੇ ਨਵੇਂ ਬਣ ਰਹੇ ਲੜਕੀਆਂ ਦੇ ਸਕੂਲ ਦੀ ਗਰਾਂਉਡ ਵਿੱਚ ਸੁੱਟਿਆ ਜਾ ਰਿਹਾ ਹੈ ।
ਰਹਿ ਗਈ ਕਲਾਲ ਬੂਟੀ ਨੂੰ ਸਾਫ ਕਰਵਾ ਦਿੱਤਾ ਜਾਵੇਗਾ : ਠੇਕੇਦਾਰ
ਜਦ ਮੌਕੇ ‘ਤੇ ਕੰਮ ਕਰਵਾ ਰਹੇ ਠੇਕੇਦਾਰ ਅੰਕਿਤ ਕੁਮਾਰ ਨੂੰ ਹੋ ਰਹੀ ਅਧੂਰੀ ਸਫਾਈ ਬਾਰੇ ਪੁੱਛਿਆ ਗਿਆ ਤਾਂ ਉਹਨਾਂ ਕਿਹਾ ਕਿ ਸਾਡਾ ਠੇਕਾ ਤਾਂ ਸਿਰਫ ਕਲਾਲ ਬੂਟੀ ਚੁੱਕਣ ਦਾ ਹੀ ਹੈ ਪਰ ਜਦੋਂ ਸੇਮਨਾਲੇ ਵਿੱਚ ਛੱਡੀ ਜਾ ਰਹੀ ਬੂਟੀ ਬਾਰੇ ਪੁੱਛਿਆ ਤਾਂ ਮੰਨਿਆਂ ਕੇ ਰਹਿ ਗਈ ਕਲਾਲ ਬੂਟੀ ਨੂੰ ਸਾਫ ਕਰਵਾ ਦਿੱਤਾ ਜਾਵੇਗਾ ਅਤੇ ਸਕੂਲ ਦੀ ਗਰਾਓਡ ਵਿੱਚ ਸੁੱਟੀ ਜਾ ਰਹੀ ਕਲਾਲ ਬੂਟੀ ਦੀ ਮਨਜੂਰੀ ਬਾਰੇ ਵਿਭਾਗ ਦੇ ਜੇ.ਈ ਨੂੰ ਪਤਾ ਹੈ ।
ਕੀ ਕਹਿਣਾ ਹੈ ਐਕਸੀਅਨ ਡਰੇਨਜ ਵਿਭਾਗ ਦਾ
ਜਦ ਇਸ ਸਬੰਧੀ ਐਕਸੀਅਨ ਆਸ਼ੂਤੋਸ਼ ਨਾਲ ਗੱਲ ਕੀਤੀ ਤਾਂ ਉਹਨਾਂ ਕਿਹਾ ਕਿ ਸਫਾਈ ਵਧੀਆ ਤਰੀਕੇ ਨਾਲ ਕਰਵਾਈ ਜਾਵੇਗੀ ਅਤੇ ਓਵਰਲੋਡ ਟਰਾਲੀਆਂ ਦੀ ਭਰਾਈ ਸਮੇ ਕਲਾਲੀ ਅਤੇ ਗੰਦ ਦੀ ਮਾਤਰਾ ਘੱਟ ਕੀਤੀ ਜਾਵੇਗੀ ਤਾਂ ਕਿ ਲੋਕਾਂ ਨੂੰ ਕੋਈ ਮੁਸ਼ਕਿਲ ਪੇਸ਼ ਨਾਂ ਆਵੇ।
ਸੇਮਨਾਲੇ ਦੀ ਸਫਾਈ ਵਿੱਚ ਕਿਸੇ ਕਿਸੇ ਤਰਾਂ ਦੀ ਅਣਗਹਿਲੀ ਮਨਜ਼ੂਰ ਨਹੀਂ -ਸਤਿਕਾਰ ਕੌਰ ਗਹਿਰੀ
ਸੇਮਨਾਲੇ ਦੀ ਸਫਾਈ ਵਿੱਚ ਹੋ ਰਹੀ ਅਣਗਹਿਲੀ ਜਦੋਂ ਫਿਰੋਜ਼ਪੁਰ ਦਿਹਾਤੀ ਦੇ ਵਿਧਾਇਕਾ ਬੀਬੀ ਸਤਿਕਾਰ ਕੌਰ ਗਹਿਰੀ ਦੇ ਧਿਆਨ ਵਿਚ ਲਿਆਂਦਾ ਤਾਂ ਉਹਨਾਂ ਕਿਹਾ ਕਿ ਮਮਦੋਟ ਸੇਮਨਾਲੇ ਦੀ ਸਫਾਈ ਵਿੱਚ ਕਿਸੇ ਕਿਸਮ ਦੀ ਅਣਗਹਿਲੀ ਨੂੰ ਬਰਦਾਸ਼ਤ ਨਹੀਂਂ ਕੀਤਾ ਜਾਵੇਗਾ ਅਤੇ ਵਿਭਾਗ ਦੇ ਕਿਸੇ ਵੀ ਅਧਿਕਾਰੀ ਜਾਂ ਕਰਮਚਾਰੀ ਦੀ ਅਣਗਹਿਲੀ ਸਾਬਤ ਹੋਣ ਤੇ ਬਖਸ਼ਿਆ ਨਹੀਂ ਜਾਵੇਗਾ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।